May 12, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (12 ਮਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੰਚ ਪ੍ਰਧਾਨੀ ਦੇ ਨੌਜਵਾਨ ਸੀਨੀਅਰ ਆਗੂ ਭਾਈ ਮਨਧੀਰ ਸਿੰਘ ਦੀ ਇਕ ਝੂਠੇ ਕੇਸ ਤੇ ਸਿਆਸੀ ਬਦਲਾ-ਖੋਰੀ ਅਧੀਨ ਹੋਈ ਗ੍ਰਿਫਤਾਰੀ ਦੇ ਮਾਮਲੇ ਵਿਚ ਮਾਨਸਾ ਦੀ ਅਦਾਲਤ ਵਲੋਂ ਜਮਾਨਤ ਮਨਜੂਰ ਕੀਤੇ ਜਾਣੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਇਨਸਾਫ ਵੱਲ ਪਹਿਲਾ ਮਹੱਤਵਪੂਰਣ ਕਦਮ ਹੈ।
ਪਾਰਟੀ ਦੇ ਪ੍ਰਬੰਧਕੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖਡੂੰਰ ਨੇ ਕਿਹਾ ਹੈ ਕਿ ਮਨਧੀਰ ਸਿੰਘ ਨੂੰ ਸਿਆਸੀ ਬਦਲਾਖੋਰੀ ਤਹਿਤ ਇਕ ਝੂਠੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕੇਸ ਮਨਧੀਰ ਸਿੰਘ ਦੀ ਗ੍ਰਿਫਤਾਰੀ ਤੋਂ ਤਕਰੀਬਨ ਡੇਢ ਸਾਲ ਪੁਰਾਣਾ ਦੀ ਅਤੇ ਇਸ ਸਾਰੇ ਸਮੇਂ ਵਿਚ ਇਕ ਵਾਰ ਵੀ ਮਨਧੀਰ ਸਿੰਘ ਦਾ ਨਾਂ ਪੁਲੀਸ ਮਿਸਲ ਵਿਚ ਕਿਤੇ ਵੀ ਨਹੀਂ ਆਇਆ।
ਆਗੂਆਂ ਨੇ ਕਿਹਾ ਕਿ ਮਨਧੀਰ ਸਿੰਘ ਨੂੰ ਇਸ ਕੇਸ ਵਿਚ ਫਸਾਉਣ ਦਾ ਅਸਲ ਕਾਰਣ ਇਹ ਹੈ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਹਨ ਕਿਉਂਕਿ ਉਹ ਪੰਚ ਪ੍ਰਧਾਨੀ ਵੱਲੋਂ ਸਿਅਸੀ ਮੰਚ ਉੱਤੇ ਮਹੱਤਵਪੂਰਣ ਰੋਲ ਅਦਾ ਕਰਦੇ ਹਨ।
ਆਗੂਆਂ ਨੇ ਦਾਅਵਾ ਕੀਤਾ ਕਿ ਗ੍ਰਿਫਤਾਰੀ ਤੋਂ 3 ਮਹੀਨੇ ਬਾਅਦ ਵੀ ਸਰਕਾਰ ਅਦਾਲਤ ਵਿਚ ਚਲਾਣ ਪੇਸ਼ ਕਰਨ ਤੋਂ ਨਾਕਾਮ ਰਹੀ ਹੈ ਜੋ ਇਸ ਕੇਸ ਦੇ ਝੂਠੇ ਤੇ ਮਨਘੜ੍ਹਤ ਹੋਣ ਉੱਤੇ ਪੱਕੀ ਮੋਹਰ ਲਾਉਂਦਾ ਹੈ।
ਉਨ੍ਹਾਂ ਅਗੇ ਕਿਹਾ ਪਾਰਟੀ ਦੇ ਮੁਖੀ ਤੇ ਹੋਰ ਅਨੇਕ ਪਾਰਟੀ ਕਾਰਕੁੰਨਾਂ ਨੂੰ ਸਰਕਾਰ ਨੇ ਕਾਨੂੰਨ ਤੇ ਪੁਲਿਸ ਦੀ ਸਿਆਸੀ ਵਰਤੋਂ ਦਾ ਨਿਸ਼ਾਨਾਂ ਬਣਾ ਕੇ ਉਨ੍ਹਾਂ ਉੱਤੇ ਝੂਠੇ ਕੇਸ ਦਰਜ਼ ਕੀਤੇ ਹਨ ਜੋ ਅੱਜ ਤਕ ਝੂਠੇ ਕੇਸਾਂ ਕਾਰਣ ਜੇਲ੍ਹਾਂ ਵਿਚ ਨਜ਼ਰਬੰਦ ਹਨ। ਉਨ੍ਹਾਂ ਮੰਗ ਕੀਤੀ ਕਿ ਇਨਸਾਫ ਦਾ ਤਕਾਜਾ ਹੈ ਕਿ ਅਦਾਲਤਾਂ ਸੱਤਾ ਤੇ ਕਾਬਜ ਸਿਆਸੀ ਧਿਰਾਂ ਦੇ ਵਿਰੋਧੀਆਂ ਦੀ ਅਵਾਜ਼ ਬੰਦ ਕਰਨ ਦੇ ਇਸ ਵਰਤਾਰੇ ਦਾ ਨੋਟਿਸ ਲੈਣ ਅਤੇ ਨਜ਼ਰਬੰਦਾਂ ਦੇ ਕੇਸਾਂ ਦਾ ਫੌਰੀ ਨਿਪਟਾਰਾ ਕਰਕੇ ਉਨ੍ਹਾਂ ਬੇਕਸੂਰਿਆਂ ਦੀ ਰਿਹਾਈ ਦਾ ਰਾਹ ਪਧਰਾ ਕਰਨ। ਉਨ੍ਹਾਂ ਅਗੇ ਕਿਹਾ ਕਿ ਸਰਕਾਰ ਦੀ ਇਸ ਡਰਾਉਣ/ਧਮਕਾਉਣ ਦੀ ਨੀਤੀ ਦੇ ਬਾਵਜੂਦ ਪਾਰਟੀ ਭਾਈ ਦਲਜੀਤ ਸਿੰਘ ਦੀ ਅਗਵਾਈ ਵਿਚ ਪੰਥ ਤੇ ਪੰਜਾਬ ਦੇ ਮਸਲਿਆਂ ਨੂੰ ਪੂਰੀ ਇਮਾਨਦਾਰੀ ਤੇ ਤਾਕਤ ਨਾਲ ਉਠਾਉਂਦੇ ਹੋਏ ਉਨ੍ਹਾਂ ਦੇ ਹਲ ਤਕ ਆਪਣੀ ਜਦੋ-ਜਹਿਦ ਸ਼ਾਤਮਈ ਤੇ ਲੋਕਤੰਤਰਿਕ ਤਰੀਕੇ ਨਾਲ ਜਾਰੀ ਰਖੇਗੀ।
Related Topics: Akali Dal Panch Pardhani, Bhai Mandhir Singh, Sikh Students Federation, ਮਨਧੀਰ ਸਿੰਘ