ਚੋਣਵੀਆਂ ਲਿਖਤਾਂ » ਜੀਵਨੀਆਂ » ਲੇਖ » ਲੜੀਵਾਰ ਕਿਤਾਬਾਂ » ਸਿੱਖ ਇਤਿਹਾਸਕਾਰੀ

ਰਾਣੀ ਸਦਾ ਕੌਰ ਬਾਰੇ ਇਤਿਹਾਸਕਾਰਾਂ ਦੀ ਰਾਏ (ਜੀਵਨੀ-ਕਿਸ਼ਤ ਚੌਥੀ)

June 22, 2019 | By

ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਤੀਜਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:-

         ਰਾਣੀ ਸਦਾ ਕੌਰ ਦਾ ਖਾਲਸਾ ਰਾਜ ਦੀ ਉਸਾਰੀ ਚ ਯੋਗਦਾਨ – ੨ (ਜੀਵਨੀ- ਕਿਸ਼ਤ ਤੀਜੀ) 


ਰਾਣੀ ਸਦਾ ਕੌਰ ਬਾਰੇ ਇਤਿਹਾਸਕਾਰਾਂ ਦੀ ਰਾਏ (ਜੀਵਨੀ-ਕਿਸ਼ਤ ਚੌਥੀ)

ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

ਪ੍ਰੋਫੈਸਰ ਸੀਤਾ ਰਾਮ ਆਪਣੀ ਲਿਖਤ ਪੁਸਤਕ ਵਿਚ ਇਸ ਤਰ੍ਹਾਂ ਲਿਖਦਾ ਹੈ ਜੋ ਅਸੀਂ ਉਸ ਦੇ ਆਪਣੇ ਸ਼ਬਦਾਂ ਵਿਚ ਇਨਬਿਨ ਲਿਖਦੇ ਹਾਂ :-

“ਰਾਣੀ ਸਦਾ ਕੌਰ ਹਿੰਦੁਸਤਾਨ ਕੀ ਮਾਇਆ ਨਾਜ਼ ਔਰਤੋਂ ਮੇਂ ਮਮਤਾਜ਼ ਦਰਜਾ ਰਖਤੀ ਹੈ। ਉਸ ਕੀ ਹਸਤੀ ਖਾਲਸਾ ਤਾਰੀਖ ਮੇਂ ਅਮੂਮਨ ਔਰ ਰਣਜੀਤ ਸਿੰਘ ਕੇ ਹਜੂਰ ਮੇਂ ਖਸੂਸਨ ਯਾਦਗਾਰ ਜ਼ਮਾਨਾ ਹੈ। ਇਸ ਖਾਤੂਨ ਨੇ ਲਗਾਤਾਰ ਤੀਸ ਸਾਲ ਤਕ ਪੰਜਾਬ ਕੀ ਮੁਲਕੀ ਤਾਰੀਖ

ਰਾਣੀ ਸਦਾ ਕੌਰ ਦੀ ਇੱਕ ਹੋਰ ਤਸਵੀਰ

ਮੈਂ ਨਮਾਇਆ ਖਿਦਮਤ ਸਰਇੰਜਾਮ ਦੀ। ਉਸੀ ਕੀ ਮਦਦ ਸੇ ਰਣਜੀਤ ਸਿੰਘ ਨੇ ਅਪਨੇ ਵਾਦ ਕੇ ਜ਼ਮਾਨੇ ਕੇ ਦੀਵਾਨ ਮੈਂ ਆਪਣੀ ਮਿਸਲ ਕਾ ਇੰਤਜ਼ਾਮ ਅਪਨੇ ਹਾਥ ਮੇਂ ਲੀਆ। ਉਸ ਕੀ ਵਸਾਤਤ ਸੇ ਰਣਜੀਤ ਸਿੰਘ ਲਾਹੌਰ ਪਰ ਕਬਜ਼ਾ ਹੂਆ, ਬਾਅਦ ਮੇਂ ਬੀ ਯੇ ਬੇਦਾਰ ਮਹਾਜ਼ ਔਰਤ ਰਣਜੀਤ ਸਿੰਘ ਤੇ ਹਰ ਤਰ੍ਹਾਂ ਸੇ ਮਦਦ ਪਹੁੰਚਾਤੀ ਰਹੀ। ਬੜੇ ਬੜੇ ਨਾਮਵਰ ਜਰਨੈਲ ਕੇ ਪਹਿਲ ਬ ਪਹਿਲੂ ਮੈਦਾਨ ਜੰਗ ਮੇਂ ਲੜਨਾ ਇਸਕੇ ਲੀਏ ਮਾਮੂਲੀ ਕਾਮ ਥਾ। ਅਪਨੀ ਰਿਆਸਤ ਕਾ ਇੰਤਜ਼ਾਮ ਇਸ ਖੁਬੀ ਨੇ ਕਰਤੀ ਥੀ ਕਿ ਮੁਦੱਬਰਾਨ ਸਲਤਨਤ ਰਸ਼ਕ ਖਾਤੇ ਥੇ । ਰਣਜੀਤ ਸਿੰਘ ਕੇ ਅਰਜ ਕੇ ਲੀਏ ਤੇ ਰਾਣੀ ਸਦਾ ਕੌਰ ਜ਼ੀਨਾਂ ਕੀ ਪਹਿਲੀ ਸੀੜੀ ਕੀ ਮਾਨਿੰਦ ਥੀ, ਜਿਸ ਕੇ ਜਰੀਏ ਵੁਹ ਆਖਰ ਚੋਟੀ ਪਰ ਪਹੁੰਚ ਕਰ ਪੰਜਾਬ ਮੇਂ ਖਾਲਸਾ ਸਲਤਨਤ ਕਾਇਮ ਕਰਨੇ ਮੇਂ ਕਾਮਯਾਬ ਹੂਆ।”

ਸੱਯਦ ਮੁਹੰਮਦ ਲਤੀਫ ਲਿਖਦਾ ਹੈ :

ਪੰਜਾਬ ਦੇ ਪੁਲੀਟੀਕਲ ਗਗਨ ਮਹਾਨ ਉੱਚੀ ਹਸਤੀ, ਜਿਸ ਨੇ ਲਗਭਗ ਤੀਹ ਬਾਲ ਆਪਣੇ ਜੀਵਨ ਦੇ ਪੰਜਾਬ ਦੀ ਰਾਜਸੀ ਸੇਵਾ ਨੂੰ ਅਯੰਤ ਸਿਆਣਪ ਤੇ ਯੋਗਤਾ ਨਾਲ ਨਿਬਾਹਿਆ, ਇਸ ਦੇਵੀ ਦੇ ਉੱਚੇ ਕਮਾਲ ਦੇਖ ਕੇ ਮਨੁਖ ਹੈਰਾਨ ਰਹਿ ਜਾਂਦਾ ਹੈ। ਇਸ ਦਾ ਅਮੁਕ ਦੇਸ਼ ਪਿਆਰ, ਇਸ ਦੀ ਪ੍ਰਬੰਧਕ ਸ਼ਕਤੀ, ਇਸ ਦੀ ਮੈਦਾਨ ਜੰਗ ਵਿਚ ਨਿਡਰਤਾ ਤੇ ਬੀਰਤਾ ਨਜ਼ੀਰ ਆਪ ਸੀ। ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਮਹਾਨ ਸ਼ਕਤੀਵਾਨ ਹੋਣ ਅਤੇ ਉੱਨਤੀ ਦੀ ਟੀਸੀ ਪਰ ਪਹੁੰਚਾਣ ਵਿਚ ਇਸ ਸਰਦਾਰਨੀ ਦਾ ਬਹੁਤ ਕੁਝ ਹੱਥ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਪਹਿਲੇ ਭਾਗ ਵਿਚ ਉਸ ਦੀ ਹਰ ਇਕ ਲੋੜ ਦੇ ਪੂਰਾ ਕਰਨ ਵਿਚ ਇਹ ਉਸ ਦੀ ਸਾਥਣ ਤੇ ਸਹਾਇਕ ਸੀ। ਪੰਜਾਬ ਵਿਚ ਖਾਲਸਾ ਰਾਜ ਦੀ ਉਸਾਰੀ ਸਮੇਂ ਆਰੰਭ ਵਿਚ ਇਹ ਸਰਦਾਰਨੀ ਸਭ ਤੋਂ ਮੋਹਰੇ ਰਹਿੰਦੀ ਰਹੀ। ਇਸ ਨੇ ਆਪਣੀ ਸਾਰੀ ਸ਼ਕਤੀ; ਰਸੂਖ ਅਤੇ ਯੋਗਤਾ ਮਹਾਰਾਜਾ ਨੂੰ ਸਫਲ ਕਰਨ ਵਿਚ ਵਰਤੀ ਸੀ।

ਪ੍ਰੋਫੈਸਰ ਨਰਿੰਦਾ ਕ੍ਰਿਸ਼ਨ ਸਿਨਾਹ ਲਿਖਦਾ ਹੈ :

ਸਦਾ ਕੌਰ ਨੇ ਖਾਲਸਾ ਰਾਜ ਦੀ ਉਸਾਰੀ ਵਿਚ ਸਭ ਤੋਂ ਵਧ ਘਾਲਾਂ ਘਾਲੀਆਂ ਸਨ, ਉਹ ਇਸ ਰਾਜ ਦੀ ਉਸਾਰੀ ਵਿਚ ਮੀਰ-ਇਮਾਰਤ ਦਾ ਕੰਮ ਕਰਦੀ ਰਹੀ ਹੈ। ਉਸ ਦੀ ਇਹ ਸੇਵਾ ਸਦਾ ਲਈ ਅਟੱਲਤਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ।

ਮਿਸਟਰ ਗੁਲਸ਼ਨ ਲਾਲ ਚੋਪੜਾ ਲਿਖਦਾ ਹੈ :

ਸਰਦਾਰਨੀ ਸਦਾ ਕੌਰ ਸਰਬ ਗੁਣਾਂ ਵਿਚ ਨਿਪੁੰਨ ਹੋਣ ਦੇ ਕਾਰਨ ਇਸਤ੍ਰੀ ਜਾਤੀ ਵਿਚ ਇਕ ਅਸਾਧਾਰਨ ਯੋਗਤਾ ਦੀ ਮਾਲਕ ਸੀ। ਆਪਣੀ ਫੌਜੀਕਤ ਤੇ ਦੂਰਦ੍ਰਿਸ਼ਟੀ ਦੇ ਕਾਰਨ, ਖਾਲਸਾ ਰਾਜ ਦੀ ਉਸਾਰੀ ਵਿੱਚ; ਇਸ ਨੇ ਸਭ ਤੋਂ ਵੱਧ ਹਿੱਸਾ ਲਿਆ ਸੀ। ਪੰਜਾਬ ਵਿੱਚ ਇਹ ਇੱਕ ਵੱਡੀ ਤਾਕਤ ਗਿਣੀ ਜਾਂਦੀ ਸੀ।

ਸਰ ਲੈਪਲ ਗ੍ਰਿਫਨ ਲਿਖਦਾ ਹੈ :

ਮਾਈ ਸਦਾ ਕੌਰ ਇਸ ਸ਼ਰੇਣੀ ਵਿਚ ਅਦੁਤੀ ਬਹਾਦਰ ਅਤੇ ਅਸਾਧਾਰਨ ਯੋਗਤਾ ਦੀ ਮਾਲਕ ਸੀ। ਇਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉੱਚਾ ਕਰਨ ਵਿਚ ਬਹੁਤ ਕੁਝ ਕੁਰਬਾਨੀਆਂ ਕੀਤੀਆਂ ਸਨ।

ਪ੍ਰਿੰਸਪ ਲਿਖਦਾ ਹੈ :

ਸਰਦਾਰਨੀ ਸਦਾ ਕੌਰ ਇਕ ਵੱਡੀ ਬਹਾਦਰ ਤੇ ਸੁਘੜ ਇਸਤ੍ਰੀ ਸੀ, ਇਸੇ ਦੀ ਤਾਕਤ ਤੇ ਸਹਾਇਤਾ ਨਾਲ (ਮਹਾਰਾਜਾ) ਰਣਜੀਤ ਸਿੰਘ ਨੇ ਇੰਨੀ ਛੇਤੀ ਖਾਲਸਾ ਰਾਜ ਕਾਇਮ ਕਰ ਲਿਆ।

                                                                         ਸਦਾ ਕੌਰ ਦੇ ਜੀਵਨ ਪਰ ਇੱਕ ਨਜ਼ਰ

ਇਸਤ੍ਰੀ ਜਾਤੀ ਦੇ ਇਤਿਹਾਸ ਨੂੰ ਗੌਹ ਨਾਲ ਵਾਚਿਆਂ ਕਈਆਂ ਉੱਚ ਹਸਤੀਆਂ ਦੇ ਜੀਵਨ ਪੜਨ ਵਿਚ ਆਉਂਦੇ ਹਨ, ਪਰ ਇਸ ਸ਼ਰੇਣੀ ਵਿਚ ਜੋ ਉੱਚਾ ਮੁਰਾਤਬਾ ਮਾਨਯੋਗ ਸਰਦਾਰਨੀ ਸਦਾ ਕੌਰ ਜੀ ਨੂੰ ਪ੍ਰਾਪਤ ਹੈ ਉਹ ਹੋਰਥੇ ਕਿਤੇ ਨਹੀਂ ਮਿਲਦਾ । ਜੇ ਆਪ ਜੀ ਦੇ ਵਰਯਾਮਤਾ ਤੇ ਨਿਰਭੈਤਾ ਦੇ ਕਾਰਨਾਮੇ ਦੇਖੀਏ ਤਾਂ ਹੈਰਾਨ ਰਹਿ ਜਾਈਦਾ ਹੈ। ਆਪਣੀ ਆਬਦਾਰ ਤਲਵਾਰ ਧੂਹ ਸਾਰੀ ਫੌਜ ਤੋਂ ਅੱਗੇ ਹੋ ਆਪਣੇ ਨਾਲੋਂ ਕਈ ਗੁਣਾ ਵਧ ਵੈਰੀਆਂ ਪਰ ਰਣਤਿਆਂ ਵਿਚ ਫਤਹਯਾਬੀਆਂ ਪਾਉਣੀਆਂ ਇਹ ਆਪ ਦਾ ਹੀ ਕਮਾਲ ਸੀ । ਜੇ ਸੁਘੜਤਾ, ਦੂਰ-ਦ੍ਰਿਸ਼ਟੀ, ਪ੍ਰਬੰਧਕ ਸ਼ਕਤੀ ਤੇ ਦਬਦਬੇ ਦੇ ਗੁਣਾਂ ਵਲ ਦਿਸ਼ਟੀ ਦੇਈਏ ਤਾਂ ਹੋਰ ਵੀ ਅਸਰਚਜ਼ ਹੋ ਕੇ ਰਹਿ ਜਾਈਦਾ ਹੈ। ਦੇਸ਼ ਵਿਚ ਆਮ ਦੇਖਣ ਵਿਚ ਆਉਂਦਾ ਹੈ ਕਿ ਵਿਚਾਰੀਆਂ ਵਿਧਵਾਵਾਂ ਆਪਣੇ ਮਾਲਕ ਦੇ ਵਿਛੋੜੇ ਵਿਚ ਅਧ-ਬਲੀ ਜਵਾਲਾ ਵਾਂਗ ਧੁਖ ਧੁਖ ਕੇ ਸੁਆਹ ਹੋ ਜਾਂਦੀਆਂ ਹਨ ਪਰ ਆਪ ਨੇ ਜਿਸ ਸਮੇਂ ਮੈਦਾਨ ਜੰਗ ਵਿਚ ਆਪਣੇ ਪ੍ਰਾਣਪਿਯ ਨੂੰ ਲਹੂ ਵਿਚ ਡੁੱਬਿਆ ਹੋਇਆ ਡਿੱਠਾ ਤਾਂ ਬਜਾਏ ਇਸ ਦੇ ਕਿ ਉਹ ਵੈਣ ਪਾਉਂਦੀ ਤੇ ਧਰੁਸੀਆਂ ਲੈਂਦੀ, ਆਪ ਦੇ ਸਿੱਖੀ ਜੋਸ਼ ਨੇ ਹੁਲਾਰਾ ਖਾਧਾ ਤੇ ਸ਼ੇਰਨੀ ਦੀ ਤਰ੍ਹਾਂ ਉਸੇ ਮੈਦਾਨ ਵਿਚ ਆਪਣੇ ਪਤੀ ਦੇ ਸ਼ਸ਼ਤ ਪਹਿਨ ਲਏ ਅਤੇ ਜਿਵੇਂ ਇਕ ਪਹਿਰਦਾਰ ਪਹਿਰੇ ਦਾ ਸਮਾਂ ਪੂਰਾ ਹੋ ਜਾਏ ਤਾਂ ਉਸ ਦੀ ਬਦਲੀ ਪਰ ਹੋਰ ਸੰਤਰੀ ਆ ਖਲੋਂਦਾ ਹੈ, ਠੀਕ ਤਿਵੇਂ ਹੀ ਇਸ ਨੇ ਆਪਣੇ ਜੀਵਨ ਸਾਥੀ ਤੇ ਸਾਰੇ ਕੰਮਾਂ ਦੇ ਭਾਰ ਨੂੰ ਵਿਛੋੜੇ ਦੇ ਪਹਿਲੇ ਦਿਨ ਤੋਂ ਹੀ ਆਪਣੇ ਮੋਢਿਆਂ ਪਰ ਲੈ ਲਿਆ ਤੇ ਉਹ ਕੁਝ ਕਰ ਕੇ ਦੱਸ ਦਿਤਾ ਜਿਸ ਦੀ ਨਜ਼ੀਰ ਕੋਈ ਨਹੀਂ ਮਿਲਦੀ। ਕਈ ਹਜਾਰ ਖੁਸਰ ਫੌਜ ਨੂੰ ਇੰਨੇ ਵਧੀਆ ਪ੍ਰਬੰਧ ਵਿਚ ਰੱਖਣਾ ਅਤੇ ਲੱਖਾਂ ਦੀ ਜਾਇਦਾਦ ਦੀ ਸੱਪਣੀ ਦਾ ਭਾਰ ਚੁੱਕਣਾਂ ਤੇ ਇਸ ਨੂੰ ਪੂਰਨ ਸਫ਼ਲਤਾ ਨਾਲ ਨਿਬਾਹੁਣਾ, ਇਹ ਕੇਵਲ ਆਪ ਦਾ ਹੀ ਕੰਮ ਸੀ। ਨੌਜਵਾਨ ਗੁਰਬਖ਼ਸ਼ ਸਿੰਘ ਦੀ ਮੌਤ ਨੇ ਬਿੱਧ ਸਰਦਾਰ ਜੈ ਸਿੰਘ ਦਾ ਲੱਕ ਤੋੜ ਦਿੱਤਾ ਸੀ, ਉਸ ਦੇ ਜੀਵਨ ਦੀਆਂ ਸਾਰੀਆਂ ਆਸਾਂ ਉਸ ਦੇ ਨਾਲ ਉਸੇ ਦਿਨ ਹੀ ਮੁੱਕ ਗਈਆਂ ਸਨ, ਪਰ ਇਹ ਕਿਸੇ ਬੀਰ ਸਰਦਾਰਨੀ ਜੀ ਦਾ ਕੰਮ ਸੀ ਕਿ ਇੰਨੇ ਭਾਰੀ ਬੋਝ ਨੂੰ ਆਪਣੇ ਸਿਰ ਤੇ ਚੁੱਕ ਕੇ ਸਭ ਦੀਆਂ ਚਿੰਤਾਵਾਂ ਨਵਿਰਤ ਕਰ ਦਿੱਤੀਆਂ।

ਮਹਾਂਰਾਜਾ ਰਣਜੀਤ ਸਿੰਘ ਦੇ ਦਰਬਾਰੀ ਮੁਸੱਵਰ ਵਲੋਂ ਰਾਣੀ ਸਦਾ ਕੌਰ ਦਾ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ)

ਇਸ ਦਾ ਪਹਿਲਾ ਫੈਸਲਾ – ਸਰਦਾਰ ਮਹਾਂ ਸਿੰਘ ਦੇ ਸਪੁੱਤ੍ਰ ਰਣਜੀਤ ਸਿੰਘ ਨਾਲ ਸੰਬੰਧ ਜੋੜਨਾ – ਕਿੰਨਾ ਸਿਆਣਪ ਭਰਿਆ ਸੀ, ਜਿਸ ਨਾਲ ਕੇਵਲ ਮੁੱਦਤਾਂ ਤੋਂ ਦੋਵੇਂ ਮਿਸਲਾਂ, ਜੋ ਆਪਸ ਵਿਚ ਲੜ ਲੜਕੇ ਆਪਣੀ ਸ਼ਕਤੀ ਵਿਅਰਥ ਗਵਾ ਰਹੀਆਂ ਸਨ, ਸਦਾ ਲਈ ਵੈਰ ਦੀ ਥਾਂ ਮਿੱਤਤਾ ਦੇ ਰੂਪ ਵਿਚ ਪਲਟ ਗਈਆਂ, ਸਗੋਂ ਅੱਗੇ ਜਾਕੇ ਇਸ ਮੇਲ ਦੇ ਕਿੰਨੇ ਲਾਭਦਾਇਕ ਨਤੀਜੇ ਪ੍ਰਗਟ ਹੋਏ। ਇਸ ਗਲ ਵਿਚ ਜ਼ਰਾ ਵੀ ਸੰਦੇਹ ਨਹੀਂ ਕਿ ਪੰਜਾਬ ਵਿਚ ਖਾਲਸਾ ਰਾਜ ਦੀ ਉਸਾਰੀ ਲਈ ਇਸ ਸੰਬੰਧ ਨੇ ਨੀਂਹ ਦੇ ਪੱਥਰ ਦਾ ਕੰਮ ਦਿੱਤਾ।

ਲਾਹੌਰ ਦੀ ਫਤਹ ਸਮੇਂ ੧੫ ਹਾੜ ਸੰਮਤ ੧੮੫੬ ਬਿ: ਦੇ ਦਿਨ ਸਭ ਤੋਂ ਕਠਨ ਮੋਰਚਾ ਦਿੱਲੀ ਦਰਵਾਜ਼ੇ ਦਾ ਆਪ ਨੇ ਹੀ ਆਪਣੀ ਬੀਰਤਾ ਤੇ ਨਿਡਰਤਾ ਦੇ ਜੌਹਰ ਦੱਸਕੇ ਸਫ਼ਲਤਾ ਤੱਕ ਪਹੁੰਚਾ ਦਿੱਤਾ ਸੀ ਤੇ ਇੱਕੋ ਹੱਲੇ ਨਾਲ ਪੰਜਾਬ ਦੀ ਰਾਜਧਾਨੀ ਪਰ ਕਬਜ਼ਾ ਕਰ ਲੈਣਾ ਅਤੇ ਇੰਨਾ ਘਟ ਜਾਨੀ ਤੇ ਮਾਲੀ ਨੁਕਸਾਨ ਹੋਣਾ, ਇਹ ਆਪ ਦੇ ਜੰਗੀ ਹੁਨਰ ਦਾ ਪ੍ਰਤੱਖ ਸਬੂਤ ਸੀ। ਇਸ ਸਮੇਂ ਲਾਹੌਰ ਨੂੰ ਵਿਜਈ ਫੌਜ ਦੀ ਲੁੱਟਮਾਰ ਤੋਂ ਬਚਾਕੇ ਪਰਜਾ-ਪਿਆਰ ਦਾ ਇਕ ਐਸਾ ਨਮੂਨਾ ਕਾਇਮ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਇੱਥੋਂ ਦੇ ਵਸਨੀਕਾਂ ਨੇ ਕਦੇ ਵੀ ਨਾ ਸੀ ਡਿੱਠਾ। ਇਸ ਦਾ ਅਸਰ ਇੱਥੋਂ ਦੇ ਨਿਵਾਸੀਆਂ ਪੁਰ ਇਹ ਹੋਇਆ ਕਿ ਉਨ੍ਹਾਂ ਸਾਰਿਆਂ ਦੇ ਮਨ ਆਪ ਜੀ ਨੇ ਆਪਣੇ ਹਥ ਵਿਚ ਕਰ ਲਏ ਤੇ ਉਹ ਐਸੇ ਕ੍ਰਿਤੱਗਯ ਹੋਏ ਕਿ ਇਨ੍ਹਾਂ ਨਵੇਂ ਹਾਕਮਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਖੁਸ਼ੀ ਵਿਚ ਕਈ ਦਿਨਾਂ ਤੱਕ ਹਰ ਮਜ਼ਬ ਤੇ ਹਰ ਫਿਰਕੇ ਦੇ ਲੋਕਾਂ ਨੇ ਮਿਲਕੇ ਆਪੋ ਆਪਣੇ ਮਕਾਨਾਂ ਪਰ ਦੀਪਮਾਲਾਂ ਕੀਤੀਆਂ। ਲਾਹੌਰ ਦੇ ਕਿਲ੍ਹੇ ਨੂੰ ਸ਼ੇਰਿ ਪੰਜਾਬ ਦੀਆਂ ਤੋਪਾਂ ਦੀ ਤਬਾਹੀ ਤੋਂ ਬਚਾਕੇ ਕਿਲ੍ਹੇ ਵਾਲਿਆਂ ਲਈ ਇੱਨੀ ਖੁਦਿਲੀ ਦਾ ਵਰਤਾਰਾ ਤੇ ਉਨ੍ਹਾਂ ਲਈ ਬਹੁਤ ਬੜੀ ਜਾਗੀਰ ਆਪਣੇ ਜਵਾਈ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰਵਾਨ ਕਰਵਾਈ, ਇਹ ਸਭ ਕੁਝ ਆਪ ਦੇ ਉੱਚ ਦਿਲ ਤੇ ਦਿਮਾਗ ਦਾ ਕੰਮ ਸੀ।

ਸ਼ੇਰਿ ਪੰਜਾਬ ਲਈ ਮਹਾਰਾਜਾ ਦੀ ਪਦਵੀ ਤਜਵੀਜ਼ ਕਰਨੀ ਤੇ ਇਸ ਕੰਮ ਚੜਾਣਾ ਆਪ ਦਾ ਹੀ ਯੋਗਤਾ ਦਾ ਲਖਾਇਕ ਸਿੱਧ ਹੁੰਦਾ ਹੈ।

ਸੰਨ ੧੮੦੨ ਈ: ਵਿਚ ਸ੍ਰੀ ਅੰਮ੍ਰਿਤਸਰ ਜੀ ਨੂੰ ਖਾਲਸਾ ਰਾਜ ਨਾਲ ਮਿਲਾਣ ਸਮੇਂ, ਇਸ ਪਾਵਨ ਗੁਰਧਾਮ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ, ਜਿਹੜੀ ਵਿਉਂਤ ਆਪ ਜੀ ਨੂੰ ਸੁੱਝੀ ਉਹ ਬੜੀ ਵਚਿੱਤ ਸੀ, ਜਿਵੇਂ ਕਿ ਆਪ ਪਿੱਛੇ ਪੜ੍ਹ ਆਏ ਹੋ ਕਿ ਗੁਰੂ-ਧਾਮ ਦੀ ਪ੍ਰਕਰਮਾਂ ਕਰਦਿਆਂ ਤੇ ਜੈਕਾਰੇ ਗਜਾਂਦਿਆਂ, ਟਾਕਰਾ ਕਰਨ ਵਾਲਿਆਂ ਪਰ ਇੰਨਾ ਦਬਾਉ ਪਾਇਆ ਕਿ ਬਿਨਾਂ ਇੱਕ ਤੁਪਕਾ ਲਹੂ ਡੋਲ੍ਹੇ ਤੇ ਇਕ ਜਾਨ ਦੇ ਵਿਅਰਥ ਗੁਆਉਣ ਦੇ ਆਪ ਨੇ ਇਸ ਕਾਰਜ ਵਿਚ ਪੂਰਨ ਸਫ਼ਲਤਾ ਪ੍ਰਾਪਤ ਕਰ ਲਈ। ਸਰਦਾਰਨੀ ਸੁਖਾਂ ਜੀ ਤੇ ਉਨ੍ਹਾਂ ਦੇ ਸਪੁੱਤ ਸ: ਗੁਰਦਿੱਤ ਸਿੰਘ ਆਦਿ ਦੇ ਗੁਜ਼ਾਰੇ ਲਈ ਇੱਕ ਵੱਡੀ ਜਾਗੀਰ ਪ੍ਰਵਾਨ ਕਰਵਾਣੀ ਇਹ ਆਪ ਦੀ ਹੀ ਸਿਆਣਪ ਦਾ ਕੰਮ ਸੀ।

ਰਾਣੀ ਸਦਾ ਕੌਰ ਵਲੋਂ ਘਨੱਯਾ ਮਿਸਲ ਦੀ ਅਗਵਾਈ ਕੀਤੇ ਜਾਣ ਦਾ ਇਕ ਮੁਸੱਵਰ ਵਲੋਂ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ; ਜਿਸ ਸਰੋਤ ਤੋਂ ਇਹ ਚਿੱਤਰ ਮਿਿਲਆ ਹੈ ਉਸ ਤੋਂ ਚਿਤਰਕਾਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜੇਕਰ ਕਿਸੇ ਪਾਠਕ ਕੋਲ ਇਸ ਬਾਰੇ ਸਟੀਕ ਜਾਣਕਾਰੀ ਹੋਵਾ ਤਾਂ ਸਿੱਖ ਸਿਆਸਤ ਨਾਲ ਜਰੂਰ ਸਾਂਝੀ ਕਰੇ)

ਸ਼ੇਰਿ ਪੰਜਾਬ ਇਆਣੀਂ ਉਮਰ ਵਿਚ ਆਪਣੇ ਪਿਤਾ ਥੀ ਵਿਰਵਾ ਹੋ ਇੱਕਲਾ ਰਹਿ ਗਿਆ ਅਤੇ ਕਦਮ ਕਦਮ ਪਰ ਉਸ ਦੀ ਜਾਨ ਲੈਣ ਲਈ ਵੈਰੀ ਤਾੜ ਵਿਚ ਸਨ, ਤਾਂ ਇਸ ਨਾਜ਼ਕ ਸਮੇਂ ਇਹ ਇਸੇ ਸ਼ੇਰਨੀ ਦਾ ਕੰਮ ਸੀ ਕਿ ਨਾ ਕੇਵਲ ਇਸ ਦੀ ਰਖਿਆਹੀ ਕੀਤੀ, ਸਗੋਂ ਉਸ ਦਾ ਜੀਵਨ ਐਸੇ ਸੱਚੇ ਵਿਚ ਢਾਲ ਕੇ ਇੱਨੇ ਉੱਚੇ ਗੁਣਾਂ ਨਾਲ ਭੂਸ਼ਿਤ ਕਰ ਦਿੱਤਾ ਕਿ ਜਦ ਉਹ ਸੰਨ ੧੭੯੯ ਵਿਚ ‘ਸ਼ੇਰਿ ਪੰਜਾਬ’ ਦੇ ਰੂਪ ਵਿਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਤਾਂ ਉਸ ਦੀ ਯੋਗਤਾ ਨੂੰ ਦੇਖਕੇ ਦੇਖਣ ਵਾਲੇ ਹੈਰਾਨ ਰਹਿ ਗਏ ਸਨ। ਇੱਥੇ ਬੱਸ ਨਹੀਂ, ਮਹਾਰਾਜਾ ਰਣਜੀਤ ਸਿੰਘ ਤੋਂ ਛੁੱਣ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਜਿਸ ਯੋਗ ਤਰੀਕੇ ਨਾਲ ਆਪ ਨੇ ਵਡੀਰਿਆ ਆਪ ਨੂੰ ਸਦੀਵੀ ਵਡਿਆਈ ਦਾ ਭਾਗ ਬਣਾਇਆ ਗਿਆ।

ਸਰਦਾਰਨੀ ਸਦਾ ਕੌਰ ਨੂੰ ਕੁਦਰਤ ਵਲੋਂ ਇਕ ਐਸੀ ਸ਼ਕਤੀ ਪ੍ਰਾਪਤ ਸੀ ਕਿ ਆਪ ਦੀ ਸੰਗਤ ਤੇ ਛੋਹ ਤੋਂ ਬੀਰਤਾ ਤੇ ਨਿਰਭੈਤਾ ਸੁਤੇ ਸਿੱਧ ਮਨੁੱਖਾਂ ਵਿਚ ਆ ਜਾਂਦੀ ਸੀ। ਮਾਈ ਦੇਸਾਂ ਨਾਮੀ ਆਪ ਦੀ ਇੱਕ ਦਾਸੀ ਸੀ, ਜਿਹੜੀ ਆਪ ਨੂੰ ਕੱਪੜੇ ਪਹਿਨਾਉਂਦੀ ਹੁੰਦੀ ਸੀ। ਰਾਣੀ ਜੀ ਨਾਲ ਰਹਿਣ ਬਹਿਣ ਦੇ ਕਾਰਨ ਉਸ ਵਿਚ ਐਸੀ ਵਰਯਾਮਤਾ ਆ ਗਈ ਕਿ ਇਕ ਸਮੇਂ ਉਸ ਨੇ ਇਕ ਬੜੇ ਪ੍ਰਸਿੱਧ ਜਰਨੈਲ ਨੂੰ ਉਹ ਫੁਲਾਦੀ ਚਣੇ ਚਬਾਏ ਕਿ ਉਹ ਆਪਣੇ ਸਾਰੇ ਜੀਵਨ ਵਿ ਮਾਈ ਦੇਸਾਂ ਦੀ ਬੀਰਤਾ ਦੀ ਸ਼ਲਾਘਾ ਕਰਦਾ ਰਿਹਾ। ਆਪ ਦਾ ਆਚਰਨ ਉੱਚਤਾ ਦਾ ਇੱਕ ਉੱਤਮ ਨਮੂਨਾ ਸੀ, ਆਪ ਦੀ ਅਵਾਜ਼ ਬੜੀ ਗਰਜਵੀਂ ਸੀ। ਜਦ ਖਾਲਸਾ ਫੌਜ ਨੂੰ ਕਿਸੇ ਤਰ੍ਹਾਂ ਦਾ ਹੁਕਮ ਸੁਣਾਉਂਦੇ ਹੁੰਦੇ ਸਨ ਤਾਂ ਦੂਰ ਤੱਕ ਧਰਤਿ ਅਕਾਸ਼ ਗੂੰਜ ਉੱਠਦੇ ਸਨ। ਮੁਕਦੀ ਗੱਲ ਇਹ ਕਿ ਇਸ ਜ਼ਾਤੀ ਦੀ ਇਸ ਮਹਾਨ ਹਸਤੀ ਪਰ ਖਾਲਸਾ ਕੌਮ ਜਿੱਨਾ ਭੀ ਮਾਨ ਕਰੇ ਉੱਨਾ ਹੀ ਥੋੜਾ ਹੈ।

 


ਉਕਤ ਪ੍ਰਸੰਗ “ਖਾਲਸਾ ਰਾਜ ਦੇ ਉਸਰਈਏ” ਕਿਤਾਬ ਵਿਚੋਂ ਛਾਪਿਆ ਗਿਆ ਹੈ। ਇਹ ਕਿਤਾਬ ਤੁਸੀਂ ਸਿੱਖ ਸਿਆਸਤ ਰਾਹੀਂ ਖਰੀਦ ਸਕਦੇ ਹੋ –

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: