ਆਮ ਖਬਰਾਂ

ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਨਵੇਂ ਆਗੂਆਂ ਦੀ ਚੋਣ ਕੀਤੀ; ਨੌਜਵਾਨਾਂ ਨੂੰ ਸਿਆਸਤ ਵਿਚ ਅੱਗੇ ਆਉਣ ਦਾ ਸੱਦਾ

January 2, 2012 | By

ਹੁਸ਼ਿਆਰਪੁਰ, ਪੰਜਾਬ (01 ਜਨਵਰੀ, 2011): ‘ਸਿੱਖ ਯੂਥ ਆਫ ਪੰਜਾਬ’ ਵਲੋਂ ਨੌਜਵਾਨ ਵਰਗ ਨਾਲ ਜੁੜੇ ਤਮਾਮ ਮਸਲਿਆਂ ਉਤੇ ਵਿਚਾਰ ਚਰਚਾ ਕਰਨ ਲਈ ਬੁਲਾਈ ਗਈ ‘ਯੂਥ ਕਾਨਫਰੰਸ’ ਵਿੱਚ ਬੁਲਾਰਿਆਂ ਨੇ ਇੱਕ ਮੱਤ ਹੋਕੇ ਇਕ ਅਜਿਹੇ ਨਵੇਂ ਪੰਜਾਬ ਦੀ ਸਿਰਜਣਾ ਦੀ ਗੱਲ ਕੀਤੀ ਗਈ ਜਿਥੇ ਖਾਲਸਾ ਜੀ ਦੇ ਬੋਲ-ਬਾਲੇ ਹੋਣ, ਸਮਾਜ ਦੇ ਹਰ ਵਰਗ ਦਾ ਬਰਾਬਰ ਦਾ ਵਿਕਾਸ, ਪੰਜਾਬੀ ਬੋਲੀ ਦਾ ਮਾਣ-ਸਨਮਾਨ, ਸਿੱਖ ਸਭਿਆਚਾਰ ਦੀ ਪ੍ਰਫੂਲਤਾ ਅਤੇ ਲੋਕਾਂ ਦੀਆਂ ਜਾਇਜ ਰਾਜਨੀਤਕ ਇਛਾਵਾਂ ਦੀ ਪੂਰਤੀ ਬਿਨਾਂ ਕਿਸੇ ਡਰ, ਭੈਅ ਅਤੇ ਰੁਕਾਵਟ ਦੇ ਹੁੰਦੀ ਹੋਵੇ।

ਜਥੇਬੰਦੀ ਦੀ ਤੀਜੀ ਵਰ੍ਹੇਗੰਢ ਮੌਕੇ ਸੱਦੀ ਗਈ ਕਾਨਫਰੰਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪੁਹੰਚੇ ਡੈਲੀਗੇਟਾਂ ਨੇ ਸ. ਰਣਬੀਰ ਸਿੰਘ ਅਤੇ ਸ. ਪਰਮਜੀਤ ਸਿੰਘ ਨੂੰ ਅਗਲੇ ਇੱਕ ਸਾਲ ਲਈ ਕਰਮਵਾਰ ਜਥੇਬੰਦੀ ਦਾ ਪ੍ਰਧਾਨ ਅਤੇ ਮੀਤ-ਪ੍ਰਧਾਨ ਨਿਯੁਕਤ ਕੀਤਾ।

ਨਵ-ਨਿਯੁਕਤ ਪ੍ਰਧਾਨ ਰਣਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਿੱਖ ਸੋਚ ਨੂੰ ਉਭਾਰਨਾ, ਗੁਣਾਂ ਦੇ ਆਧਾਰ ਉਤੇ ਨੌਜਵਾਨਾਂ ਨੂੰ ਘੜਕੇ ਕੌਮੀ ਅਗਵਾਈ ਦੇ ਸਮਰੱਥ ਬਣਾਉਣਾ, ਸਿਆਸਤ ਵਿੱਚ ਪੈਦਾ ਹੋ ਚੁੱਕੇ ਪੁੱਤ-ਭਤੀਜਾਵਾਦ ਦੇ ਰੁਝਾਨ ਨੂੰ ਠੱਲ੍ਹ ਪਾਉਣਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਬਹਾਲੀ ਕਰਨਾ ਸਾਡੀ ਜਥੇਬੰਦੀ ਦੇ ਟੀਚੇ ਹਨ।

ਜਥੇਬੰਦੀ ਵਲੋਂ 14 ਅਪ੍ਰੈਲ 2003 ਤੋਂ ਜਾਰੀ ਗੁਰਬਾਣੀ ਅਧਾਰਿਤ ਅਤੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਆਪਣੇ ਦਿਨ-ਤਿਓਹਾਰ ਅਤੇ ਹੋਰ ਸਾਰੇ ਇਤਿਹਾਸਕ ਦਿਹਾੜੇ ਮਨਾਉਣ ਦੀ ਵਚਨਬੱਧਤਾ ਮੁੜ ਦੁਹਰਾਈ ਗਈ।

ਸਿੱਖ ਯੂਥ ਆਫ ਪੰਜਾਬ ਦੀ ਇਕੱਤਰਤਾ ਦੀ ਤਸਵੀਰ

ਸਿੱਖ ਯੂਥ ਆਫ ਪੰਜਾਬ ਦੀ ਇਕੱਤਰਤਾ ਦੀ ਤਸਵੀਰ

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਹਿਜਧਾਰੀਆਂ ਦਾ ਵੋਟ ਅਧਿਕਾਰ ਮੁੱਢੋਂ ਹੀ ਰੱਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਕੋਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਲੋੜੀਂਦੀ ਤਰਮੀਮ ਕਰਵਾਏ।

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨਾਂ ਲਈ ਲਾਂਘਾ ਬਣਾਉਣ ਅਤੇ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਪ੍ਰਫੁਲਤ ਕਰਨ ਲਈ ਵਾਹਗਾ ਸਰਹੱਦ ਖੋਲਣ ਦੀ ਵੀ ਲੋੜ ਉਤੇ ਜੋਰ ਦਿੱਤਾ ਗਿਆ।
ਮਨਜੀਤ ਸਿੰਘ ਕਰਤਾਰਪੁਰ ਵਲੋਂ ਪੜੇ ਗਏ ਮਤਿਆਂ ਵਿੱਚ ਸ਼੍ਰੋਮਣੀ ਕਮੇਟੀ ਨੂੰ 1984 ਦੇ ਘੱਲੂਘਾਰੇ ਦੀ ਯਾਦਗਾਰ ਬਣਾਉਣ ਦੇ ਉਪਰਾਲੇ ਤੇਜ਼ ਕਰਨ ਦੀ ਅਪੀਲ ਕੀਤੀ ਗਈ। ਸਿੱਖ ਨੌਜਵਾਨਾਂ ਨੂੰ ਜਾਤ-ਪਾਤ ਦੇ ਭਿਆਨਕ ਰੋਗ ਤੋਂ ਮੁਕਤ ਰਹਿਣ ਦੀ ਅਪੀਲ ਕੀਤੀ ਗਈ।

ਅਕਾਲੀ ਰਾਜਨੀਤੀ ਉਤੇ ਵਿਅੰਗ ਕਸਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਜੋ ਕਿ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਏ ਸਨ, ਨੇ ਕਿਹਾ ਕਿ ਅਕਾਲੀ ਆਗੂ ਜਦੋਂ ਪੰਜਾਬ ਵਿੱਚ ਨਾਅਰਾ ਮਾਰਦੇ ਹਨ ਕਿ ਨੌਜਵਾਨਾਂ ਨੂੰ ਸਰਕਾਰ ਅਤੇ ਪਾਰਟੀ ਵਿੱਚ ਯੋਗ ਸਥਾਨ ਦਿੱਤਾ ਜਾਵੇਗਾ ਤਾਂ ਦਰਅਸਲ ਉਨ੍ਹਾਂ ਦੀ ਮਨਸ਼ਾ ਅਤੇ ਇਸ਼ਾਰਾ ਆਪਣੇ ਨੌਜਵਾਨ ਪੁੱਤਰਾਂ ਤੇ ਭਤੀਜਿਆਂ-ਭਾਣਜਿਆਂ ਨੂੰ ਅੱਗੇ ਲਿਆਉਣਾ ਹੀ ਹੁੰਦਾ ਹੈ। ਇਹਨਾਂ ਲਈ ‘ਯੂਥ’ ਦਾ ਮਤਲਬ ਆਪਣੇ ਬਾਲ-ਬੱਚਿਆਂ ਤੱਕ ਹੀ ਸੀਮਤ ਹੈ।

ਉਹਨਾਂ ਆਪਣੀ ਗੱਲ ਦੀ ਪ੍ਰੋੜਤਾ ਲਈ ਸਿੱਖ ਨੌਜਵਾਨਾਂ ਵੱਲੋਂ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਨਾ ਮਿਲਣ ਕਰਕੇ ਅਕਾਲੀ ਲੀਡਰਸ਼ਿਪ ਉਤੇ ਲਾਏ ਵਿਤਕਰੇ ਅਤੇ ਪੱਖਪਾਤੀ ਦੋਸ਼ਾਂ ਦਾ ਵਿਸ਼ੇਸ਼ ਜਿਕਰ ਕੀਤਾ। ਉਹਨਾਂ ਇਸ ਗੱਲ ਉਤੇ ਰੰਝ ਜਤਾਉਦਿਆਂ ਕਿਹਾ ਕਿ ਅਕਾਲੀਆਂ ਨੇ ਪੰਥ ਦੀ ਰਾਜਨੀਤੀ ਨੂੰ “ਇੱਕ ਪਰਿਵਾਰ” ਤੱਕ ਸਮੇਟ ਕੇ ਰੱਖ ਦਿੱਤਾ ਹੈ।

ਸਰਬਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੇਕਰ ਉਹ ਨਿਜ਼ਾਮ ਬਦਲਣਾ ਚਾਹੁੰਦੇ ਹਨ। ਸਿੱਖ ਪਛਾਣ ਦੇ ਮੁੱਦੇ ਉਤੇ ਬੋਲਦਿਆਂ ਉਹਨਾਂ ਕਿਹਾ ਕਿ ਇਟਲੀ ਦੇ ਹਵਾਈ ਅੱਡਿਆਂ ਉਤੇ ਸਿੱਖਾਂ ਦੀਆਂ ਦਸਤਾਰਾਂ ਦੀ ਤਲਾਸ਼ੀ ਦੇ ਮਾਮਲੇ ਗੰਭੀਰ ਹਨ। ਉਹਨਾਂ ਕਿਹਾ ਕਿ ਦਸਤਾਰ ਦੀ ਬੇਅਦਬੀ ਦੇ ਮਾਮਲੇ ਕੇਵਲ ਵਿਦੇਸ਼ੀ ਮੁਲਕਾਂ ਵਿੱਚ ਹੀ ਨਹੀ ਸਗੋਂ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ ਦੇ ਪੁਲਿਸ ਥਾਣਿਆਂ ਤੱਕ ਪੜਨ-ਸੁਣਨ ਨੂੰ ਮਿਲਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਉਹ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੀ ਕਿਸੇ ਸਰਕਾਰ ਨੂੰ ‘ਸ਼ਰਮਸਾਰ’ ਨਹੀ ਕਰਦੇ।

ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ, ਸੀ.ਪੀ. ਆਈ, ਸੀ. ਪੀ. ਆਈ. (ਐਮ.) ਤੋਂ ਲੈ ਕੇ ਮਨਪ੍ਰੀਤ ਬਾਦਲ ਦੀ ਪੀ.ਪੀ.ਪੀ ਤੱਕ ਸਰਗਰਮ ਅੱਡ-ਅੱਡ ਰਾਜਸੀ ਪਾਰਟੀਆਂ, ਭਾਰਤੀ ਰਾਸ਼ਟਰਵਾਦ ਦੀਆਂ ਜੜਾਂ ਨੂੰ ਹੀ ਮਜ਼ਬੂਤ ਕਰਨ ‘ਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਤਰਾਸਦੀ ਹੈ ਕਿ ਪੰਥ ਵੱਲੋਂ ਘੜੀ ਗਈ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਅਗਵਾਈ ਬਾਦਲਕਿਆਂ ਹੱਥ ਹੈ, ਵੀ ਇਸੇ ਹੀ ਕੁਰਾਹੇ ‘ਤੇ ਤੁਰਿਆ ਹੋਇਆ ਹੈ। ਜਦ ਕਿ ਭਾਰਤੀ ਰਾਸ਼ਟਰਵਾਦ ਦਾ ਸੰਕਲਪ, ਖ਼ਾਲਸਾ ਪੰਥ ਦੀ ਸੋਚ ਤੋਂ ਸਿਰਫ ਵੱਖਰਾ ਹੀ ਨਹੀਂ ਹੈ, ਸਗੋਂ ਵਿਰੋਧ ਵਿਚ ਖੜ੍ਹਾ ਹੈ।

ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਪ੍ਰਭਜੋਤ ਸਿੰਘ ਨਵਾਂਸ਼ਹਿਰ, ਮਨਜੀਤ ਸਿੰਘ ਕਰਤਾਰਪੁਰ, ਪ੍ਰੋ. ਮਨਪ੍ਰੀਤ ਸਿੰਘ ਅੰਮ੍ਰਿਤਸਰ, ਪਰਮਜੀਤ ਸਿੰਘ ਟਾਂਡਾ, ਸੁਖਦੇਵ ਸਿੰਘ ਅੰਮ੍ਰਿਤਸਰ, ਸੁਦੀਪ ਸਿੰਘ ਜਲੰਧਰ, ਹਰਪ੍ਰੀਤ ਸਿੰਘ ਸਮੋਲੀ, ਲਖਵਿੰਦਰ ਸਿੰਘ ਬਲੌਂਗੀ, ਬਰਿੰਦਰਜੀਤ ਸਿੰਘ, ਨਵਦੀਪ ਸਿੰਘ ਨਵਾਂਸ਼ਹਿਰ, ਅਰਵਿੰਦਰ ਸਿੰਘ ਟਾਂਡਾ, ਲਵਪ੍ਰੀਤ ਸਿੰਘ ਜਲੰਧਰ, ਜਰਨੈਲ ਸਿੰਘ ਲੁਧਿਆਣਾ, ਮਨਦੀਪ ਸਿੰਘ ਸ਼੍ਰ੍ਰੀ ਹਰਿਗੋਬਿੰਦਪੁਰ, ਗੁਰਜਿੰਦਰ ਸਿੰਘ ਸਠਿਆਲਾ, ਗਗਨਦੀਪ ਸਿੰਘ ਜਲਾਲਪੁਰ, ਮਨਦੀਪ ਸਿੰਘ ਗੁਰਦਾਸਪੁਰ ਆਦਿ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,