ਮੁਲਾਕਾਤਾਂ » ਸਿੱਖ ਖਬਰਾਂ

ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ

December 30, 2010 | By

ਲੁਧਿਆਣਾ (23 ਦਸੰਬਰ 2010:ਬਲਬੀਰ ਸਿੰਘ ਸੂਚ*): ਕਿਸੇ ਸਮੇਂ ਮੇਰੀ ਸੇਵਾ ਨਿਭਾ ਚੁੱਕੇ ਬਤੌਰ ਕੰਪਿਊਟਰ ਆਪਰੇਟਰ ਅਤੇ ਹੁਣ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਪੇਸ਼ੀ ਭੁਗਤਣ ਆਏ ਹਰਮਿੰਦਰ ਸਿੰਘ ਨਾਲ ਅੱਜ ਨਵੀਂ ਜ਼ਿਲਾ ਕਚਹਿਰੀ ਲੁਧਿਆਣਾ ਵਿਖੇ ਅਚਾਨਕ ਹੀ ਮੇਰੀ ਮੁਲਾਕਾਤ ਹੋਈ।

ਹਰਮਿੰਦਰ ਸਿੰਘ ਨੇ ਮੈਨੂੰ ਸਤਿਕਾਰ ਨਾਲ ਮਿਲਣ ਤੋਂ ਬਾਅਦ, ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ, “ਕੀ ਅਜੇ ਤੱਕ ਵੀ ਇਹ ਗੱਲ ਲੋਕਾਂ ਦੇ ਸਾਹਮਣੇ ਨਹੀਂ ਆਈ ਕਿ ਸ਼ਿੰਗਾਰ ਸਿਨੇਮਾ ਬੰਬ ਕਾਂਡ 14 ਅਕਤੂਬਰ 2007 ਨੂੰ ਈਦ ਵਾਲੇ ਦਿਨ ਵਾਪਰਿਆ ਅਤੇ ਸਿਨੇਮੇ ਵਿੱਚ ਬਿਹਾਰੀ ਫਿਲਮ ਲੱਗੀ ਹੋਈ ਸੀ ਤੇ ਬਹੁਤੇ ਬਿਹਾਰ ਦੇ ਮੁਸਲਮਾਨ ਹੀ ਈਦ ਦੀ ਖੁਸ਼ੀ ਵਿੱਚ ਸਿਨੇਮਾ ਦੇਖਣ ਆਏ ਹੋਏ ਸਨ ਅਤੇ ਮੁਸਲਮਾਨ ਹੀ ਇਸ ਬੰਬ ਕਾਂਡ ਵਿੱਚ ਬਹੁਤੇ ਮਾਰੇ ਗਏ ਸਨ ?”

ਹਰਮਿੰਦਰ ਸਿੰਘ ਨੇ ਅੱਗੇ ਕਿਹਾ, “ਕਿ ਇਹ ਕਾਂਡ ਹਿੰਦੂ ਅੱਤਵਾਦੀ ਗਰੋਹਾਂ ਦੇ ਕੀਤੇ ਪਹਿਲੇ ਅੱਤਵਾਦੀ ਕਾਂਡਾਂ ਸਾਲ 2007 ਵਿੱਚ ਹੋਏ ਪਾਣੀਪਤ, ਅਜਮੇਰ, ਕਾਨ੍ਹਪੁਰ, ਮਾਲੇਗਾਓ ਆਦਿ ਦੀ ਲੜ੍ਹੀ ਵਜੋਂ ਹੀ ਕੀਤਾ ਗਿਆ ਸਪੱਸ਼ਟ ਹੈ ਪਰ ਮੈਂ ਕਿਹਾ ਕਿ ਇਹ ਸੱਚ ਜੋ ਤੂੰ ਦੱਸਦਾ ਹੈਂ ਲੋਕਾਂ ਸਾਹਮਣੇ ਆਉਣ ਹੀ ਨਹੀਂ ਦਿੱਤਾ ਗਿਆ ਤਾਂ ਉਸ ਨੇ ਭਰੇ ਮਨ ਅਤੇ ਗਿਲਾ ਪ੍ਰਗਟਾਉਂਦੇ ਹੈਰਾਨੀ ਨਾਲ ਕਿਹਾ ਕਿ ਸੱਚੀ! ਅਜੇ ਤੱਕ ਸੱਚਾਈ ਸਾਹਮਣੇ ਨਹੀਂ ਆਈ ਕਿ ਇਹ ਕਾਂਡ ਵੀ ਹਿੰਦੂ ਅੱਤਵਾਦੀ ਗਰੋਹਾਂ ਵੱਲੋਂ ਮੁਸਲਮਾਨਾਂ ਨੂੰ ਮਾਰਨ ਦਾ ਹੀ ਹਿੱਸਾ ਸੀ ਤੇ ਕੀ ਕਿਸੇ ਨੇ ਅਜੇ ਤੱਕ ਪਹਿਲਾਂ ਅੱਤਵਾਦੀ ਗਰੋਹਾਂ ਵੱਲੋਂ ਕੀਤੇ ਕਾਂਡਾਂ ਨਾਲ ਜੋੜ ਕੇ ਨਹੀਂ ਦੇਖਿਆ?”

ਇਹ ਦੱਸਣ ਵੇਲੇ ਹਰਮਿੰਦਰ ਸਿੰਘ ਮੈਨੂੰ ਇਉਂ ਗੱਲਾਂ ਕਰਦਾ ਦਿਖਾਈ ਦਿੰਦਾ ਸੀ ਜਿਵੇਂ ਉਹ ਬਹੁਤ ਹੈਰਾਨੀ ਨਾਲ ਕਹਿ ਰਿਹਾ ਹੋਵੇ ਕਿ ਕੋਈ ਵੀ ਨਹੀਂ! ਜੋ ਇਸ ਸੱਚਾਈ ਨੂੰ ਸਾਫ ਤੌਰ `ਤੇ ਲੋਕਾਂ ਸਾਹਮਣੇ ਲਿਆ ਸਕੇ। ਇਹ ਕਹਿੰਦੇ ਜਿਵੇਂ ਉਸ ਦੀ ਇਨਸਾਫ ਮਿਲਣ ਦੀ ਆਸ ਹੀ ਟੁੱਟਦੀ ਨਜ਼ਰ ਆ ਰਹੀ ਸੀ।

ਮੈਂ ਆਪਣੇ ਪੇਸ਼ੇ ਮੁਤਾਬਕ ਉਸ `ਤੇ ਇਹ ਸਵਾਲ ਕਰ ਦਿੱਤਾ ਕਿ ਤੂੰ ਲੁਕਿਆ ਕਿਉਂ ਰਿਹਾ? ਜਿਵੇਂ ਇਸ ਸਵਾਲ ਨੇ ਉਸ ਦੀ ਦੁਖਦੀ ਰਗ `ਤੇ ਹੱਥ ਰੱਖ ਦਿੱਤਾ ਹੋਵੇ ਤੇ ਇੱਕੋ ਹੀ ਸਾਹ ਵਿੱਚ ਕਹਿ ਗਿਆ, “ਕਿ ਮੈਨੂੰ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਮੇਰੇ ਬਿਜਲੀ ਦੇ ਕਰੰਟ ਲਾ ਦਿੱਤੇ, ਚੱਢੇ ਖੋਲ ਦਿੱਤੇ ਤੇ ਬੁਰੀ ਤਰਾਂ ਤਸ਼ੱਦਦ ਢਾਹਿਆ ਅਤੇ ਕਹਿੰਦੇ ਸਨ ਕਿ ਜੋ ਜੋ ਅਪਰਾਧ ਅਸੀਂ ਕਬੂਲਣ ਨੂੰ ਕਹਾਂਗੇ ਮੰਨਣ ਲਈ ਤਿਆਰ ਹੋ ਜਾਹ ਨਹੀਂ ਤਾਂ ਜਾਨੋ ਮਾਰ ਮੁਕਾਵਾਂਗੇ, ਫਿਰ ਮੈਂ ਮੌਕਾ ਮਿਲਣ `ਤੇ ਲੁਕਣਾ ਹੀ ਅੱਛਾ ਸਮਝਿਆ। ਉਸੇ ਡਰ ਦੇ ਸਹਿਮ ਕਾਰਨ ਮੈਂ ਦੂਸਰੀ ਗ੍ਰਿਫਤਾਰੀ ਸਮੇਂ ਛੱਤ ਤੋਂ ਛਾਲ ਮਾਰੀ ਸੀ ਪਰ ਪੁਲਿਸ ਵਾਲਿਆਂ ਨੇ ਮੈਨੂੰ ਹੇਠੋਂ ਹੀ ਦਬੋਚ ਲਿਆ ਸੀ ਤੇ ਕੋਈ ਸੱਟ ਨਹੀਂ ਲੱਗਣ ਦਿੱਤੀ ਸੀ।

ਫਿਰ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਖੰਨੇ ਥਾਣੇ ਲਿਜਾ ਕੇ ਪੁਲਿਸ ਇੰਸਪੈਕਟਰ ਪੁਰੀ ਨੇ ਮੇਰਾ ਗਿੱਟੇ `ਤੇ ਸੱਟਾਂ ਮਾਰ-ਮਾਰ ਕੇ ਚਕਨਾ ਚੂਰ ਕਰ ਦਿੱਤਾ। ਹਰਮਿੰਦਰ ਸਿੰਘ ਨੇ ਗਿੱਟੇ ਅਤੇ ਗਿੱਟੇ ਨਾਲ ਲਗਦੇ ਲੱਤ ਦੇ ਹੇਠਲੇ ਹਿੱਸੇ ਤੱਕ ਪਈਆਂ ਲੋਹੇ ਦੀਆਂ ਪਲੇਟਾਂ ਦਿਖਾਈਆਂ। ਜਖਮ ਠੀਕ ਹੋਣ ਦੇ ਬਾਵਜੂਦ ਵੀ ਉਹ ਲੰਗੜਾ ਕੇ ਮੁਸ਼ਕਲ ਨਾਲ ਚਲ ਰਿਹਾ ਸੀ। ਹਰਮਿੰਦਰ ਸਿੰਘ ਨੇ ਪੁਲਿਸ ਵੱਲੋਂ ਉਸ ਦਾ ਪੁਲਿਸ ਰਿਮਾਂਡ ਲੈ ਕੇ 65 ਦਿਨ ਅਲੱਗ ਅਲੱਗ ਥਾਣਿਆਂ ਵਿੱਚ ਉਸ ਨਾਲ ਕੀਤੀ ਗੈਰ-ਮਨੁੱਖੀ ਤਸ਼ੱਦਦ ਦੀ ਦਾਸਤਾਨ ਵੀ ਸੁਣਾਈ।

ਇਹ ਆਮ ਜਾਣਕਾਰੀ ਦੀ ਗੱਲ ਹੈ ਕਿ ਅਜਿਹੇ ਕੇਸਾਂ ਵਿੱਚ ਫਸਾਉਣ ਲਈ ਪਹਿਲਾਂ ਤੋਂ ਉਜੜੇ, ਦੁਖੀ ਕੀਤੇ ਅਤੇ ਆਮ ਕਰਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਢੁਕਦੇ ਦੇਖ ਕੇ, ਚੋਣ ਕੀਤੀ ਹੁੰਦੀ ਹੈ ਕਿ ਮੌਕਾ ਪੈਣ `ਤੇ ਰਾਸ਼ਟਰ ਦੇ ਨਾਮ ਨਾਲ ਹੋ ਰਹੇ ਅੱਤਵਾਦ ਨੂੰ ਢੱਕਣ ਲਈ ਅਜਿਹੇ ਸਿੱਖਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਜਿਵੇਂ ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਨਾਲ ਹੋਇਆ ਸਾਫ ਨਜ਼ਰ ਆਉਂਦਾ ਹੈ।

ਪੇਸ਼ੀ `ਤੇ ਹਰਮਿੰਦਰ ਸਿੰਘ ਨੂੰ ਲਿਆਏ ਪੁਲਿਸ ਵਾਲਿਆਂ ਨੇ ਮੇਰੇ ਨਾਲ ਵਕੀਲ ਹੋਣ ਦੇ ਨਾਤੇ ਅੱਛਾ ਵਰਤਾਵਾ ਕੀਤਾ ਤੇ ਉਨ੍ਹਾਂ ਦੀ ਪੁਲਿਸ ਹਿਰਾਸਤ ਵਿੱਚ ਅਜਿਹੇ ਆਮ ਹੀ ਹੁੰਦੇ ਦਹਿਸ਼ਤ ਵਾਲੇ ਵਤੀਰੇ ਦੀਆਂ ਕਹਾਣੀਆਂ ਸੁਣਨ ਵਿੱਚ ਕੋਈ ਰੁਚੀ ਨਹੀਂ ਸੀ।

* ਐਡਵੋਕੇਟ, ਮੁਖੀ ਅਤੇ ਬੁਲਾਰਾ,
ਸਿੱਖ ਵਿਚਾਰ ਮੰਚ, ਲੁਧਿਆਣਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: