April 11, 2024 | By ਸਿੱਖ ਸਿਆਸਤ ਬਿਊਰੋ
ਖਾਲਸਾ ਪੰਥ ਦੇ ਜੋੜ ਮੇਲਿਆਂ ਮੌਕੇ ਬਣਦੇ ਜਾ ਰਹੇ ਆਮ ਦੁਨਿਆਵੀ ਮਾਹੌਲ ਨੂੰ ਸਿੱਖ ਰਿਵਾਇਤ ਅਨੁਸਾਰੀ ਸਾਰਥਕ ਮੋੜ ਦੇਣ ਵਾਸਤੇ ਸਥਾਨਕ ਸਿੱਖ ਜਥਿਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਪ੍ਰਗਟ ਦਿਵਸ ਮੌਕੇ ਉਚੇਚੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਮੁਕਾਮੀ ਜਥਿਆਂ ਜਿਨਾਂ ਵਿੱਚ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਜਥਾ, ਪੰਥ ਸੇਵਕ ਭਾਈ ਹਰਦੀਪ ਸਿੰਘ ਮਹਿਰਾਜ ਅਤੇ ਨੌਜਵਾਨ ਆਗੂ ਸ. ਗੁਰਵਿੰਦਰ ਸਿੰਘ ਤੇ ਸਾਥੀ ਸ਼ਾਮਿਲ ਹਨ, ਵੱਲੋਂ ਬਠਿੰਡਾ ਵਿਖੇ ਇੱਕ ਪੱਤਰਕਾਰ ਵਾਰਤਾ ਕਰਕੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਥਾਨਕ ਪ੍ਰਬੰਧਕ ਤੇ ਪ੍ਰਸ਼ਾਸਨ ਇਹ ਗੱਲ ਯਕੀਨੀ ਬਣਾਵੇ ਕਿ ਦਮਦਮਾ ਸਾਹਿਬ ਵਿਖੇ ਖਾਲਸਾ ਪ੍ਰਗਟ ਦਿਵਸ (ਵਿਸਾਖੀ) ਮੌਕੇ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਦੁਨਿਆਵੀ ਰੰਗ ਤਮਾਸ਼ੇ ਜਾਂ ਸ਼ੋਰ ਸ਼ਰਾਬੇ ਵਾਲੀਆਂ ਸਰਗਰਮੀਆਂ ਨਾ ਹੋਣ।
ਇਨਾਂ ਜਥਿਆਂ ਨੇ ਕਿਹਾ ਹੈ ਕਿ ਮੁਕਾਮੀ ਸੰਗਤ ਵੱਲੋਂ ਕੀਤੇ ਗਏ ਯਤਨਾਂ ਤਹਿਤ ਇਸ ਵਾਰ ਜਨਵਰੀ ਮਹੀਨੇ ਦੇ ਅਖੀਰ ਵਿੱਚ ਮਸਤੂਆਣਾ ਸਾਹਿਬ ਵਿਖੇ ਜੁੜੇ ਜੋੜ ਮੇਲੇ ਦੇ ਮਾਹੌਲ ਵਿੱਚ ਸਾਰਥਕ ਸੁਧਾਰ ਹੋਏ ਸਨ। ਪ੍ਰਬੰਧਕਾਂ ਵੱਲੋਂ ਪਹਿਲ ਕਦਮੀ ਕੀਤੀ ਜਾਵੇ ਤਾਂ ਸਥਾਨਕ ਜਥਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਮਾਹੌਲ ਵਿੱਚ ਸਾਰਥਕ ਤਬਦੀਲੀ ਲਿਆਂਦੀ ਜਾ ਸਕਦੀ ਹੈ।
Related Topics: Baba Hardeep Singh Mehraj, Bhai Malkeet Singh Bhawanigarh, Damdama Sahib, khalsa sajna dihara, Lakhi Jangal Khalsa, Panth Sewak, Sikh Jatha Malwa