ਸਿਆਸੀ ਖਬਰਾਂ

ਕੈਪਟਨ-ਬਾਦਲ ਸਬੰਧਾਂ ਬਾਰੇ ਨਵਜੋਤ ਸਿੱਧੂ ਦੇ ਬਿਆਨ ਤੇ ਕਾਂਗਰਸ ਦੀ ਦੋਗਲੀ ਨੀਤੀ

May 23, 2019 | By

ਲੇਖਕ: ਨਰਿੰਦਰ ਪਾਲ ਸਿੰਘ*

ਕਾਂਗਰਸ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਦਰਮਿਆਨ ਚਲ ਰਹੇ ‘ਦੋਸਤਾਨਾ ਮੈਚ’ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਸੂਬੇ ਦੀ ਕਾਂਗਰਸ ਦਰਮਿਆਨ ਘਮਸਾਨ ਤੇਜ ਹੋ ਗਿਆ ਹੈ ਪਰ ਕੈਪਟਨ ਸਰਕਾਰ ਦੇ ਇੱਕ ਹੋਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਹ ਕਹਿਣਾ ਕਿ ਬੇਅਦਬੀ ਮਾਮਲੇ ਵਿੱਚ ਧਰਨਾ ਕਾਂਗਰਸ ਨੇ ਹੀ ਲਵਾਇਆ ਸੀ ਪ੍ਰਤੀ ਕਾਂਗਰਸੀ ਖੇਮੇ ਪੂਰੀ ਤਰ੍ਹਾਂ ਖਾਮੋਸ਼ ਹਨ। ਚਰਚਾ ਹੈ ਕਿ ਆਖਿਰ ਕਾਂਗਰਸ ਦੀ ਉਹ ਕਿਹੜੀ ਨੀਤੀ ਹੈ ਜਿਸ ਤਹਿਤ ਬਾਦਲਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਵੀ ਜਾਰੀ ਹੈ ਤੇ ਸਿਆਸੀ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਵੀ। ਜੇਕਰ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਬਿਆਨ ਨੂੰ ਵਾਚਿਆ ਜਾਏ ਤਾਂ ਉਸ ਇਹ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਦੋਸਤਾਨਾ ਮੈਚ ਖੇਡ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦਾ ਬਿਆਨ ਆਉਂਦਿਆਂ ਹੀ ਪੰਜਾਬ ਦੇ ਇੱਕ ਹੋਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਅਜੇਹੇ ਬਿਆਨ ਦੇਕੇ ਸਿੱਧੂ ਕਾਂਗਰਸ ਨੂੰ ਕਮਜੋਰ ਕਰਨਾ ਚਾਹੁੰਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਇਥੋਂ ਤੀਕ ਕਹਿੰਦੇ ਹਨ ਕਿ ਸਾਲ 2015 ਵਿੱਚ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਨਵਜੋਤ ਸਿੱਧੂ ਮੈਂਬਰ ਪਾਰਲੀਮੈਂਟ ਸੀ ਉਸਦੀ ਪਤਨੀ ਨਵਜੋਤ ਕੌਰ ਸਿੱਧੂ ਭਾਜਪਾ ਦੀ ਅੰਮ੍ਰਿਤਸਰ ਤੋਂ ਵਿਧਾਇਕ ਸੀ। ਇਸ ਵਿਧਾਇਕਾ ਨੇ ਬੇਅਦਬੀ ਮਾਮਲੇ ਪ੍ਰਤੀ ਕੁਝ ਵੀ ਨਹੀਂ ਕੀਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਕਿਹਾ ਕਿ ਕਾਂਗਰਸ ਨੇ ਤਾਂ ਬਰਗਾੜੀ ਵਿਖੇ ਧਰਨਾ ਵੀ ਲਾਇਆ।

ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਤੀਸਰੀ ਸਾਲ ਗਿਰਾਹ ਮੌਕੇ ਬਰਗਾੜੀ ਵਿਖੇ ਜੋ ਸਮਾਗਮ ‘ਸਰਬੱਤ ਖਾਲਸਾ’ ਜਥੇਦਾਰਾਂ ਵਲੋਂ ਕਰਵਾਇਆ ਗਿਆ ਉਸਦੀ ਸਮਾਪਤੀ ਤੇ ਮੁਤਵਾਜੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਉਹ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੀਕ ਧਰਨੇ ਤੇ ਬੈਠ ਰਹੇ ਹਨ। ਇਹ ਵੀ ਸਹੀ ਹੈ ਕਿ ਜਥੇਦਾਰਾਂ ਵਲੋਂ ਦਿੱਤਾ ਗਿਆ ਇਹ ਧਰਨਾ ਬਰਗਾੜੀ ਮੋਰਚੇ ਦੇ ਨਾਮ ਹੇਠ 192 ਦਿਨ ਨਿਰੰਤਰ ਚੱਲਿਆ। ਹਰ ਕੋਈ ਜਾਣਦਾ ਹੈ ਬਰਗਾੜੀ ਮੋਰਚੇ ਦੇ ਚੌਥੇ ਦਿਨ ਹੀ ਮੋਰਚੇ ਦੇ ਸੰਚਾਲਕਾਂ ਨਾਲ ਗਲ ਕਰਨ, ਉਨ੍ਹਾਂ ਦੀਆਂ ਮੰਗਾਂ ਬਾਰੇ ਜਾਨਣ ਅਤੇ ਪੂਰੀਆਂ ਕਰਨ ਦਾ ਦਿਲਾਸਾ ਦੇਣ ਲਈ ਜਿਹੜੇ ਕਾਂਗਰਸੀ ਮੰਤਰੀ ਬਰਗਾੜੀ ਪੱੁਜੇ ਸਨ ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਸੀ। ਇਹ ਵੀ ਸਹੀ ਹੈ ਕਿ ਬਾਦਲ ਦਲ ਨੇ ਬਰਗਾੜੀ ਮੋਰਚੇ ਨੂੰ ਲੈ ਕੇ ਹਮੇਸ਼ਾਂ ਹੀ ਦੋਸ਼ ਲਾਇਆ ਕਿ ਇਹ ਤਾਂ ਕਾਂਗਰਸ ਦੀ ਦੇਣ ਹੈ। ਸਵਾਲ ਹੈ ਕਿ 2017 ਵਿੱਚ ਬਹੁਤ ਸੰਮਤੀ ਨਾਲ ਸੂਬੇ ਤੇ ਕਾਬਜ ਹੋਈ ਕਾਂਗਰਸ ਨੇ ਬੇਅਦਬੀ ਮਾਮਲੇ ਪ੍ਰਤੀ ਗੰਭੀਰ ਹੁੰਦਿਆਂ ਬਰਗਾੜੀ ਮੋਰਚਾ ਲਵਾਇਆ ਜਾ ਉਸਨੂੰ ਜਾਪਦਾ ਸੀ ਕਿ ਬਾਦਲਾਂ ਨੂੰ ਸਿਆਸੀ ਤੌਰ ਤੇ ਖਤਮ ਕੀਤੇ ਬਗੈਰ ਪਾਰਟੀ ਪੰਜਾਬ ਵਿੱਚ ਮਜਬੂਤ ਨਹੀਂ ਹੋ ਸਕਦੀ। ਕਾਂਗਰਸ ਸਰਕਾਰ ਉਪਰ ਇਹ ਦੋਸ਼ ਵੀ ਲੱਗੇ ਕਿ ਉਸਨੇ ਬਰਗਾੜੀ ਜਾਂਚ ਮਾਮਲੇ ਵਿੱਚ ਬੇਲੋੜੀ ਦੇਰੀ ਕਰਕੇ ਦੋਸ਼ੀਆਂ ਨੂੰ ਜਮਾਨਤਾਂ ਮਿਲਣ ਲਈ ਸਮਾਂ ਦਿੱਤਾ ਜਿਸ ਨਾਲ ਕਾਰਵਾਈ ਵਿੱਚ ਦੇਰੀ ਦਾ ਮੱੁਢ ਬੱਝਾ।ਇਹ ਵੀ ਕੋਈ ਅੱਤ ਕਥਨੀ ਨਹੀਂ ਹੈ ਕਿ ਸਾਲ 2017 ਦੀ ਵਿਧਾਨ ਸਭਾ ਚੋਣਾਂ ਮੌਕੇ ਇਹ ਦੋਸ਼ ਲੱਗੇ ਸਨ ਕਿ ਕਾਂਗਰਸ ਨੇ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਇੱਕ ਸੋਚੀ ਸਮਝੀ ਨੀਤੀ ਤਹਿਤ ਜਿੱਤਾਉਣ ਲਈ ਉਨ੍ਹਾਂ ਖਿਲਾਫ ਕਮਜੋਰ ਉਮੀਦਵਾਰ ਖੜੇ ਕੀਤੇ ਜਾਂ ਚੋਣ ਪ੍ਰਚਾਰ ਹੀ ਢਿੱਲਾ ਰੱਖਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੇ ਉਸਦੇ ਕਿਸੇ ਸਾਥੀ ਨੇ ਅਜੇਹੇ ਦੋਸ਼ਾਂ ਦਾ ਜਵਾਬ ਨਹੀਂ ਸੀ ਦਿੱਤਾ। ਹੁਣ ਜਦੋਂ ਇਹ ਦੋਸ਼ ਕਾਂਗਰਸ ਦੇ ‘ਸਟਾਰ ਪ੍ਰਚਾਰਕ’ ਨਵਜੋਤ ਸਿੰਘ ਸਿੱਧੂ ਨੇ ਲਗਾਏ ਹਨ ਤਾਂ ਕੈਪਟਨ ਦੇ ਮੰਤਰੀ ਹੀ ਉਸ ਖਿਲਾਫ ਬੋਲਣੇ ਸ਼ੁਰੂ ਹੋ ਗਏ ਹਨ। ਆਖਿਰ ਕਾਂਗਰਸ ਦੀ ਇਹ ਕਿਹੜੀ ਨੀਤੀ ਹੈ ਕਿ ਸਿੱਧੂ ਵਲੋਂ ਦੁਹਰਾਈ ਜਾ ਰਹੀ ਅਵਾਜ ਸੁਨਣ ਨੂੰ ਤਿਆਰ ਨਹੀਂ ਪਰ ਬਾਦਲਾਂ ਵਲੋਂ ਲਗਾਏ ਦੋਸ਼ਾਂ ਨੂੰ ਤਸਦੀਕ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਪ੍ਰਤੀ ਖਾਮੋਸ਼ ਹੈ?

* ਲੇਖਕ ਅੰਮ੍ਰਿਤਸਰ ਸਾਹਿਬ ਤੋਂ ਸੀਨੀਅਰ ਪੰਜਾਬੀ ਪੱਤਰਕਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,