February 6, 2018 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ: ਸਿੱਖੀ ਦਾ ਪ੍ਰਚਾਰ ਕਰਨ ਹਿੱਤ ਹੋਂਦ ਵਿੱਚ ਲਿਆਂਦੀ ਗਈ ਸੰਸਥਾ ਚੀਫ ਖਾਲਸਾ ਦੀਵਾਨ ਨੇ ਜਨਰਲ ਅਜਲਾਸ ਦੌਰਾਨ ਅਨੰਦ ਸਾਹਿਬ ਦੇ ਪਾਠ ਨੂੰ ਚਾਰ ਪਉੜੀਆਂ ਪੜਨ ਉਪਰੰਤ ਰੋਕ ਦਿੱਤਾ ਗਿਆ। ਅਜਲਾਸ ਮੁੜ ਜਾਰੀ ਰੱਖਿਆ ਗਿਆ ਤੇ ਫਿਰ ਸਮਾਪਤੀ ਤੇ ਦੂਸਰੀ ਵਾਰ ਅਨੰਦ ਸਾਹਿਬ ਦੇ ਪਾਠ ਦੀਆਂ ਪੰਜ ਪਉੜੀਆਂ ਪੜ੍ਹਕੇ ਅਰਦਾਸ ਕੀਤੀ ਗਈ।ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਵੱਲੋਂ ਹੋਈ ਗਲਤੀ ਯਾਦ ਕਰਾਉਣ ਤੇ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਨੇ ਮੰਨਿਆ ਕਿ ਗਲਤੀ ਹੋਈ ਹੈ ਤੇ ਉਨ੍ਹਾਂ ਨੇ ਭੁੱਲ ਬਖਸ਼ਾਣ ਦੀ ਗਲ ਵੀ ਕਹੀ ।
ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਹੇਠਲੇ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਅਨੈਤਿਕ ਹਰਕਤਾਂ ਦੇ ਦੋਸ਼ਾਂ ‘ਚ ਘਿਰੇ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਕਾਰਜਕਾਰਣੀ ਵਲੋਂ ਅਹੁਦੇ ਤੇ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਲਈ ਅੱਜ ਇਥੇ ਬਕਾਇਦਾ ਦੀਵਾਨ ਦਾ ਜਨਰਲ ਅਜਲਾਸ ਬੁਲਾਇਆ ਗਿਆ ਸੀ।ਕਾਰਜਕਾਰੀ ਪ੍ਰਧਾਨ ਸ੍ਰ:ਧਨਰਾਜ ਸਿੰਘ ਅਤੇ ਆਨਰੇਰੀ ਸਕੱਤਰ ਦੀ ਅਗਵਾਈ ਹੇਠ ਜਿਉਂ ਹੀ ਬਾਅਦ ਦੁਪਹਿਰ ਇਹ ਅਜਲਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸ਼ੁਰੂ ਹੋਇਆ ਤਾਂ ਐਲਾਨ ਕੀਤਾ ਗਿਆ ਕਿ ਸ਼ਾਮਿਲ ਹਰ ਮੈਂਬਰ ਨੂੰ ਬੋਲਣ ਦਾ ਮੋਕਾ ਦਿੱਤਾ ਜਾਵੇਗਾ।ਲੇਕਿਨ ਜਿਉਂ ਹੀ ਸ੍ਰ:ਚੱਢਾ ਬਾਰੇ ਕਾਰਜਕਾਰਣੀ ਦੇ ਲਏ ਫੈਸਲੇ ਨੂੰ ਪ੍ਰਵਾਨਗੀ ਮਿਲੀ ਤਾਂ ਪ੍ਰਬੰਧਕਾਂ ਵਲੋਂ ਅਨੰਦ ਸਾਹਿਬ ਦਾ ਪਾਠ ਸ਼ੁਰੂ ਕਰਵਾ ਦਿੱਤਾ ਗਿਆ।
ਪ੍ਰਬੰਧਕਾਂ ਦੀ ਇਸ ਕਾਰਵਾਈ ਤੇ ਮੈਂਬਰ ਭੜਕ ਉਠੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੀ ਹਾਊਸ ‘ਮੱਛੀ ਮੰਡੀ’ ਦਾ ਨਜਾਰਾ ਪੇਸ਼ ਕਰਨ ਲੱਗਾ।ਕੁਝ ਮੈਂਬਰ ਰੋਸ ਵਜੋਂ ਅਜਲਾਸ ਹਾਲ ‘ਚੋਂ ਬਾਹਰ ਵੀ ਚਲੇ ਗਏ।ਇਸੇ ਦੌਰਾਨ ਅਨੰਦ ਸਾਹਿਬ ਦਾ ਪਾਠ ਮਹਿਜ ਚਾਰ ਪਉੜੀਆਂ ਪੜਨ ਤੇ ਰੋਕ ਦਿੱਤਾ ਗਿਆ ਤੇ ਹਾਊਸ ਦੀ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ ਗਈ।ਦੀਵਾਨ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਮੰਗ ਕੀਤੀ ਕਿ ਚੱਢਾ ਦੀ ਅਨੈਤਿਕ ਹਰਕਤ ਬਾਰੇ ਸ਼ਿਕਾਇਤ ਕਰਤਾ ਬੀਬੀ ਵਲੋਂ ਲਾਏ ਦੋਸ਼ਾਂ ਬਾਰੇ ਦੀਵਾਨ ਆਪਣੇ ਪੱਧਰ ਤੇ ਕਮੇਟੀ ਕਾਇਮ ਕਰੇ ਤਾਂ ਜੋ ਇਹ ਪਤਾ ਲਗ ਸਕੇ ਕਿ ਅਜੇਹਾ ਵਰਤਾਰਾ ਕਿਧਰੇ ਦੀਵਾਨ ਦੇ ਕਿਸੇ ਹੋਰ ਮੁਲਾਜਮ ਨਾਲ ਤਾਂ ਨਹੀ ਵਰਤਿਆ ਜਾਂ ਵਰਤ ਰਿਹਾ।ਬੀਬੀ ਕਿਰਨ ਜੋਤ ਕੌਰ ਵਲੋਂ ਉਠਾਈ ਇਸ ਮੰਗ ਦੀ ਪ੍ਰਿੰਸੀਪਲ ਸੂਬਾ ਸਿੰਘ ਅਤੇ ਡਾ:ਸੰਤੋਖ ਸਿੰਘ ਨੇ ਤਾਈਦ ਕੀਤੀ।
ਸ੍ਰ:ਮਨਜੀਤ ਸਿੰਘ ਤਰਨਤਾਰਨੀ ਨੇ ਸੁਝਾਅ ਦਿੱਤਾ ਕਿ ਹੁਣ ਇੱਕਲੇ ਦੀਵਾਨ ਦੇ ਪਰਧਾਨ ਦੀ ਹੀ ਨਹੀ ਬਲਕਿ ਸਾਰੇ ਅਹੁਦੇਦਾਰਾਂ ਦੀ ਮੁੜ ਚੋਣ ਕਰਵਾਈ ਜਾਏ ।ਮੈਂਬਰਾਨ ਵਲੋਂ ਇਹ ਮੰਗ ਵੀ ਉਠਾਈ ਗਈ ਕਿ ਧਨਰਾਜ ਸਿੰਘ ਕਾਰਜਕਾਰਣੀ ਪਰਧਾਨ ਹਨ ਇਸ ਲਈ ਹਾਊਸ ਦੀ ਕਾਰਵਾਈ ਚਲਾਉਣ ਦੇ ਅਧਿਕਾਰ ਰੈਜੀਡੈਂਟ ਪਰਧਾਨ ਠੇਕੇਦਾਰ ਨਿਰਮਲ ਸਿੰਘ ਅਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਨੂੰ ਦਿੱਤੇ ਜਾਣ।ਪ੍ਰੋ:ਹਰੀ ਸਿੰਘ ਨੇ ਮੰਗ ਕੀਤੀ ਕਿ ਸ੍ਰ:ਚੱਢਾ ਦੇ ਕਾਰਜਕਾਲ ਦੌਰਾਨ ਦੀਵਾਨ ‘ਚੋਂ ਕੱਢੇ ਗਏ ਭਾਗ ਸਿੰਘ ਅਣਖੀ,ਹਰਭਜਨ ਸਿੰਘ ਸੋਚ ਅਤੇ ਅਵਤਾਰ ਸਿੰਘ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਏ।ਪ੍ਰੰਤੂ ਵਿਿਦਆਰਥੀਆਂ ਨੂੰ ਨੈਤਕਿਤਾ ਤੇ ਸਲੀਕੇ ਦਾ ਪਾਠ ਪੜਾਉਣ ਵਾਲੀ ਸੰਸਥਾ ਦੇ ਮੈਂਬਰ ਹੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਦਾ ਅਦਬ ਸਤਿਕਾਰ ਵਿਸਾਰ ਕੇ ਕੁੱਕੜ ਖੇਹ ਉਡਾਉਂਦੇ ਰਹੇ ਤੇ ਮੈਂਬਰਾਂ ਵਲੋਂ ਦਿੱਤੇ ਕਿਸੇ ਵੀ ਸੁਝਾਅ ਜਾਂ ਉਠਾਈ ਮੰਗ ਤੇ ਗੌਰ ਨਹੀ ਕੀਤਾ ਗਿਆ।
ਅਜਲਾਸ ਦੀ ਸਮਾਪਤੀ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਨੇ ਦੱਸਿਆ ਕਿ ਦੀਵਾਨ ਦਾ ਅੱਜ ਦਾ ਅਜਲਾਸ ਸਿਰਫ ਚੱਢਾ ਬਾਰੇ ਕਾਰਵਾਈ ਕਰਨ ਦੇ ਇੱਕ ਨੁਕਾਤੀ ਏਜੰਡੇ ਵਾਲਾ ਸੀ।ਸ੍ਰ:ਖੁਰਾਨਾ ਨੇ ਮੰਨਿਆ ਕਿ ਅਜਲਾਸ ਦੌਰਾਨ ਬਾਣੀ ਰੋਕਣ ਦੀ ਭੁੱਲ ਹੋਈ ਹੈ ਤੇ ਉਹ ਭੁੱਲ ਬਖਸ਼ਾਣਗੇ ਵੀ।
ਦੀਵਾਨ ਦੇ ਮੈਂਬਰਾਨ ਵਲੋਂ ਅੱਜ ਕੀਤੀ ਹੁਲੜਬਾਜੀ ਅਤੇ ਗੁਰਬਾਣੀ ਦੇ ਨਿਰਾਦਰ ਦੀ ਘਟਨਾ ਤੋਂ ਖਫਾ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਚਲਾਉਣ ਲਈ ਪਹਿਲੀ ਸ਼ਰਤ ਸ੍ਰੀ ਗੁਰੂ ਗ੍ਰੰਥ ਸਾਹਿਬ ,ਗੁਰਬਾਣੀ ਦਾ ਅਦਬ ਸਤਿਕਾਰ ਅਤੇ ਸਿੱਖ ਕਿਰਦਾਰ ਹੋਣਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਸ਼ਰਮਨਾਕ ਘਟਨਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਸੰਸਥਾਵਾਂ ਚਲਾਉਣ ਵਾਲਿਆਂ ਵਿੱਚ ਵੀ ਕਿਰਦਾਰ ਦੀ ਘਾਟ ਹੈ।ਦੀਵਾਨ ਦੇ ਇੱਕ ਹੋਰ ਮੈਂਬਰ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਸਾਬਕਾ ਸਕੱਤਰ ਸ੍ਰ:ਵਰਿਆਮ ਸਿੰਘ ਨੇ ਤਨਜ ਨਾਲ ਕਿਹਾ ਕਿ ‘ਮਾਇਆ ਦੇ ਪਸਾਰੇ ਵਾਲੇ ਯੁੱਗ ਵਿੱਚ ਮਾਇਆਧਾਰੀ ਦਾ ਸਤਿਕਾਰ ਤਾਂ ਹੈ ਲੇਕਿਨ ਗੁਰੂ ਤੇ ਗੁਰਬਾਣੀ ਦਾ ਨਹੀ ਇਹੀ ਸਾਡੀ ਤਰਾਸਦੀ ਹੈ।
Related Topics: charanjit singh chadha, Chief Khalsa Diwan