ਵਿਦੇਸ਼

ਡਾ. ਪ੍ਰੀਤਮ ਸਿੰਘ ਸੇਖੋਂ ਦਾ ਸ਼ਹੀਦੀ ਸਮਾਗਮ ਜੋਸ਼ੋ-ਖਰੋਸ਼ ਨਾਲ ਮਨਾਇਆ

April 10, 2012 | By

ਸਿਆਟਲ (ਗੁਰਪ੍ਰੀਤ ਸਿੰਘ ਸਹੋਤਾ): ਸਿੱਖ ਸੰਘਰਸ਼ ਦੇ ਅਲਬੇਲੇ ਜਰਨੈਲ ਡਾ. ਪ੍ਰੀਤਮ ਸਿੰਘ ਸੇਖੋਂ ਦਾ ਸ਼ਹੀਦੀ ਸਮਾਗਮ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿੱਥੇ ਪੰਥਕ ਬੁਲਾਰਿਆਂ ਨੇ ਡਾ. ਸੇਖੋਂ ਦੇ ਜੀਵਨ ਤੇ ਕਾਰਨਾਮਿਆਂ ’ਤੇ ਪੰਛੀ ਝਾਤ ਪੁਆਈ ਅਤੇ ਨਾਲ ਹੀ ਉਚੇਚੇ ਤੌਰ ’ਤੇ ਸੱਦੇ ਗਏ ਡਾ. ਸੇਖੋਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ।

Shaheedi Samagam in the memory of Dr. Preetam Singh Sekhon ਗੌਰਤਲਬ ਹੈ ਕਿ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਸ਼ਹੀਦੀ ਉਪਰੰਤ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਕਮਾਂਡ ਆਪਣੇ ਹੱਥਾਂ ’ਚ ਲੈ ਕੇ ਜਾਂਬਾਜ਼ੀ ਤੇ ਸੂਰਬੀਰਤਾ ਦੇ ਨਾਲ ਅਦੁੱਤੀ ਯੁੱਧਨੀਤਕ ਪੈਂਤੜਿਆਂ ਰਾਹੀਂ ਆਪਣੀ ਪੈਂਠ ਜਮਾਉਣ ਵਾਲੇ ਇਸ ਅਲਬੇਲੇ ਯੋਧੇ ਦੀ ਹੋਣੀ ਬਾਰੇ ਪੰਥ ਲੰਮਾ ਸਮਾਂ ਭੁਲੇਖੇ ਵਿੱਚ ਹੀ ਰਿਹਾ ਅਤੇ ਕੁਝ ਸਾਲ ਪਹਿਲਾਂ ਹੀ ਪਰਿਵਾਰ ਨੇ ਪਹਿਲਕਦਮੀ ਕਰਦਿਆਂ ਡਾ. ਸੇਖੋਂ ਦੀ ਸ਼ਹਾਦਤ ਦਾ ਐਲਾਨ ਕਰਕੇ ਉਨ੍ਹਾਂ ਦੀ ਯਾਦ ’ਚ ਪਾਠ ਦੇ ਭੋਗ ਪੁਆਏ ਸਨ।

ਗੁਰਦੁਆਰਾ ਸਾਹਿਬ ਰੈਂਟਨ ਦੀ ਸਮੁੱਚੀ ਸੇਵਾਦਾਰ ਕਮੇਟੀ ਅਤੇ ਸ. ਪਰਮਜੀਤ ਸਿੰਘ ਪਰਹਾਰ ਹੁਰਾਂ ਦੇ ਯਤਨਾਂ ਦੁਆਰਾ ਉਲੀਕੇ ਗਏ ਇਸ ਯਾਦਗਾਰੀ ਸਮਾਗਮ ਦੌਰਾਨ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮਾਨ ਸਿੰਘ ਮਾਛੀਵਾੜੇ ਵਾਲੇ ਅਤੇ ਭਾਈ ਜਰਨੈਲ ਸਿੰਘ ਦੇ ਕੀਰਤਨੀ ਜਥਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਹੁਰਾਂ ਨੇ ਡਾ. ਸੇਖੋਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਜਿੱਥੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਅਤੇ ਕਈ ਹੋਰ ਪੰਥ ਦਰਦੀ ਦੂਰ-ਦੁਰਾਡਿਓਂ ਡਾ. ਸੇਖੋਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਪਹੁੰਚੇ ਹੋਏ ਸਨ,

ਉ¤ਥੇ ਡਾ. ਸੇਖੋਂ ਦੀਆਂ ਦੋ ਭੈਣਾਂ ਪਰਿਵਾਰਾਂ ਸਮੇਤ ਅਤੇ ਉਨ੍ਹਾਂ ਦਾ ਭਾਣਜਾ ਡਾ. ਅਰਸ਼ਬੀਰ ਸਿੰਘ ਵੀ ਪਰਿਵਾਰ ਸਮੇਤ ਟਰਾਂਟੋ ਤੋਂ ਪੁੱਜਾ ਸੀ। ਦੱਸਣਯੋਗ ਹੈ ਕਿ ਡਾ. ਪ੍ਰੀਤਮ ਸਿੰਘ ਸੇਖੋਂ ਸਿਰਫ 4 ਵਰ੍ਹਿਆਂ ਦੇ ਸਨ ਜਦ ਉਨ੍ਹਾਂ ਦੇ ਪਿਤਾ ਜੀ ਇਸ ਜਹਾਨ ਤੋਂ ਕੂਚ ਕਰ ਗਏ ਸਨ। ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਤੋਂ ਵੱਡੀਆਂ ਚਾਰ ਭੈਣਾਂ ਸਮੇਤ ਪਰਿਵਾਰ ਦਾ ਪਾਲਣਪੋਸ਼ਣ ਸਿੱਖੀ ਸਿਧਾਂਤਾਂ ’ਤੇ ਚੱਲਦਿਆਂ ਐਸਾ ਕੀਤਾ ਕਿ ਪੂਰਾ ਪਰਿਵਾਰ ਹੀ ਪੰਥ ਨੂੰ ਸਮਰਪਿਤ ਹੋ ਗਿਆ। ਮਲੇਰਕੋਟਲਾ ਦੇ ਲਾਗੇ ਪਿੰਡ ਦੁੱਲਮਾਂ ਨਾਲ ਸਬੰਧਿਤ ਡਾ. ਪ੍ਰੀਤਮ ਸਿੰਘ ਸੇਖੋਂ ਉਨ੍ਹਾਂ ਪੜ੍ਹੇ-ਲਿਖੇ ਲੋਕਾਂ ’ਚੋਂ ਸਨ, ਜਿਨ੍ਹਾਂ ਨੇ ਜੂਨ 1984 ਦੇ ਸਾਕਾ ਨੀਲਾ ਤਾਰਾ ਉਪਰੰਤ ਸਾਰੇ ਹੀਲੇ-ਵਸੀਲੇ ਮੁੱਕ ਜਾਣ ’ਤੇ ਆਪਣੇ ਸਿਰਾਂ ’ਤੇ ਕੱਫਨ ਬੰਨ੍ਹ ਲਏ ਸਨ। ਰੋਮਾਨੀਆ ਦੇ ਰਾਜਦੂਤ ਰਾਡੂ ਨੂੰ ਅਗਵਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਗੁਰੀਲਾ ਯੋਗਤਾ ਦਾ ਲੋਹਾ ਮੰਨਵਾਉਣ ਵਾਲੇ ਡਾ. ਸੇਖੋਂ ਦਾ ਅਕਸਰ ਕਹਿਣਾ ਸੀ ਕਿ ਪੰਜਾਬ ਦੇ ਖਾੜਕੂਆਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਵੱਡੇ ਐਕਸ਼ਨ ਕਰਨੇ ਚਾਹੀਦੇ ਹਨ। ਇਸ ਨਾਲ ਜਿੱਥੇ ਵੱਡੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ, ਉ¤ਥੇ ਪੰਜਾਬ ਤੋਂ ਬਾਹਰ ਰਹਿਣ ਕਾਰਨ ਪੰਜਾਬ ਦੀ ਜਨਤਾ ਵੀ ਪੁਲਿਸ ਦੇ ਜ਼ੁਲਮ ਤੋਂ ਬਚੀ ਰਹੇਗੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਇਸ ਸੋਚ ਨੂੰ ਡੂੰਘਾਈ ਨਾਲ ਵਿਚਾਰਿਆ ਨਹੀਂ ਗਿਆ, ਜਿਸ ਕਾਰਣ ਬਾਅਦ ਵਿੱਚ ਸੰਘਰਸ਼ ਦਾ ਬੇਹੱਦ ਨੁਕਸਾਨ ਹੋਇਆ।

ਪਰਿਵਾਰ ਦੀ ਤਰਫੋਂ ਡਾ. ਸਾਹਿਬ ਦੇ ਭਾਣਜੇ ਡਾ. ਅਰਸ਼ਬੀਰ ਸਿੰਘ ਨੇ ਆਪਣੇ ਸੰਬੋਧਨ ’ਚ ਡਾ. ਸੇਖੋਂ ਦੇ ਜੀਵਨ ’ਤੇ ਝਾਤ ਪੁਆਈ ਅਤੇ ਨਾਲ ਹੀ ਮਾਣ ਮਹਿਸੂਸ ਕੀਤਾ ਕਿ ਡਾ. ਸੇਖੋਂ ਦਾ ਪਰਿਵਾਰ ਉਨ੍ਹਾਂ ਦੀ ਸੋਚ ਦੇ ਨਾਲ ਖੜ੍ਹਾ ਰਿਹਾ। ਉਨ੍ਹਾਂ ਦੱਸਿਆ ਕਿ ਲਹਿਰ ਦੀ ਉਤਰਾਈ ਦੇ ਦਿਨਾਂ ’ਚ ਜਦੋਂ ਪੰਜਾਬ ਦੇ ਕਈ ਨਾਮੀ ‘ਖਾੜਕੂ’ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ ਤਾਂ ਉਸ ਵਕਤ ਵੀ ਡਾ. ਸੇਖੋਂ ਦੀ ਮਾਤਾ ਬੀਬੀ ਗੁਰਨਾਮ ਕੌਰ ਜੀ ਨੇ ਇਹੀ ਕਿਹਾ ਸੀ ਕਿ ਜਿਸ ਰਸਤੇ ’ਤੇ ਤੁਰਿਆ ਏਂ, ਵਾਪਸ ਨਹੀਂ ਮੁੜਨਾ।

ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ ਮਾਰਚ 1999 ਦੇ ਅੱਧ ’ਚ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਤਹਿਤ ਪਾਕਿਸਤਾਨ ਵਿਖੇ ਡਾ. ਸੇਖੋਂ ਤੇ ਉਨ੍ਹਾਂ ਦੇ ਇੰਜਨੀਅਰ ਭਤੀਜੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਜਦ ਉਹ ਨਿਹੱਥੇ ਸਨ। ਪੂਰੀ ਤਹਿਕੀਕਾਤ ਕਰਨ ਉਪਰੰਤ ਹੀ ਇਹ ਸੱਚ ਬਾਹਰ ਆ ਸਕਿਆ ਹੈ, ਜਿਸ ਦੀ ਪੁਸ਼ਟੀ ਪਾਕਿਸਤਾਨੀ ਅਧਿਕਾਰੀਆਂ ਨੇ ਵੀ ਕੀਤੀ ਹੈ। ਡਾ. ਅਰਸ਼ਬੀਰ ਸਿੰਘ ਦੇ ਇਸ ਇੰਕਸ਼ਾਫ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਡਾ. ਸੇਖੋਂ ਹੁਣ ਪੰਥ ਨੂੰ ਵਿਛੋੜਾ ਦੇ ਚੁੱਕੇ ਹਨ।

ਉਪਰੰਤ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਆਪਣੇ ਸੰਬੋਧਨ ’ਚ ਡਾ. ਸੇਖੋਂ ਦੇ ਜੀਵਨ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੀ ਸ਼ਖਸੀਅਤ ਦੇ ਕਈ ਅਣਫੋਲੇ ਵਰਕੇ ਸੰਗਤ ਅੱਗੇ ਫੋਲੇ। ਉਨ੍ਹਾਂ ਅਫਸੋਸ ਜਤਾਇਆ ਕਿ ਜਿਹੜਾ ਕੰਮ ਪੰਥ ਨੂੰ ਆਪ ਪਹਿਲ ਦੇ ਆਧਾਰ ’ਤੇ ਕਰਨਾ ਚਾਹੀਦਾ ਸੀ, ਉਹ ਪਰਿਵਾਰ ਨੂੰ ਖੁਦ ਕਰਨਾ ਪਿਆ। ਉਨ੍ਹਾਂ ਪਰਿਵਾਰ ਦੇ ਹੌਂਸਲੇ ਦੀ ਦਾਦ ਦਿੰਦਿਆਂ ਸ਼ਹੀਦ ਡਾ. ਪ੍ਰੀਤਮ ਸਿੰਘ ਸੇਖੋਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਉਪਰੰਤ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਭਾਈ ਰਾਜੋਆਣਾ ਦੇ ਜੋਸ਼ ਸਦਕਾ ਪੂਰੇ ਵਿਸ਼ਵ ’ਚ ਪ੍ਰਚੰਡ ਹੋਈ ਖਾਲਸਾ ਲਹਿਰ ਬਾਰੇ ਪ੍ਰਭਾਵਸ਼ਾਲੀ ਤਕਰੀਰ ਪੇਸ਼ ਕੀਤੀ ਅਤੇ ਇਤਿਹਾਸ ਦੇ ਹਵਾਲਿਆਂ ਨਾਲ ਸੰਗਤ ਨੂੰ ਹਲੂਣਾ ਦਿੰਦਿਆਂ ਆਖਿਆ ਕਿ ਸਿੱਖ ਜਾਂ ਬਾਗੀ ਹੈ ਜਾਂ ਬਾਦਸ਼ਾਹ। ਆਜ਼ਾਦੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਉਨ੍ਹਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣ ਦਾ ਸੱਦਾ ਦਿੰਦਿਆਂ ਨਾਲ ਹੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵੀ ਸੁਝਾਏ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਅਸੰਬਲੀ ’ਚ ਬੰਬ ਤਾਂ ਸੁੱਟਣਾ ਪਿਆ ਸੀ ਤਾਂ ਕਿ ਅੰਗਰੇਜ਼ ਸਰਕਾਰ ਦੇ ਬੋਲੇ ਕੰਨਾਂ ਤੱਕ ਇਨਸਾਫ ਲੈਣ ਵਾਲਿਆਂ ਦੀ ਅਵਾਜ਼ ਪਹੁੰਚ ਸਕੇ ਅਤੇ ਭਾਈ ਰਾਜੋਆਣਾ ਨੇ ਇਸ ਤੋਂ ਇੱਕ ਕਦਮ ਅੱਗੇ ਚੱਲਦਿਆਂ ਕਾਲੇ ਅੰਗਰੇਜ਼ਾਂ ਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਮ ਦੀ ਆਵਾਜ਼ ਪਹੁੰਚਾਉਣ ਲਈ ਹੀ ਭਾਰਤੀ ਨਿਆਂਇਕ ਢਾਂਚੇ ਅੱਗੇ ਅਪੀਲ-ਦਲੀਲ ਕਰਨੋਂ ਨਾਂਹ ਕਰ ਦਿੱਤੀ, ਜੋ ਅੱਜ ਤੱਕ ਸਿੱਖਾਂ ਨਾਲ ਬੇਇਨਸਾਫੀ ਹੀ ਕਰਦਾ ਆਇਆ ਹੈ। ਕਾਂਗਰਸੀਆਂ ਅਤੇ ਅਕਾਲੀਆਂ ਵਲੋਂ ਇਸ ਮੁੱਦੇ ’ਤੇ ਕੀਤੀ ਜਾ ਰਹੀ ਰਾਜਨੀਤੀ ਤਾਂ ਸਾਹਮਣੇ ਹੀ ਹੈ ਪਰ ਸ਼ਹੀਦ ਭਗਤ ਸਿੰਘ ਦੀ ਜਨਮ ਭੋਇੰ ਦੀ ਮਿੱਟੀ ਚੁੱਕ ਕੇ ਸ਼ਹੀਦਾਂ ਦੀ ਸੋਚ ’ਤੇ ਤੁਰਨ ਦੇ ਦਮਗਜੇ ਮਾਰਨ ਵਾਲੇ ਮਨਪ੍ਰੀਤ ਬਾਦਲ ਜਿਹੇ ਲੋਕਾਂ ਦੀ ਚੁੱਪ ਵੀ ਅਜਿਹੇ ਲੋਕਾਂ ਦੀ ਨਿਪੁੰਸਕ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ। ਉਨ੍ਹਾਂ ਸੰਗਤ ਨੂੰ ਝੰਜੋੜਦਿਆਂ ਕਿਹਾ ਕਿ ਅਸੀਂ ਅੱਜ ਨਿੱਕੇ ਨਿੱਕੇ ਲਾਲਚਾਂ ਕਾਰਨ ਜਾਂ ਡਰਾਂ ਕਾਰਨ ਸ਼ਹੀਦਾਂ ਵੱਲ ਪਿੱਠ ਕਰੀ ਬੈਠੇ ਹਾਂ, ਆਪਣੀ ਐਸ਼ੋ-ਇਸ਼ਰਤ ਵਿੱਚ ਮਸਰੂਫ ਹਾਂ ਅਤੇ ਸ਼ਹੀਦਾਂ ਦੇ ਸੁਪਨੇ ਦੀ ਪ੍ਰਾਪਤੀ ਵੱਲ ਤਵੱਜੋਂ ਨਹੀਂ ਦੇ ਰਹੇ ਜਦਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇਸ ਮੰਜ਼ਿਲ ਵੱਲ ਤੁਰ ਕੇ, ਮੰਜ਼ਿਲ ਸਰ ਕਰਨ ਨਾਲ ਹੀ ਨਿੱਕਲਣਾ ਹੈ। ਉਨ੍ਹਾਂ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਪਰਿਵਾਰ ਨਾਲ ਅਮਰੀਕਾ ਪਹੁੰਚੇ ਸ਼ਹੀਦ ਜਨਰਲ ਲਾਭ ਸਿੰਘ ਦੇ ਛੋਟੇ ਬੇਟੇ ਨੇ ਆਪਣੀ ਮਾਂ ਨੂੰ ਪੁੱਛਿਆ, ‘‘ਮਾਂ ਇੱਥੇ ਤਾਂ ਸਾਰੇ ਮਜ਼ੇ ਕਰ ਰਹੇ ਹਨ, ਕੀ ਖਾਲਿਸਤਾਨ ਸਿਰਫ ਮੇਰੇ ਡੈਡੀ ਨੂੰ ਹੀ ਚਾਹੀਦਾ ਸੀ?’’ ਤਾਂ ਕਿਸੇ ਨੂੰ ਕੋਈ ਜਵਾਬ ਨਹੀਂ ਸੀ ਆਇਆ। ਖਾਲਿਸਤਾਨ ਦੇ ਸਿਪਾਹੀਆਂ ਨੇ ਤਾਂ ਆਪਣੀਆਂ ਜਾਨਾਂ ਵਾਰ ਕੇ ਪੰਧ ਰੌਸ਼ਨ ਕਰ ਦਿੱਤਾ ਹੈ, ਹੁਣ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਉਸ ਸੰਘਰਸ਼ ਨੂੰ ਬੁਲੰਦੀ ਵੱਲ ਲਿਜਾਵੇ ਨਾ ਕਿ ਪਿੱਠ ਕਰਕੇ ਸ਼ਹੀਦਾਂ ਦਾ ਮਜ਼ਾਕ ਉਡਾਏ।

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਮਾਨ ਤੇ ਸਾਬਕਾ ਸੇਵਾਦਾਰ ਭਾਈ ਪਰਮਜੀਤ ਸਿੰਘ ਪਰਹਾਰ ਨੇ ਵੀ ਸੰਗਤ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਸੇਖੋਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਟੇਜ ਸਕੱਤਰ ਦੀ ਸੇਵਾ ਭਾਈ ਕਰਨੈਲ ਸਿੰਘ ਨੇ ਬਾਖੂਬੀ ਨਿਭਾਈ। ਬੁਲਾਰਿਆਂ ਨੇ ਗੁਰਦਾਸਪੁਰ ਕਾਂਡ ਦੇ ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਪੰਜਾਬ ਸਰਕਾਰ ਦੇ ਜ਼ੁਲਮਾਂ ਦੀ ਨਿਖੇਧੀ ਕੀਤੀ।

ਸਮਾਗਮ ਦੇ ਅੰਤ ’ਚ ਸੰਗਤਾਂ ਦੀ ਤਰਫੋਂ ਸੇਵਾਦਾਰਾਂ ਨੇ ਡਾ. ਸੇਖੋਂ ਦੀ ਵੱਡੀ ਭੈਣ ਬੀਬੀ ਮਨਜੀਤ ਕੌਰ ਅਤੇ ਪਰਿਵਾਰ, ਬੀਬੀ ਕਮਲਜੀਤ ਕੌਰ ਅਤੇ ਪਰਿਵਾਰ, ਭਾਣਜਾ ਡਾ. ਅਰਸ਼ਬੀਰ ਸਿੰਘ ਪਰਿਵਾਰ ਨੂੰ ਸਨਮਾਨਿਤ ਕੀਤਾ ਅਤੇ ਸਿਰੋਪਾਓ ਭੇਟ ਕੀਤੇ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਡਾ. ਅਮਰਜੀਤ ਸਿੰਘ ਹੁਰਾਂ ਨੂੰ ਵੀ ਉਨ੍ਹਾਂ ਦੀ ਪੰਥਕ ਸੇਵਾਵਾਂ ਬਦਲੇ ਸਨਮਾਨ ਅਤੇ ਸਿਰੋਪਾਓ ਭੇਟ ਕੀਤਾ ਗਿਆ। ਅੰਤ ਵਿੱਚ ਡਾ. ਪ੍ਰੀਤਮ ਸਿੰਘ ਸੇਖੋਂ ਹੁਰਾਂ ਦੀ ਤਸਵੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸੁਸ਼ੋਭਿਤ ਕੀਤੀ ਗਈ, ਜਿੱਥੇ ਸਿੱਖ ਸੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਕੌਮ ਲਈ ਚਾਨਣ ਮੁਨਾਰਾ ਬਣ ਕੇ ਸਜੀਆਂ ਹੋਈਆਂ ਹਨ।

ਗੁਰਦੁਆਰਾ ਸਾਹਿਬ ਰੈਂਟਨ ਦੇ ਸਮੁੱਚੇ ਸੇਵਾਦਾਰਾਂ ਨੇ ਇਸ ਅਤਿ ਲੋੜੀਂਦੇ ਸਮਾਗਮ ਦਾ ਆਯੋਜਨ ਕਰਕੇ ਅਜਿਹਾ ਕਾਬਲ-ਏ-ਤਾਰੀਫ ਕੰਮ ਕੀਤਾ ਹੈ, ਜੋ ਪੰਥ ਨੂੰ ਬਹੁਤ ਸਮਾਂ ਪਹਿਲਾਂ ਕਰਨਾ ਚਾਹੀਦਾ ਸੀ, ਜਿਸ ਲਈ ਸਮੂਹ ਸੇਵਾਦਾਰ ਵਧਾਈ ਦੇ ਹੱਕਦਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।