ਲੇਖ

ਜੀ ਆਇਆ ਕਿਵੇਂ ਆਖੀਏ…

January 1, 2012 | By

ਹੇਠਲੀ ਲਿਖਤ ਧੰਨਵਾਦ ਸਹਿਤ ਪੰਜਾਬੀ ਦੇ ਹਫਤਾਵਾਰੀ ਅਖਬਾਰ ਪਹਿਰੇਦਾਰ ਵਿਚੋਂ ਲਈ ਗਈ ਹੈ।

– ਸ੍ਰ. ਜਸਪਾਲ ਸਿੰਘ ਹੇਰਾਂ

ਸਮੇਂ ਦਾ ਪਹੀਆ ਨਿਰੰਤਰ ਚੱਲਦਾ ਰਹਿੰਦਾ ਹੈ, ਜ਼ਿੰਦਗੀ ਧੜਕਦੀ ਰਹਿੰਦੀ ਹੈ, ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹੜੀਆਂ ਨਵਾਂ ਇਤਿਹਾਸ ਸਿਰਜੀ ਜਾਂਦੀਆਂ ਹਨ, ਬੀਤੇ ਸਮੇਂ ਨੇ ਕੁਝ ਕੌੜੀਆਂ, ਕੁਝ ਮਿੱਠੀਆਂ ਯਾਦਾਂ ਨੂੰ ਹਰ ਮਨੁੱਖ ਦੀ ਝੋਲੀ ਪਾਉਂਦੇ ਰਹਿਣੇ ਹਨ, ਪੁਰਾਣਿਆਂ ਨੇ ਝੜਦੇ ਅਤੇ ਨਵਿਆਂ ਨੇ ਆਉਂਦੇ ਰਹਿਣਾ ਹੈ, ਇਨਸਾਨ ਨੇ ਕੁਝ ਪ੍ਰਾਪਤੀਆਂ ਦੇ ਨਾਲ-ਨਾਲ ਕੁਝ ਗੁਆਉਂਦੇ ਵੀ ਰਹਿਣਾ ਹੁੰਦਾ ਹੈ, ਪ੍ਰੰਤੂ ਜਿਹੜਾ ਇਨਸਾਨ ਜਾਂ ਕੌਮ ਆਪਣੀ ਗਲਤੀਆਂ ਨੂੰ ਕੁਝ ਸਿੱਖਦੀ ਨਹੀਂ, ਉਸ ਲਈ ਆਉਣ ਵਾਲਾ ਹਰ ਪਲ, ਹਰ ਦਿਨ, ਹਰ ਵਰ੍ਹਾ, ਚਾਨਣਾ ਦੀ ਥਾਂ ਹਨੇਰਾ ਹੀ ਲੈ ਕੇ ਆਉਂਦਾ ਹੈ, ਇਹ ਕੁਦਰਤ ਦਾ ਅਟੱਲ ਵਰਤਾਰਾ ਹੈ। ਲੰਘੇ ਸਮੇਂ ਤੋਂ ਸਬਕ ਸਿੱਖਣਾ ਸਫ਼ਲਤਾ ਦੇ ਨਵੇਂ ਰਾਹ ਖੋਲ੍ਹਦਾ ਹੈ। ਗਲਤੀਆਂ ਨੂੰ ਵਾਰ-ਵਾਰ ਦੁਹਰਾਉਣਾ, ਗੁੰਮਨਾਮੀ ਤੇ ਅਸਫ਼ਲਤਾ ਦੀ ਡੂੰਘੀ ਖੱਡ ’ਚ ਸੁੱਟ ਦਿੰਦਾ ਹੈ। ਬਾਕੀ ਸਾਰੀ ਦੁਨੀਆ ਵਾਗੂੰ ਸਿੱਖ ਪੰਥ ਦਾ ਕਾਫ਼ਲਾ ਵੀ ਇਕ ਹੋਰ ਨਵੇਂ ਵਰ੍ਹੇ ’ਚ ਦਾਖ਼ਲ ਹੋ ਗਿਆ ਹੈ, ਭਾਵੇਂ ਕਿ ਸਿੱਖ ਪੰਥ ਲਈ ਆਪਣੇ ਕੈਲੰਡਰ ਤੇ ਉਸ ਕੈਲੰਡਰ ਅਨੁਸਾਰ ਸ਼ੁਰੂ ਹੁੰਦੇ ਨਵੇਂ ਵਰ੍ਹੇ ਨੂੰ ਭੁੱਲ ਭਲਾ ਕੇ ਅਤੇ ਉਸ ਬਾਰੇ ਭੰਬਲਭੂਸੇ, ਭੁਲੇਖੇ ਤੇ ਰੌਲਾ ਖੜ੍ਹਾ ਕਰਕੇ, ਬਿਗਾਨਿਆਂ ਦੇ ਵਿਆਹ ’ਚ ‘ਦੀਵਾਨਾ’ ਬਣੇ ਫਿਰਨਾ, ਨਮੋਸ਼ੀ ਵਾਲੀ ਗੱਲ ਹੈ, ਪ੍ਰੰਤੂ ਅਸੀਂ ਆਪਣੀ ਇਸ ਗਲਤੀ ਨੂੰ ਸੁਧਾਰਣ ਵੱਲ ਕਦੇ ਤੁਰੇ ਹੀ ਨਹੀਂ, ਕਿਉਂਕਿ ਅਸੀਂ ਆਪਣੀ ਵਿਲੱਖਣਤਾ ਤੇ ਨਿਆਰੇਪਣ ਦੇ ਖ਼ੁਦ ਹੀ ਦੁਸ਼ਮਣ ਬਣੇ ਹੋਏ ਹਾਂ ਅਤੇ ਆਪਣੀ ਵੱਖਰੀ ਪਹਿਚਾਣ ਨੂੰ ਹੋਰ ਗੂੜਾ ਤੇ ਮਜ਼ਬੂਤੀ ਨਾਲ ਸਥਾਪਿਤ ਕਰਨ ਦੀ ਥਾਂ ਮੰਨਣ ਦੇ ਰਾਹ ਪਏ ਹੋਏ ਹਾਂ। ਭਾਵੇਂ ਕਿ ਸਿੱਖਾਂ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਡੀ ਕੌਮ ਲਈ ਨਵਾਂ ਵਰ੍ਹਾ ਪਹਿਲੀ ਚੇਤ ਭਾਵ 13 ਮਾਰਚ ਨੂੰ ਆਰੰਭ ਹੁੰਦਾ ਹੈ, ਪ੍ਰੰਤੂ ਕੌਮ ਜਿਹੜੀ ਸਾਢੇ ਪੰਜ ਸ਼ਤਾਬਦੀਆਂ ਦੀ ਹੋ ਚੁੱਕੀ ਹੈ, ਉਸਨੇ ਹਾਲੇਂ ਤੱਕ ਆਪਣਾ ਕੌਮੀ ਤਿਉਹਾਰ, ਕੌਮੀ ਵਰ੍ਹਾ, ਕੌਮੀ ਕੈਲੰਡਰ ਕੌਮੀ ਨਿਸ਼ਾਨਾ ਤੇ ਇਥੋਂ ਤੱਕ ਕੌਮੀ ਘਰ ਦੀ ਨਿਸ਼ਾਨਦੇਹੀ ਤੱਕ ਨਹੀਂ ਕੀਤੀ।

ਜੇ ਕੌਮੀ ਕੈਲੰਡਰ ਬਣਾਇਆ ਗਿਆ ਸੀ ਤਾਂ ਉਸਨੂੰ ਚੌਧਰ ਤੇ ਸਿਆਸੀ ਖੇਡ ਦਾ ਸ਼ਿਕਾਰ ਬਣਾ ਦਿੱਤਾ ਗਿਆ ਅਤੇ ਆਮ ਸਿੱਖ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਜਾਪਦਾ। ਅਸੀਂ ਨਿਰੰਤਰ ਪਹਿਲੀ ਜਨਵਰੀ ਨੂੰ ਹੀ ਸ਼ਗਨਾਂ ਨਾਲ ਜੀ ਆਇਆ ਆਖੀ ਜਾਂਦੇ ਹਾਂ। ਅੱਜ ਦੁਨੀਆ ਇਕ ਪਿੰਡ ’ਚ ਬਦਲ ਗਈ ਹੈ ਅਤੇ ਸਿੱਖ ਦੁਨੀਆ ਦੇ ਹਰ ਕੋਨੇ ’ਚ ਬੈਠੇ ਹਨ, ਇਸ ਕਾਰਣ ਜੇ ਅਸੀਂ ਦੁਨੀਆ ਨਾਲ ਆਪਣੀ ਸਾਂਝੇਦਾਰੀ ਕਾਰਣ ਨਵੇਂ ਵਰ੍ਹੇ ਨੂੰ ਪਹਿਲੀ ਜਨਵਰੀ ਵਾਲੇ ਦਿਨ ਜੀ ਆਇਆ ਆਖਦੇ ਹਾਂ ਤਾਂ ਘੱਟੋ ਘੱਟ ਆਪਣੇ ਨਿਆਰੇਪਣ ਨੂੰ ਭੁੱਲਣਾ ਤਾਂ ਨਹੀਂ ਚਾਹੀਦਾ। ਖੈਰ! ਅੱਜ ਅਸੀਂ ਨਵੇਂ ਵਰ੍ਹੇ ਅਤੇ ਭਵਿੱਖ ਦੀਆਂ ਚੁਣੌਤੀਆਂ ਦੀ ਗੱਲ ਕਰਨ ਲੱਗੇ ਹਾਂ ਅਤੇ ਪੰਜਾਬ ’ਚ ਇਸ ਵਰ੍ਹੇ ਨਵੀਂ ਸਰਕਾਰ ਦਾ ਗਠਨ ਹੋਣਾ ਹੈ ਇਸ ਕਾਰਣ ਪੰਜਾਬ ਤੇ ਸਿੱਖ ਸਿਆਸਤ ਦੋਵਾਂ ਲਈ ਇਹ ਵਰ੍ਹਾ ਅਹਿਮ ਰਹੇਗਾ। ਪਿਛਲੇ ਵਰ੍ਹੇ ’ਚ ਨੇ ਸਿਖੀ ਦੇ ਵਿਹੜੇ ਕਲੇਸ਼ ਹੀ ਧਮਾਲਾਂ ਪਾਉਂਦੇ ਰਹੇ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਤੇ ਸਹਿਜਧਾਰੀ ਵੋਟਾਂ ਦੇ ਮੁੱਦੇ ਤੇ ਸਿੱਖੀ ਦੀਆਂ ਜੜ੍ਹਾਂ ਤੇ ਤਿੱਖੇ ਵਾਰ ਹੋਏ। ਪ੍ਰੋ. ਭੁੱਲਰ ਦੀ ਫਾਂਸੀ, ਸਿੱਖ ਨਸਲਕੁਸ਼ੀ ਦਾ ਇਨਸਾਫ਼ 1984 ਦੇ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ, ਦੁਨੀਆ ’ਚ ਦਸਤਾਰ ਤੇ ਕਕਾਰ ਦਾ ਸਨਮਾਨ, ਪੰਜਾਬ ਦੇ ਪਾਣੀ, ਨੌਜਵਾਨੀ ’ਚ ਵੱਧਦਾ ਪਤਿਤਪੁਣਾ, ਲੱਚਰਤਾ ਤੇ ਨਸ਼ਿਆਂ ਦਾ ਰੁਝਾਨ, ਸਿੱਖ ਲੀਡਰਸ਼ਿਪ ਦਾ ਖਲਾਅ, ਸਿੱਖ ਮੁੱਦਿਆਂ ਦਾ ਠੰਡੇ ਬਸਤੇ ’ਚ ਜਾਣਾ, ਸਿੱਖ ਲੀਡਰਸ਼ਿਪ ਦਾ ਵਿਕਾਊ ਤੇ ਸੁਆਰਥੀ ਹੋਣਾ, ਡੇਰੇਦਾਰਾਂ ਦਾ ਵੱਧਦਾ ਪ੍ਰਭਾਵ, ਸਿੱਖਾਂ ’ਚ ਵੱਧਦਾ ਪਾਖੰਡਵਾਦ ਤੇ ਕਰਮਕਾਂਡ, ਨਵੀਂ ਪੀੜ੍ਹੀ ਦਾ ਵਿਰਸੇ ਤੋਂ ਬੇਮੁੱਖ ਹੋਣਾ ਆਦਿ ਅਜਿਹੇ ਮੁੱਦੇ ਹਨ, ਜਿਹੜੇ ਵਰ੍ਹਿਆਂ ਤੋਂ ਸਿੱਖੀ ਦੀਆਂ ਜੜ੍ਹਾ ਵੱਢਣ ਲੱਗੇ ਹੋਏ ਹਨ, ਪ੍ਰੰਤੂ ਅਸੀਂ ਵਰ੍ਹਿਆਂ ਨੂੰ ਲੰਘਾਈ ਜਾ ਰਹੇ ਹਾਂ ਅਤੇ ਇਹ ਸਮੱਸਿਆਵਾਂ ਹੋਰ ਗੰਭੀਰ ਹੋਈ ਜਾ ਰਹੀਆਂ ਹਨ, ਜਿਨ੍ਹਾਂ ਦੇ ਹੱਲ ਲਈ ਅਸੀਂ ਕਦਮ ਤਾਂ ਕੀ ਚੁੱਕਣੇ ਸਨ, ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ। ਇਹ ਚੋਣ ਵਰ੍ਹਾ ਹੈ ਅਤੇ ਸਿਰਫ਼ 30 ਦਿਨਾਂ ਬਾਅਦ ਪੰਜਾਬ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸ ਲਈ ਸਿੱਖਾਂ ਦਾ ਬੌਧਿਕ ਰੂਪ ’ਚ ਚੇਤੰਨ ਹੋਣਾ ਬੇਹੱਦ ਜ਼ਰੂਰੀ ਹੈ, ਸਿੱਖ ਪੰਥ ’ਚੋਂ ਅੱਜ ਸਵੈਮਾਣ ਆਲੋਪ ਹੋ ਰਿਹਾ ਹੈ। ਪੰਥ ਦੇ ਚਰਿੱਤਰ ਦੀ ਪਾਕੀਜ਼ਗੀ ਆਪਣਾ ਹੁਸਨ ਗੁਆ ਚੁੱਕੀ ਹੈ। ਰਾਜਸੀ ਤੇ ਧਾਰਮਿਕ ਦੋਵਾਂ ਖੇਤਰਾਂ ’ਚ ਸਿੱਖਾਂ ਨੂੰ ਬਦਲਵੀਂ ਲੀਡਰਸ਼ਿਪ ਦੀ ਲੋੜ ਹੈ ਅਤੇ ਪੰਥ ਦੀ ਵਾਂਗਡੋਰ, ਕਿਰਤੀ ਸਿੱਖਾਂ ਦੇ ਹੱਥ ’ਚ ਲਿਆਉਣ ਲਈ ‘ਮਲਕ ਭਾਗੋਆਂ’ ਨਾਲ ਫੈਸਲਾਕੁੰਨ ਲੜਾਈ ਲੜ੍ਹਨੀ ਹੋਵੇਗੀ। ਇਸ ਲਈ ਪੂਰੀ ਤਨਦੇਹੀ ਨਾਲ ਪੰਥ ਦੀ ਮਾਨਸਿਕਤਾ ਦੁਆਲੇ ਪਸਰੀ ਵਿਚਾਰਧਾਰਕ ਧੁੰਦ ਨੂੰ ਹਟਾਉਣਾ ਹੋਵੇਗਾ। ਸਿੱਖੀ ਨੂੰ ਸਮਰਪਿਤ, ਸਿਆਣੀ, ਸੂਝਵਾਨ ਤੇ ਦੂਰਦ੍ਰਿਸਟੀ ਵਾਲੀ ਲੀਡਰਸ਼ਿਪ ਦੀ ਸਥਾਪਤੀ ਜ਼ਰੂਰੀ ਹੈ। ਰੁਜ਼ਗਾਰ ਪ੍ਰਾਪਤੀ, ਸਿੱਖਿਆ ਤੇ ਸਿਹਤ ਸਹੂਲਤ ਸਭ ਤੋਂ ਵਧੇਰੇ ਧਿਆਨ ਮੰਗਦੀਆਂ ਹਨ। ਨਸ਼ਿਆਂ ਤੇ ਲੱਚਰਤਾ ਵਿਰੁੱਧ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਸਭ ਤੋਂ ਵਧੇਰੇ ਧਿਆਨ ਵੱਧ ਰਹੇ ਪ੍ਰਦੂਸ਼ਣ ਅਤੇ ਹਰ ਖਾਣ-ਪੀਣ ਵਾਲੀ ਚੀਜ਼ ’ਚ ਵੱਧ ਰਹੀ ਜ਼ਹਿਰ ਦੀ ਮਾਤਰਾ ਨੂੰ ਘਟਾਉਣ ਵੱਲ ਦੇਣਾ ਹੋਵੇਗਾ। ਭਾਵੇਂ ਕਿ ਜਿਵੇਂ ਪੰਜਾਬ ਦੀ ਕਹਾਵਤ ਹੈ ਕਿ ‘ਜਿੰਦ ਇੱਕ ਤੇ ਸਿਆਪੇ ਹਜ਼ਾਰਾਂ’ ਹਰ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ, ਪ੍ਰੰਤੂ ਹੁਣ ਅੱਖਾਂ ਮੀਚਣ ਦਾ ਸਮਾਂ ਨਹੀਂ ਰਿਹਾ, ਇਸ ਲਈ ਜਿਸ ਨਵੇਂ ਵਰ੍ਹੇ ਨੂੰ ਅਸੀਂ ਡਾਢੇ ਚਾਅ ਨਾਲ ਜੀ ਆਇਆ ਆਖ਼ ਰਹੇ ਹਾਂ, ਉਸ ਦਿਨ ਕੌਮ ਦੀ ਵਿਗੜੀ ਸੁਆਰਨ ਬਾਰੇ ਵੀ ਕੁਝ ਠੋਸ ਫੈਸਲਾ ਆਪਣੇ ਮਨ ਨਾਲ ਜ਼ਰੂਰ ਕਰੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,