ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਕੌਰਨਾਮਾ ਕਿਤਾਬ ਨੂੰ ਪੜ੍ਹਦਿਆਂ….

May 8, 2024 | By

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਗੁਰੂ ਸਾਹਿਬ ਦੀ ਬਾਣੀ ਰਾਹੀ ਵਡਿਆਈ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਨੇ ਜਿੱਥੇ ਬਹਾਦਰ ਯੋਧਿਆਂ ਨੂੰ ਜਨਮ ਦਿੱਤਾ ਉੱਥੇ ਆਪ ਵੀ ਬਹਾਦਰੀ ਭਰੀਆਂ ਮਿਸਾਲਾਂ ਪੈਦਾ ਕੀਤੀਆਂ। ਇਤਿਹਾਸ ਗਵਾਹੀ ਭਰਦਿਆਂ ਦੱਸਦੈ ਮੁਕਤਸਰ ਦੀ ਧਰਤੀ ਤੇ ਸ਼ਹੀਦੀ ਪਾਉਣ ਵਾਲੀ ਮਾਈ ਭਾਗੋ ਬਾਰੇ, ਬੀਬੀ ਹਰਸ਼ਰਨ ਕੌਰ (ਬੀਬੀ ਸ਼ਰਨ ਕੌਰ) ਦੀ ਸ਼ਹੀਦੀ ਬਾਰੇ ਜਿਸਨੂੰ ਮੁਗਲਾਂ ਨੇ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰਨ ਬਦਲੇ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।

ਸੁਰਿੰਦਰ ਸਿੰਘ ਇਬਾਦਤੀ

ਕਿਹਾ ਜਾਂਦਾ ਹੈ ਕਿ ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ, ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਆਪਣੇ ਵਜੂਦ ਨੂੰ ਖਤਮ ਕਰਨ ਦੇ ਕਿਨਾਰੇ ਲੈ ਚਲਦੀਆਂ ਹਨ। ਸਿੱਖ ਕੌਮ ਦੇ ਇਤਿਹਾਸ ਨੂੰ ਸਿਰਜਣ ਲਈ ਅਨੇਕਾਂ ਮਰਜੀਵੜੇ ਸਿੰਘਾਂ ਅਤੇ ਬੀਬੀਆਂ ਦਾ ਅਹਿਮ ਯੋਗਦਾਨ ਹੈ।

ਅੱਜ ਦੇ ਗਹਿਮਾਂ ਗਹਿਮੀ ਦੇ ਦੌਰ ਵਿਚ ਸਾਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਮਨਮੁਖ ਬਿਰਤੀ ਦੇ ਲੋਕ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਪਰ ਗੁਰੂ ਓਟ ਸਦਕਾ ਗੁਰਸਿੱਖ ਪਿਆਰੇ ਇਤਿਹਾਸ ਲਿਖਣ ਤੇ ਛਾਪਣ ਦੀ ਸੇਵਾ ਵਿੱਚ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਹਨ।

ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ, ਸ੍ਰੀ ਅਨੰਦਪੁਰ ਸਾਹਿਬ ਵਲੋਂ ਬਲਜਿੰਦਰ ਸਿੰਘ ਕੋਟਭਾਰਾ ਦੀ ਲਿਖੀ ਕਿਤਾਬ ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਛਪ ਕੇ ਆਈ ਹੈ। ਖਾੜਕੂ ਸੰਘਰਸ਼ ਵਿਚ ਸ਼ਹੀਦ ਹੋਈਆਂ ਬੀਬੀਆਂ ਦੀ ਬਾਤ ਪਾਉਂਦੀ ਇਹ ਪਹਿਲੀ ਅਤੇ ਅਹਿਮ ਕਿਤਾਬ ਹੈ। ਕਿਤਾਬ ਦੀ ਜਾਣਕਾਰੀ ਦਿੰਦਿਆਂ ਲੇਖਕ ਲਿਖਦਾ ਹੈ ਕਿ “ਸ਼ਹੀਦ ਸਿੰਘਣੀਆਂ ਦੀਆਂ ਲਿਖਤਾਂ ਦੇ ਤਿੰਨ ਹਿੱਸੇ ਬਣਾਏ ਨੇ। ਪਹਿਲਾ ਹਿੱਸਾ ਉਹਨਾਂ ਸ਼ਹੀਦ ਸਿੰਘਣੀਆਂ ਦੀ ਦਾਸਤਾਨ ਹੈ, ਜਿਨ੍ਹਾਂ ਨੇ ਖਾੜਕੂ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਥਿਆਰਬੰਦ ਹੋ ਕੇ ਮੈਦਾਨ-ਏ-ਜੰਗ ‘ਚ ਸ਼ਹਾਦਤਾਂ ਪਾਈਆਂ। ਦੂਜੇ ਹਿੱਸੇ ‘ਚ ਉਹਨਾਂ ਸ਼ਹੀਦ ਸਿੰਘਣੀਆਂ ਦੀਆਂ ਸਾਖੀਆਂ ਹਨ, ਜੋ ਖਾੜਕੂ ਸਿੰਘਾਂ ਨੂੰ ਪਨਾਹ ਦੇਣ, ਸੁਨੇਹੇ ਲਾਉਣ, ਹਥਿਆਰ ਇਧਰ-ਉਧਰ ਪੁੱਜਦੇ ਕਰਨ, ਲਹਿਰ ਪ੍ਰਤੀ ਹਮਦਰਦ ਜਾਂ ਫਿਰ ਸ਼ਹੀਦ ਖਾੜਕੂ ਸਿੰਘਾਂ ਦੀਆਂ ਪਰਿਵਾਰਕ ਮੈਂਬਰ, ਰਿਸ਼ਤੇਦਾਰ ਸਨ। ਤੀਜੇ ਹਿੱਸੇ ਵਿਚ ਉਹ ਸ਼ਹੀਦ ਸਿੰਘਣੀਆਂ ਜਾਂ ਸ਼ਹੀਦ ਬੱਚੀਆਂ ਦੀ ਵਾਰਤਾ ਹੈ ਜਿੰਨ੍ਹਾਂ ਨੂੰ ਇੰਡੀਅਨ ਸਟੇਟ ਦੀਆਂ ਫ਼ੌਜਾਂ ਤੇ ਪੁਲਿਸ ਨੇ ਜੰਗ ਦੀ ਲਪੇਟ ‘ਚ ਲੈ ਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ।”

ਇਹ ਕਿਤਾਬ ਪੜ੍ਹਦਿਆਂ ਆਪ-ਮੁਹਾਰੇ ਕੌਮ ਲਈ ਸ਼ਹਾਦਤਾਂ ਦੇਣ ਵਾਲੀਆਂ ਬੀਬੀਆਂ ਦੀ ਕੁਰਬਾਨੀ ਅੱਗੇ ਸਿਰ ਝੁਕ ਜਾਂਦਾ ਹੈ। ਕਿਤਾਬ ਪੜ੍ਹਦਿਆਂ ਅਹਿਸਾਸ ਹੁੰਦਾ ਕਿ ਅਸੀਂ ਉਹ ਕੌਮ ਦੇ ਵਾਰਿਸ ਹਾਂ ਜਿਹੜੀ ਕੌਮ ਦੇ ਅੰਦਰ ਖੰਡੇ ਦੀਆਂ ਧਾਰਾਂ ਉੱਤੇ ਨੱਚਣ ਵਾਲੇ ਮਰਜੀਵੜੇ ਪੈਦਾ ਹੋਏ।

ਕਿਤਾਬ ਦਸਦੀ ਹੈ ਕਿ ਖਾੜਕੂ ਸੰਘਰਸ਼ ਵਿੱਚ ਜਿੱਥੇ ਨੌਜਵਾਨ ਭਾਈਆਂ ਬੀਬੀਆਂ, ਬਜ਼ੁਰਗਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉੱਥੇ ਹੀ ਦੋ-ਦੋ ਦਿਨਾਂ ਦੇ ਬੱਚੇ-ਬੱਚੀਆਂ ਤੇ ਗਰਭ ਵਿਚ ਪਲ ਰਹਿਆਂ ਨੇ ਵੀ ਸ਼ਹਾਦਤਾਂ ਦਿੱਤੀਆਂ। ਕਿਤਾਬ ਵਿਚ ਇਕ ਦੋ ਦਿਨਾਂ ਦੀ ਸ਼ਹੀਦ ਬੱਚੀ ਦਾ ਜ਼ਿਕਰ ਆਉਂਦਾ ਹੈ, ਜੋ ਕੇ ਫੌਜ ਅਤੇ ਪੁਲਿਸ ਦੀਆਂ ਟੁਕੜੀਆਂ ਵੱਲੋਂ ਕੀਤੀ ਅੰਨ੍ਹੇਵਾਰ ਗੋਲੀਬਾਰੀ ਨਾਲ ਸ਼ਹੀਦ ਹੋ ਜਾਂਦੀ ਹੈ, ਬੱਚੀ ਦੇ ਨਾਲ ਉਸਦੇ ਮਾਂ-ਬਾਪ ਵੀ ਗੋਲੀਆਂ ਲੱਗਣ ਕਾਰਨ ਸ਼ਹੀਦੀ ਪਾ ਜਾਂਦੇ ਹਨ।

ਇੰਝ ਜਾਪਦੈ ਕਿਤਾਬ ਪਾਠਕਾਂ ਅੱਗੇ ਨਵਾਂ ਇਤਿਹਾਸ ਲੈ ਆਈ ਹੈ। ਸਾਨੂੰ ਬਹੁਤਿਆਂ ਨੂੰ ਸਾਡੇ ਇਸ ਇਤਿਹਾਸ ਬਾਰੇ ਕੀਤੇ ਪੜ੍ਹਨ ਸੁਣਨ ਨੂੰ ਨਹੀਂ ਸੀ ਮਿਲਿਆ। ਜਿਵੇਂ ਕਿ ਸਾਡੇ ਪਿੰਡ ਕੁਲਾਰਾਂ (ਸਮਾਣਾ) ਦੀ ਇਕ ਸ਼ਹੀਦ ਮਾਤਾ ਬਚਨ ਕੌਰ ਕੁਲਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਦੇ ਸਪੁੱਤਰ ਖਾੜਕੂ ਸੁਖਰਾਮ ਸਿੰਘ (ਸੁੱਖੀ ਕੁਲਾਰਾਂ) ਬਾਰੇ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ, ਜੋ ਕਿ ਪੁਲਿਸ ਮੁਕਾਬਲੇ ਵਿਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਭਾਈ ਸੁੱਖੀ ਬਾਰੇ ਇਹ ਪ੍ਰਚਲਿਤ ਹੈ ਕਿ ਉਸਨੇ ਅਨੇਕਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ (ਜਿਨ੍ਹਾਂ ਨੂੰ ਸਹੁਰੇ ਤੰਗ ਕਰਦੇ ਸਨ) ਉਨ੍ਹਾਂ ਦੇ ਸਹੁਰੇ ਘਰੇ ਵਸਾਇਆ ਸੀ। ਪਰ ਕਿਤਾਬ ਵਿੱਚ ਸੁੱਖੀ ਦੀ ਮਾਤਾ ਦੀ ਸ਼ਹੀਦੀ ਬਾਰੇ ਵੀ ਪਤਾ ਲੱਗਿਆ, ਜਿਸਦੀ ਲਾਸ਼ ਵੀ ਪਰਿਵਾਰ ਵਾਲਿਆਂ ਨੂੰ ਨਹੀਂ ਮਿਲੀ।

ਅੱਜ ਸਮਾਂ ਇਹ ਹੈ ਕਿ ਸਾਨੂੰ ਆਪਣੇ ਇਤਿਹਾਸ ਨੂੰ ਪੜ੍ਹਨਾ ਸੁਣਨਾ ਚਾਹੀਦਾ ਹੈ, ਬਜਾਏ ਕਾਂਵਾ ਰੌਲੀ ਦੇ। ਇਤਿਹਾਸ ਦੇ ਪੰਨੇ ਪੜ੍ਹਦਿਆਂ ਹੀ ਸਾਨੂੰ ਧਰਮ ਅਤੇ ਧਰਮ ਯੁੱਧ ਲਈ ਕੁਰਬਾਨ ਹੋਈਆਂ ਰੂਹਾਂ ਦੇ ਜ਼ਜਬੇ ਦਾ ਗਿਆਤ ਹੁੰਦਾ ਹੈ। ਬੇਲੋੜੇ ਵਾਦਾਂ-ਸੁਆਦਾਂ ਵਿਚ ਫਸਣ ਨਾਲੋਂ ਪੰਥ ਦੇ ਪਿਆਰ ਦੀ ਚਿਣਗ ਲੱਗਦੀ ਹੈ। ਇਹ ਕਿਤਾਬ ਸਾਨੂੰ ਸਭ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਜੋ ਅਸੀਂ ਸੰਘਰਸ਼ ਵਿਚ ਸ਼ਹੀਦ ਹੋਈਆਂ ਸਾਡੀਆਂ ਬੱਚੀਆਂ, ਭੈਣਾਂ ਅਤੇ ਮਾਂਵਾਂ ਦੀ ਕੁਰਬਾਨੀ ਦੇ ਰੂ-ਬ-ਰੂ ਹੋ ਸਕੀਏ।

ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਬੀਬੀਆਂ ਦੀ ਸ਼ਹੀਦੀ ਦਾ ਇਹ ਇਤਿਹਾਸ ਸੰਗਤਾਂ ਵਿਚ ਲਿਆਉਣਾ ਸ਼ਲਾਘਾਯੋਗ ਕਦਮ ਹੈ, ਅਕਾਲ ਪੁਰਖ ਅਦਾਰੇ ਨੂੰ ਚੜ੍ਹਦੀਕਲਾ ਵਿਚ ਰੱਖੇ। ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵਧਾਈ ਦੇ ਪਾਤਰ ਹਨ। ਅਕਾਲ ਪੁਰਖ ਆਪ ਨੂੰ ਵੀ ਸਦਾਚਿਰੁ ਬਿਬੇਕ ਬੁੱਧ ਬਖਸ਼ਦੇ ਰਹਿਣ ਤੇ ਆਪ ਦੀ ਕਲਮ ਗੁਰੂ ਪੰਥ ਦੀ ਸੇਵਾ ਕਰਦੀ ਰਹੇ। ਕਿਤਾਬ ਨੂੰ ਸੰਗਤਾਂ ਤੱਕ ਪਹੁੰਚਾਉਣ ਵਾਲੀਆਂ ਸਾਰੀਆਂ ਅਹਿਮ ਸ਼ਖਸ਼ੀਅਤਾਂ ਦੀ ਘਾਲ ਗੁਰੂ ਸਾਹਿਬ ਥਾਇ ਪਾਉਣ। ਅੰਤ ਮੈਂ ਸਭ ਨੂੰ ਕੌਰਨਾਮਾ ਕਿਤਾਬ ਪੜ੍ਹਨ ਲਈ ਕਹਿੰਦਿਆਂ ਬੀਬੀਆਂ ਦੀ ਕੁਰਬਾਨੀ ਦੇ ਸਤਿਕਾਰ ਵਿੱਚ ਕੁਝ ਬੋਲ ਲਿਖ ਕੇ ਖਿਮਾ ਦਾ ਜਾਚਕ ਹੁੰਦਾ ਹਾਂ –

ਓਹ ਇੰਨੀ ਕਮਜ਼ੋਰ ਨਹੀਂ ਕਿ ਵੰਗਾਂ ਕੰਗਨਿਆਂ ਵਿਚ ਹੀ ਫਸੀ ਰਹੇ,
ਓਹਦੀ ਦਲੇਰੀ ਪਰਖੀਏ ਤਾਂ ਵੱਡੇ-ਵੱਡਿਆਂ ਦੇ ਚੂੜੀਆਂ ਪਵਾ ਦਿੰਦੀ ਐ।

 

ਸੁਰਿੰਦਰ ਸਿੰਘ ਇਬਾਦਤੀ

 


 

“ਕੌਰਨਾਮਾ” ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,