ਕੌਮਾਂਤਰੀ ਖਬਰਾਂ » ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਦਰਬਾਰ ਸਾਹਿਬ ਦਰਸ਼ਨਾਂ ਲਈ ਆ ਰਹੇ ਯੂ. ਐਨ. ਮੁਖੀ ਨੂੰ ਦਲ ਖਾਲਸਾ ਨੇ ਸਵੈ-ਨਿਰਣੇ ਦੇ ਹੱਕ ਵਿੱਚ ਖੜ੍ਹਨ ਲਈ ਕਿਹਾ

October 2, 2018 | By

ਅੰਮ੍ਰਿਤਸਰ: ਦਲ ਖਾਲਸਾ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਲੋਂ 3 ਅਕਤੂਬਰ ਨੂੰ ਆਪਣੀ ਭਾਰਤ ਫੇਰੀ ਦੌਰਾਨ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਣ ਦੇ ਫੈਸਲੇ ਉਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਿੱਖ ਦਿਲ ਦੀ ਗਹਿਰਾਈਆਂ ਤੋਂ ਮਿਸਟਰ ਅੰਟੋਨਿਓ ਗੁੱਟਰਸ ਦਾ ਗੁਰੂਆਂ ਦੀ ਪਵਿੱਤਰ ਧਰਤੀ ਅਤੇ ਆਪਣੇ ਸਭ ਤੋਂ ਪਵਿੱਤਰ ਸਥਾਨ ਤੇ ਆਉਣ ਦਾ ਸਵਾਗਤ ਕਰਦੇ ਹਨ।

ਜਨਰਲ ਸਕੱਤਰ ਐਨਟੋਨੀਓ ਗੁਟੇਰਸ

ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਐਂਟੋਨਿਓ ਗੁੱਟਰਸ ਨੂੰ ਭੇਜੇ ਇਕ ਯਾਦ-ਪੱਤਰ ਵਿੱਚ ਕਿਹਾ ਕਿ ਸਿੱਖ, ਲੰਬੇ ਸਮੇਂ ਤੋਂ ਨਵੰਬਰ 1984 ਦੀ ਨਸਲਕੁਸ਼ੀ ਲਈ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਅਤੇ ਪੀੜਤਾਂ ਲਈ ਇਨਸਾਫ਼ ਵਾਸਤੇ ਸੰਯੁਕਤ ਰਾਸ਼ਟਰ ਤੋਂ ਮੰਗ ਕਰ ਰਹੇ ਹਨ ਪਰ ਸੰਯੁਕਤ ਰਾਸ਼ਟਰ ਵਲੋਂ ਇਨਸਾਫ ਲਈ ਅੱਗੇ ਨਾ ਆਉਣਾ ਬੇਹੱਦ ਅਫਸੋਸ ਵਾਲੀ ਗੱਲ ਹੈ।

ਅੰਟੋਨਿਓ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਪਹਿਲੇ ਜਨਰਲ ਸਕੱਤਰ ਹੋਣਗੇ।

ਮਨੁੱਖੀ ਹੱਕਾਂ ਲਈ ਸੰਯੁਕਤ ਰਾਸ਼ਟਰ ਦੇ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਸਕੱਤਰ ਜਨਰਲ ਦੁਆਰਾ ਕਹੇ ਗਏ ਸ਼ਬਦਾਂ ਦਾ ਹਵਾਲਾ ਦਿੰਦਿਆਂ ਕਿ, ‘ਬਚੇਲੇਟ ਬਹੁਤ ਗੰਭੀਰ ਸਮੇਂ ‘ਤੇ ਦਫ਼ਤਰ ਵਿੱਚ ਆਪਣਾ ਕਾਰਜ ਸੁਰੂ ਕਰਨ ਜਾ ਰਹੀ ਹੈ ਜਦੋਂ ਮਨੁੱਖੀ ਹੱਕ ਸੁਰੱਖਿਅਤ ਨਹੀ ਹਨ, ਨਫਰਤ ਅਤੇ ਅਸਮਾਨਤਾ ਵਧ ਰਹੀ ਹੈ, ਸਿਵਲ ਸੁਸਾਇਟੀ ਲਈ ਸਥਾਨ ਸੁੰਗੜ ਰਿਹਾ ਹੈ ਅਤੇ ਮੀਡੀਆ ਦੀ ਆਜ਼ਾਦੀ ਦਬਾਅ ਹੇਠ ਹੈ’, ਭਾਈ ਚੀਮਾ ਨੇ ਕਿਹਾ ਕਿ ਉਪਰੋਕਤ ਸਾਰੀਆਂ ਗੱਲਾਂ ਭਾਰਤ ਅੰਦਰ ਸੱਚ ਹਨ ਜਿੱਥੇ ਸਿੱਖਾਂ, ਕਸ਼ਮੀਰੀਆਂ, ਤਾਮਿਲਾਂ, ਨਾਗਾ ਅਤੇ ਦਲਿਤ ਭਾਈਚਾਰੇ ਦੇ ਮਨੁੱਖੀ ਹੱਕਾਂ ਨੂੰ ਸਰਕਾਰੀ ਤਾਕਤ ਰਾਂਹੀ ਸਖਤੀ ਨਾਲ ਦਬਾਇਆ ਗਿਆ ਹੈ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਪ੍ਰਧਾਨ ਹਰਪਾਲ ਸਿੰਘ ਚੀਮਾ ਮੀਡੀਆ ਨਾਲ ਗੱਲ ਕਰਦੇ ਹੋਏ

ਦਲ ਖ਼ਾਲਸਾ ਆਗੂ ਨੇ ਮਹਿਮਾਨ ਆਗੂ ਤੋਂ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਭਾਰਤ ਵਿੱਚ ਰਹਿੰਦੀਆਂ ਘੱਟ ਗਿਣਤੀ ਕੌਮਾਂ ਨਾਲ ਹਮਦਰਦੀ ਕਰਨਗੇ, ਹਿੰਦੂ ਭਾਰਤ ਵਿਚ ਉਨ੍ਹਾਂ ਦੀ ਦੁਰਦਸ਼ਾ ਦਾ ਅਧਿਐਨ ਕਰਨਗੇ ਅਤੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਕਟਹਿਰੇ ਵਿੱਚ ਖੜਾ ਕਰਨਗੇ।

ਦਲ ਖਾਲਸਾ ਦੇ ਨੇਤਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦਾ ਭਾਰਤ ਦੌਰਾ ਬਹੁਤ ਅਹਿਮ ਅਤੇ ਮਹੱਤਵਪੂਰਣ ਸਮੇਂ ‘ਤੇ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਓ ਵਲੋਂ ਭਾਰਤ ਨੂੰ ਜਵਾਬਦੇਈ ਬਨਾਉਣਾ ਚਾਹੀਦਾ ਹੈ ਕਿਉਂ ਜੋ ਭਾਰਤ ਬੇਰਹਿਮੀ ਨਾਲ ਆਪਣੀਆਂ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ (ਸਿੱਖਾਂ, ਕਸ਼ਮੀਰੀਆਂ,ਤਾਮਿਲਾਂ, ਨਾਗਿਆਂ) ਅਤੇ ਦਲਿਤਾਂ ਨਾਲ ਮਾੜਾ ਵਿਹਾਰ ਕਰਦਾ ਆ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਡਰ ਅਤੇ ਦਬਾਅ ਦਾ ਮਾਹੌਲ ਬਣਿਆ ਪਿਆ ਹੈ ਅਤੇ 2 ਅਕਤੂਬਰ ਨੂੰ ਸ਼ਾਂਤੀ ਦਿਵਸ ਮਨਾਉਣ ਨਾਲ ਇਸ ਮਾਹੌਲ ‘ਤੇ ਪਰਦਾ ਨਹੀ ਪਾਇਆ ਜਾ ਸਕਦਾ।

ਅੰਟੋਨਿਓ ਦੇ ਮਿਆਂਮਾਰ ਵਿਚ ਰੋਹੰਗੀਆ ਨਸਲਕੁਸ਼ੀ ਬਾਰੇ ਵਿਚਾਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੀ ਕਸ਼ਮੀਰ ਸਬੰਧੀ ਰਿਪੋਰਟ ਦੀ ਹਮਾਇਤ ਦਾ ਹਵਾਲਾ ਦਿੰਦੇ ਹੋਏ ਦਲ ਖ਼ਾਲਸਾ ਨੇ ਕਿਹਾ ਕਿ ਅੰਟੋਨਿਓ ਦੀ ਫੇਰੀ ਨੇ ਇਸ ਖਿੱਤੇ ਦੇ ਸਤਾਏ ਹੋਏ ਲੋਕ ਜੋ ਆਪਣੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ, ਖਾਸ ਕਰਕੇ ਸਿੱਖ ਜੋ ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ਸ਼ੀਲ ਹਨ ਨੂੰ ਇੱਕ ਉਮੀਦ ਦਿੱਤੀ ਹੈ।

ਦਲ ਖਾਲਸਾ ਆਗੂ ਨੇ ਅੰਟੋਨਿਓ ਪਾਸੋਂ ਨਵੰਬਰ 1984 ਵਿੱਚ ਭਾਰਤ ਦੇ 170 ਕਸਬਿਆਂ ਅਤੇ ਸ਼ਹਿਰਾਂ ਖਾਸ ਕਰਕੇ ਦਿੱਲੀ ਅਤੇ ਕਾਨਪੁਰ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਬਾਰੇ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ।

ਦਲ ਖਾਲਸਾ ਨੇ 1981 ਤੋਂ ਲੈ ਕੇ ਹੁਣ ਤਕ ਦੇ ਸੰਘਰਸ਼ ਸਮੇਂ ਸਿੱਖਾਂ ਦੀਆਂ ਹਿਰਾਸਤੀ ਤਸ਼ੱਦਦ ਅਤੇ ਫਰਜੀ ਮੁਕਾਬਲਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਖੋਜ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਕੌਂਸਲ ਹੇਠ ਇਕ ਕਮਿਸ਼ਨ ਨੂੰ ਸਥਾਪਤ ਕਰਨ ਦੀ ਵੀ ਮੰਗ ਕੀਤੀ।

ਪ੍ਰਸਿੱਧ ਧਾਰਨਾ ਦਾ ਹਵਾਲਾ ਦਿੰਦੇ ਹੋਏ ਕਿ ਗਾਂਧੀ ਦਾ ਭਾਰਤ ਹਿੰਸਾ ਅਤੇ ਤਸ਼ੱਦਦ ਵਿਚ ਵਿਸ਼ਵਾਸ ਨਹੀਂ ਕਰਦਾ, ਦਲ ਖਾਲਸਾ ਆਗੂ ਨੇ ਕਿਹਾ ਕਿ ਇਹ ਸਦੀ ਦੇ ਸਭ ਤੋਂ ਵੱਡੇ ਝੂਠਾਂ ਵਿਚੋਂ ਇਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,