ਸਿੱਖ ਖਬਰਾਂ

ਬੇਅਦਬੀ ਘਟਨਾਵਾਂ ਬਾਰੇ ਸਾਂਝੀ ਪੰਥਕ ਅਮਲਦਾਰੀ ਅਪਣਾਈ ਜਾਵੇ: ਪੰਥ ਸੇਵਕ ਸਖਸ਼ੀਅਤਾਂ

July 22, 2023 | By

ਚੰਡੀਗੜ੍ਹ –  (22 ਜੁਲਾਈ): ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਕਰਕੇ ਕਿਹਾ ਕਿ ਗੁਰੂ ਸਾਹਿਬ ਦਾ ਅਦਬ ਸਤਿਕਾਰ ਹਰ ਸਿੱਖ ਲਈ ਸਰਬ-ਉੱਤਮ ਹੈ ਤੇ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਸਿੱਖਾਂ ਦੇ ਹਿਰਦੇ ਵਲੂੰਦਰਦਾ ਹੈ। ਉਹਨਾ ਗੁਰੂ ਅਦਬ ਦੀ ਲੰਮੀ ਤੇ ਸਥਾਪਤ ਪੰਥਕ ਪਰੰਪਰਾ ਹੈ ਜਿਸ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਤੇ ਹਰ ਸਮੇਂ ਘੱਟੋ ਘੱਟ ਪੰਜ ਹਜੂਰੀ ਸੇਵਕ ਸਿੰਘ ਜਿਵੇਂ ਕਿ ਗੁਰੂ ਕੇ ਵਜ਼ੀਰ (ਗ੍ਰੰਥੀ ਸਿੰਘ), ਚੌਰਬਰਦਾਰ, ਨਿਸ਼ਾਨ ਬਰਦਾਰ, ਨਗਾਰਚੀ ਸਿੰਘ, ਦੇਗੀਆ ਸਿੰਘ, ਧੂਫੀਏ ਸੇਵਾਦਾਰ, ਬਰਸ਼ਾਬਰਦਾਰ, ਚੋਬਦਾਰ ਅਤੇ ਲਾਂਗਰੀ ਸੇਵਾਦਾਰ ਦੀ ਹਾਜ਼ਰੀ ਚਾਹੀਦੀ ਹੈ।

ਅੱਜ ਜਾਰੀ ਬਿਆਨ ਵਿਚ ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਉੱਥੇ ਵਾਪਰ ਰਹੀਆਂ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਕੋਈ ਵੀ ਹਾਜ਼ਰ ਨਹੀਂ ਹੁੰਦਾ। ਅਜਿਹੀਆਂ ਘਟਨਾਵਾਂ ਵਿਚ ਹੀ ਦੋਸ਼ੀ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ। ਜਿੱਥੇ ਕਿਤੇ ਸੰਗਤ/ਸਿੰਘਾਂ ਦੀ ਹਾਜ਼ਰੀ ਵਿਚ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤਾਂ ਉਸ ਨੂੰ ਅਜਿਹਾ ਕਰ ਤੋਂ ਪਹਿਲਾਂ ਰੋਕ ਦਿੱਤਾ ਗਿਆ ਜਾਂ ਫਿਰ ਮੌਕੇ ਉੱਤੇ ਕਾਬੂ ਕਰ ਲਿਆ ਗਿਆ। ਇਸ ਵਾਸਤੇ ਪਹਿਲੀ ਲਾਜ਼ਮੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਤੇ ਸਥਾਨਕ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਲੋੜੀਂਦੇ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਤਾਂ ਕਿ ਅਦਬ ਸਤਿਕਾਰ ਬੁਲੰਦ ਰਹੇ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਕਿਸੇ ਵੀ ਬੇਅਦਬੀ ਘਟਨਾ ਬਾਰੇ ਪੁਲਿਸ ਉੱਤੇ ਢੁਕਵੀਂ ਕਾਰਵਾਈ ਕਰਨ ਲਈ ਸੰਗਤ ਦਾ ਦਬਾਅ ਵੀ ਤਾਂ ਹੀ ਬਣਾਇਆ ਸਕਦਾ ਹੈ ਜੇਕਰ ਸਿੱਖ ਸੰਗਤ ਇਕ-ਜੁਟ ਰਹੇ। ਇਸ ਵਾਸਤੇ ਪੁਲਿਸ ਜਾਂਚ ਦੀ ਨਿਗਰਾਨੀ ਲਈ ਸਿੱਖ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦਾ ਇਕ ਸਾਂਝਾ ਸਥਾਨਕ ਜਾਂਚ ਨਿਗਰਾਨੀ ਜਥਾ ਬਣਾਉਣ ਚਾਹੀਦਾ ਹੈ ਜਿਹੜਾ ਪੁਲਿਸ ਜਾਂਚ ਦੇ ਸਹੀ ਲੀਹ ਉੱਤੇ ਚੱਲਦੇ ਹੋਣ ਦੀ ਨਿਗਰਾਨੀ ਕਰੇ।

ਉਹਨਾ ਕਿਹਾ ਕਿ ਪੁਲਿਸ ਜਾਂਚ ਤੋਂ ਇਲਾਵਾ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਬੇਅਦਬੀ ਦੀ ਘਟਨਾ ਬਾਰੇ ਇਕ ਤੱਥ ਖੋਜ ਜਥਾ ਬਣਾਇਆ ਜਾਣਾ ਚਾਹੀਦਾ ਹੈ ਜਿਹੜਾ ਘਟਨਾ ਨਾਲ ਜੁੜੇ ਤੱਥ ਇਕੱਤਰ ਕਰੇ। ਇਹ ਜਥਾ ਨਿਰਪੱਖ ਹੋ ਕੇ ਜਾਂਚ ਕਰੇ ਅਤੇ ਹਰ ਪੱਖ ਨੂੰ ਵਿਚਾਰ ਕੇ ਸੱਚਾਈ ਸਾਹਮਣੇ ਰੱਖੇ ਕਿ ਸਥਾਨਕ ਪ੍ਰਬੰਧ ਵਿਚ ਕਿੱਥੇ ਅਤੇ ਕੀ ਕਮੀ ਰਹੀ ਹੈ ਕਿ ਬੇਅਦਬੀ ਜਿਹੀ ਘਟਨਾ ਵਾਪਰੀ ਹੈ। ਇਸ ਕਮੀ ਲਈ ਜਿੰਮੇਵਾਰਾਂ ਦੀ ਸ਼ਨਾਖਤ ਵੀ ਕੀਤੀ ਜਾਵੇ।

ਪੰਥ ਸੇਵਕਾਂ ਨੇ ਕਿਹਾ ਕਿ ਬੇਅਦਬੀ ਦੀ ਕਿਸੇ ਵੀ ਘਟਨਾ ਲਈ ਸਿਰਫ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਹਰਗਿਜ਼ ਸਹੀ ਨਹੀਂ ਹੈ। ਇਸ ਵਾਸਤੇ ਪੰਥਕ ਰਿਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਗੁਰੂ ਖਾਲਸਾ ਪੰਥ ਦੀ ਨੁਮਾਇੰਦੀ ਕਰਦੇ ਪੰਜ ਸਿੰਘਾਂ ਵੱਲੋਂ ਅਸਥਾਨ ਦੇ ਪ੍ਰਬੰਧਕਾਂ ਤੇ ਅਣਗਹਿਲੀ ਦੇ ਜਿੰਮੇਵਾਰਾਂ ਤੋਂ ਸਾਰੀ ਗੱਲ ਪੁੱਛੀ ਜਾਵੇ ਤੇ ਉਹਨਾ ਨੂੰ ਪੰਥਕ ਪਰੰਪਰਾ ਅਨੁਸਾਰ ਤਨਖਾਹ ਲਗਾਈ ਜਾਵੇ। ਪ੍ਰਬੰਧਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾ ਦੇ ਪ੍ਰਬੰਧ ਹੇਠ ਹੋਈ ਹੈ ਤਾਂ ਉਹਨਾ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਕਮੀ ਤੇ ਅਣਗਹਿਲੀ ਕਬੂਲ ਕਰਕੇ ਗੁਰੂ ਖਾਲਸਾ ਪੰਥ ਕੋਲ ਇਸ ਦਾ ਇਕਬਾਲ ਕਰਨ ਤੇ ਬਣਦੀ ਤਨਖਾਹ ਲਵਾ ਕੇ ਪੂਰੀ ਕਰਨ। ਪ੍ਰਬੰਧਕਾਂ ਸਮੇਤ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਗੁਰਸਿੱਖੀ ਮਾਰਗ ਵਿਚ ਹੋਈ ਅਵੱਗਿਆ ਨੂੰ ਪੰਜ ਸਿੰਘਾਂ ਅੱਗੇ ਮੰਨ ਕੇ ਤਨਖਾਹ ਪੂਰੀ ਕਰਨ ਦਾ ਵਿਧਾਨ ਹੈ। ਇਸ ਤੋਂ ਮੁਨਕਰ ਹੋ ਕੇ ਕਿਸੇ ਨੂੰ ਵੀ ਗੁਰੂ ਦਰਗਾਹ ਵਿਚ ਕਸੂਰਵਾਰ ਨਹੀਂ ਬਣਨਾ ਚਾਹੀਦਾ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਬਹੁਤੀਆਂ ਥਾਵਾਂ ਉੱਤੇ ਜਿਸ ਇਕਾਲੇ ਦੇ ਕਿਸੇ ਵੀ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਓਥੇ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਉਹੋ ਜਿਹੇ ਹਾਲਾਤ ਹੀ ਹੁੰਦੇ ਹਨ ਜਿਹਨਾ ਕਰਕੇ ਉਸ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਈ ਹੁੰਦੀ ਹੈ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਨੂੰ ਪ੍ਰਮੁੱਖ ਰੱਖ ਕੇ ਉਸ ਇਲਾਕੇ ਵਿਚ ਸਰਗਰਮ ਸਤਿਕਾਰ ਸਭਾਵਾਂ/ਕਮੇਟੀਆਂ, ਗ੍ਰੰਥੀ ਸਭਾਵਾਂ, ਪ੍ਰਚਾਰਕ ਸਭਾਵਾਂ, ਸੰਪਰਦਾਵਾਂ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਇਲਾਕੇ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਉੱਥੋਂ ਦੇ ਸਥਾਨਕ ਹਾਲਾਤ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਇਸ ਦਾ ਲੇਖਾ ਤਿਆਰ ਕਰਨਾ ਚਾਹੀਦਾ ਹੈ। ਜਿਸ ਅਸਥਾਨ ਤੇ ਜੋ ਵੀ ਕਮੀ-ਪੇਸ਼ੀ ਨਜ਼ਰ ਆਵੇ ਉਹ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦੀ ਜਾਵੇ ਤੇ ਉਸ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਨੂੰ ਕਿਹਾ ਜਾਵੇ। ਸੰਗਤ ਇਹ ਯਕੀਨੀ ਬਣਾਵੇ ਕਿ ਸਾਹਮਣੇ ਆਈਆਂ ਕਮੀਆਂ ਦੂਰ ਹੋਣ ਤਾਂ ਕਿ ਬੇਅਦਬੀ ਜਿਹੀਆਂ ਹਿਰਦੇ ਵਲੂੰਦਰਣ ਵਾਲੀਆਂ ਘਟਨਾਵਾਂ ਨਾ ਵਾਪਰਣ ਤੇ ਗੁਰੂ ਸਾਹਿਬ ਦਾ ਅਦਬ ਸਦਾ ਬੁਲੰਦ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,