ਆਮ ਖਬਰਾਂ

ਸੀ. ਬੀ. ਆਈ ਨੇ ਟਾਇਟਰ ਵਿਰੁੱਧ ਸਬੂਤ ਮੁੱਦਈ ਧਿਰ ਨੂੰ ਸੌਂਪਣ ਤੋਂ ਇਕ ਵਾਰ ਮੁੜ ਟਾਲਾ ਵੱਟਿਆ

March 8, 2011 | By

ਦਿੱਲੀ (ਮਾਰਚ 7, 2011): ਨਵੰਬਰ ’84 ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਪੀੜਤ ਪਰਿਵਾਰਾਂ ਤੇ ਸਿੱਖ ਜਥੇਬੰਦੀਆਂ ਨੇ ਕੜਕੜਡੁੰਮਾਂ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਸਾਫ ਬਰੀ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ। ਅੱਜ ਸ਼੍ਰੀਮਤੀ ਸਰੀਤਾ ਬੀਰਬਲ ਦੀ ਅਦਾਲਤ ਵਿੱਚ ਸੀ.ਬੀ.ਆਈ. ਨੇ ਇੱਕ ਵਾਰ ਫਿਰ ਸਿੱਖ ਕਤਲੇਆਮ ਵਿੱਚ ਮਾਰੇ ਗਏ ਗਿਆਨੀ ਬਾਦਲ ਸਿੰਘ ਦੀ ਵਿੱਧਵਾ ਦੀ ਪਟੀਸ਼ਨ ਉੱਤੇ ਪੀੜਤ ਧਿਰ ਦੇ ਵਕੀਲ ਸ. ਨਵਕਿਰਨ ਸਿੰਘ ਅਤੇ ਕਾਮਨਾ ਵੋਹਰਾ ਵੱਲੋਂ ਮੰਗੇ ਗਏ ਦਸਤਾਵੇਜ਼ ਮੁਹੱਈਆਂ ਕਰਵਾਉਣ ਤੋਂ ਟਾਲਾ ਵੱਟ ਲਿਆ।

ਇਸ ਮਸਲੇ ਦੀ ਅਗਲੀ ਪੇਸ਼ੀ 31 ਮਾਰਚ ਉੱਤੇ ਪੈ ਗਈ ਹੈ ਤੇ ਅਦਾਲਤ ਨੇ ਸੀ.ਬੀ.ਆਈ. ਨੂੰ ਹਦਾਇਤ ਕੀਤੀ ਕਿ ਸਾਰੇ ਦਸਤਾਵੇਜ਼ ਜਿਨ੍ਹਾਂ ਵਿਚ ਕਾਗਜ਼ਾਤ ਤੇ ਪੰਜ ਸੀਡੀਆਂ ਹਨ ਮੁੱਦਈ ਧਿਰ ਦੇ ਵਕੀਲਾਂ ਨੂੰ ਮੁਹੱਈਆ ਕਰਵਾਈਆਂ ਜਾਣ।

ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ 26 ਸਾਲਾਂ ਤੋਂ ਇਨਸਾਫ ਪ੍ਰਾਪਤੀ ਲਈ ਪੀੜਤ ਪਰਿਵਾਰ ਅਤੇ ਸਮੁੱਚੀ ਸਿੱਖ ਕੌਮ ਇਨਸਾਫ ਦੀ ਦੁਹਾਈ ਪਾ ਰਹੀ ਹੈ ਲੇਕਿਨ ਇਨਸਾਫ ਦੀ ਜਗ੍ਹਾ ਦੋਸ਼ੀਆਂ ਨੂੰ ਹਰ ਵੇਲੇ ਰਾਹਤ ਮਿਲਦੀ ਆ ਰਹੀ ਹੈ।ਉਨ੍ਹਾਂ ਸਵਾਲ ਕੀਤਾ ਕਿ ਜਿਹੜਾ ਕਾਨੂੰਨ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿੰਦਾ ਹੈ ਉਹ ਕਾਨੂੰਨ ਸਿੱਖਾਂ ਦੇ ਕਾਤਲਾਂ ਨੂੰ ਕਿਉਂ ਅੱਖੋ ਪਰੋਖੇ ਕਰਦਾ ਆ ਰਿਹਾ ਹੈ।

ਫੈਡਰੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਨਿਆਂ ਨਾ ਮਿਲਣਾ ਭਾਰਤ ਵਰਗੇ ਲੋਕਤਾਂਤਰਿਕ ਮੁਲਕ ਦੇ ਮੱਥੇ ਤੇ ਬਦਨੁਮਾ ਦਾਗ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਫੈਡਰੇਸ਼ਨ ਦੇ ਸਕੱਤਰ ਜਨਰਲ ਸ. ਦਵਿੰਦਰ ੰਿਸੰਘ ਸੋਢੀ, ਨਵੰਬਰ 1984 ਸਿੱਖ ਨਸਲਕੁਸ਼ੀ ਜੱਥੇਬੰਦੀ ਦੇ ਪ੍ਰਧਾਨ ਸ. ਬਾਬੂ ਸਿੰਘ ਦੁਖੀਆ, ਬੀਬੀ ਨਿਰਮਲ ਕੌਰ, ਬੀਬੀ ਪੱਪੀ ਕੌਰ, ਨਿਰਪ੍ਰੀਤ ਕੌਰ, ਫੈਡਰੇਸ਼ਨ ਆਗੂ ਦਰਸ਼ਨ ਸਿੰਘ ਘੋਲੀਆ, ਸ. ਨਰਿੰਦਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਕਾਸ਼ਤੀਵਾਲ, ਹਰਵਿੰਦਰ ਸਿੰਘ ਰਾਜਸਥਾਨ, ਗੁਰਦੀਪ ਸਿੰਘ ਚੀਮਾ,ਜਗੀਰ ਸਿੰਘ ਖਾਲਸਾ ਮੋਗਾ, ਹਰਮੇਲ ਸਿੰਘ ਅਤੇ ਸੱਜਣ ਕੁਮਾਰ ਕੇਸ ਦੇ ਮੁੱਖ ਗਵਾਹ ਜਗਸ਼ੇਰ ਸਿੰਘ ਵੀ ਹਾਜ਼ਰ ਸਨ।

ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ 31 ਮਾਰਚ ਨੂੰ ਮੁੜ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ।

ਇਥੇ ਇਹ ਗੱਲ ਖਾਸ ਤੌਰ ਉੱਤੇ ਜ਼ਿਕਰ ਕਰਨ ਯੋਗ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਤੇ ਸਿੱਖਸ ਫਾਰ ਜਸਟਿਸ ਨਾਮੀ ਜੋ ਜਥੇਬੰਦੀਆਂ ਨਵੰਬਰ 1984 ਨਾਲ ਸੰਬੰਧਤ ਮਸਲਿਆਂ ਦੀ ਕਾਨੂੰਨੀ ਪੈਰਵੀ ਕਰ ਰਹੀਆਂ ਹਨ, ਵੱਲੋਂ ਬੀਤੇ ਦਿਨੀਂ ਪਿੰਡ ਹੋਂਦ ਚਿੱਲੜ ਵਿਖੇ “ਹੋਂਦ ਕਤਲੇਆਮ 1984” ਦੀ ਯਾਦਗਾਰ ਬਣਾਉਣ ਦਾ ਐਲਾਨ ਕਰਦਿਆਂ ਸਿੱਖ ਇਨਸਾਫ ਲਹਿਰ ਦਾ ਆਗਾਜ਼ ਵੀ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,