ਚੋਣਵੀਆਂ ਲਿਖਤਾਂ » ਲੇਖ

ਸਿੱਖ-ਮਤ ਤੇ ਬ੍ਰਾਹਮਣ-ਮਤ : ਪ੍ਰੋ. ਪੂਰਨ ਸਿੰਘ

January 16, 2019 | By

ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦੀ ਚੇਤੰਨਤਾ ਨੂੰ ਪੂਰੀ ਤਰ੍ਹਾਂ ਸਾਫ ਕਰ ਦਿਤਾ ਅਤੇ ਇਸ ਵਿਚੋਂ ਮਾਨਸਿਕ ਦੁਬਿਧਾ ਤੇ ਪ੍ਰਮੁਖ ਸੰਸਕ੍ਰਿਤ ਵਿਦਵਾਨਾਂ ਦੇ ਸਵੈ-ਅਭਿਮਾਨ ਦੇ ਝੂਠੇ ਅਧਿਆਤਮਕ ਅਭਿਮਾਨ ਦੇ ਸਾਰੇ ਧੁੰਦਲੇ ਅਸਪਸ਼ਟ ਤੇ ਬੁਰੀ ਤਰ੍ਹਾਂ ਚਿੰਬੜੇ ਹੋਏ ਜਾਲਿਆਂ ਤੋਂ, ਇਸ ਸਿੱਖ-ਚੇਤੰਨਤਾ ਨੂੰ ਮੁਕਤ ਕਰ ਦਿਤਾ ।

ਜਦੋਂ ਪੰਜਾਬ ਵਿਚ ਸਿੱਖ-ਮਤ ਦਾ ਆਗਮਨ ਹੋਇਆ ਤਾਂ ਬ੍ਰਾਹਮਣ-ਮਤ ਨੇ ਇਸ ਨੂੰ ਆਪਣੀ ਹੀ ਸੰਤਾਨ ਦਸਿਆ । ਇਸ ਨੂੰ ਆਪਣੀ ਮੁੱਠੀ ਵਿਚ ਰਖਣ ਲਈ ਅਤੇ ਕੇਵਲ ਇਸ ਲਈ ਕਿ ਗੁਰੂ ਨਾਨਕ ਦੇਵ ਜੀ ਦੀ ਮਾਤ-ਭਾਸ਼ਾ ਪੰਜਾਬੀ ਸੀ ਤੇ ਪ੍ਰਚਲਿਤ ਧਰਮ-ਸ਼ਾਸਤਰੀ ਭਾਸ਼ਾ ਹਿੰਦੂਆਂ ਵਾਲੀ ਹੀ ਸੀ, ਗੁਰੂ ਸਾਹਿਬ ਦੇ ਜੀਵਨ ਬਾਰੇ ਸੰਪੂਰਨ ਰੂਪ ਦੇ ਮੌਲਿਕ ਦ੍ਰਿਸ਼ਟੀਕੋਣ ਨੂੰ ਉਹਨਾਂ ਵਲੋਂ ਸਮਝਿਆ ਨਾ ਜਾ ਸਕਿਆ ।

ਪ੍ਰੋਫੈਸਰ ਪੂਰਨ ਸਿੰਘ ਜੀ

ਗੁਰੂ ਨਾਨਕ ਸਾਹਿਬ ਦੀ ਪ੍ਰਤਿਭਾ ਨੇ ਵੀ ਬਿਨਾਂ ਕਿਸੇ ਸਮੇਂ ਨੂੰ ਨਸ਼ਟ ਕਰਨ ਦੇ ਇਕ ਨਵੀਂ ਭਾਸ਼ਾ ਨੂੰ ਸਿਰਜ ਲਿਆ । ਆਪ ਜੀ ਦੀ ਮਹਾਨ ਪ੍ਰਤਿਭਾ ਦੀ ਛੁਹ ਮਾਤਰ ਨਾਲ ਕੋਈ ਵੀ ਭਾਸ਼ਾ ਨਵੀਂ ਤੇ ਮਹਾਨ ਬਣ ਸਕਦੀ ਸੀ। ਆਪ ਨੇ ਤਾਂ ਜੋ ਵੀ ਭਾਸ਼ਾ ਆਪ ਦੇ ਨੇੜੇ ਆਈ, ਉਸੇ ਵਿਚ ਹੀ ਆਪਣੀ ਆਤਮਾ ਦੇ ਗੀਤ ਨੂੰ ਰਚ ਦਿਤਾ ।

ਕਿਸੇ ਵੀ ਮਹਾਨ ਮੌਲਿਕ ਅਭੀਵਿਅਕਤੀ ਲਈ ਭਾਸ਼ਾ ਦੀਆਂ ਸੂਖਮਤਾਵਾਂ ਮੁਖ ਆਧਾਰ ਨਹੀਂ ਬਣ ਸਕਦੀਆਂ । ਗੁਰੂ ਨਾਨਕ ਦੇਵ ਜੀ ਨੇ ਫ਼ਾਰਸੀ ਭਾਸ਼ਾ ਦੇ ਜਾਣਕਾਰਾਂ ਲਈ ਸਥਾਨਕ ਫਾਰਸੀ ਭਾਸ਼ਾ ਦੀ ਉਕਤੀ ਦੀ ਵਰਤੋਂ ਕੀਤੀ ਅਤੇ ਸੰਸਕ੍ਰਿਤ ਭਾਸ਼ਾ ਦੇ ਜਾਣਕਾਰਾਂ ਲਈ ‘ਪ੍ਰਾਕ੍ਰਿਤ ਤੇ ਗਾਥਾ’ ਆਦਿ ਭਾਸ਼ਾਵਾਂ ਦਾ ਉਪਯੋਗ ਕੀਤਾ। ਧਰਮ ਸ਼ਾਸਤਰ ਬਾਰੇ ਜਦੋਂ ਕੋਈ ਗੱਲ ਕਰਨੀ ਹੁੰਦੀ ਤਾਂ ਆਪ ਮੁਸਲਮਾਨਾਂ ਲਈ ਕੁਰਾਨ ਦੀ ਭਾਸ਼ਾ ਦੀ ਵਰਤੋਂ ਕਰਦੇ ਅਤੇ ਹਿੰਦੂਆਂ ਲਈ ਆਪ ਪੁਰਾਨਾਂ ਦੀ ਭਾਸ਼ਾ ਨੂੰ ਵਰਤ ਲੈਂਦੇ । ਨਿਸ਼ਚੇ ਹੀ ਗੁਰੂ ਸਾਹਿਬ ਉਹਨਾਂ ਸੰਸਕ੍ਰਿਤ ਵਿਦਵਾਨਾਂ ਦੇ ਅਨੁਮਾਨਾਂ ਉਤੇ ਕਿਤੇ ਵੀ ਪੂਰਾ ਨਹੀ ਉਤਰਦੇ। ਆਪ ਦਾ ਸੰਦੇਸ਼ ਤਾਂ ਸਾਰੀਆਂ ਭਾਸ਼ਾਵਾਂ ਦੇ ਬਿੰਬਾਂ ਦੁਆਰਾ ਉਜਾਗਰ ਹੁੰਦਾ ਹੈ । ਕੋਈ ਵੀ ਮਹਾਨ ਭਵਨ ਨਿਰਮਾਤਾ ਆਕਾਸ਼ ਤੋਂ ਇੱਟਾਂ ਤੇ ਚੂਨਾ ਨਾਲ ਲੈ ਕੇ ਨਹੀਂ ਆਉਦਾ। ਉਹ ਤਾਂ ਉਥੋਂ ਕੇਵਲ ਆਪਣੇ ਮਨ ਨੂੰ ਹੀ ਲੈ ਕੇ ਆਉਦਾ ਹੈ। ਕਲਾਕਾਰ ਦੀ ਕਲਾ ਤਾਂ ਆਤਮਾ ਨੂੰ ਆਤਮਾ ਦਾ ਸਾਥੀ ਬਣਾਓੁਦੀ ਹੈ । ਇਸ ਵਿਚ ਉਸ ਵਲੋਂ ਵਰਤੀ ਗਈ ਖੜੀਆਂ-ਮਿੱਟੀ, ਮਰਮਰ ਪੱਥਰ ,ਰੰਗਾਂ, ਛੈਣੀ ਦੇ ਆਕਾਰ -ਪ੍ਰਕਾਰ, ਤੂਲਕਾ ਅਤੇ ਕਾਨੀ ਦੇ ਆਕਾਰ-ਪ੍ਰਕਾਰ ਤੇ ਰਸਾਇਣਕ ਬਣਤਰ ਆਦਿ ਦੇ ਵੇਰਵੇ ਕੋਈ ਅਰਥ ਨਹੀਂ ਰਖਦੇ ।

ਇਕ’ ਪ੍ਰਤਿਭਾ ਲਈ ਤਾਂ ਉਸ ਦੀ ਸਿਰਜਣਾ ਹੀ ਉਸ ਨੂੰ ਅਰਥ ਭਰਪੂਰ ਬਣਾਉਂਦੀ ਹੈ ਤੇ ਇਸ ਗੱਲ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ ਕਿ ਕਲਾਕਾਰ ਕਿਹੜੀ ਭਾਸ਼ਾ ਨੂੰ ਵਰਤਦਾ ਹੈ ਤੇ ਕਿਸ ਦੇਸ਼ ਦਾ ਜੰਮਪਲ ਹੈ । ਉਹ ਖ਼ੂਨ,ਜਾਤ-ਪਾਤ ਅਤੇ ਰੰਗਾਂ ਆਦਿ ਦੇ ਸੰਬੰਧ ਵਿਚ ਸਰੀਰ ਤੇ ਮਨ ਦੇ ਸਭ ਭੂਗੋਲਿਕ ਵਖਰੇਵਿਆਂ ਨਾਲੋਂ ਉਪਰ ਉਠ ਜਾਂਦਾ ਹੈ ।

ਇਕ ਮਹਾਨ ਚਿਤਰਕਾਰ ਲਈ ਗਲੀ ਦਾ ਚਿਕੜ ਵੀ ਸ਼ਾਹਕਾਰ ਚਿਤਰ ਸਿਰਜਣ ਲਈ ਢੁਕਵੀਂ ਵਸਤੂ-‘ਸਮੱਗਰੀ ਹੋ ਸਕਦਾ ਹੈ । ਇਸ ਦੀ ਤੁਲਨਾ ਵਿਚ ਛੋਟੇ ਕਲਾਕਾਰਾਂ ਲਈ ਰੰਗਾਂ ਤੇ ਬੁਰਸ਼ਾਂ ਦੀ ਚੋਣ’ ਕਰਨ ਦੀ ਚੇਸ਼ਟਾ ਨਾ ਮੁਕਣ ਵਾਲਾ ਤੇ ਸਮੇਂ ਨੂੰ ਵਿਅਰਥ ਗੁਆਉਣ ਵਾਲਾ ਚੱਕਰ ਤੇ ਗੋਰਖ-ਧੰਦਾ ਬਣ ਜਾਂਦੀ ਹੈ ।

ਗੁਰੂ ਨਾਨਕ ਜੀ ਕੋਲ ਇਤਨੀ ਵਿਹਲ ਹੀ ਨਹੀਂ ਸੀ ਕਿ ਉਹ ਅਪਣੀ ਬਾਣੀ ਦੇ ਸ਼ਬਦਾਂ ਲਈ ਕੋਸ਼ਕਾਰਾਂ ਨੂੰ ਉਹਨਾਂ ਦੇ ਅਰਥ ਬੋਧ ਕਰਵਾਉਣ ਲਈ ਸੱਦਾ ਦਿੰਦੇ । ਹਰ ਸੱਚਾ ਗੀਤ ਆਪਣੀ ਵਿਆਖਿਆ ਆਪ ਹੁੰਦਾ ਹੈ । ਇਕ ਸੁੰਦਰ ਮੁਖੜੇ ਦੀ ਆਪਣੀ ਹੀ ਭਾਸ਼ਾ ਹੁੰਦੀ ਹੈ, ਜਿਸ ਦੁਆਰਾ ਉਹ ਸਭ ਨੂੰ ਸੰਬੋਧਨ ਕਰਦਾ ਹੈ । ਸੁੰਦਰਤਾ ਇਸ ਧਰਤ ਦੀ ਕਿਸੇ ਵੀ ਭਾਸ਼ਾ ਨੂੰ ਜਾਣਦੇ ਹੋਏ ਵੀ ਸੁੰਦਰ ਹੁੰਦੀ ਹੈ । ਇਸ ਦੇ ਤਾਂ ਟੁੱਟੇ ਫੁਟੇ ਸ਼ਬਦ ਹੀ ਸ਼ੁਧ ਸੰਗੀਤ ਹੁੰਦੇ ਹਨ। ਕੋਸ਼ਕਾਰਾਂ ਦੁਆਰਾ ਇਸ ਦੀ ਵਿਆਖਿਆ ਕਰਨਾ ਤਾਂ ਖਾਹ-ਮਖਾਹ ਮਗਜ਼ਪਚੀ ਵਾਲੀ ਗੱਲ ਹੈ । ਇਸ ਦੀ ਠੀਕ ਵਿਆਖਿਆ ਤਾਂ ਉਸ ਚਰਿਤਰ ਦੇ ਨਿਰਮਾਣ ਵਿਚ ਹੈ, ਜਿਸ ਨੂੰ ਇਸ ਗੀਤ ਨੇ ਸਿਰਜਿਆ ਹੈ । ਜੇ ਉਸ ਦੀ ਇਸ ਪ੍ਰਕਾਰ ਦੀ ਕੋਈ ਸਿਰਜਣਾ ਜੀਵਿਤ ਨਹੀਂ ਰਹਿੰਦੀ ਤਾਂ ਵੀ ਉਸ ਦੇ ਗੀਤ ਦੀ ਅਨੰਤ ਸਿਰਜਣਾਤਮਿਕਤਾ ਜਿਉਂਦੀ ਰਹਿੰਦੀ ਹੈ । ਉਸ ਦਾ ਜੀਅ-ਦਾਨ ਦੇਣ ਵਾਲਾ ਗੀਤ ਤਾਂ ਉਹ ਅਬਿਨਾਸ਼ੀ ਪੁਰਸ਼ ਹੈ, ਜੋ ਆਪਣੇ ਸਮੇਂ ਵਡ-ਆਕਾਰੀ ਚੱਟਾਨਾਂ ਨੂੰ ਵੀ ਹਿਲਾ ਦਿੰਦਾ ਹੈ ਤੇ ਉਹਨਾਂ ਨੂੰ ਗਤੀਸ਼ੀਲ ਕਰ ਦਿੰਦਾ ਹੈ । ਸਿੱਖ ਇਤਿਹਾਸ ਦੇ ਪੰਨਿਆਂ ਉਤੇ ਉਸ ਪ੍ਰਭੂ ਨੂੰ ਚਿਤਰਿਆ ਗਿਆ ਹੈ ਜੋ ਆਕਾਸ਼ ਵਿਚ ਬਿਜਲੀ ਦੇ ਚਮਕਾਰੇ ਸਮਾਨ ਦਿਖਾਈ ਦਿੰਦਾ ਹੈ । ਉਸ ਦੇ ਸ਼ਬਦ ਦੇ ਅਰਥ ਤਾਂ ਉਸ ਸਿਰਜੇ ਗਏ ਪੰਨੇ ਉਤੇ, ਉਸ ਮੁਖੜੇ ਉਤੇ ਚਮਕ ਰਹੇ ਹੁੰਦੇ ਹਨ । ਇਹਨਾਂ ਨੂੰ ਉਸ ਵਲੋਂ ਵਰਤੀ ਗਈ ਭਾਸ਼ਾ ਦੇ ਚਿਕੜ-ਖੋਭੇ, ਦਾਰਸ਼ਨਿਕ ਰੂਪ ਦੇ ਸਾਧਾਰਨੀਕਰਨਾਂ ਵਿਚੋਂ ਢੂੰਡਣਾ ਵਿਅਰਥ ਹੈ, ਜਿਨ੍ਹਾਂ ਦੀ ਕਿ ਉਸ ਨੇ ਆਪਣੀ ਤੂਲਕਾ ਦੁਆਰਾ ਵਰਤੋਂ ਕੀਤੀ ਹੁੰਦੀ ਹੈ । ਗੁਰੂ ਸਾਹਿਬਾਨ ਦੀ ਇਸ ਮਹਾਨ ਸਿਰਜਣਾ ਤੇ ਇਸ ਦੀ ਨਿਰੰਤਰ ਸਿਰਜਣਾਤਮਿਕਤਾ ਨੂੰ ਲਖ ਪੇਖ ਕੇ ਹੀ ਸਾਰੇ ਲੇਖਕਾਂ ਨਾਲੋਂ ਵਧੇਰੇ ਸਪਸ਼ਟਤਾ ਨਾਲ ਕਨਿੰਘਮ ਸਿੱਖ-ਮਤ ਨੂੰ ਬ੍ਰਾਹਮਣ-ਮਤ ਨਾਲੋਂ ਨਿਖੇੜ ਸਕਣ ਦੇ ਸਮਰੱਥ ਹੋਇਆ ਹੈ । ਉਹ ਇਸ ਉਦੇਸ਼ ਵਿਚ ਇਸ ਲਈ ਸਫਲ ਹੋ ਸਕਿਆ, ਕਿਉਂਜੋ ਉਹ ਸਿੱਖ ਜਨ-ਸਮੂਹ ਨਾਲ ਨੇੜੇ ਤੋਂ ਰਚਮਿਚ ਗਿਆ ਸੀ ਅਤੇ ਉਸ ਨੇ ਸਿੱਖਾਂ ਦੇ ਇਤਿਹਾਸ ਦਾ ਉਹਨਾਂ ਪ੍ਰਤੀ ਸਹਾਨੁਭੂਤੀ ਰਖਦਿਆਂ ਹੋਇਆਂ ਅਧਿਐਨ ਕੀਂਤਾ ਸੀ। ਉਸ ਕੋਲ ਪੱਛਮ ਦਾ ਸੁਤੰਤਰ ਤੇ ਨਵੀਨ ਸੰਚੇ ਵਿਚ ਢਲਿਆ ਹੋਇਆ ਮਨ ਸੀ ਅਤੇ ਕੇਵਲ ਪੱਛਮੀ ਮਨ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਸ਼ਾਨਦਾਰ ਮਹਾਨਤਾ ਨੂੰ ਬੋਧ ਕਰਵਾਉਣ ਦੀ ਲੋੜ ਸੀ।

ਇਹ ਗੱਲ ਬੜੀ ਦੁਖਦਾਈ ਹੈ ਕਿ ਹਿੰਦੂ ਤੇ ਸਿੱਖ ਵਿਦਵਾਨ ਗੁਰੂ ਨਾਨਕ ਦੇਵ ਜੀ ਦੀ ਬੇਤੁਕੀ ਵਿਆਖਿਆ ਉਹਨਾਂ ਦੁਆਰਾ ਵਰਤੇ ਗਏ ਰੰਗਾਂ ਤੇ ਕਲਮਾਂ ਦੁਆਰਾ ਕਰਦੇ ਹਨ । ਉਹ ਗੁਰੂ ਸਾਹਿਬ ਵਲੋਂ ਵਰਤੇ ਗਏ ਸ਼ਬਦਾਂ ਦੀ ਚਮੜੀ ਤੇ ਮਾਸ ਦਾ ਵਿਸ਼ਲੇਸਣ ਕਰਦੇ ਹਨ ਅਤੇ ਗੁਰੂ ਸਾਹਿਬ ਦੀ ਬਾਣੀ ਦੇ ਅਰਥ ਬੋਧ ਤੋਂ ਜਾਣੂ ਹੋਣ ਲਈ ਇਸ ਦੀ ਚੀਰ ਫਾੜ ਇਸ ਤਰ੍ਹਾਂ ਕਰਦੇ ਹਨ, ਤਾਂ ਜੋ ਇਹ ਸਿਧ ਕੀਤਾ ਜਾ ਸਕੇ ਕਿ ਇਹ ਰਚਨਾ ਵੇਦਾਂ ਤੇ ਉਪਨਿਸ਼ਦਾਂ ਦੇ ਸਮਾਨ ਹੀ ਹੈ । ਇਹ ਤਾਂ ਬ੍ਰਾਹਮਣਵਾਦੀ ਪਰੰਪਰਾ ਦੇ ਦਾਸ ਬਣਾਉਣ ਵਾਲੀ ਗੱਲ ਹੈ । ਗੁਰੂ ਜੀ ਦੀ ਆਤਮਾ ਦੀ ਪ੍ਰਜਵਲਿਤ ਅਗਨੀ ਦੀ ਵਿਆਖਿਆ ਨਿਰਜਿੰਦ ਸ਼ਬਦਾਂ ਦੁਆਰਾ ਕੀਤੀ ਜਾਂਦੀ ਹੈ । ਇਸ ਦਾ ਸਿੱਟਾ ਉਹਨਾਂ ਭੱਦੇ ਤੇ ਨੀਰਸ ਅਨੁਵਾਦਾਂ ਵਿਚ ਪ੍ਰਗਟ ਹੋਇਆ ਹੈ, ਜਿਨ੍ਹਾਂ ਦਾ ਕੋਈ ਵਿਸ਼ੇਸ਼ ਅਰਥ ਨਹੀਂ ਹੈ । ਮੈਕਾਲਿਫ ਦਾ ਵੀ ਸਕੂਲ ਦੇ ਵਿਦਿਆਰਥੀਆਂ ਵਰਗਾ ਸ਼ਾਬਦਿਕ ਅਨੁਵਾਦ ਬ੍ਰਾਹਮਣਵਾਦੀ ਗਿਆਨੀਆਂ ਵਲੋਂ ਕੀਤੀ ਗਈ ਵਿਆਖਿਆ ਨੂੰ ਆਧਾਰ ਮੰਨ ਕੇ ਹੀ ਕੀਤਾ ਗਿਆ ਹੈ । ਇਹ ਪ੍ਰਕਾਸ਼-ਵਿਹੂਣੇ ਧਰਮਸ਼ਾਸਤਰੀ ਸਨ, ਜਿਨ੍ਹਾਂ ਵਿਚ ਨਾ ਤਾਂ ਕੋਈ ਅੰਬਰੀ-ਕਾਂਗ ਵਾਲਾ ਆਵੇਸ਼ ਸੀ ਤੇ ਨਾ ਹੀ ਆਧੁਨਿਕ ਰੂਪ ਦੀ ਮਾਨਸਿਕ, ਯੋਗਤਾ ਤੇ ਸਮੱਗਰੀ । ਇਹਨਾਂ ਦੀ ਅੰਤਰੀਵ ਸ਼ਕਤੀ ਨੂੰ ਬ੍ਰਾਹਮਣਵਾਦੀ ਮਾਨਸਿਕਤਾ ਦੀ ਉਲੀ ਨੇ ਚਟਮ ਕਰਕੇ ਗਾਲ-ਸਾੜ ਦਿਤਾ ਤੇ ਉਹਨਾਂ ਵਿਚਲਾ ਜੀਵਿਤ ਸਿੱਖੀ ਦਾ ਵਿਸ਼ਵਾਸ ਮੁਰਦਾ ਲੋਥ ਸਮਾਨ ਬਣ ਚੁਕਾ ਸੀ । ਇਸ ਲਈ ਨਾ ਤਾਂ ਇਹ ਉਸ ਮੰਦਰ ਤੇ ਉਸ ਦੀ ਮੂਰਤੀ ਵਿਚ ਸੁੰਦਰ ਰੰਗ ਹੀ ਭਰ ਸਕੇ ਹਨ ਤੇ ਨਾ ਹੀ ਇਸ ਵਿਚਲੀ ਪ੍ਰੇਮ ਦੀ ਪ੍ਰੇਰਨਾ ਦੇ ਉਤਸ਼ਾਹ ਨੂੰ ਜਗਾ ਸਕੇ ਹਨ । ਇਸ ਅਨੁਵਾਦ ਦੁਆਰਾ ਸਿੱਖ-ਮਤ ਤਾਂ ਨਿਤਾਣਾ ਜਿਹਾ ਬ੍ਰਾਹਮਣ-ਮਤ ਹੀ ਬਣ ਗਿਆ ਹੈ । ਇਹ ਸਭ ਕੁਝ ਜੋ ਸੰਸਾਰ ਦੇ ਸਰੋਤਾ-ਮੰਡਲ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ – ਬੜਾ ਬੇਲੋੜਾ ਜਿਹਾ ਭਾਸਦਾ ਹੈ । ਇਸ ਵਿਚ ਉਹ ਚਾਨਣ ਨਹੀਂ ਹੈ, ਜੋ ਹਰ ਤਿਣਕੇ ਤੇ ਕਿਣਕੇ ਦੇ ਨਿੱਕੇ ਨਿੱਕੇ ਫੇਰਵਿਆਂ ਨੂੰ ਬੜਾ ਚਮਕਦਾਰ ਤੇ ਸੁੰਦਰ ਬਣਾ ਦਿੰਦਾ ਹੈ । ਟਾਹਲੀ ਦੇ ਉੱਚੇ ਬ੍ਰਿਛ ਦੇ ਹਰੇ ਪੱਤਿਆਂ ਦੇ ਪਿਛੇ ਜੋ ਊਦਾ ਬੱਦਲ ਲਹਿਰ ਰਿਹਾ ਹੈ – ਇੰਜ ਪ੍ਰਤੀਤ ਹੁੰਦਾ ਹੈ, ਜਿਵੇਂ ਕੋਈ ਬਹੁਤ ਵੱਡਾ ਪੰਛੀ ਆਪਣੇ ਖੰਭ ਫੜਫੜਾ ਕੇ ਕਣੀਆਂ ਦਾ ਮੀਹ ਵਰ੍ਹਾ ਰਿਹਾ ਹੋਵੇ। ਇਸ ਪ੍ਰਕਾਰ ਉਹ ਧਰਤੀ ਦੇ ਬ੍ਰਿਛ ਨੂੰ ਵੀ ਕੇਵਲ ਇਕ ਬ੍ਰਿਛ ਨਾ ਰਹਿਣ ਦੇ ਕੇ ਸੁੰਦਰਤਾ ਦੇ ਇਕ ਸੁਪਨ-ਦ੍ਰਿਸ਼ ਦੇ ਰੂਪ ਵਿਚ ਸਾਕਾਰ ਕਰ ਦਿੰਦਾ ਹੈ । ਜੇ ਉਥੇ ਬੱਦਲ ਨਾ ਹੋਵੇ ਤੇ ਸਾਵਣ ਭਾਦੋਂ ਦੀ ਵਰਖਾ ਰੁੱਤ ਨਾ ਹੋਵੇ ਤਾਂ ਇਕ ਦਰਖ਼ਤ ਹੀ ਭਾਸੇਗਾ ਅਤੇ ਆਲੇ ਦੁਆਲੇ ਦਾ ਸਾਰਾ ਮਨੋਹਰ ਵਾਤਵਰਨ ਛਾਂਈਂ ਮਾਂਈਂ ਹੋ ਜਾਵੇਗਾ । ਜਦੋਂ ਸੁੰਦਰਤਾ ਨੂੰ ਇਸ ਦੇ ਸ਼ਕਤੀ ਵਰ ਆਡੰਬਰਾਂ ਤੋਂ ਵੰਚਿਤ ਕਰ ਦਿਤਾ ਜਾਂਦਾ ਹੈ ਤਾਂ ਇਸ ਵਿਚੋਂ ਇਸ ਦੀ ਆਤਮਾ ਲੋਪ ਹੋ ਜਾਂਦੀ ਹੈ।

ਗੁਰੂ ਜੀ ਨੇ ਤਾਂ ਸਾਰੇ ਜਨ-ਸਮੂਹ, ਇਸਤਰੀ -ਪੁਰਸ਼ਾਂ ਤੇ ਬਾਲਾਂ ਨੂੰ ਆਪਣੇ ਵਲ ਖਿਚ ਲਿਆ ਹੈ ਅਤੇ ਉਹਨਾਂ ਦੀ ਆਤਮਾ ਵਿਚ ਆਪਣੇ ਪ੍ਰੇਮ ਗੀਤ ਨੂੰ ਭਰ ਦਿਤਾ ਹੈ । ਗੁਰੂ ਜੀ ਦੀ ਤਾਂ ਉਹ ਹੁਣ ਵੀ ਅਰਾਧਨਾ ਅਤੇ ਪਰਕਰਮਾ ਕਰਦੇ ਹਨ । ਗੁਰੂ ਤਾਂ ਉਹਨਾਂ ਦੀ ਆਤਮਾ ਵਿਚ ਸੁਭਾਇਮਾਨ ਹੈ । ਗੁਰੂ ਜੀ ਤਾਂ ਉਸ ਧਰੂ ਤਾਰੇ ਸਮਾਨ ਹਨ, ਜਿਸ ਦੇ ਦੁਆਲੇ ਸਿੱਖੀ ਰੂਪੀ ਸਾਰੇ ਸਿਤਾਰੇ ਪਰਕਰਮਾ ਕਰਦੇ ਹਨ। ਹਾਲੀ ਵੀ ਆਪਣੀ ਆਤਮਾ ਦੇ ਮਸਤਾਨੇ ਤਾਲ ਉਤੇ ਉਹ ਗੁਰੂ ਜੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਨ ਤੇ ਸਦੀਆਂ ਤੋਂ ਆਪਣੇ ਆਤਮਾ ਵਿਚ ਵਸਦੇ ਗੁਰੂ ਨੂੰ ‘ਧੰਨ ਗੁਰੂ ਨਾਨਕ -ਧੰਨ ਗੁਰੂ ਨਾਨਕ’ ਕਹਿ ਕੇ ਸਤਿਕਾਰਦੇ ਹਨ । ਸਦੀਆਂ ਤੇ ਪ੍ਰਵਾਹਿਤ ਹੋ ਰਹੇ ਇਸ ਦ੍ਰਿਸ਼ ਨੂੰ ਅਖੋਂ ਪਰੋਖੇ ਕਰਕੇ ਇਹ ਨੀਰਸ ਵਿਦਵਾਨ ਆਪਣੇ ਆਪ ਨੂੰ ਬੰਦ ਕਮਰਿਆਂ ਵਿਚ ਡਕ ਕੇ ਲੋਕਾਂ ਦੇ ਇਹਨਾਂ ਗੀਤਾਂ (ਬਾਣੀ) ਨੂੰ ਸੰਸਕ੍ਰਿਤ ਤੇ ਅੰਗਰੇਜ਼ੀ ਦੇ ਸਬਦ-ਕੋਸ਼ਾਂ ਦੀ ਸਹਾਇਤਾ ਨਾਲ ਵਿਆਖਿਆ ਕਰ ਰਹੇ ਹਨ

। ਗੁਰੂ ਜੀ ਪ੍ਰਤੀ ਪ੍ਰਗਟਾਏ ਗਏ ਨਿਜੀ ਪ੍ਰੇਮ ਤੇ ਇਸ ਪ੍ਰੇਮ ਦੀ ਪ੍ਰੇਰਨਾ ਦੁਆਰਾ ਜਾਗੀ ਆਤਮ-ਤਿਆਗ ਦੀ ਭਾਵਨਾ ਹੀ ਸੱਚੇ ਅਰਥਾਂ ਵਿਚ ਗੁਰੂ ਜੀ ਦੀ ਬਾਣੀ ਦੀ ਵਿਆਖਿਆ ਕਰ ਸਕਦੀ ਹੈ । ਜੀਵਨ ਦਾ ਸੰਗੀਤ ਉਸ ਵਿਅਕਤੀ ਲਈ ਕੋਈ ਵੀ ਅਰਥ ਨਹੀਂ ਰਖਦਾ, ਜਿਸ ਦੇ ਹਿਰਦੇ ਵਿਚ ਇਸ ਲਈ ਅੰਤਰੀਵ ਵੇਦਨਾ ਨਹੀਂ ਜਾਗਦੀ । ਕੇਵਲ ਸੋਚੀ ਜਾਣਾ ਤਾਂ ਰੋਗ ਬਣ ਜਾਂਦਾ ਹੈ । ਭਗਤ -ਜਨ ਤਾਂ ਉਸ ਪ੍ਰਭੂ -ਪ੍ਰੀਤਮ ਦੇ ਮਿਲਾਪ ਲਈ ਸਭ ਹਦਾਂ ਬੰਨੇ ਪਾਰ ਕਰ ਜਾਂਦੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,