ਆਮ ਖਬਰਾਂ

ਛੱਤਰਪਤੀ ਕਤਲ ਕੇਸ: 16 ਸਤੰਬਰ ਦੀ ਪੇਸ਼ੀ ਤੋਂ ਪਹਿਲਾਂ ਰਾਮ ਰਹੀਮ ਦੀ ਮਾਂ ਨੇ ਕੀਤੀ ਜੇਲ੍ਹ ‘ਚ ਮੁਲਾਕਾਤ

September 15, 2017 | By

ਚੰਡੀਗੜ੍ਹ: ਸਾਧਣੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਿਲਣ ਤਿੰਨ ਹਫ਼ਤਿਆਂ ਬਾਅਦ ਪਹਿਲੀ ਵਾਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਤੌਰ ‘ਤੇ ਉਸ ਦੀ ਮਾਂ ਨਸੀਬ ਕੌਰ ਸੁਨਾਰੀਆ ਜੇਲ੍ਹ ਪਹੁੰਚੀ। ਨਸੀਬ ਕੌਰ ਸ਼ਾਮ ਕਰੀਬ 4 ਵਜੇ ਰਾਮ ਰਹੀਮ ਨੂੰ ਮਿਲਣ ਤੋਂ ਬਾਅਦ ਵਾਪਸ ਚਲੀ ਗਈ। ਜੇਲ੍ਹ ‘ਚ ਨਸੀਬ ਕੌਰ ਨੇ ਕਰੀਬ 50 ਮਿੰਟ ਬਿਤਾਏ, ਪਰ ਰਾਮ ਰਹੀਮ ਨਾਲ ਉਸ ਦੀ ਮੁਲਾਕਾਤ ਸਿਰਫ਼ 20 ਮਿੰਟ ਹੀ ਹੋ ਸਕੀ। ਜੇਲ੍ਹ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੀਡੀਆ ਰਿਪੋਰਟਾਂ ਮੁਤਾਬਕ ਰਾਮ ਰਹੀਮ ਨੂੰ ਉਸ ਦੀ ਮਾਂ ਨਾਲ ਮੁਲਾਕਾਤ ਕਰਵਾਉਣ ਲਈ ਮੁਲਾਕਾਤੀ ਕਮਰੇ ‘ਚ ਲਿਆਂਦਾ ਤਾਂ ਉਸ ਸਮੇਂ ਜੇਲ੍ਹ ਦੇ ਹੋਰਾਂ ਕੈਦੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ‘ਚ ਭੇਜ ਦਿੱਤਾ ਤੇ ਕਿਸੇ ਕੈਦੀ ਤੇ ਜੇਲ੍ਹ ਦੇ ਆਮ ਸਟਾਫ਼ ਨੂੰ ਵੀ ਰਾਮ ਰਹੀਮ ਦੇ ਨੇੜੇ-ਤੇੜੇ ਨਹੀਂ ਆਉਣ ਦਿੱਤਾ ਗਿਆ।

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮਾਂ ਨਸੀਬ ਕੌਰ ਰੋਹਤਕ ਜੇਲ੍ਹ 'ਚ ਰਾਮ ਰਹੀਮ ਨਾਲ ਮੁਲਾਕਾਤ ਕਰਨ ਤੋਂ ਬਾਅਦ

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮਾਂ ਨਸੀਬ ਕੌਰ ਰੋਹਤਕ ਜੇਲ੍ਹ ‘ਚ ਰਾਮ ਰਹੀਮ ਨਾਲ ਮੁਲਾਕਾਤ ਕਰਨ ਤੋਂ ਬਾਅਦ

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੇ ਜੇਲ੍ਹ ‘ਚ ਮਿਲਣ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂਅ ਦਿੱਤੇ ਸਨ। ਇਨ੍ਹਾਂ 10 ਲੋਕਾਂ ‘ਚ ਮਾਂ ਨਸੀਬ ਕੌਰ ਦਾ ਨਾਂਅ ਸਭ ਤੋਂ ਉੱਪਰ ਸੀ। ਇਸ ਸੂਚੀ ‘ਚ ਹਨੀਪ੍ਰੀਤ, ਪੁੱਤਰ ਜਸਮੀਤ, ਨੂੰਹ ਤੋਂ ਇਲਾਵਾ ਪੁੱਤਰੀ ਚਰਨਪ੍ਰੀਤ ਤੇ ਅਮਰਪ੍ਰੀਤ, ਜਵਾਈ ਸ਼ਾਨ-ਏ-ਮੀਤ ਤੇ ਰੂਹ-ਏ-ਮੀਤ, ਡੇਰੇ ਦੀ ਚੇਅਰਪਰਸਨ ਵਿਪਾਸਨਾ ਤੇ ਸੇਵਾਦਾਰ ਦਾਨ ਸਿੰਘ ਦਾ ਵੀ ਨਾਂਅ ਸੀ। ਰਾਮ ਰਹੀਮ ਨੇ ਸੂਚੀ ‘ਚ ਆਪਣੀ ਪਤਨੀ ਦਾ ਨਾਂਅ ਨਹੀਂ ਦਿੱਤਾ ਸੀ। ਡੇਰੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਾਨ ਸਿੰਘ ਡੇਰੇ ਦਾ ਪੁਰਾਣਾ ਸੇਵਾਦਾਰ ਰਿਹਾ ਹੈ। ਉਹ ਚੰਡੀਗੜ੍ਹ ‘ਚ ਰਹਿ ਕੇ ਰਾਮ ਰਹੀਮ ਤੇ ਡੇਰੇ ਨਾਲ ਜੁੜੇ ਕਾਨੂੰਨੀ ਮਾਮਲਿਆਂ ਨੂੰ ਦੇਖਦਾ ਸੀ। ਪੰਚਕੂਲਾ ਪੁਲਿਸ ਨੇ ਦਾਨ ਸਿੰਘ ਨੂੰ ਪੰਜ ਕਰੋੜ ਦੀ ਫ਼ਿਰੌਤੀ ਦੇ ਕੇ ਪੰਚਕੂਲਾ ਹਿੰਸਾ ਕਰਵਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ ਤੇ ਉਹ ਪੁਲਿਸ ਰਿਮਾਂਡ ‘ਤੇ ਹੈ। ਦੱਸਿਆ ਜਾਂਦਾ ਹੈ ਕਿ ਰਾਮ ਰਹੀਮ ਦਾ ਪੁੱਤਰ ਜਸਮੀਤ ਬਾਹਰ ਗਿਆ ਹੋਇਆ ਹੈ, ਜਦਕਿ ਹਨੀਪ੍ਰੀਤ ਫਰਾਰ ਹੋਣ ਕਾਰਨ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਹੋਇਆ ਹੈ।

ਇਸ ਵਿਚਾਲੇ ਰਾਮ ਰਹੀਮ ਦੀ 16 ਸਤੰਬਰ ਨੂੰ ਰਾਮ ਚੰਦਰ ਛਤਰਪਤੀ ਤੇ ਰਣਜੀਤ ਸਿੰਘ ਕਤਲ ਮਾਮਲੇ ‘ਚ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ‘ਚ ਪੇਸ਼ੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਾਮ ਰਹੀਮ ਨੂੰ ਪੇਸ਼ੀ ‘ਤੇ ਪੰਚਕੂਲਾ ਲਿਆਉਣ ਦੀ ਬਜਾਇ ਜੇਲ੍ਹ ਤੋਂ ਹੀ ਉਸ ਨੂੰ ਵੀਡੀਓ ਕਾਨਫ਼ਰੰਸਿੰਗ ਜਰੀਏ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ‘ਤੇ ਰਾਮ ਰਹੀਮ ਦੀ ਪੇਸ਼ੀ ਲਈ ਵੱਖਰੇ ਤੌਰ ‘ਤੇ ਬੰਦੋਬਸਤ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੇਲ੍ਹ ‘ਚ ਰਾਮ ਰਹੀਮ ਦੀ ਬੈਰਕ ਨਾਲ ਵੱਖਰੇ ਤੌਰ ‘ਤੇ ਵੀਡੀਓ ਕਾਨਫਰੰਸਿੰਘ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,