ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਬਰਗਾੜੀ ਮਾਮਲਾ: ਜਾਂਚ-ਅਦਾਲਤਾਂ, ਸਿਆਸਤ, ਅਤੇ ਸਿੱਖ

July 15, 2019 | By

ਸਿੱਖ ਭਾਵਨਾਵਾਂ ਦੀ ਪਰਵਾਹ ਨਾ ਕਰਦਿਆਂ ਬਰਗਾੜੀ ਬੇਅਦਬੀ ਮਾਮਲੇ ਵਿਚ ਸ਼ੁਰੂ ਤੋਂ ਹੀ ਉਦਾਸੀਨ ਰਵੱਈਆ ਅਪਨਾਉਣ ਵਾਲੀ ਭਾਰਤ ਸਰਕਾਰ ਦੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੈਂ.ਬਿ.ਆ.ਇ.) ਨੇ ਮੁਹਾਲੀ ਦੀ ਖਾਸ ਅਦਾਲਤ ਨੂੰ ਬਰਗਾੜੀ ਬੇਅਦਬੀ ਮਾਮਲੇ ਨੂੰ ਬੰਦ ਕਰ ਦੇਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ; 25 ਸਤੰਬਰ 2015 ਨੂੰ ਉਸੇ ਪਿੰਡ ਵਿਚ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਨ ਦੀ ਜਿੰਮੇਵਾਰੀ ਚੁੱਕ ਕੇ ਅਤੇ ਸਰੂਪ ਦੀ ਘੋਰ ਬੇਅਦਬੀ ਕਰਨ ਦੀ ਧਮਕੀ ਦੇ ਕੇ; ਅਤੇ ਫਿਰ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਕੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਸਨ। ਸਿੱਖਾਂ ਦੇ ਰੋਹ ਦਾ ਲਾਵਾ ਫੁੱਟਣ ਤੋਂ ਬਾਅਦ ਤਤਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਉਕਤ ਤਿੰਨ ਮਾਮਲਿਆਂ ਦੀ ਜਾਂਚ 26 ਅਕਤੂਬਰ 2015 ਨੂੰ ਸੈਂ.ਬਿ.ਆ.ਇ. ਨੂੰ ਸੌਂਪ ਦਿੱਤੀ ਸੀ। ਸ਼ੁਰੂਆਤੀ ਤੌਰ ਤੇ ਰਸਮੀ ਕਾਰਵਾਈ ਤੋਂ ਬਾਅਦ ਸੈਂ.ਬਿ.ਆ.ਇ. ਨੇ ਇਸ ਮਾਮਲੇ ਵਿਚ ਤਕਰੀਬਨ ਤਿੰਨ ਸਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਪੁਰਾਣੀ ਤਸਵੀਰ

ਬੀਤੇ ਵਰ੍ਹੇ ਦੇ ਸ਼ੁਰੂ ਵਿਚ ਇਹ ਖਬਰਾਂ ਆਈਆਂ ਸਨ ਕਿ ਪੰਜਾਬ ਪੁਲਿਸ ਦੀ ਇੱਕ ਜਾਂਚ ਟੋਲੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਪੈੜ ਨੱਪ ਲਈ ਗਈ ਸੀ ਪਰ ਉੱਪਰੋਂ ਹੁਕਮ ਆ ਜਾਣ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਫਿਰ ਪਿਛਲੇ ਸਾਲ ਜੂਨ ਮਹੀਨੇ ਵਿਚ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਰੋਸ ਧਰਨਾ ਸ਼ੁਰੂ ਕਰਨ ਤੋਂ ਬਾਅਦ ਬੇਅਦਬੀ ਮਾਮਲਿਆਂ ਵਿਚ ਪੰਜਾਬ ਸਰਕਾਰ ਦੇ ਕੁਝ ਮੰਤਰੀ, ਜਿਨ੍ਹਾਂ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਹਨ, ਵੱਲੋਂ ਇਸ ਧਰਨੇ ਅਤੇ ਬੇਅਦਬੀ ਮਾਮਲਿਆਂ ਵਿਚ ਰੁਚੀ ਲੈਣ ਤੋਂ ਬਾਅਦ ਕੁਝ ਜਿਲਜੁਲ ਹੁੰਦੀ ਦਿਸਣ ਲੱਗੀ।

ਬਰਗਾੜੀ ਮੌਰਚੇ ਦੌਰਾਨ ਗੱਲਬਾਤ ਕਰਨ ਲਈ ਪਹੁੰਚੇ ਕਾਂਗਰਸੀ ਆਗੂਆਂ ਦੀ ਸਿੱਖ ਆਗੂਆਂ ਨਾਲ ਇਕ ਪੁਰਾਣੀ ਤਸਵੀਰ

28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਉੱਤੇ ਹੋਈ ਬਹਿਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਤੇ ਬਾਦਲਾਂ ਦੀ ਕਰੜੀ ਨਿੰਦਾ ਕੀਤੀ। ਇਸੇ ਦਿਨ ਵਿਧਾਨ ਸਭਾ ਨੇ ਸੈਂ.ਬਿ.ਆ.ਇ. ਕੋਲੋਂ ਬਰਗਾੜੀ ਬੇਅਦਬੀ ਨਾਲ ਸੰਬੰਧਤ ਤਿੰਨਾਂ ਮਾਮਲਿਆਂ ਦੀ ਜਾਂਚ ਵਾਪਸ ਲੈਣ ਦਾ ਮਤਾ ਵੀ ਪਕਾਇਆ ਗਿਆ। ਇਸ ਮਤੇ ਤੋਂ ਬਾਅਦ ਅਮਰਿੰਦਰ ਸਿੰਘ ਸਰਕਾਰ ਨੇ ਇਹ ਜਾਂਚ ਸੈਂ.ਬਿ.ਆ.ਇ. ਤੋਂ ਵਾਪਸ ਮੰਗੀ ਸੀ ਪਰ ਇਸ ਜਾਂਚ ਏਜੰਸੀ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਟਿੱਚ ਜਾਣਿਆ।

ਪੁਲਿਸ ਹਿਰਾਸਤ ਵਿਚ ਮਹਿੰਦਰਪਾਲ ਬਿੱਟੂ ਦੀ ਪੁਰਾਣੀ ਤਸਵੀਰ

ਬਾਅਦ ਵਿਚ ਪੰਜਾਬ ਪੁਲਿਸ ਨੇ ਮਹਿੰਦਰਪਾਲ ਬਿੱਟੂ ਸਮੇਤ ਕੁਝ ਹੋਰ ਡੇਰਾ ਪੈਰੋਕਾਰਾਂ ਨੂੰ ਗ੍ਰਿਫਤਾਰ ਕਰ ਲਿਆ। ਮਹਿੰਦਰਪਾਲ ਬਿੱਟੂ ਡੇਰਾ ਸੌਦਾ ਸਿਰਸਾ ਦੇ ਪੰਜਾਬ ਵਿਚਲੇ ਮੁਹਰੀ ਬੰਦਿਆਂ ਵਿਚੋਂ ਇਕ ਸੀ। ਪਹਿਲਾਂ ਇਨ੍ਹਾਂ ਦੀ ਗ੍ਰਿਫਤਾਰੀ 2011 ਦੇ ਇਕ ਸਾੜਫੂਕ ਦੇ ਮਮਾਲੇ ਵਿਚ ਕੀਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਉੱਤੇ ਜਨਮ ਸਾਖੀ ਦੀ ਬੇਅਦਬੀ ਦਾ ਇਕ ਹੋਰ ਮਾਮਲਾ ਦਰਜ਼ ਕੀਤਾ ਗਿਆ। ਫਿਰ ਇਹ ਦੱਸਿਆ ਗਿਆ ਕਿ ਇਹੀ ਡੇਰਾ ਪੈਰੋਕਾਰ ਗੁਰੂਸਰ ਜਲਾਲ ਤੇ ਮੱਲਕੇ ਵਿਖੇ ਹੋਈਆਂ ਬੇਅਦਬੀ ਦੀ ਘਟਨਾਵਾਂ ਲਈ ਵੀ ਜਿੰਮੇਵਾਰ ਹਨ। ਇਸੇ ਦੌਰਾਨ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਕਿ ਇਹੀ ਲੋਕ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਵੀ ਦੋਸ਼ੀ ਹਨ ਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਸਬੂਤ ਸੈਂ.ਬਿ.ਆ.ਇ. ਨੂੰ ਸੌਂਪ ਦਿੱਤੇ। ਸੈ.ਇ.ਬੀ. ਨੇ ਮਹਿੰਦਰਪਾਲ ਬਿੱਟੂ, ਸੁਖਜਿੰਦਰ ਅਤੇ ਸ਼ਕਤੀ ਕੰਡਾ ਨੂੰ ਇਨ੍ਹਾਂ ਮਾਮਲਿਆਂ ਵਿਚ ਨਾਮਜ਼ਦ ਕਰ ਲਿਆ।

ਅਮਰਿੰਦਰ ਸਿੰਘ (ਪੁਰਾਣੀ ਤਸਵੀਰ)

ਇਨ੍ਹਾਂ ਸਾਰੇ ਕਾਸੇ ਦੌਰਾਨ ਜਗਤਾਰ ਸਿੰਘ ਜੱਗੀ ਜੌਹਲ ਅਤੇ ਰਾਜਾਸਾਂਸੀ ਧਮਾਕੇ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਵੇਲੇ ਖੁੱਲ੍ਹ ਕੇ ਪੱਤਰਕਾਰਾਂ ਸਾਹਮਣੇ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੇਰਾ ਪੈਰੋਕਾਰਾਂ ਦੀ ਬੇਅਦਬੀ ਮਾਮਲਿਆਂ ਵਿਚ ਹੋਈ ਗ੍ਰਿਫਤਾਰੀ ਬਾਰੇ ਚੁੱਪ ਵੱਟ ਛੱਡੀ। ਸਿਰਫ ਇਹ ਹੀ ਨਹੀਂ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਡੇਰਾ ਪੈਰੋਕਾਰਾਂ ਦਾ ਨਾਂ ਤੱਕ ਸੁਣਨ ਲਈ ਵੀ ਤਿਆਰ ਨਹੀਂ ਸੀ ਅਤੇ ਉਹ ਬੇਅਦਬੀ ਮਾਮਲਿਆਂ ਵਿਚ ਡੇਰਾ ਪੈਰੋਕਾਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਨ੍ਹਾਂ ਘਟਨਾਵਾਂ ਪਿੱਛੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਦੱਸਦਾ ਰਿਹਾ (ਵੇਖੋ – 103 Seconds Interaction on Beadbi Issue Tells It All)
ਲੰਘੀ 22 ਜੂਨ 2019 ਨੂੰ ਇਹ ਖਬਰ ਆਈ ਕਿ ਬੇਅਦਬੀ ਮਾਮਲੇ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿਚ ਨਜ਼ਰਬੰਦ ਦੋ ਹੋਰਨਾਂ ਬੰਦੀਆਂ ਨੇ ਮਾਰ ਦਿੱਤਾ ਹੈ।

ਦੋ ਕੁ ਦਿਨ ਪਹਿਲਾਂ (13 ਜੁਲਾਈ ਨੂੰ) ਇਹ ਖਬਰ ਨਸ਼ਰ ਹੋਈ ਹੈ ਕਿ ਬੇਅਦਬੀ ਮਾਮਲਿਆਂ ਵਿਚ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਹੋਰਨਾਂ ਸਾਥੀਆਂ ਨੂੰ ਅਦਾਲਤ ਵੱਲੋਂ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਰਿਹਾਈਆਂ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਬਾਅਦ ਧਰਨੇ ਲਾਉਣ ਦੀਆਂ ਧਮਕੀਆਂ ਦੇਣ ਵਾਲੇ ਡੇਰਾ ਪੈਰੋਕਾਰਾਂ ਅਤੇ ਪੰਜਾਬ ਸਰਕਾਰ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਹੋਈਆਂ ਹਨ।

ਸਿੱਖ ਸਿਆਸਤ ਵੱਲੋਂ ਹਾਸਲ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਾ ਹੈ ਕਿ ਲੰਘੀ 4 ਜੁਲਾਈ 2019 ਨੂੰ ਹੀ ਸੈਂ.ਬਿ.ਆ.ਇ. ਦੇ ਸੁਪਰੀਟੈਨਡੈਂਟ ਆਫ ਪੁਲਿਸ (ਸੁ.ਪੁ.) ਨੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨਾਂ ਮਾਮਲਿਆਂ ਨੂੰ ਬੰਦ ਕਰਨ ਦੀ ਅਰਜੀ ਸੈਂ.ਬਿ.ਆ.ਇ. ਦੀ ਮੁਹਾਲੀ ਸਥਿਤ ਖਾਸ ਅਦਾਲਤ ਵਿਚ ਲਾਈ ਹੈ ਅਤੇ ਕਿਹਾ ਹੈ ਕਿ ਇਹ ਤਿੰਨੇ ਮਾਮਲੇ ਬੰਦ ਕਰ ਦਿੱਤੇ ਜਾਣ। ਦਸਤਾਵੇਜ਼ਾਂ ਮੁਤਾਬਕ ਖਾਸ ਜੱਜ ਜੀ. ਐਸ. ਸੇਖੋਂ ਦੀ ਅਦਲਾਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ ਲਈ 23 ਸਤੰਬਰ ਦੀ ਤਰੀਕ ਮਿੱਥੀ ਹੈ।

4 ਜੁਲਾਈ 2019 ਦੀ ਅਦਾਲਤੀ ਕਾਰਵਾਈ ਦੀ ਜਿਮਨੀ ਦੀ ਨਕਲ

ਜ਼ਿਕਰਯੋਗ ਹੈ ਕਿ ਸੈਂ.ਬਿ.ਆ.ਇ. ਵਲੋਂ ਇਹ ਕਾਰਵਾਈ ਹਰਿਆਣੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ। ਪਹਿਲਾਂ ਹੀ ਇਸ ਗੱਲ ਦੀ ਚਰਚਾ ਗਰਮ ਸੀ ਕਿ ਕੇਂਦਰ ਅਤੇ ਹਰਿਆਣੇ ਵਿਚਲੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੋਟਾਂ ਬਾਬਤ ਡੇਰੇ ਨਾਲ ਲੈਣ-ਦੇਣ ਕਰਨ ਦੀ ਫਿਰਾਕ ਵਿਚ ਹਨ। ਯਾਦ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਨਰਿੰਦਰ ਮੋਦੀ ਨੇ ਡੇਰਾ ਸੌਦਾ ਸਿਰਸਾ ਦੀਆਂ ਸਿਫਤਾਂ ਦੇ ਪੁਲ ਬੰਨੇ ਸਨ ਤੇ ਹਾਲ ਵਿਚ ਹੀ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਐਲਾਨ ਕੀਤਾ ਸੀ ਕਿ ਹਰਿਆਣੇ ਵਿਚ ਮੁੜ ਸੱਤਾ ਵਿਚ ਆਉਣ ਲਈ ਭਾਜਪਾ ਵੱਲੋਂ ਡੇਰੇ ਤੋਂ ਵੋਟਾਂ ਮੰਗੀਆਂ ਜਾਣਗੀਆਂ।

ਡੇਰਾ ਸੌਦਾ ਸਿਰਸਾ ਦੇ ਮੁਖੀ ਨੂੰ ਬਿਨ ਮੰਗੀ ਮਾਫੀ ਦਿਵਾਉਣ, ਬੇਅਦਬੀ ਮਾਮਲਿਆਂ ਬਾਰੇ ਢੁਕਵੀਂ ਕਾਰਵਾਈ ਨਾ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨਿਹੱਥੇ ਸਿੱਖਾਂ ਉੱਤੇ ਪੰਜਾਬ ਪੁਲਿਸ ਕੋਲੋਂ ਗੋਲੀਬਾਰੀ ਕਰਵਾਉਣ ਕਾਰਨ ਸਿੱਖਾਂ ਦੀਆਂ ਦੁਰਕਾਰਾਂ ਤੇ ਫਿਟਕਾਰਾਂ ਲੈਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਸੈਂ.ਬਿ.ਆ.ਇ. ਵੱਲੋਂ ਬੇਅਦਬੀ ਮਾਮਲੇ ਬੰਦ ਕਰਨ ਦੀ ਨਿੰਦਾ ਕੀਤੀ ਹੈ। ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੋਵੇ ਕਿ ਇੰਝ ਕਰਨ ਨਾਲ ਸ਼੍ਰੋ.ਅ.ਦ. (ਬ) ਦਾ ਅਕਸ ਸੁਧਾਰਿਆ ਜਾ ਸਕਦਾ ਹੈ ਪਰ ਇਸ ਦਲ ਦੀਆਂ ਬੀਤੇ ਸਮੇਂ ਦੀਆਂ ਕਾਰਵਾਈਆਂ ਇੰਨੀਆਂ ਸਿਆਹ ਹਨ ਕਿ ਇਨ੍ਹਾਂ ਦੇ ਦਾਗ ਇੰਝ ਨਹੀਂ ਧੋਤੇ ਜਾਣੇ।

ਸੁਖਬੀਰ ਸਿੰਘ ਬਾਦਲ ਦੀ ਇਕ ਪੁਰਾਣੀ ਤਸਵੀਰ

ਸੁਖਬੀਰ ਸਿੰਘ ਬਾਦਲ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਰਪ੍ਰਤਾਪ ਸਿੰਘ ਅਜਨਾਲਾ, ਰਾਜਾ ਵੜਿੰਗ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ ਤੇ ਕੁਲਬੀਰ ਸਿੰਘ ਜੀਰਾ ਨੇ ਇਸ ਸਾਂਝਾ ਬਿਆਨ ਜਾਰੀ ਕਰਕੇ ਸੈਂ.ਬਿ.ਆ.ਇ. ਵੱਲੋਂ ਬੇਅਦਬੀ ਮਾਮਲੇ ਬੰਦ ਕਰਨ ਦੀ ਅਰਜੀ ਵਿਰੁਧ ਸੁਖਬੀਰ ਸਿੰਘ ਬਾਦਲ ਕੇ ਬਿਆਨ ਦੀ ਕਰੜੀ ਨੁਕਤਾਚੀਨੀ ਕੀਤੀ ਹੈ। ਇਨ੍ਹਾਂ ਕਾਂਗਰਸੀਆਂ ਦਾ ਕਹਿਣਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸੱਚੀਂ ਬੇਅਦਬੀ ਮਾਮਲਿਆਂ ਵਿਚ ਸੈਂ.ਬਿ.ਆ.ਇ. ਦੀ ਕਾਰਵਾਈ ’ਤੇ ਨਰਾਜ਼ਗੀ ਹੈ ਤਾਂ ਕੇਂਦਰੀ ਵਜ਼ਾਰਤ ਵਿਚੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾ ਕੇ ਵਿਖਾਏ। ਬਿਆਨ ਵਿਚ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਸੈਂ.ਬਿ.ਆ.ਇ. ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬਾਦਲ ਸੌਦਾ ਸਾਧ ਨੂੰ ਮਾਫੀ ਦਿਵਾਉਣ ਲਈ ਜ਼ਿੰਮੇਵਾਰ ਸਨ। ਸੁਖਬੀਰ ਸਿੰਘ ਬਾਦਲ ਦੀ ਹਾਲਤ ਨੂੰ ‘ਚਤਰ ਚੋਰ’ ਵਾਲੀ ਦੱਸਦਿਆਂ ਇਨ੍ਹਾਂ ਕਾਂਗਰਸੀਆਂ ਨੇ ਕਿਹਾ ਕਿ ਉਹ ਆਪਣੇ ਬਚਾਅ ਲਈ ਦੂਜਿਆਂ ਖਿਲਾਫ ਦੁਹਾਈ ਪਿੱਟ ਰਿਹਾ ਹੈ। ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਸੈਂ.ਬਿ.ਆ.ਇ. ਇਨ੍ਹਾਂ ਮਾਮਲਿਆਂ ਵਿਚ ਕਠਪੁਤਲੀ ਦਾ ਕੰਮ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਨੀਤ ਉੱਤੇ ਪਹਿਲਾਂ ਹੀ ਸ਼ੱਕ ਸੀ।

14 ਜੁਲਾਈ ਨੂੰ ਬਿਆਨ ਜਾਰੀ ਕਰਨ ਵਾਲੇ ਕਾਂਗਰਸੀ ਆਗੂਆਂ ਦੀਆਂ ਪੁਰਾਣੀਆਂ ਤਸਵੀਰਾਂ

ਭਾਵੇਂ ਕਿ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਦੀ ਹਾਲਤ ‘ਚਤੁਰ ਚੋਰ’ ਵਾਲੀ ਅਤੇ ਆਪਣੀ ਵੱਖਰੀ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਦਾ ਬਿਆਨ ਹੀ ਦੱਸ ਪਾਉਂਦਾ ਹੈ ਕਿ ਇਸ ਮਾਮਲੇ ਵਿਚ ਇਹ ਕਾਂਗਰਸੀ ਅਤੇ ਬਾਦਲ ਦਰਅਸਲ ‘ਮੌਸੇਰੇ ਭਾਈ’ ਹੀ ਹਨ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸਾਰੇ ਕਾਂਗਰਸੀਆਂ ਨੇ ਇਸ ਮਾਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਜਦੋਂ ਪੰਜਾਬ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਸੈਂ.ਬਿ.ਆ.ਇ. ਕੋਲੋਂ ਵਾਪਸ ਮੰਗੀ ਸੀ ਤਾਂ ਫਿਰ ਇਹ ਜਾਂਚ ਵਾਪਸ ਕਿਉਂ ਨਹੀਂ ਆਈ ਤੇ ਇਸ ਉੱਤੇ ਉਨ੍ਹਾਂ ਦੀ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ?

ਸਿਰਫ ਇੰਨਾ ਹੀ ਨਹੀਂ ਇਨ੍ਹਾਂ ਆਗੂਆਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਬਾਦਲਾਂ ਦੀ ਨਿਖੇਧੀ ਕਰਨ ਨਾਲ ਉਨ੍ਹਾਂ ਦਾ ਆਪਣਾ ਝੂਠ ਵੀ ਸੱਚ ਬਣ ਕੇ ਲੋਕਾਂ ਤੱਕ ਚਲਿਆ ਜਾਵੇਗਾ ਕਿਉਂਕਿ ਇਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ “ਪੰਜਾਬ ਸਰਕਾਰ ਨੂੰ ਸੀਬੀਆਈ ਦੀ ਨੀਅਤ ਉਤੇ ਪਹਿਲਾ ਹੀ ਸੱਕ ਸੀ ਜਿਸ ਕਾਰਨ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਵਿੱਚ ਕੇਸ ਸੀਬੀਆਈ ਤੋਂ ਵਾਪਸ ਲੈ ਲਏ ਸਨ” (ਇੰਨ-ਬਿੰਨ) ਪਰ ਹਕੀਕਤ ਇਹ ਹੈ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮਾਮਲੇ ਕਦੀ ਵੀ ਸੈਂ.ਬਿ.ਆ.ਇ. (ਜਾਂ ਸੀਬੀਆਈ) ਨੂੰ ਜਾਂਚ ਕਰਨ ਲਈ ਸੌਂਪੇ ਹੀ ਨਹੀਂ ਸਨ ਗਏ ਅਤੇ ਬਰਗਾੜੀ ਬੇਅਦਬੀ ਨਾਲ ਜੁੜੇ ਜਿਹੜੇ ਤਿੰਨ ਮਾਮਲੇ ਸੈਂ.ਬਿ.ਆ.ਇ. ਨੂੰ ਸੌਂਪੇ ਗਏ ਸਨ ਉਹ ਪੰਜਾਬ ਸਰਕਾਰ ਦੇ ਵਾਪਸ ਮੰਗਣ ਦੇ ਬਾਵਜੂਦ ਵਾਪਸ ਨਹੀਂ ਕੀਤੇ ਗਏ ਸਗੋਂ ਸੈਂ.ਬਿ.ਆ.ਇ. ਨੇ ਇਨ੍ਹਾਂ ਮਾਮਲਿਆਂ ਨੂੰ ਬੰਦ ਕਰਨ ਲਈ ਅਦਾਲਤ ਵਿਚ ਅਰਜੀ ਵੀ ਦਾਖਲ ਕਰ ਦਿੱਤੀ ਹੈ।

ਇਸ ਕਾਰਵਾਈ ਨਾਲ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੰਤਰੀਆਂ, ਜਿਨ੍ਹਾਂ ਵਲੋਂ ਬੇਅਦਬੀ ਮਾਮਲਿਆਂ ਵਿਚ ਕਾਰਵਾਈ ਕਰਨ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਦਾ ਪਾਜ ਉਘੇੜ ਦਿੱਤਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਵਾ ਸਕਣ ਦੀ ਉਨ੍ਹਾਂ ਵਿਚ ਕਿੰਨੀ ਕੁ ਸਮਰੱਥਾ ਹੈ ਪਰ ਬੇਸ਼ਰਮੀ ਦੀ ਹੱਦ ਹੈ ਕਿ ਇਸ ਬਾਰੇ ਕੁਝ ਕਰਨ ਜਾਂ ਬੋਲਣ ਦੀ ਬਜਾਏ ਬਾਦਲਾਂ ਨੂੰ ਨਿੰਦ ਕੇ ਅਤੇ ਝੂਠ ਬੋਲ ਕੇ ਡੰਗ ਟਪਾਇਆ ਜਾ ਰਿਹਾ ਹੈ।

ਭਾਵੇਂ ਕਿ ਸਿੱਖਾਂ ਨੂੰ ਬੇਅਦਬੀ ਮਾਮਲਿਆਂ ਵਿਚ ਭਾਰਤੀ ਅਦਾਲਤਾਂ ਤੋਂ ਠੋਸ ਅਤੇ ਬਣਦੀ ਕਾਰਵਾਈ ਦੀ ਉਮੀਦ ਨਹੀਂ ਸੀ, ਤੇ ਭਾਰਤੀ ਕਾਨੂੰਨ ਦੀਆਂ ਮੱਦਾਂ ਤਹਿਤ ਦਿੱਤੀ ਜਾ ਸਕਣ ਵਾਲੀ ਸਜਾ ਵੀ ਇਸ ਘੋਰ ਪਾਪ ਦਾ ਦੰਡ ਬਣਨ ਯੋਗ ਨਹੀਂ ਹੈ, ਪਰ ਸੈਂ.ਬਿ.ਆ.ਇ. ਦੀ ਇਹ ਮਾਮਲੇ ਹੀ ਬੰਦ ਕਰ ਦੇਣ ਲਈ ਅਦਾਲਤ ਨੂੰ ਕਹਿਣ ਵਾਲੀ ਕਾਰਵਾਈ ਤੋਂ ਬਾਅਦ ਹੁਣ ਇਸ ਬਾਰੇ ਬੋਲ ਕੇ ਦੱਸਣ ਦੀ ਲੋੜ ਵੀ ਨਹੀਂ ਰਹਿ ਗਈ।

ਇਸ ਮਾਮਲੇ ਵਿਚ ਸਿੱਖ ਆਗੂਆਂ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ। ਬਰਗਾੜੀ ਵਾਲੇ ਧਰਨੇ ਨੂੰ ਸਿੱਖ ਸੰਗਤਾਂ ਵੱਲੋਂ ਵੱਡਾ ਹੁੰਗਾਰਾ ਮਿਿਲਆ ਸੀ ਪਰ ਉਸ ਧਰਨੇ ਨੂੰ ਦੂਜੇ ਪੜਾਅ ਦੇ ਨਾਂ ਹੇਠ ਵੋਟਾਂ ਦੇ ਮੋਰਚੇ ਵਿਚ ਬਦਲ ਲੈਣ ਦੀ ਕੋਸ਼ਿਸ਼ ਨੇ ਸੰਗਤਾਂ ਨੂੰ ਇਕ ਵਾਰ ਮੁੜ ਘੋਰ ਨਿਰਾਸਾ ਵੱਲ ਧੱਕ ਦਿੱਤਾ।

ਸਾਲ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਰੁਧ ਰਾਤ ਵੇਲੇ ਕੋਟਕਪੂਰੇ ਇਕ ਸੜਕ ਤੇ ਧਰਨਾ ਲਾਈ ਬੈਠੀਆਂ ਸਿੱਖ ਸੰਗਤ ਦੀ ਇਕ ਪੁਰਾਣੀ ਤਸਵੀਰBJP

ਗੁਰੂ ਸਾਹਿਬ ਦੀ ਬੇਅਦਬੀ ਸਿੱਖ ਲਈ ਅਸਹਿ ਪੀੜ ਹੈ। ਇਸ ਪੀੜ ਨਾਲ ਵਲੂੰਧਰਿਆ ਸਿੱਖ ਮਨ ਲਾਵੇ ਦੇ ਉਝਾਲ ਵਾਙ ਪਰਗਟ ਹੁੰਦਾ ਹੈ। ਇਸ ਸਮੁੱਚੀ ਹਾਲਤ ਨੂੰ ਸਿੱਖਾਂ ਦੀ ਅੰਦਰੂਨੀ ਅਤੇ ਬਾਹਰੀ ਹਾਲਤ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਇਨ੍ਹਾਂ ਮਾਲਿਆਂ ਵਿਚ ਉੱਠਦੇ ਉਭਾਰਾਂ ਮੌਕੇ ਵੇਖਣ ਵਿਚ ਆਇਆ ਹੈ ਕਿ ਸਿੱਖ ਧਿਰਾਂ ਇਨ੍ਹਾਂ ਉਭਾਰਾਂ ਨੂੰ ਆਪਣੀ ਸਿਆਸੀ ਹੋਂਦ ਬਚਾਉਣ ਜਾਂ ਪ੍ਰਗਟਾਉਣ ਲਈ ਵਰਤਣ ਦੀ ਕੋਸ਼ਿਸ਼ ਕਰਦੀਆਂ ਹਨ। ਸੰਗਤਾਂ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਉਝਾਲਾ ਦਿਵਾ ਕੇ ਅਖੀਰ ਅਞਾਈ ਜਾਣ ਦਿੱਤਾ ਜਾਂਦਾ ਹੈ। ਹਾਲਾਤ ਇਹ ਹਨ ਕਿ ਇਨ੍ਹਾਂ ਧਿਰਾਂ ਵਿਚ ਉੱਠਣ ਵਾਲੇ ਸਿੱਖ ਉਭਾਰਾਂ ਸਾਂਭਣ ਤੇ ਰੁਖ ਦੇਣ ਦੀ ਕਾਬਲੀਅਤ ਅਤੇ ਸਮਰੱਥਾ ਨਹੀਂ ਰਹੀ। ਅਜਿਹੇ ਮੌਕੇ ਉੱਤੇ ਸਿੱਖ ਸਮਾਜ ਦੇ ਅੰਦਰੂਨੀ ਅਤੇ ਬਾਹਰੀ ਹਾਲਾਤ ਮੁਤਾਬਕ ਮੁੜ ਲੀਹਾਂ-ਤਰਜੀਹਾਂ ਤੇ ਰਣਨੀਤੀ ਵਿਚਾਰਨ ਤੇ ਵਿਓਂਤਣ ਦੀ ਲੋੜ ਹੈ ਤਾਂ ਹੀ ਇਨ੍ਹਾਂ ਮਾਮਲਿਆਂ ਬਾਰੇ ਕੋਈ ਠੋਸ ਤੇ ਕਾਰਗਰ ਕਦਮ ਚੁੱਕੇ ਜਾ ਸਕਣਗੇ। ਵਾਹਿਗੁਰੂ ਭਲੀ ਕਰੇ।

– ਪਰਮਜੀਤ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , , , , , , ,