ਖਾਸ ਖਬਰਾਂ » ਸਿੱਖ ਖਬਰਾਂ

ਸ਼੍ਰੋ.ਗੁ.ਪ੍ਰ. ਕਮੇਟੀ ਚੋਣਾਂ: ਉਮੀਦਵਾਰ ਦਾ ਐਲਾਨ ਪਾਰਟੀਆਂ ਨਾ ਕਰਨ, ਸੰਗਤ ਸਾਂਝੀ ਰਾਇ ਨਾਲ ਫੈਸਲਾ ਕਰ ਕੇ ਉਮੀਦਵਾਰ ਚੁਣੇ

October 30, 2023 | By

ਚੰਡੀਗੜ੍ਹ –  ਪੰਥਕ ਸਫਾਂ ਵਿਚ ਸਰਗਰਮ ਜਥਾ,  ਸਿੱਖ ਜਥਾ ਮਾਲਵਾ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸੰਗਤਾਂ ਦੇ ਸਨਮੁੱਖ ਕੁਝ ਬੇਨਤੀਆਂ ਕੀਤੀਆਂ ਗਈਆਂ ਹਨ ।ਉਹਨਾਂ ਦੁਆਰਾ ਜਾਰੀ ਕੀਤਾ ਪ੍ਰੈਸ ਨੋਟ ਅਸੀ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੰਨ-ਬਿੰਨ ਸਾਂਝਾ ਕਰ ਰਹੇ ਹਾਂ –

ਪ੍ਰੈਸ ਨੋਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਹਰ ਸੁਹਿਰਦ ਸਿੱਖ ਠੀਕ ਕਰਨਾ ਚਾਹੁੰਦਾ ਹੈ ਪਰ ਇਸ ਕਾਰਜ ਲਈ ਹਰ ਵਾਰ ਪਾਰਟੀਆਂ ਉੱਤੇ ਟੇਕ ਲਾ ਲਈ ਜਾਂਦੀ ਹੈ, ਜਿਸ ਕਰਕੇ ਇਹ ਕਾਰਜ ਨੇਪਰੇ ਨਹੀਂ ਚੜ੍ਹਦਾ। ਪਾਰਟੀਆਂ ਆਪਣੇ ਹਿਸਾਬ ਕਿਤਾਬ ਲਾ ਕੇ ਬਿਨਾਂ ਸੰਗਤ ਦੀ ਰਾਇ ਨਾਲ ਚੋਣਾਂ ਲਈ ਆਪਣੇ ਉਮੀਦਵਾਰ ਐਲਾਨ ਦਿੰਦੀਆਂ ਹਨ। ਇਸ ਤਰੀਕੇ ਐਲਾਨਿਆ ਉਮੀਦਵਾਰ ਸਿਰਫ ਆਪਣੀ ਪਾਰਟੀ ਦੇ ਮੁਖੀ ਨੂੰ ਜਵਾਬਦੇਹ ਹੁੰਦਾ ਹੈ। ਆਗੂ ਚੁਣਨ ਦਾ ਇਹ ਤਰੀਕਾ ਸਾਡੀ ਰਵਾਇਤ ਦੇ ਅਨੁਸਾਰੀ ਨਹੀਂ ਹੈ। ਗੁਰੂ ਖਾਲਸਾ ਪੰਥ ਵਿੱਚ ਸ੍ਰੀ ਗੁਰੂ ਨਾਨਕ ਸੱਚੇ ਪਾਤਿਸਾਹ ਹਜੂਰ ਦੇ ਸਮੇਂ ਤੋਂ ਹੀ ਆਗੂ ਚੁਣਨ ਦੀ ਰਵਾਇਤ ਗੁਣ ਅਧਾਰਤ ਰਹੀ ਹੈ, ਵੋਟਾਂ ਵਾਲੀ ਨਹੀਂ। ਸੰਗਤ ਦੁਆਰਾ ਚੁਣੀ ਜਾਂਦੀ ਸ਼ਖਸੀਅਤ ਵਿਚ ਸਿਮਰਨ ਬੰਦਗੀ, ਪੰਥ ਪ੍ਰੇਮ ਤੇ ਦੁਨਿਆਵੀ ਗੁਣਾਂ ਦਾ ਤਵਾਜਨ ਹੁੰਦਾ ਸੀ।

ਮੌਜੂਦਾ ਸਥਾਪਿਤ ਵੋਟ ਪ੍ਰਬੰਧ ਨੂੰ ਜੇ ਹਾਲ ਦੀ ਘੜੀ ਬਦਲਣਾ ਸੰਭਵ ਨਹੀਂ ਤਾਂ ਘੱਟੋ-ਘੱਟ ਆਪਣੀ ਰਵਾਇਤ ਅਨੁਸਾਰ ਜੋ ਸੰਭਵ ਹੈ, ਓਹਦੇ ‘ਤੇ ਗੌਰ ਕਰਨੀ ਚਾਹੀਦੀ ਹੈ। ਸੰਗਤ ਨੂੰ ਆਪਣੀ ਊਰਜਾ ਅੱਧੀ ਦਰਜਨ ਪਾਰਟੀਆਂ ਨੂੰ ਇਕ ਹੋ ਕੇ ਵੋਟਾਂ ਲੜਨ ਲਈ ਸਮਝਾਉਣ ਦੀ ਥਾਂ ਆਪਣੇ ਫੈਸਲੇ ਲੈਣ ਦੀ ਰਵਾਇਤ ਨੂੰ ਬਹਾਲ ਕਰਨ ਲਈ ਲਾਉਣੀ ਚਾਹੀਦੀ ਹੈ। ਬਜਾਏ ਇਸ ਦੇ ਕਿ ਪਾਰਟੀਆਂ ਸੰਗਤ ਨੂੰ ਦੱਸਣ, ਸੰਗਤਾਂ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰਮਤਾ ਕਰਨ ਅਤੇ ਪਾਰਟੀਆਂ ਨੂੰ ਦੱਸਣ ਕਿ ਸਾਡੇ ਵੱਲੋਂ ਇਹ ਉਮੀਦਵਾਰ ਹੈ। ਇਸ ਤਰ੍ਹਾਂ ਕਰਨ ਨਾਲ ਮੁੜ ਤੋਂ ਚੰਗੇ ਗੁਣਾਂ ਵਾਲੀਆਂ ਸਖਸ਼ੀਅਤਾਂ ਜਿੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅੱਗੇ ਆਉਣਗੀਆਂ, ਨਾਲ ਹੀ ਇਹਨਾਂ ਸਖਸ਼ੀਅਤਾਂ ਉੱਤੇ ਕੁੰਡਾ ਸੰਗਤ ਦਾ ਹੋਵੇਗਾ। ਇਸ ਤਰ੍ਹਾਂ ਆਪਣੇ ਆਪ ਹੀ ਸਾਰੀਆਂ ਪਾਰਟੀਆਂ ਨੂੰ ਆਪਣੀ ਪ੍ਰਚਲਤ ਦੌੜ ਛੱਡਣੀ ਪੈ ਜਾਣੀ ਹੈ। ਇਹ ਕਾਰਜ ਤਿਆਗ ਨਾਲ ਅਤੇ ਨਿਸ਼ਕਾਮ ਰਹਿ ਕੇ ਹੀ ਕੀਤਾ ਜਾ ਸਕਦਾ ਹੈ, ਜਿਹੜੀਆਂ ਸੰਗਤਾਂ ਇਹ ਫੈਸਲੇ ਲੈਣ ਦੀ ਰਵਾਇਤ ਦੀ ਬਹਾਲੀ ਲਈ ਯਤਨ ਕਰਨ ਓਹਨਾ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਆਪ ਕਿਸੇ ਅਹੁਦੇ ਜਾ ਵੋਟਾਂ ਵਾਲੇ ਪ੍ਰਬੰਧ ‘ਚ ਆਉਣ ਦੀ ਇੱਛਾ ਨਾ ਰੱਖਦੀਆਂ ਹੋਣ, ਫਿਰ ਹੀ ਉਹਨਾਂ ਦੀ ਗੱਲ ਸੁਣੀ ਅਤੇ ਮੰਨੀ ਜਾਣੀ ਹੈ।

ਸਿੱਖ ਜਥਾ ਮਾਲਵਾ  ਸੰਗਤ ਦੁਆਰਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਉਮੀਦਵਾਰ ਚੁਣਨ ਦੀ ਪੰਥਕ ਰਵਾਇਤ ਦਾ ਹਾਮੀ ਹੈ, ਜਥੇ ਦਾ ਆਪਣਾ ਕੋਈ ਵੀ ਉਮੀਦਵਾਰ ਨਹੀਂ ਹੋਵੇਗਾ। ਇਸ ਪ੍ਰਕਿਰਿਆ ਵਿੱਚ ਨਿਭਣ ਵਾਲੀ ਸੰਗਤ ਦਾ ਜਥੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਰਹੇਗਾ। ਇਸ ਤਰ੍ਹਾਂ ਦੀ ਸਥਿਤੀ ਵਿੱਚ ਸਿਰਫ ਸੰਗਤ ਹੀ ਆਪਣੀ ਜਿੰਮੇਵਾਰੀ ਨਿਭਾ ਕੇ ਗੈਰ ਪੰਥਕ ਤਰੀਕੇ ਨੂੰ ਰੋਕ ਸਕਦੀ ਹੈ ਅਤੇ ਆਪਣੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਤਿਲ ਫੁੱਲ ਯੋਗਦਾਨ ਪਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,