ਚੋਣਵੀਆਂ ਲਿਖਤਾਂ » ਲੇਖ » ਸਿੱਖ ਇਤਿਹਾਸਕਾਰੀ

ਸਾਕਾ ਸਰਹੰਦ (ਪ੍ਰੋ.ਹਰਿੰਦਰ ਸਿੰਘ ਮਹਿਬੂਬ)

December 28, 2023 | By

ਸਰਸਾ ਦੇ ਖੂਨੀ ਘਮਸਾਨ ਸਮੇਂ ਮਾਤਾ ਗੁਜਰੀ ਜੀ ਅਤੇ ਨਿਕੇ ਸਾਹਿਬਜ਼ਾਦੇ ਗੁਰੂ ਸਾਹਿਬ ਨਾਲੋਂ ਵਿਛੜ ਗਏ। ਘਰ ਦੇ ਨੌਕਰ ਗੰਗੂ ਬ੍ਰਾਹਮਣ ਨਾਲ ਰਾਤੋ-ਰਾਤ ਉਸ ਦੇ ਪਿੰਡ ਖੇੜੀ (ਸਹੇੜੀ) ਪਹੁੰਚੇ, ਪਰ ਬ੍ਰਾਹਮਣ ਦੇ ਦਿਲ ਵਿਚ ਪਾਪ ਛੁਪਿਆ ਸੀ। ਦੂਸਰੇ ਦਿਨ ਚੁੱਪ ਚੁਪੀਤੇ ਉਹ ਮੋਰਿੰਡੇ ਕੋਤਵਾਲ ਕੋਲ ਗਿਆ ਅਤੇ ਜੂਡਸ, ਨਾਲੋਂ ਵੱਡਾ ਗੁਨਾਹ ਕਰ ਦਿੱਤਾ। (ਜੁਡਸ ਜੋ ਕਿ ਹਜ਼ਰਤ ਈਸਾ ਦੇ ਬਾਰਾਂ ਮੁਖੀ ਚੇਲਿਆਂ ਵਿਚੋਂ ਇਕ ਸੀ, ਨੇ ‘ਰੱਬ ਦੇ ਪੁੱਤਰ’ ਨੂੰ ਸਰਕਾਰੀ ਹਾਕਮਾਂ ਕੋਲ ਫੜਾਉਣ ਦਾ ਦਗਾ ਕਮਾਇਆ ਸੀ, ਪਰ ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਅਤੇ ਉਹਨਾਂ ਦੀ ਪੂਜਯ ਬਿਰਧ ਮਾਤਾ ਨੂੰ ਸਰਹਿੰਦ ਦੇ ਜ਼ਾਲਮ ਹਾਕਮ ਦੇ ਹਵਾਲੇ ਕਰਕੇ ਗੰਗੂ ਜੂਡਸ ਨਾਲੋਂ ਵੀ ਵੱਡਾ ਦਗੇਬਾਜ਼ ਸਾਬਤ ਹੋਇਆ, ਕਿਉਂਕਿ ਮਾਸੂਮ ਬੱਚੇ ਅਤੇ ਬਿਰਧ ਇਸਤਰੀ ਵੱਧ ਤੋਂ ਵੱਧ ਬੇ-ਗੁਨਾਹ ਹੁੰਦੇ ਹਨ। ਦੂਜੇ, ਗੰਗੂ ਨੇ ਮਾਸੂਮ ਬੱਚਿਆਂ ਨੂੰ ਖਿਡਾਇਆ ਸੀ ਅਤੇ ਬਿਰਧ ਮਾਤਾ ਤੋਂ ਬੱਚਿਆਂ ਵਾਲਾ ਪਿਆਰ ਪ੍ਰਾਪਤ ਕੀਤਾ ਸੀ, ਤੀਜੇ ਉਹ ਬੇ-ਆਸਰਾ ਹੋਏ ਉਸ ਦੇ ਘਰ ਉਸ ਦੀ ਪਨਾਹ ਵਿਚ ਆਏ ਹੋਏ ਸਨ। ਹਰ ਪੱਖ ਤੋਂ ਵੇਖਿਆ ਇਹ ਜੁਡਸ ਨਾਲੋਂ ਵੀ ਵੱਡਾ ਵਿਸ਼ਵਾਸਘਾਤ ਹੈ।)

ਬਦਕਿਸਮਤ ਬ੍ਰਾਹਮਣ ਨੇ ਐਡਾ ਘੋਰ ਪਾਪ ਕਿਉਂ ਕੀਤਾ? ਇਸ ਦੇ ਸਪੱਸ਼ਟ ਤੌਰ ਤੇ ਤਿੰਨ ਕਾਰਨ, ਪਰ ਚੌਥੇ ਪਿੱਛੇ ਕੋਈ ਕਾਲ ਸੀ। ਜ਼ਾਤੀ ਈਰਖਾ, ਕਾਇਰਤਾ ਉਪਜਾਉਂਦਾ ਡਰ ਅਤੇ ਕਿਸੇ ਜਗੀਰ ਦੀ ਲਾਲਸਾ ਤਿੰਨ ਕਾਰਨ ਸਨ ਇਸ ਪਾਪ ਦੇ। ਪਹਿਲੇ ਦੋ ਕਾਰਨ ਜ਼ੋਰ ਵਾਲੇ ਅਤੇ ਤੀਜਾ ਕਾਰਨ ਦੱਬਵਾਂ ਅਤੇ ਪਹਿਲੇ ਦੋਵਾਂ ਦਾ ਸਹਾਇਕ ਸੀ। ਇਹਨਾਂ ਤੋਂ ਇਲਾਵਾ ਕਾਲੇ ਭੇਤ ਵਾਲਾ ਚੌਥਾ ਕਾਰਨ ਇਹ ਸੀ ਕਿ ਕਈ ਆਦਮੀਆਂ ਦੀ ਖੱਬੀ ਵੱਖੀ (ਦਿਲ) ਵਿਚ ਕੋਈ ਦੱਬੀ ਹੋਈ ਕਮੀਨਗੀ ਹੁੰਦੀ ਹੈ, “ਜਿਹੜੀ ਕਿਸੇ ਵੇਲੇ ਅਤਿ ਭਿਆਨਕ ਸਮਿਆਂ ਵਿਚ ਜ਼ਾਹਿਰ ਹੋ ਜਾਂਦੀ ਹੈ। ਸੋ ਦੋਵਾਂ ਸਾਹਿਬਜ਼ਾਦਿਆਂ ਨੂੰ ਸਮੇਤ ਉਹਨਾਂ ਦੀ ਦਾਦੀ ਜੀ ਦੇ ਮੋਰਿੰਡੇ ਦੇ ਕੋਤਵਾਲ ਨੇ ਗ੍ਰਿਫਤਾਰ ਕੀਤਾ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਕੋਲ ਪਹੁੰਚਾ ਦਿੱਤਾ।

ਵਜ਼ੀਰ ਖਾਂ ਹੁਣੇ ਚਮਕੌਰ ਦੀ ਜੰਗ ਤੋਂ ਵਾਪਸ ਆਇਆ ਸੀ। ਗੁਰੂ ਜੀ ਨਾਲ ਹੋਈਆਂ ਜੰਗਾਂ ਵਿਚ ਜਿੱਤ ਦੀ ਕੋਈ ਤਸੱਲੀ ਨਾਂਹ ਮਿਲ ਸਕਣ ਕਾਰਨ ਉਸ ਦੇ ਸੁਭਾਅ ਵਿਚ ਇਕ ਗੈਰ-ਕੁਦਰਤੀ ਸਖਤੀ ਆ ਗਈ ਸੀ। ਸੋ ਦੋਵਾਂ ਸਾਹਿਬਜ਼ਾਦਿਆਂ ਨੂੰ ਪਹਿਲਾਂ ਤਸੀਹੇ ਦਿੱਤੇ, ਫੇਰ ਉਹਨਾਂ ਨੂੰ ਮੁਸਲਮਾਨ ਬਣਾਉਣ ਲਈ ਭਰੀ ਕਚਹਿਰੀ ਵਿਚ ਵਡਿਆਇਆ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ ਦੀ ਸ਼ਾਨ ਸਦਾ ਲਈ ਕਲੰਕਤ ਹੋ ਜਾਵੇ। ਜਦ ਸਭ ਦੇ ਸਾਹਮਣੇ ਸਾਹਿਬਜ਼ਾਦਿਆਂ ਨੇ ਐਸਾ ਕਰਨ ਤੋਂ ਇਨਕਾਰ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਉਤੇ ਇਤਬਾਰ ਨਾਂਹ ਕੀਤਾ ਤਾਂ ਵਜ਼ੀਰ ਖਾਂ ਨੇ ਵੱਡਾ ਅਪਮਾਨ ਮੰਨਿਆ। ਹਸਦ, ਬਦਲਾ ਲੈਣ ਦੀ ਭਾਵਨਾ ਦੇ ਕੱਚੇ ਇਖਲਾਕ ਨੇ ਸੂਬੇਦਾਰ ਨੂੰ ਗੁਨਾਹ ਦਾ ਆਖਰੀ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ।

ਮੁਗਲ ਸੁਬੇਦਾਰ ਨੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ, ਨੌ ਅਤੇ ਸੱਤ ਸਾਲ ਦੇ ਦੋ ਮਾਸੂਮਾਂ ਨੂੰ, ਦੀਵਾਰਾਂ ਵਿਚ ਬੰਦ ਕਰ ਦੇਣ ਦਾ ਖੂਨੀ ਹੁਕਮ ਜਾਰੀ ਕਰ ਦਿੱਤਾ। ਇਸ ਬੇਰਹਿਮ ਹੁਕਮ ਨੂੰ ਸੁਣ ਕੇ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਵਾਲੇ ਦੀ ਜ਼ਮੀਰ ਕੁਰਲਾ ਉਠੀ ਅਤੇ ਉਸਨੇ ਆਪਣੇ ਹਾਕਮ ਨੂੰ ਅਜਿਹਾ ਕਰਨ ਤੋਂ ਰੋਕਿਆ। ਵਜ਼ੀਰ ਖਾਂ ਆਪਣੇ ਨਾਇਬ ਦੇ ਵਾਸਤਾ ਪਾਉਣ ਉਤੇ ਕੁਝ ਸੋਚ ਵਿਚ ਪੈ ਗਿਆ। ਪਰ ਕੋਲੋਂ ਹੀ ਦੀਵਾਨ ਸੁੱਚਾ ਨੰਦ, ਜੋ ਜਾਤ ਦਾ ਖਤਰੀ ਸੀ, ਅਤੇ ਸਿੱਖ ਪੰਥ ਨਾਲ ਖਾਰ ਰੱਖਦਾ ਸੀ, ਬੜੀ ਜ਼ਹਿਰੀਲੀ ਆਵਾਜ਼ ਵਿਚ ਕਹਿਣ ਲੱਗਾ, “ਖਾਂ ਸਾਹਿਬ। ਯਾਦ ਰੱਖਣਾ, ਸੱਪਾਂ ਦੇ ਬੱਚੇ ਸੱਪ ਹੀ ਬਣਨਗੇ।” ਸੁੱਚਾ ਨੰਦ ਦੇ ਇਹਨਾਂ ਲਫਜ਼ਾਂ ਨੇ ਵਜ਼ੀਰ ਖਾਂ ਦੀ ਜ਼ਮੀਰ ਵਿਚੋਂ ਰਹਿਮ ਦਾ ਆਖਰੀ ਕਤਰਾ ਵੀ ਸੁਕਾ ਦਿੱਤਾ। ਉਸ ਦਾ ਅੰਦਰ ਤਪੇ ਲੋਹੇ ਵਾਂਗ  ਲਾਲ ਹੋ ਗਿਆ, ਜਿਸ ਵਿਚ ਜ਼ਮੀਰ ਦੀਆਂ ਕੋਮਲ ਆਵਾਜ਼ਾਂ ਭਸਮ ਹੋ ਗਈਆਂ।

ਦਸਮੇਸ਼ ਦੇ ਬੇਟਿਆਂ ਨੂੰ ਮੌਤ ਦੇ ਕਹਿਰ ਵਿਚ ਖੜੇ ਕੀਤਾ ਗਿਆ ਪਰ ਉਹ ਅਡੋਲ ਰਹੇ। ਨਾਂਹ ਉਹਨਾਂ ਦੀ ਮਾਸੂਮੀ ਘਟੀ, ਨਾਂਹ ਸੁੰਦਰਤਾ, ਕੇਵਲ ਨੈਣ-ਨਕਸ਼ਾਂ ਉਤੇ ਸੱਚ ਦੀ ਗੰਭੀਰ ਪਵਿੱਤਰਤਾ ਹੋਰ ਡੂੰਘੀ ਹੁੰਦੀ ਗਈ, ਜਿਵੇਂ ਤੇਲ ਦੇ ਦੋ ਕਤਰਿਆਂ ਵਿਚ ਪੂਰੇ ਦਾ ਪੂਰਾ ਸੂਰਜ ਅਦ੍ਰਿਸ਼ਟ ਹੋ ਗਿਆ ਹੋਵੇ। ਜਦ ਤੱਕ ਦੀਵਾਰ ਨੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਨੂੰ ਢਕ ਨਹੀਂ ਲਿਆ, ਉਦੋਂ ਤਕ ਉਹਨਾਂ ਅੱਗੇ ਜ਼ਾਲਿਮ ਵਜ਼ੀਰ ਖਾਂ ਦੀ ਪੇਸ਼ਕਸ਼ ਦੁਹਰਾਈ ਗਈ, ਪਰ ਹਰ ਵਾਰ ਉਹਨਾਂ ਦੀ ਨਿਰਵੈਰ ਮਾਸੂਮੀ ਵਿਚ ਸਿਦਕ ਦਾ ਪਰਬਲ ਨੂਰ ਪਹਿਲਾਂ ਨਾਲੋਂ ਵਧੇਰੇ ਪਰਤੱਖ ਹੁੰਦਾ ਸੀ। ਉਹਨਾਂ ਦੀ ਮਾਸੁਮੀ ਰਹਿਮ ਅਤੇ ਜਬਰ ਦੋਹਾਂ ਤੋਂ ਪਾਰ ਖਲੋਤੀ ਸੀ। ਪੈਗੰਬਰ ਦੇ ਬੱਚਿਆਂ ਉਤੇ ਅਜੈ ਪਾਰ ਸੱਚ ਦੀ ਸ਼ੀਰਨੀ ਨਿਰਵਿਘਨ ਖੇਡ ਰਹੀ ਸੀ।…

ਜਦ ਦਸਮੇਸ਼ ਦੇ ਲਾਡਲੇ ਬੁਰਜ ਵਿਚ ਵਾਪਸ ਨਾਂਹ ਆਏ ਤਾਂ ਮਾਂ ਗੁਜਰੀ ਨੇ ਜਾਣ ਲਿਆ ਕਿ ਉਹ ਸ਼ਹੀਦ ਹੋ ਗਏ ਹਨ। ਕਹਿਰ ਦੇ ਘਮਸਾਨਾਂ ਵਿਚ ਮਾਤਾ ਉਹਨਾਂ ਦੇ ਨਾਲ ਰਹੀ ਸੀ, ਅਤੇ ਕਹਿਰ ਦੇ ਦਿਨਾਂ ਵਿਚ ਉਚੇ ਬੁਰਜ ਵਿਚ ਬੈਠ ਕੇ ਉਹਨਾਂ ਦੀ ਸ਼ਹੀਦੀ ਦਾ ਇੰਤਜ਼ਾਰ ਕੀਤਾ ਸੀ। ਜਦ ਉਹਨਾਂ ਦੇ ਚਲੇ ਜਾਣ ਦਾ ਵੇਲਾ ਆ ਗਿਆ ਤਾਂ ਮਾਂ ਨੇ ਵੀ ਉਹਨਾਂ ਨਾਲ ਚੱਲਣ ਦੀ ਤਿਆਰੀ ਕਰ ਲਈ। ਇੰਵ ਮਾਤਾ ਗੁਜਰੀ ਵੀ ਦੋਵਾਂ ਬੱਚਿਆਂ ਦੇ ਨਾਲ ਸ਼ਹੀਦ ਹੋ ਗਈ।

(ਇਧਰ) ਗੁਰੂ ਜੀ ਨੇ (ਅਤੇ ਤਿੰਨ ਸਿੰਘ) ਆਪਣੇ ਮੁਰੀਦ ਰਾਇ ਕੱਲੇ ਦੇ ਡੇਰੇ ਸੀਲੋਆਣੀ ਦੀ ਜੂਹ ਵਿਚ ਪਹੁੰਚ ਚੁੱਕੇ ਸਨ)। ਰਾਇ ਕੱਲਾ ਇਕ ਫਕੀਰ-ਸੀਰਤ ਮੁਸਲਮਾਨ ਸਰਦਾਰ ਸੀ-ਸਿਦਕਵਾਨ, ਰੱਜਿਆ ਪੁੱਜਿਆ, ਦੁਨੀਆਂ ਦੀਆਂ ਨਿਆਮਤਾਂ ਵਿਚੋਂ ਰੱਬ ਦਾ ਸੁਆਦ ਚੱਖਣ ਵਾਲਾ, ਸੁਖੀ ਅਤੇ ਦਲੇਰ… ਰਾਇ ਕੱਲੇ , ‘ ਨੂੰ ਗੁਰੂ ਜੀ ਦੇ ਆਨੰਦਪੁਰ ਛੱਡਣ ਪਿੱਛੋਂ ਦੇ ਕੁਲ ਹਾਲਾਤ ਮਾਲੂਮ ਹੋਏ। ਜਦ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਇਆ ਤਾਂ ਰਾਇ ਨੇ ਆਪਣੇ ਮਾਹੀ ਨਾਂ ਦੇ ਯਾਰ ਨੂੰ ਬੁਲਾਇਆ ਅਤੇ ਉਸ ਨੂੰ ਸਰਹਿੰਦ ਤੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਖਬਰ ਲਿਆਉਣ ਦੀ ਖਿਦਮਤ ਸੌਂਪੀ।

ਮਾਹੀ ਸਿੱਧਾ ਸਰਹਿੰਦ ਪਹੁੰਚਿਆ ਅਤੇ ਚਾਰ-ਪੰਜ ਦਿਨਾਂ ਪਿੱਛੋਂ ਭਾਰੀ ਗਮ ਵਿਚ ਡੁੱਬ ਕੇ ਵਾਪਸ ਆ ਗਿਆ। ਉਸ ਵੇਲੇ ਗੁਰੂ ਜੀ ਮਿੱਟੀ ਦੀ ਇਕ ਨਿੱਕੀ ਜਿਹੀ ਦਿੱਗ ਉਤੇ ਬੈਠੇ ਸਨ। ਰਾਇ ਸੁਕੇ ਹੋਏ ਘਾਹ ਉਤੇ ਗੁਰੂ ਜੀ ਦੇ ਚਰਨਾਂ ਕੋਲ ਬੈਠਾ ਸੀ। ਮਾਹੀ ਨੇ ਆਉਂਦਿਆਂ ਹੀ ਰੋ-ਰੋ ਕੇ, ਰੁਕ-ਰੁਕ ਕੇ ਜੋ ਭਾਣਾ ਸਰਹਿੰਦ ਵਿਚ ਵਰਤਿਆ ਸੀ, ਮੁਢੋਂ ਅਖੀਰ ਤਕ ਸੁਣਾ ਦਿੱਤਾ। ਜਦ ਮਾਹੀ ਦੁਖਾਂ ਦੀ ਕਹਾਣੀ ਸੁਣਾ ਰਿਹਾ ਸੀ, ਤਾਂ ਗੁਰੂ ਜੀ ਕਿਸੇ ਬੇ-ਧਿਆਨ ਡੂੰਘੀ ਉਦਾਸੀ ਵਿਚ ਕਾਹੀ ਦੇ ਇਕ ਨਿੱਕੇ ਜਿਹੇ ਬੂਟੇ ਦੀਆਂ ਜੜ੍ਹਾਂ ਨੂੰ ਖੋਦਦੇ ਰਹੇ।

ਜਦ ਮਾਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਸੁਣਾ ਚੁਕਿਆ ਤਾਂ ਸਿੰਘਾਂ ਨੇ ਉਹਨਾਂ ਦੀ ਸੱਜੀ ਅੱਖ ਵਿਚੋਂ ਇਕ ਹੰਝੂ ਤਿਲਕਦਾ ਵੇਖਿਆ। ਗੁਰੂ ਜੀ ਨੇ ਕਿਸੇ ਫੈਸਲਾਕੁੰਨ ਲਮਹੇ ਉਤੇ ਕਾਹੀ ਦੀ ਜੜ੍ਹ ਨੂੰ ਤੀਰ ਉਤੇ ਟੰਗ ਕੇ ਅਸਮਾਨ ਵੱਲ ਕੀਤਾ ਅਤੇ ਹੌਲੇ ਜਿਹੇ ਕਿਹਾ: “ਜ਼ਾਲਿਮਾਂ ਦੀ ਜੜ੍ਹ ਇਸ ਤਰ੍ਹਾਂ ਪੁੱਟੀ ਜਾਵੇਗੀ। ਮਲੇਰਕੋਟਲਾ ਆਬਾਦ ਰਹੇਗਾ। ਹਜੂਰ ਨੇ ਇਹ ਬਚਨ ਕੀਤਾ ਤਾਂ ਹੌਲੇ ਜੇਹੇ, ਪਰ ਕਾਲ ਇਕ ਗਜ਼ਬਨਾਕ ਫੈਸਲੇ ਦੀ ਨੋਕ ਉਤੇ ਟੰਗਿਆ ਗਿਆ ਅਤੇ ਇਤਿਹਾਸ ਨੂੰ ਚਲਾਉਣ ਵਾਲੇ ਸਾਰੇ ਅਦ੍ਰਿਸ਼ਟ ਨਿਯਮ ਲਰਜ਼ ਗਏ। ਜ਼ਿੰਦਗੀ ਦੇ ਸਦੀਵੀ ਵਿਧਾਨ ਪੈਗੰਬਰੀ ਫੈਸਲੇ ਦੇ ਕਿਸੇ ਇਲਾਹੀ ਕਾਂਬੇ ਦੇ ਮੂੰਹ ਵਿਚ ਆ ਗਏ। ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ ਇਸ ਨੁਕਤੇ ਤੋਂ ਸ਼ੁਰੂ ਹੋਈਆਂ।

(“ਸਹਿਜੇ ਰਚਿਓ ਖਾਲਸਾ’ ’ਚੋਂ)


ੳਕਤ ਲਿਖਤ ਪਹਿਲਾ 28 ਦਸੰਬਰ 2019 ਨੂੰ ਛਾਪੀ ਗਈ ਸੀ 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,