ਖਾਸ ਖਬਰਾਂ » ਸਿੱਖ ਖਬਰਾਂ

ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁਸੱਤਾ ਬੁਲੰਦ ਕਰਨ ਵਾਸਤੇ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਲਾਗੂ ਕਰਨਾ ਜਰੂਰੀ: ਪੰਥ ਸੇਵਕ ਸਖਸ਼ੀਅਤਾਂ

May 26, 2023 | By

ਗੁਰਦਾਸਪੁਰ : ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜਾਮ ਮੁੜ-ਸੁਰਜੀਤ ਕਰਨ ਦੇ ਯਤਨਾਂ ਤਹਿਤ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਤਾਲਮੇਲ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਇਹ ਅਹਿਮ ਇਕੱਤਰਤਾ ਗੁਰਦਾਸਪੁਰ ਵਿਖੇ ਹੋਈ।

ਇਸ ਇਕੱਤਰਤਾ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਗੁਰਦਾਸਪੁਰ ਤੇ ਨੇੜਲੇ ਇਕਾਲੇ ਵਿਚ ਸਰਗਰਮ ਜਥਿਆਂ ਨਾਲ ਮੁਲਾਕਾਤ ਕੀਤੀ।

ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਵੱਲੋਂ ਪਰਗਟ ਕੀਤੀ ਖਾਲਸਾ ਪੰਥ ਦੀ ਯੁੱਗੋ-ਯੁੱਗ ਅਟਲ ਸੰਸਥਾ ਹੈ। ਅਕਾਲ ਤਖਤ ਸਾਹਿਬ ਖਾਲਸਾ ਪੰਥ ਨੂੰ ਅਕਾਲ ਪੁਰਖ ਵੱਲੋਂ ਬਖਸ਼ੇ ਅਕਾਲੀ ਪਾਤਿਸ਼ਾਹੀ ਦਾਅਵੇ ਦਾ ਜਾਮਨ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਹੋਰ ਦੁਨਿਆਵੀ ਤਖਤ, ਸਰਕਾਰਾਂ ਜਾਂ ਇਹਨਾ ਦੇ ਕਾਨੂੰਨਾਂ ਦੇ ਅਧੀਨ ਨਹੀਂ ਹੋ ਸਕਦਾ।

ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਬਸਤੀਵਾਦੀ ਫਿਰੰਗੀ (ਅੰਗਰੇਜ਼) ਦੇ ਪੰਜਾਬ ਵਿਚ ਕਬਜ਼ੇ ਤੋਂ ਬਾਅਦ ਅਕਾਲੀ ਸਿੰਘਾਂ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਨ ਦਾ ਯਤਨ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਦੇ ਨਿਜ਼ਾਮ ਵਿਚ ਵਿਗਾੜ ਆਏ। ਜਦੋਂ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅਖੀਰ ਵਿਚ ਸਿੱਖਾਂ ਨੇ ਆਪਣੀਆਂ ਸੰਸਥਾਵਾਂ ਦੀ ਸੇਵਾ ਸੰਭਾਲ ਸੰਘਰਸ਼ ਕਰਕੇ ਸੰਭਾਲੀ ਤਾਂ ਉਹਨਾ ਤਿੰਨ ਅਮਲ ਲਾਗੂ ਕੀਤੇ – ਪਹਿਲਾ ਗੁਰਦੁਆਰਾ ਸਾਹਿਬਾਨ ਅਤੇ ਤਖਤ ਸਾਹਿਬ ਦੀ ਸੇਵਾ ਸੰਭਾਲ ਖੁਦ ਸਾਂਭਣਾ, ਸਾਂਝੀ ਅਗਵਾਈ ਚੁਣਨੀ ਅਤੇ ਸਾਂਝੇ ਫੈਸਲੇ ਲਈ ਗੁਰਮਤਾ ਕਰਨਾ। ਅੰਗਰੇਜ਼ ਨੇ ਇਹਨਾ ਤਿੰਨਾਂ ਅਮਲਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਇਹ ਸ਼ਰਤ ਰੱਖੀ ਕਿ ਸਿੱਖਾਂ ਦੇ ਪ੍ਰਬੰਧ (ਸੇਵਾ ਸੰਭਾਲ) ਨੂੰ ਤਾਂ ਹੀ ਮਾਨਤਾ ਦਿੱਤੀ ਜਾਵੇਗੀ ਜੇਕਰ ਉਹ ਆਗੂ ਚੁਣਨ ਅਤੇ ਫੈਸਲਾ ਦਾ ਤਰੀਕਾ ਉਹਨਾ ਦਾ ਦਿੱਤਾ ਅਪਨਾਉਣ। 1922 ਤੋਂ 1925 ਤੱਕ ਦੀ ਸਾਰੀ ਜੱਦੋ-ਜਹਿਦ ਇਸ ਨੁਕਤੇ ਦੁਆਲੇ ਸੀ ਕਿ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ, ਅਗਵਾਈ ਅਤੇ ਫੈਸਲੇ ਦਾ ਪੰਥਕ ਤਰੀਕਾਕਾਰ ਲਈ ਲਾਗੂ ਰੱਖਣਾ ਚਾਹੁੰਦੇ ਸਨ। ਪਰ 1925 ਦੇ ਗੁਰਦੁਆਰਾ ਐਕਟ ਰਾਹੀਂ ਅੰਗਰੇਜ਼ ਅਗਵਾਈ ਚੁਣਨ ਅਤੇ ਫੈਸਲਾ ਲੈਣਾ ਦਾ ਪੱਛਮੀ ਤਰੀਕਾ ਸਿੱਖਾਂ ਸਿਰ ਮੜ੍ਹਨ ਵਿਚ ਕਾਮਯਾਬ ਹੋ ਗਏ। ਉਦੋਂ ਤੋਂ ਸਿੱਖ ਅਗਵਾਈ ਲਈ ਪੰਚ ਪ੍ਰਧਾਨੀ ਵਿਧੀ ਅਪਨਾਉਣ ਦੀ ਥਾਂ ਵੋਟ ਤੰਤਰ ਵਾਲਾ ਗੈਰ-ਪੰਥਕ ਤਰੀਕਾ ਅਪਨਾਉਂਦੇ ਆ ਰਹੇ ਹਨ। ਇਸੇ ਤਰ੍ਹਾਂ ਗੁਰਮਤਾ ਵਿਧੀ ਰਾਹੀਂ ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਲੈਣ ਦੀ ਥਾਵੇਂ ਸਿੱਖ ਸਬ-ਕਮੇਟੀਆਂ/ਅਗਜੈਕਟਿਵਾਂ ਵਾਲਾ ਪੱਛਮੀ ਅਫਸਰਸ਼ਾਹੀ/ਬਾਬੂਸ਼ਾਹੀ ਵਾਲਾ ਤਰੀਕਾ ਅਪਨਾਅ ਰਹੇ ਹਨ। ਜਿਸ ਕਾਰਨ ਗੁਰੂ ਬਰਕਤ ਤੋਂ ਸੱਖਣੇ ਪ੍ਰਬੰਧ ਰਾਹੀਂ ਵਕਤ ਦੀਆਂ ਹਕੂਮਤਾਂ ਜਾਂ ਸਿਆਸੀ ਵੋਟ-ਤੰਤਰੀ ਮੁਫਾਦਾਂ ਵਾਲੇ ਲੋਕ, ਜੋ ਮੌਜੂਦਾ ਪ੍ਰਬੰਧ ਉੱਤੇ ਕਾਬਜ਼ ਹਨ, ਸਿਰੇ ਦੇ ਗਲਤ ਫੈਸਲੇ ਵੀ ਸਿੱਖਾਂ ਸਿਰ ਮੜ੍ਹਦੇ ਆ ਰਹੇ ਹਨ।

ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਜਦੋਂ ਅੰਗਰੇਜ਼ ਨੇ 1925 ਦੇ ਕਾਨੂੰਨ ਤਹਿਤ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਨਿਜ਼ਾਮ ਵਿਚ ਪੱਛਮੀ ਤਰੀਕਾਕਾਰ ਲਾਗੂ ਕਰਵਾ ਲਿਆ ਤਾਂ ਇਸ ਤਹਿਤ ਬਣੀ ਕਮੇਟੀ ਨੇ ਗੈਰ-ਪੰਥਕ ਸਰਬਰਾਹੀ ਪ੍ਰਬੰਧ ਨੂੰ ਹੀ ਅਹੁਦੇ ਦਾ ਨਾਮ ‘ਸਰਬਰਾਹ’ ਤੋਂ ਬਦਲ ਕੇ ‘ਜਥੇਦਾਰ’ ਕਰਕੇ ਜਾਰੀ ਰੱਖਿਆ। ਇੰਝ ਬੀਤੀ ਸਦੀ ਤੋਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਪੰਥਕ ਜੁਗਤ ਦੀ ਬਜ਼ਾਏ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਪਿਰਤ ਦੇ ਅਨੁਸਾਰੀ ਹੀ ਚੱਲੀ ਆ ਰਹੀ ਹੈ। ਸਮੇਂ ਨਾਲ ਇਹ ਪ੍ਰਬੰਧ ਵਿਚ ਇੰਨਾ ਨਿਘਾਰ ਆ ਗਿਆ ਹੈ ਕਿ ਬੀਤੇ ਕਰੀਬ ਤਿੰਨ ਦਹਾਕੇ ਤੋਂ ਵੋਟਾਂ ਦੇ ਮੁਫਾਦਾਂ ਵਾਲੀ ਪਾਰਟੀ ਉੱਤੇ ਕਾਬਜ਼ ਇਕ ਪਰਿਵਾਰ (ਬਾਦਲ ਪਰਿਵਾਰ) ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਮਰਜੀ ਨਾਲ ਲਗਾ ਤੇ ਲਾਹ ਦਿੰਦਾ ਹੈ। ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਹੁਣ ਦੀ ਹੋਈ ਅਟਕਲਬਾਜ਼ੀ ਅਤੇ ਚਰਚਾ ਮੌਜੂਦਾ ਗੈਰ-ਪੰਥਕ ਪ੍ਰਬੰਧ ਦੀ ਹੀ ਦੱਸ ਪਾਉਂਦਾ ਹੈ। ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰ ਅਕਾਲ ਤਖਤ ਸਾਹਿਬ ਕਿਸੇ ਦੁਨਿਆਵੀ ਤਖਤ, ਹਕੂਮਤਾਂ ਜਾਂ ਕਾਨੂੰਨਾਂ ਦੇ ਅਧੀਨ ਨਹੀਂ ਹੋ ਸਕਦਾ ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਹ ਕਹਿਣਾ ਕਿ ਜਥੇਦਾਰ ਸਾਹਿਬਾਨ ਬਾਰੇ ਸ਼੍ਰੋਮਣੀ ਕਮੇਟੀ ਦਿੱਲੀ ਦਰਬਾਰ ਵੱਲੋਂ ਬਣਾਏ ਗੁਰਦੁਆਰਾ ਐਕਟ ਦੇ ਅਨੁਸਾਰ ਹੀ ਫੈਸਲੇ ਲੈਂਦੀ ਹੈ ਦਰਸਾਉਂਦਾ ਹੈ ਕਿ ਮੌਜੂਦਾ ਪ੍ਰਬੰਧਕ ਇਹ ਮੰਨਣ ਵੀ ਜ਼ਰਾ ਵੀ ਝਿਜਕ ਨਹੀਂ ਰੱਖ ਰਹੇ ਕਿ ਉਹਨਾ ਦੇ ਪ੍ਰਬੰਧ ਤਹਿਤ ਅਕਾਲ ਤਖਤ ਸਾਹਿਬ ਦਾ ਨਿਜ਼ਾਮ ਦਿੱਲੀ ਦਰਬਾਰ ਦੇ ਕਾਨੂੰਨ ਦੇ ਅਧੀਨ ਹੈ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਇਸ ਸਮੇਂ ਇਹ ਜਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਸਿਆਸਤ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਕੇ ਪੰਥਕ ਪਰੰਪਰਾ ਅਨੁਸਾਰ ਅਸਲ ‘ਅਕਾਲੀ’ ਗੁਣਾਂ ਵਾਲੇ ਜਥੇ ਕੋਲ ਹੋਵੇ ਤਾਂ ਕਿ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲਿਆਂ ਵਿਚ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਵਾਲੀ ‘ਗੁਰਮਤਾ’ ਵਿਧੀ ਲਾਗੂ ਕੀਤੀ ਜਾ ਸਕੇ। ਅਜਿਹਾ ਕਰਕੇ ਹੀ ਬਿਪਰਵਾਦੀ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਵਿਚ ਕੀਤੀ ਜਾ ਰਹੀ ਦਖਲ ਅੰਦਾਜ਼ੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਸਿੱਖ ਸੰਸਥਾਵਾਂ ਦੀ ਅਜ਼ਾਦੀ ਅਤੇ ਖੁਦਮੁਖਤਿਆਰੀ ਬਹਾਲ ਕੀਤੀ ਜਾ ਸਕਦੀ ਹੈ।

ਇਸ ਦਿਸ਼ਾ ਵਿਚ ਚੱਲ ਰਹੇ ਯਤਨਾ ਤਹਿਤ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ।

ਉਹਨਾ ਕਿਹਾ ਕਿ ਅਸੀਂ ਦੁਨੀਆ ਭਰ ਵਿਚ ਵੱਸਦੀ ਗੁਰਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਤੇ ਸੰਸਥਾਵਾਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਆਓ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਵਾਸਤੇ 28 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਵਿਚ ਪੰਥਕ ਰਿਵਾਇਤ ਅਨੁਸਾਰ ਜਥਿਆਂ ਦੇ ਰੂਪ ਵਿਚ ਆਪਣੇ-ਆਪਣੇ ਜਥੇ ਦੀ ਪੰਚ ਪ੍ਰਧਾਨੀ ਅਗਵਾਈ, ਜੋ ਕਿ ਹੋਣ ਵਾਲੇ ਵਿਚਾਰ ਵਟਾਂਦਰੇ ਵਿਚ ਜਥੇ ਦੀ ਰਾਏ ਰੱਖ ਸਕੇ, ਚੁਣ ਕੇ ਸ਼ਮੂਲੀਅਤ ਕਰੀਏ।

ਇਸ ਇਕੱਤਰਤਾ ਵਿਚ ਦਲ ਖਾਲਸਾ (ਗੁਰਦਾਸਪੁਰ ਇਕਾਈ) ਤੋਂ ਲਖਵੀਰ ਸਿੰਘ, ਦਿਲਬਾਗ ਸਿੰਘ ਅਤੇ ਜਸਵਿੰਦਰ ਸਿੰਘ ਕਥਾਵਾਚਕ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਤੋਂ ਸੁਖਦੇਵ ਸਿੰਘ ਅਤੇ ਸਤਨਾਮ ਸਿੰਘ, ਸਿੱਖ ਮਿਸ਼ਨਰੀ ਕਾਲਜ (ਸਰਕਲ ਗੁਰਦਾਸਪੁਰ) ਤੋਂ ਰਣਜੀਤ ਸਿੰਘ, ਸਿੱਖ ਧਰਮੀ ਫੌਜੀ ਬਲਦੇਵ ਸਿੰਘ, ਦਲ ਖਾਲਸਾ (ਪਠਾਨਕੋਟ ਇਕਾਈ) ਤੋਂ ਜਰਨੈਲ ਸਿੰਘ, ਪੰਥਕ ਅਕਾਲੀ ਲਹਿਰ ਅਤੇ ਖਾਲਸਾ ਪੰਚਾਇਤ ਤੋਂ ਬਿਕਰਮਜੀਤ ਸਿੰਘ, ਜੁਝਾਰ ਸਿੰਘ (ਪ੍ਰਚਾਰਕ) ਅਤੇ ਹੋਰ ਪੰਥ ਸੇਵਕ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,