ਖਾਸ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਦੇ ਮੋਜੂਦਾ ਪ੍ਰਬੰਧ ਨੇ ਮੇਰੇ ਗੁਰਸਿੱਖੀ ਅਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ: ਬਡੂੰਗਰ

April 1, 2018 | By

ਪਟਿਆਲਾ: ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮਾਂ ਦੀ ਭਰਤੀ ਵਿਚ ਬੇਨਿਯਮੀਆਂ ਦਾ ਦੋਸ਼ ਲਾਉਣ ਬਾਅਦ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵਲੋਂ ਉਪਰੋਕਤ ਮੁਲਾਜ਼ਮਾਂ ਦੀ ਹਾਜ਼ਰੀ ਬੰਦ ਕਰ ਦਿੱਤੇ ਜਾਣ ਬਾਅਦ ਅੱਜ ਪ੍ਰੋ. ਬਡੂੰਗਰ ਨੇ ਇਸ ਸਬੰਧੀ ਆਪਣਾ ਪੱਖ ਰਖਦਿਆਂ ਕਿਹਾ ਕਿ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵਲੋਂ ਮੇਰੇ ਨਿਰੋਲ ਗੁਰਸਿੱਖੀ ਅਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਸੱਚਾਈ ਖਾਲਸਾ ਪੰਥ ਸਾਹਮਣੇ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਪੂਰੀ ਪੜਤਾਲ ਕਰਵਾਈ ਜਾਵੇ।

ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਹੋਰ (ਫਾਈਲ ਫੋਟੋ)

ਮੀਡੀਆ ਦੇ ਨਾ ਜਾਰੀ ਬਿਆਨ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ, “ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਉਨ੍ਹਾਂ ਵੱਲੋਂ ਮੇਰੇ ਪ੍ਰਧਾਨਗੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਨਿਯੁਕਤੀਆਂ ਦੀ ਘੋਖ ਪੜਤਾਲ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਕਈ ਵਾਰ ਬਹੁਤ ਹੀ ਭੁਲੇਖਾ ਪਾਊ ਅਤੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਤਕਰੀਬਨ 45 ਸਾਲ ਤੋਂ ਵੱਖ-ਵੱਖ ਅਹੁਦਿਆਂ ਉਤੇ ਸਫਲਤਾ ਪੂਰਵਕ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਵੱਖ-ਵੱਖ ਮੋਰਚਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਮੇਰਠ (ਯੂ.ਪੀ.) ਦੀਆਂ ਜੇਲ੍ਹਾਂ ਵਿਚ ਵੀ ਜਾਣਾ ਪਿਆ ਹੈ। ਮੈਨੂੰ ਤਿੰਨ ਵਾਰ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਉਹ ਵੀ ਪੂਰੀ ਸਫਲਤਾ, ਗੁਰਮਤਿ ਮਰਿਆਦਾ ਅਤੇ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਦੇ ਨਿਰਧਾਰਤ ਨਿਯਮਾਂ ਦੀ 100 ਫੀਸਦੀ ਪਾਲਣਾ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ, ਜਿਸ ਦੀ ਪ੍ਰਦੇਸ਼, ਦੇਸ਼ ਅਤੇ ਵਿਦੇਸ਼ ਵਿਚ ਫੈਲੇ ਖਾਲਸਾ ਪੰਥ ਵੱਲੋਂ ਸਮੇਂ-ਸਮੇਂ ਸ਼ਲਾਘਾ ਵੀ ਕੀਤੀ ਜਾਂਦੀ ਰਹੀ ਹੈ।”

ਸਬੰਧਿਤ ਖ਼ਬਰ: ਬੇਨਿਯਮੀ ਭਰਤੀ ਦਾ ਮਾਮਲਾ: ਪ੍ਰੋ. ਬਡੂੰਗਰ ਦੇ ਲਾਏ 523 ਮੁਲਾਜ਼ਮਾਂ ਦੀ ਸ਼੍ਰੋਮਣੀ ਕਮੇਟੀ ਨੇ “ਹਾਜ਼ਰੀ ਬੰਦ” ਕੀਤੀ

“ਇਹ ਬਦਕਿਸਮਤ ਦੀ ਗੱਲ ਹੈ ਕਿ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵਲੋਂ ਮੇਰੇ ਨਿਰੋਲ ਗੁਰਸਿੱਖੀ ਅਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ ਗਿਆ ਹੈ। ਉਹ ਵੀ ਉਨ੍ਹਾਂ ਸੱਜਣਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸ੍ਰੋ. ਅ. ਦਲ ਵਿਚ ਕੋਈ ਕੁਰਬਾਨੀ ਨਹੀਂ। ਮੈਂ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਰੀਆਂ ਨਿਯੁਕਤੀਆਂ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ੍ਰੋ. ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵੱਲੋਂ ਕੀਤੇ ਗਏ ਫੈਸਲਿਆਂ ਅਨੁਸਾਰ ਸ਼੍ਰੋ.ਗ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੀ ਕੀਤੀਆਂ ਗਈਆਂ ਹਨ। ਇਉਂ ਜਾਪਦਾ ਹੈ ਕਿ ਸ਼੍ਰੋ.ਗ. ਪ੍ਰੰ. ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੜਤਾਲੀਆ ਕਮੇਟੀ ਦੇ ਨਾਦਾਨ ਮੈਂਬਰ ਸਾਹਿਬਾਨ ਨੂੰ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ਼੍ਰੋ.ਗ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵਲੋਂ ਪਾਸ ਮਤਿਆਂ ਦੀ ਜਾਣਕਾਰੀ ਹੀ ਨਹੀਂ ਹੈ। ਇਸ ਸਭ ਕੁਝ ਪਿਛੇ ਮੇਰੀ ਲੰਮੀ ਪੰਥਕ ਸੇਵਾ ਅਤੇ ਬੇਦਾਗ ਅਕਸ ਨੂੰ ਕਲੰਕਤ ਕਰਨ ਲਈ ਕੀਤਾ ਗਿਆ ਹੈ, ਪ੍ਰੰਤੂ ਖਾਲਸਾ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋ. ਗ. ਪ੍ਰੰ. ਕਮੇਟੀ ਜਿਸ ਨੂੰ ਹੋਂਦ ਵਿਚ ਲਿਆਉਣ ਲਈ ਖਾਲਸਾ ਪੰਥ ਦੇ ਪੰਥਕ ਸੰਘਰਸ਼ੀ ਯੋਧਿਆਂ ਵੱਲੋਂ ਲਾਏ 11 ਮੋਰਚਿਆਂ ਦੌਰਾਨ ਦਿੱਤੀਆਂ ਅਣਗਿਣਤ ਕੁਰਬਾਨੀਆਂ ਦਿੱਤੀਆਂ ਦਾ ਹੀ ਅਕਸ ਖਰਾਬ ਕੀਤਾ ਗਿਆ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਕਾਰਾਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਖਾਲਸਾ ਪੰਥ ਸਾਹਮਣੇ ਸੱਚਾਈ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਪੂਰੀ ਪੜਤਾਲ ਕਰਵਾਈ ਜਾਵੇ। ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੈਂ ਪੰਥ ਵੱਲੋਂ ਦਿੱਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਭੁਗਤਣ ਲਈ ਤਿਆਰ ਹਾਂ, ਜੇਕਰ ਮੇਰਾ ਪ੍ਰਰਧਾਨਗੀ ਕਾਰਜਕਾਲ ਬੇਦਾਗ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਠੀਕ ਪਾਇਆ ਜਾਵੇ ਤਾਂ ਮੈਂ ਤਾਂ ਆਪਣੇ ਇਨ੍ਹਾਂ ਨਾਦਾਨ ਮਿੱਤਰਾਂ ਨੂੰ ਅੱਗੋਂ ਬੇਨਤੀ ਕਰਾਂਗ ਕਿ ਉਹ ਅੱਗੋਂ ਤੋਂ ਅਜਿਹੀ ਪੰਥ ਵਿਰੋਧੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ। ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਪੰਥਕ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਗਰੀਬ ਘਰਾਂ ਦੇ ਹੀ ਅਤਿ ਲੋੜਵੰਦ ਬੱਚੇ-ਬੱਚੀਆਂ ਹਨ, ਜੇਕਰ ਮੇਰੇ ਵੱਲੋਂ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਅਤੇ ਤਰੱਕੀਆਂ ਗਲਤ ਹਨ ਤਾਂ ਡਾ. ਰੂਪ ਸਿੰਘ ਨੂੰ ਮੈਂ ਹੀ ਮੁੱਖ ਸਕੱਤਰ ਬਣਾਇਆ ਸੀ ਅਤੇ ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਜਿਨਾਂ ਕੁਝ ਬੰਦਿਆਂ ਨੂੰ ਜਾਣ ਬੁੱਝ ਕੇ ਫਾਰਗ ਨਹੀਂ ਕੀਤਾ ਗਿਆ ਕਿਉਂ ਕਿ ਉਨ੍ਹਾਂ ਦਾ ਸਬੰਧ ਮੌਜੂਦਾ ਪ੍ਰਬੰਧ ਨਾਲ ਹੈ। ਉਨ੍ਹਾਂ ਸਭ ਦੀਆਂ ਨਿਯੁਕਤੀਆਂ ਤਰੱਕੀਆਂ ਵੀ ਰੱਦ ਹੋਣੀਆਂ ਚਾਹੀਦੀਆਂ ਹਨ। “

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,