ਲੇਖ

ਗ਼ਦਰ ਪਾਰਟੀ ਲਹਿਰ ‘ਸਿੱਖਾਂ ਦੀ, ਸਿੱਖਾਂ ਵੱਲੋਂ, ਸਿੱਖਾਂ ਲਈ’ ਮਹਾਨ ਸੰਘਰਸ਼ ਸੀ

April 21, 2012 | By

ਰਜਿੰਦਰ ਸਿੰਘ ਰਾਹੀ ਦੀਆਂ ਕਿਤਾਬਾਂ ਨੇ ਖੱਬੇ ਪੱਖੀ ਨਜ਼ਰੀਏ ਦੇ ਪੈਰ ਉਖੇੜੇ

– ਕਰਮਜੀਤ ਸਿੰਘ*

ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।

‘ਗਦਰ ਪਾਰਟੀ ਲਹਿਰ ਦੀ ਅਸਲ ਗਾਥਾ’ ਦੇ ਟਾਇਟਲ ਹੇਠਾਂ ਆ ਰਹੀਆਂ ਇਹ ਦੋ ਪੁਸਤਕਾਂ ਇਸ ਮਹਾਨ ਲਹਿਰ ਬਾਰੇ ਚਾਰ ਪੁਸਤਕਾਂ ਦੀ ਲੜੀ ਦਾ ਪਹਿਲਾ ਹਿੱਸਾ ਹਨ ਜਦੋਂ ਕਿ ਬਾਕੀ ਦੋ ਪੁਸਤਕਾਂ ਵੀ 2013 ਤੱਕ ਪਾਠਕਾਂ ਤੱਕ ਪੁੱਜ ਜਾਣਗੀਆਂ, ਜਦੋਂ ਵਿਦੇਸ਼ਾਂ ਵਿੱਚ ਜਨਮੀ ਇਸ ਇਤਿਹਾਸਿਕ ਲਹਿਰ ਦਾ ਸੌ ਸਾਲਾਂ ਜਸ਼ਨ ਸਾਰੀ ਦੁਨੀਆਂ ਵਿੱਚ ਜਾਗਦੇ ਹੋਏ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ। ਤੀਜੀ ਪੁਸਤਕ ਦਾ ਵੱਡਾ ਹਿੱਸਾ ਕੈਲੇਫੋਰਨੀਆਂ ਤੋਂ ਛਪਦੇ ਉੱਘੇ ਅਖਬਾਰ ‘ਅੰਮ੍ਰਿਤਸਰ ਟਾਈਮਜ਼’ ਵਿੱਚ ਛੱਤੀ ਕਿਸ਼ਤਾਂ ਦੇ ਰੂਪ ਵਿੱਚ ਪਹਿਲਾਂ ਹੀ ਛਪ ਚੁੱਕਾ ਹੈ। ਦਿਲਚਸਪ ਹਕੀਕਤ ਇਹ ਹੈ ਕਿ ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਛਾਪੀਆਂ ਜਾ ਰਹੀਆਂ ਇਹਨਾਂ ਪੁਸਤਕਾਂ ਦੇ ਦਲਿਤ ਲੇਖਕ ਰਜਿੰਦਰ ਸਿੰਘ ਰਾਹੀ (ਹੁਣ ਰਾਜਵਿੰਦਰ ਸਿੰਘ ਰਾਹੀ) ਖੁਦ ਕਿਸੇ ਸਮੇਂ ਨਕਸਲੀ ਲਹਿਰ ਨਾਲ ਜੁੜੇ ਰਹੇ ਸਨ, ਪਰ ਦਰਬਾਰ ਸਾਹਿਬ ਦੇ ਘੱਲੂਘਾਰੇ ਨੇ ਉਹਨਾਂ ਨੂੰ ਹਰ ਪਹਿਲੂ ਤੋਂ ਬਦਲ ਕੇ ਰੱਖ ਦਿੱਤਾ ਸੀ ਅਤੇ ਉਹਨਾਂ ਦੇ ਧੁਰ ਅੰਦਰ ਆਪਣੇ ਅਮੀਰ ਵਿਰਸੇ ਨਾਲ ਜੁੜਨ ਤੇ ਉਸ ਨੂੰ ਯਾਦ ਕਰਨ ਦੀ ਨਵੀਂ ਪ੍ਰਭਾਤ ਦਾ ਜਨਮ ਹੋਇਆ ਸੀ। ਇਹ ਤੱਥ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਰਜਿੰਦਰ ਸਿੰਘ ਰਾਹੀ ਨੂੰ ਉਸ ਵਕਤ ਨਕਸਲੀ ਹਲਕਿਆਂ ਨੇ ਤਿੱਖੇ ਵਾਦ ਵਿਵਾਦ ਦਾ ਕੇਂਦਰ ਬਣਾ ਦਿੱਤਾ ਸੀ ਜਦੋਂ ਉਹਨਾਂ ਨੇ ਸੰਤ ਰਾਮ ਉਦਾਸੀ ਬਾਰੇ ਲਿਖੀ ਇੱਕ ਪੁਸਤਕ ਦੇ ¦ਮੇ, ਹਰਮਨ ਪਿਆਰੇ ਤੇ ਚਰਚਿਤ ਮੁੱਖ ਬੰਦ ਵਿੱਚ ਇਹ ਸਿੱਧ ਕਰ ਦਿੱਤਾ ਕਿ ਇਹ ਮਹਾਨ ਇਨਕਲਾਬੀ ਲੋਕ ਸ਼ਾਇਰ ਤੇ ਗੀਤਕਾਰ ਅਸਲ ਵਿੱਚ ਸਿੱਖੀ ਦੇ ਇਨਕਲਾਬੀ ਵਿਰਸੇ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਸੀ। ਉਦਾਸੀਆਂ ਕਵਿਤਾਵਾਂ ਦੇ ਕੁਝ ਬੰਦ ਜੁਝਾਰੂ ਲਹਿਰ ਦੌਰਾਨ ਇਨਕਲਾਬੀ ਨੌਜਵਾਨਾਂ ਦੇ ਬੁੱਲ੍ਹਾਂ ਤੇ ਚੜ੍ਹੇ ਹੋਏ ਸਨ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਖੱਬੇ ਪੱਖੀ ਹਲਕਿਆਂ ਨੇ ਨੀਵੀਂ ਕਿਸਮ ਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜੇ ਵਿੱਚ ਰਜਿੰਦਰ ਸਿੰਘ ਰਾਹੀ ਦੀ ਉਸ ਸਮੇਂ ਚੌਤਰਫ਼ੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਸਿੱਖੀ ਵਿਰਸੇ ਤੋਂ ਨਿੱਖੜੇ ਤੇ ਉੱਖੜੇ ਕਵੀ ਪਾਸ਼ ਬਾਰੇ ਲਿਖੇ ਨਾਵਲ ‘ਜਿਥੇ ਪਾਸ਼ ਰਹਿੰਦਾ ਹੈ’ ਵਿੱਚ ਪਾਸ਼ ਦੀ ਸ਼ਖਸ਼ੀਅਤ ਅਤੇ ਉਸ ਦੀ ਕਵਿਤਾ ਬਾਰੇ ਫੈਲਾਏ ਗਏ ਭਰਮ ਜਾਲ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਇਸ ਸਬੰਧੀ ਉਸ ਦੀ ਲੰਮੀ ਇੰਟਰਵਿਉੂ ਉਸ ਦੀ ਬੌਧਿਕ ਪ੍ਰਤਿਭਾ ਦਾ ਪ੍ਰਤੱਖ ਸਬੂਤ ਹੈ।

ਲਹਿਰ ਬਾਰੇ ਨਵਾਂ ਨਜ਼ਰੀਆ

ਪੰਜਾਬ ਦੀਆਂ ਲਹਿਰਾਂ ਵਿੱਚ ਸਿੱਖਾਂ ਦੇ ਰੋਲ ਨੂੰ ਬਹੁਤ ਨੇੜਿਓ ਬਾਜ਼ ਅੱਖ ਨਾਲ ਦੇਖਣ ਵਾਲੇ ਅਤੇ ਇਹਨਾਂ ਲਹਿਰਾਂ ਦੀ ਅਸਲੀਅਤ ਨੂੰ ਰੋਲਣ ਦਾ ਕੰਮ ਕਰਨ ਵਾਲੇ ਲੇਖਕਾਂ ਦੀ ਪਹਿਚਾਨ ਕਰਨ ਵਾਲੇ ਵਿਦਵਾਨ ਹਲਕਿਆਂ ਦਾ ਕਹਿਣਾ ਹੈ ਕਿ ਰਜਿੰਦਰ ਸਿੰਘ ਰਾਹੀ ਦੀਆਂ ਪੁਸਤਕਾਂ ਗਦਰ ਪਾਰਟੀ ਲਹਿਰ ਨੂੰ ਜਿਥੇ ਇੱਕ ਨਵੇਂ ਨਜ਼ਰੀਏ ਤੋਂ ਦੇਖਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨਗੀਆਂ, ਉਥੇ ਅਜਿਹੇ ਇਤਿਹਾਸਕਾਰਾਂ ਨੂੰ ਵੀ ਆਪਣੇ ਪੈਂਤੜੇ ਤੇ ਧਾਰਨਾਵਾਂ ਉਤੇ ਨਵੇਂ ਸਿਰਿਓਂ ਵਿਚਾਰ ਕਰਨੀ ਪਵੇਗੀ ਜਿਨ੍ਹਾਂ ਨੇ ਇਸ ਮਹਾਨ ਲਹਿਰ ਦਾ ਇੱਕ ਪਾਸੜ ਤੇ ਅਧੂਰਾ ਵਿਸ਼ਲੇਸ਼ਣ ਕਰਕੇ ਇਤਿਹਾਸ ਦੀ ਪਵਿੱਤਰ ਮਰਿਆਦਾ ਨੂੰ ਸ਼ਰਮਸਾਰ ਕੀਤਾ ਅਤੇ ਦੂਜੇ ਪਾਸੇ ਲਹਿਰ ਦੇ ਮੁੱਖ ਖਾਸੇ ਨੂੰ ਕੌਮੀ ਖਾਤੇ ਵਿੱਚ ਸੁੱਟ ਕੇ ਸਿੱਖਾਂ ਦੇ ਵਿਸ਼ੇਸ਼, ਪ੍ਰਮੁੱਖ ਤੇ ਯਾਦਗਾਰੀ ਰੋਲ ਦੀ ਮਹਾਨਤਾ ਤੇ ਮਹੱਤਤਾ ਨੂੰ ਉੱਕਾ ਹੀ ਨਜ਼ਰ ਅੰਦਾਜ਼ ਕਰ ਦਿੱਤਾ। ਰਜਿੰਦਰ ਸਿੰਘ ਰਾਹੀ ਮੁਤਾਬਿਕ ਸਚਿੰਦਰਨਾਥ ਸਾਨਿਆਲ ਹੀ ਉਹ ਮਹਾਨ ਲੇਖਕ ਹਨ ਜਿਨ੍ਹਾਂ ਨੇ ਇਸ ਇਤਿਹਾਸਕ ਲਹਿਰ ਵਿੱਚ ਸਿੱਖਾਂ ਦੀ ਕੁਰਬਾਨੀ ਦੀ ਭਰਪੂਰ ਮਹਿਮਾਂ ਕੀਤੀ।

ਲਹਿਰ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਵੀਰ

ਰਜਿੰਦਰ ਸਿੰਘ ਰਾਹੀ ਆਪਣੀਆਂ ਪੁਸਤਕਾਂ ਵਿੱਚ ਕੁਝ ਵੱਡੇ ਸਵਾਲ ਉਠਾਉਂਦੇ ਹਨ ਅਤੇ ਲੋੜ ਅਨੁਸਾਰ ਉਹਨਾਂ ਦੇ ਢੁੱਕਵੇਂ ਜਵਾਬ ਵੀ ਦਿੰਦੇ ਹਨ। ਇਹ ਸਵਾਲ ਜਿਥੇ ਪੰਜਾਬ ਦੀ ਜਰਖੇਜ਼ ਮਿੱਟੀ ਨਾਲ ਜੁੜੇ ਜਗਿਆਸੂ ਨੌਜਵਾਨ ਮੁੰਡੇ ਕੁੜੀਆਂ ਵਿੱਚ ਇਤਿਹਾਸਿਕ ਲਹਿਰਾਂ ਬਾਰੇ ਜਾਣਨ ਤੇ ਸਮਝਣ ਲਈ ਵਿਸ਼ੇਸ਼ ਪ੍ਰੇਰਨਾ ਤੇ ਉਤਸ਼ਾਹ ਦਾ ਮਾਹੌਲ ਪੈਦਾ ਕਰਨਗੇ ਅਤੇ ਨਾਲ ਹੀ ਗਦਰ ਪਾਰਟੀ ਬਾਰੇ ਬਹਿਸ ਨੂੰ ਨਵੀਆਂ ਤੇ ਮੌਲਿਕ ਸੇਧਾਂ ਦੇਣ ਵਿੱਚ ਮੱਦਦਗਾਰ ਬਣਨਗੇ, ਉਥੇ ਆਪਣੀ ਮਿੱਟੀ ਨਾਲ ਵਿਸ਼ਵਾਸ਼ਘਾਤ ਕਰਨ ਦੇ ਰਾਹ ਤੇ ਪਏ ਵੀਰਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਵੀ ਝੰਜੋੜਨਗੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਗਦਰੀ ਬਾਬਿਆਂ ਦਾ ਮੇਲਾ ਲਾ ਕੇ ਇਸ ਇਤਿਹਾਸਿਕ ਲਹਿਰ ਨੂੰ ਆਪਣੀ ਮਨਮਰਜ਼ੀ ਦੀ ਦਿਸ਼ਾ ਦੇਣ ਦਾ ਗੈਰਸਿਧਾਂਤਿਕ ਤੇ ਇਖਲਾਕੀ ਗੁਨਾਹ ਕਰ ਰਹੇ ਹਨ। ਇਹ ਵੀਰ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਵਿੱਚ ਪਾ ਰਹੇ ਆਪਣੇ ਰੌਲੇ ਰੱਪੇ ਵਿੱਚ ਅਜੇ ਤੱਕ ਇਸ ਹਕੀਕਤ ਤੋਂ ਪਰਦਾ ਨਹੀਂ ਚੁੱਕ ਸਕੇ ਕਿ ਗਦਰ ਪਾਰਟੀ ਵਿਚ ਸ਼ਾਮਿਲ 99.1 ਫੀਸਦੀ ਸਿੱਖਾਂ ਦੀ ਦਰਦ ਕਹਾਣੀ ਦਾ ਰਾਜਨੀਤਿਕ ਸਰੂਪ ਕੀ ਸੀ? ਸੱਚ ਤਾਂ ਇਹ ਹੈ ਕਿ ਉਹ ਆਪਣੀ ਬਹਿਸ ਵਿੱਚ ਇਸ ਸੱਚੀ ਸਾਖੀ ਉਤੇ ਵਿਚਾਰ ਕਰਨ ਤੋਂ ਹੀ ਟਾਲਾ ਵੱਟਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਕਦੇ ਵੀ ਬਹਿਸ ਤੁਰੀ, ਇਹ ਬਹਿਸ ਉਹਨਾਂ ਦੇ ਹੱਥਾਂ ਵਿੱਚੋਂ ਖਿਸਕ ਕੇ ਕਿਸੇ ਹੋਰ ਪਾਸੇ ਵੱਲ ਚਲੀ ਜਾਵੇਗੀ-ਇੱਕ ਅਜਿਹੇ ਮੋੜ ਵੱਲ ਜਿਥੇ ਉਹਨਾਂ ਦੇ ਉਸਰੇ ਰੇਤ ਦੇ ਮਹੱਲ ਯਕਲੱਖਤ ਡਿੱਗ ਪੈਣਗੇ। ਇਸ ਲਈ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦੇ ਪਵਿੱਤਰ ਸਿਧਾਂਤ ਨੂੰ ਉਹਨਾਂ ਨੇ ਚਿਰੋਕਣਾ ਵਿਸਾਰ ਦਿੱਤਾ ਹੋਇਆ ਹੈ। ਇੰਝ ਉਹ ਸੱਚ ਦੀ ਕਹਾਣੀ ਨੂੰ ਲਗਾਤਾਰ ਲਮਕਾਈ ਜਾਂਦੇ ਹਨ। ਰਜਿੰਦਰ ਸਿੰਘ ਰਾਹੀ ਇੱਕ ਮਿਸਾਲ ਦਿੰਦੇ ਹੋਏ ਕਹਿ ਰਹੇ ਹਨ ਕਿ ਜਦੋਂ ਚਾਰ ਕੁ ਸਾਲ ਪਹਿਲਾਂ ਭੁਪਿੰਦਰ ਸਿੰਘ ਮੱਲ੍ਹੀ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਈ ਗਈ ਤਾਂ ਉਸ ਵਿੱਚ ਕਾਨਫਰੰਸ ਵਿੱਚ ਪੰਜਾਬੀ ਕੌਮ ਦੀ ਬਣਤਰ ਬਾਰੇ ਕੁਝ ਨੁਕਤੇ ਉਠਾਏ ਗਏ। ਪਰ ਬਾਬਾ ਬਿਲਗਾ ਸਿੰਘ ਦੀ ਇਸ ਟਿੱਪਣੀ ਨੇ ਹੈਰਾਨ ਕਰ ਦਿੱਤਾ ਕਿ ਪੰਜਾਬੀ ਕੌਮ ਦੀ ਗੱਲ ਕਰਨਾ ਹੀ ਦੇਸ਼ ਧਰੋਹੀ ਹੈ। ਇਹ ਗੱਲ ਹੀ ਆਪਣੇ ਆਪ ਵਿੱਚ ਫਿਰਕੂ ਤੇ ਫੁੱਟ ਪਾਉਣ ਵਾਲੀ ਹੈ। ਉਸ ਨੇ ਤਾਂ ਇਥੋਂ ਤੱਕ ਇਤਰਾਜ਼ ਕੀਤਾ ਕਿ ਇਸ ਕਾਨਫਰੰਸ ਲਈ ਦੇਸ਼ ਭਗਤ ਯਾਦਗਾਰ ਹਾਲ ਕਿਉਂ ਦਿੱਤਾ ਗਿਆ? ਕਿਹਾ ਜਾਂਦਾ ਹੈ ਕਿ ਕੁਝ ਪ੍ਰਬੰਧਕਾਂ ਨੇ ਬਿਲਗਾ ਸਿੰਘ ਦੀ ਟਿੱਪਣੀ ਤੇ ਰੋਸ ਪ੍ਰਗਟ ਕਰਦਿਆਂ ਅਸਤੀਫੇ ਵੀ ਦਿੱਤੇ ਸਨ।

ਪੁਸਤਕਾਂ ਵਿੱਚ ਉਠਾਏ ਅਹਿਮ ਸਵਾਲ

ਰਜਿੰਦਰ ਸਿੰਘ ਰਾਹੀ ਨੇ ਜਿਨ੍ਹਾਂ ਸਵਾਲਾਂ ਉਤੇ ਨਿੱਠ ਕੇ ਵਿਚਾਰ ਕੀਤੀ ਹੈ ਉਨ੍ਹਾਂ ਵਿਚੋਂ ਕੁਝ ਅਹਿਮ ਸਵਾਲ ਇਹ ਹਨ:

1 ਗਦਰ ਪਾਰਟੀ ਲਹਿਰ ਵਿੱਚ ਸ਼ਾਮਿਲ ਸਿੱਖਾਂ ਦੀ ਵੱਡੀ ਭਾਰੀ ਸ਼ਮੂਲੀਅਤ ਕਿਸ ਹਕੀਕਤ ਵੱਲ ਸੰਕੇਤ ਹੈ?

2 ਇਸ ਲਹਿਰ ਵਿੱਚ ਹਿੰਦੂਆਂ ਦੀ ਸ਼ਮੂਲੀਅਤ ਆਟੇ ਵਿਚ ਲੂਣ ਦੇ ਬਰਾਬਰ ਹੋਣ ਦੇ ਅਸਲ ਕਾਰਣ ਕੀ ਹਨ? ਲਹਿਰ ਦੀ ਵਿਆਖਿਆ ਕਰਨ ਵਾਲੇ ਖੱਬੇ ਪੱਖੀ ਵੀਰ ਇਸ ਅਹਿਮ ਨੁਕਤੇ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਦੇ ਹਨ ਜਾਂ ਅਣਜਾਣੇ ਵਿੱਚ ਹੀ ਅਣਗੌਲਿਆਂ ਕਰਦੇ ਹਨ?

3 ਖੱਬੇ ਪੱਖੀ ਲੇਖਕਾਂ ਵੱਲੋਂ ਇਸ ਲਹਿਰ ਨੂੰ ਭਾਰਤ ਦੇ ਕੌਮੀ ਖਾਤੇ ਵਿੱਚ ਪਾਉਣ ਜਾਂ ਉਸ ਦੇ ਅਧੀਨ ਕਰਨ ਪਿਛੇ ਲੁਕੀ ਸਾਜ਼ਿਸ਼ ਨੂੰ ਕੀ ਨਾਂ ਦਿੱਤਾ ਜਾਏ?

4 ਸਰਬੱਤ ਦੇ ਭਲੇ ਦੇ ਖਾਲਸਾਈ ਮਨੋਰਥ ਨੂੰ ਲੈ ਕੇ ਸਿੱਖਾਂ ਦੀ, ਸਿੱਖਾਂ ਵੱਲੋਂ ਅਤੇ ਸਿੱਖਾਂ ਲਈ ਸ਼ੁਰੂ ਕੀਤੀ ਇਹ ਲਹਿਰ ਸਿੱਖਾਂ ਦੇ ਵਿਰੋਧੀਆਂ ਤੇ ਦੁਸ਼ਮਣਾਂ ਦੇ ਹੱਥਾਂ ਵਿਚ ਕਦੋਂ, ਕਿਵੇਂ ਤੇ ਕਿਉਂ ਚਲੀ ਗਈ? ਕੌਣ ਹਨ ਇਸ ਦੇ ਅਚੇਤ ਤੇ ਸੁਚੇਤ ਵਿਰੋਧੀ?

5 ਸਿੱਖ ਵਿਦਵਾਨ ਉਪਰੋਕਤ ਰੁਝਾਨਾਂ ਦਾ ਸਿਧਾਂਤਕ ਟਾਕਰਾ ਕਰਨ ਵਿਚ ਅਵੇਸਲੇ ਕਿਉਂ ਰਹੇ ਹਨ? ਅੱਜ ਉਹ ਕਿਥੇ ਖੜ੍ਹੇ ਹਨ?

ਵੱਡੀਆਂ ਤੇ ਹੈਰਾਨਕੁੰਨ ਸਚਾਈਆਂ

ਕੁਝ ਤੱਥ ਤੇ ਵੱਡੀਆਂ ਅਤੇ ਹੈਰਾਨਕੁੰਨ ਸਚਾਈਆਂ ਸਿੱਖ ਕੌਮ ਦੇ ਸੁਚੇਤ ਵਿਰੋਧੀਆਂ ਦੇ ਮੂੰਹ ਉਤੇ ਚਪੇੜ ਹਨ, ਪਰ ਪੰਜਾਬ ਦੇ ਹੱਕਾਂ ਲਈ ਲੜ ਰਹੇ ਇਨਕਲਾਬੀ ਨੌਜਵਾਨਾਂ ਦੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ‘ਸ਼ਾਸਤਰ’ ਨਾਲ ਲੈਸ ਕਰਨ ਦੀ ਭਰਪੂਰ ਸਮਗਰੀ ਬਣ ਸਕਦੇ ਹਨ। ਲਾਡਰਡ ਹਾਰਡਿੰਗ ਦੀ ਕਿਤਾਬ ‘ਭਾਰਤ ਵਿਚਲੇ ਮੇਰੇ ਸਾਲ’ ਸਾਨੂੰ ਦੱਸਦੀ ਹੈ ਕਿ 1914 ਤੇ 1915 ਵਿਚਕਾਰ ਬਾਹਰਲੇ ਮੁਲਕਾਂ ਤੋਂ ਸੱਤ ਤੋਂ ਅੱਠ ਹਜ਼ਾਰ ਸਿੱਖ ਬਗਾਵਤ ਕਰਨ ਲਈ ਪੰਜਾਬ ਵਿੱਚ ਦਾਖਲ ਹੋਏ। ਜਨਰਲ ਡਾਇਰ ਦੀ ਪੁਸਤਕ ‘ਭਾਰਤ-ਜਿਵੇਂ ਮੈਂ ਇਸ ਨੂੰ ਜਾਣਿਆਂ’ ਇਹ ਤੱਥ ਪੇਸ਼ ਕਰਦੀ ਹੈ ਕਿ ਇਹ ਗਿਣਤੀ ਸੱਤ ਹਜ਼ਾਰ ਦੇ ਕਰੀਬ ਸੀ। ਦੂਜੇ ਪਾਸੇ ਹਿੰਦੂ ਤੇ ਮੁਸਲਮਾਨ ਭਰਾਵਾਂ ਦੀ ਗਿਣਤੀ ਪੰਜਾਹ ਤੋਂ ਉਪਰ ਨਹੀਂ ਟੱਪਦੀ। ਪੰਡਿਤ ਕਾਂਸ਼ੀ ਰਾਮ ਤੇ ਸੋਹਣ ਲਾਲ ਪਾਠਕ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹ ਅਸਲ ਵਿਚ ਸਿੱਖੀ ਰੰਗ ਵਿੱਚ ਹੀ ਰੰਗੇ ਹੋਏ ਸਨ। ਕੁਝ ਹੋਰ ਅਹਿਮ ਹਕੀਕਤਾਂ ਨੂੰ ਧਿਆਨ ਵਿਚ ਰੱਖਣ ਤੋਂ ਪਤਾ ਲੱਗਦਾ ਹੈ ਕਿ 1911 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ 36 ਫੀਸਦੀ ਸੀ ਜਦ ਕਿ ਮੁਸਲਮਾਨਾਂ ਦੀ ਗਿਣਤੀ 52 ਫੀਸਦੀ ਦੇ ਕਰੀਬ ਸੀ। ਸਿੱਖ ਕੇਵਲ 12 ਫੀਸਦੀ ਹੀ ਸਨ। ਇਹ ਸੁਣ ਕੇ ਕਿਸ ਦੀਆਂ ਅੱਖਾਂ ਵਿਚ ਦਰਦ ਭਰੇ ਹੰਝੂ ਨਹੀਂ ਆਉਣਗੇ ਕਿ ਇਸ ਕੌਮ ਦੀਆਂ ਕੁਰਬਾਨੀਆਂ ਇਸ ਲਹਿਰ ਵਿਚ 99.1 ਫੀਸਦੀ ਬਣਦੀਆਂ ਹਨ ਜਦ ਕਿ ਹਿੰਦੂਆਂ ਦੀ ਕੁਰਬਾਨੀ 0.98 ਫੀਸਦ ਹੈ ਯਾਨੀ 1 ਫੀਸਦੀ ਤੋਂ ਵੀ ਘੱਟ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੰਗੇ ਚਿੱਟੇ ਤੱਥਾਂ ਦੀ ਸੰਜੀਦਾ, ਸੁਹਿਰਦ, ਨਿਰਪੱਖ ਤੇ ਬੇਲਾਗ ਵਿਆਖਿਆ ਕਰਨ ਤੋਂ ਲੇਖਕ ਭੱਜਦੇ ਕਿਉਂ ਰਹੇ? ਰਾਹੀ ਇਹੋ ਜਿਹੇ ਸਵਾਲਾਂ ਨਾਲ ਹੀ ਜੂਝਦਾ ਹੋਇਆ ਸਿੱਖਾਂ ਦੀ ਰਾਜਨੀਤਿਕ ਚੇਤਨਾ ਨੂੰ ਪ੍ਰਚੰਡ ਕਰਦਾ ਹੈ ਤੇ ਉਹਨਾਂ ਨੂੰ ਨਵੇਂ ਰਾਹਾਂ ਦੀ ਤਲਾਸ਼ ਕਰਨ ਲਈ ਸੋਚਣ ਤੇ ਕੁਝ ਕਰਨ ਲਈ ਮਜਬੂਰ ਕਰਦਾ ਹੈ। ਉਸ ਨੂੰ ਇਹ ਪੱਕੀ ਉਮੀਦ ਹੈ ਕਿ ਜਿਹੜੇ ਅੱਠ ਹਜ਼ਾਰ ਸਿੱਖ ਬਗਾਵਤ ਕਰਨ ਲਈ ਪੰਜਾਬ ਦੀ ਧਰਤੀ ਤੇ ਉਤਰੇ ਸਨ, ਉਹਨਾਂ ਦੇ ਪੋਤਰੇ ਪੋਤਰੀਆਂ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿ ਉਹ ਹੁਣ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਕੁਰਬਾਨੀਆਂ ਵਿੱਚ ਲੁਕੇ ਰਾਜਨੀਤਿਕ ਦਰਦ ਨੂੰ ਨਵੇਂ ਅਰਥ ਦੇਣ ਲਈ ਅੱਗੇ ਆਉਣਗੇ।

ਗਦਰੀ ਬਾਬੇ ਭੋਲੇ ਭਾਲੇ ਸਿੱਖ ਨਹੀਂ ਸਨ

ਰਜਿੰਦਰ ਸਿੰਘ ਰਾਹੀ ਮੁਤਾਬਿਕ ਇਹ ਗਦਰੀ ਸਿੱਖ ਅੰਮ੍ਰਿਤ ਵੇਲੇ ਉਠਦੇ, ਇਸ਼ਨਾਨ ਕਰਦੇ ਤੇ ਫਿਰ ਗੁਰਬਾਣੀ ਸਿਮਰਨ ਨਾਲ ਜੁੜ ਜਾਂਦੇ। ਇਹ ਕਹਿਣਾ ਕਿ ਉਹ ਸਿੱਧੇ ਸਾਦੇ ਤੇ ਭੋਲੇ ਸਿੱਖ ਸਨ, ਉਹਨਾਂ ਦੀ ਬੌਧਿਕ ਸਮਰੱਥਾ ਅਤੇ ਇਤਿਹਾਸਿਕ ਜਾਣਕਾਰੀ ਦਾ ਮਜ਼ਾਕ ਉਡਾਉਣਾ ਹੈ। ਲੇਖਕ ਮੁਤਾਬਿਕ ਪਾਰਟੀ ਦੇ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਨੇ ਬਕਾਇਦਾ ਆਜ਼ਾਦੀ ਦਾ ਇੱਕ ਰੋਡ ਮੈਪ ਤਿਆਰ ਕੀਤਾ ਜਿਸ ਵਿਚ ਉਹਨਾਂ ਨੇ ਅਮਰੀਕਾ ਵਰਗੀ ਰੀਪਬਲਿਕ ਵਿਵਸਥਾ ਦਾ ਸੁਪਨਾ ਲਿਆ ਸੀ ਜਾਂ ਦੂਜੇ ਸ਼ਬਦਾਂ ਵਿਚ ਉਹ ਭਾਰਤ ਨੂੰ ਬਹੁਪੱਖੀ ਸੱਭਿਆਚਾਰਾਂ ਦਾ ਇੱਕ ਦੇਸ਼ ਬਣਾਉਣਾ ਚਾਹੁੰਦੇ ਸਨ। ਪਰ ਅੱਜ ਖੱਬੇ ਪੱਖੀ ਜਿਸ ਰਾਜਨੀਤਿਕ ਢਾਂਚੇ ਦੀ ਗੁਲਾਮੀ ਭੋਗ ਰਹੇ ਹਨ, ਉਹ ਕਦੇ ਵੀ ਗਦਰੀ ਬਾਬਿਆਂ ਦਾ ਸੁਪਨਾ ਨਹੀਂ ਸੀ। ਹਰੀਸ਼ਪੁਰੀ ਜਦੋਂ ਆਪਣੀ ਪੁਸਤਕ ਵਿੱਚ ਇਹ ਟਿੱਪਣੀ ਕਰਦੇ ਹਨ ਕਿ ਗਦਰੀ ਸਿੱਖ, ਸਿੱਖ ਹੀ ਨਹੀਂ ਸਨ ਰਹੇ ਅਤੇ ਉਹ ਸਿੱਖੀ ਛੱਡ ਗਏ ਸਨ ਜਾਂ ਉਹਨਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਨੂੰ ਤਿਲਾਂਜਲੀ ਦੇ ਦਿੱਤੀ ਸੀ, ਇਹ ਲਹਿਰ ਦੇ ਤੱਥਾਂ ਨਾਲ ਕਿੱਡਾ ਵੱਡਾ ਵਿਸ਼ਵਾਸ਼ਘਾਤ ਹੈ। ਇਹਨਾਂ ਧਾਰਨਾਂਵਾਂ ਦੇ ਖਿਲਾਫ ਹੀ ਸਿੱਖਾਂ ਨੂੰ ਅੱਗੇ ਆਉਣ ਦੀ ਲੋੜ ਹੈ। ਜਦੋਂ ਗੁਰਚਰਨ ਸਿੰਘ ਸਹਿੰਸਰਾ ਇਹ ਕਹਿੰਦੇ ਹਨ ਕਿ ਗੁਰਦੁਆਰੇ ਮਿਲ ਬੈਠਣ ਦਾ ਕੇਂਦਰ ਸਨ ਤਾਂ ਉਹ ਵੀ ਹਕੀਕਤ ਤੋਂ ਅੱਖਾਂ ਮੀਟ ਰਹੇ ਹਨ। ਗੁਰਦੁਆਰੇ ਸਿੱਖਾਂ ਲਈ ਕੋਈ ਕਲੱਬ ਨਹੀਂ ਸਨ ਸਗੋਂ ਉਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਬਕਾਇਦਾ ਦੀਵਾਨ ਸਜਦੇ ਸਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਵਿਚ ਆਜ਼ਾਦੀ ਦਾ ਜਜ਼ਬਾ ਪੈਦਾ ਕੀਤਾ ਜਾਂਦਾ ਸੀ।

ਰਜਿੰਦਰ ਸਿੰਘ ਰਾਹੀ ਨੇ ਗਦਰ ਪਾਰਟੀ ਲਹਿਰ ਬਾਰੇ ਲਿਖੀਆਂ ਲਗਭਗ ਸਾਰੀਆਂ ਪੁਸਤਕਾਂ ਦਾ ਮੁਤਾਲਿਆ ਕੀਤਾ ਹੈ ਅਤੇ ਬਹੁਤ ਸਾਰੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਵੀ ਘੋਖਿਆ ਹੈ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਉਹਨਾਂ ਦੱਸਿਆ ਕਿ ਮੈਂ ਉਹਨਾਂ ਦਸਤਾਵੇਜ਼ਾਂ ਨੂੰ ਹੀ ਪ੍ਰਮੁੱਖ ਥਾਂ ਦਿੱਤੀ ਹੈ ਜਿਹੜੀਆਂ ਬਾਬਿਆਂ ਵੱਲੋਂ ਇੱਕ ਦੂਜੇ ਨੂੰ ਲਿਖੀਆਂ ਗਈਆਂ ਸਨ। ਉਹਨਾਂ ਨੇ ਲਾਲਾ ਹਰਦਿਆਲ ਦੇ ਰੋਲ ਨੂੰ ਵੀ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ।

ਇਟਲੀ ਦੇ ਇਕ ਮਹਾਨ ਫਿਲਾਸਫਰ, ਇਤਿਹਾਸਕਾਰ ਤੇ ਸਿਅਸਤਦਾਨ ਮੁਤਾਬਿਕ ਜੇ ਇਤਿਹਾਸ ‘ਵਿਚਾਰਾਂ ਦਾ ਇਤਿਹਾਸ’ ਹੈ ਤਾਂ ਰਜਿੰਦਰ ਸਿੰਘ ਰਾਹੀ ਆਪਣੀਆਂ ਚਾਰ ਕਿਤਾਬਾਂ ਦੇ ਮੁਕੰਮਲ ਹੋਣ ਪਿਛੋਂ ਟਾਲਸਟਾਏ ਰਚਿਤ ਮਹਾਨ ਨਾਵਲ ‘ਜੰਗ ਤੇ ਅਮਨ’ ਦੇ ਪੈਟਰਨ ਉਤੇ ਇੱਕ ਵੱਡਾ ਨਾਵਲ ਲਿਖਣ ਦਾ ਪ੍ਰੋਗਰਾਮ ਬਣਾ ਰਹੇ ਹਨ ਜਿਸ ਵਿੱਚ ਸਿੱਖ ਪਾਤਰ ਇਤਿਹਾਸ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਮੇਂ ਦੀਆਂ ਤਾਕਤਾਂ ਨਾਲ ਭਿੜਦੇ ਤੇ ਖਹਿੰਦੇ ਆਪਣੇ ਅਗਲੇ ਰਾਹਾਂ ਦੀ ਤਲਾਸ਼ ਕਰਦੇ ਨਜ਼ਰ ਆਉਣਗੇ ਅਤੇ ਨਵੇਂ ਵਿਚਾਰਾਂ ਨੂੰ ਧਰਤੀ ਉਤੇ ਉਤਾਰਨਗੇ।

* ਸ੍ਰ: ਕਰਮਜੀਤ ਸਿੰਘ (ਚੰਡੀਗੜ੍ਹ) ਸੀਨੀਅਰ ਪੱਤਰਕਾਰ ਤੇ ਲੇਖਕ ਹਨ, ਉਨ੍ਹਾਂ ਨਾਲ 09915091063 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,