ਪੰਜਾਬ ਦੀ ਪ੍ਰਭੁਸੱਤਾ ਅਤੇ ਅਜ਼ਾਦੀ ਦੀ ਵਕਾਲਤ ਕਰਨ ਵਾਲੀਆਂ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ, ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ 'ਤੇ ਭਾਰਤੀ ਨਿਜ਼ਾਮ ਦੇ ਹਮਲਿਆਂ, ਅਨਿਆਂ ਅਤੇ ਜ਼ਿਆਦਤੀਆਂ ਵਿਰੁੱਧ 14 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਨਗੇ।
ਸਿੱਖ ਅਤੇ ਕਸ਼ਮੀਰੀ ਨੁਮਾਇਂਦਿਆਂ ਵੱਲੋਂ ਸਾਂਝੇ ਤੌਰ ‘ਤੇ ਭਾਰਤ ਦੇ ਬਰਤਾਨਵੀ ਦੂਤਘਰ ਅੱਗੇ ਜ਼ੋਰਦਾਰ ਮੁਜ਼ਾਹਰੇ ਦੌਰਾਨ ਇਸ ਦੇ 70 ਸਾਲਾ ਅਜ਼ਾਦੀ ਦਿਹਾੜੇ ਨੂੰ ਗ਼ੁਲਾਮੀ ਅਤੇ ਬਰਬਾਦੀ ਦੇ ਸੋਗ ਸੰਤਾਪ ਵਜੋਂ ਮਨਾਇਆ ਗਿਆ, ਜਿਸ ‘ਅਜ਼ਾਦੀ’ ਪਿੱਛੋਂ ਸਿਰਫ਼ ਪੰਜਾਬ ਦੇ ਸਿੱਖਾਂ, ਜਾਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਹੀ ਨਹੀਂ, ਬਲਕਿ ਭਾਰਤ ਦੀਆਂ ਘਟ-ਗਿਣਤੀ ਇਸਾਈ, ਬੋਧੀ, ਜੈਨੀ ਅਤੇ ਦਲਿਤ ਕੌਮਾਂ ਨੂੰ ਵੀ ਬ੍ਰਾਹਮਣਵਾਦੀ ਤਾਕਤਾਂ ਹੱਥੋਂ ਨੱਸਲਕੁਸੀ ਦਾ ਲਗਾਤਰ ਸਾਹਮਣਾ ਕਰਨਾ ਪੈ ਰਿਹਾ ਹੈ।
ਦਲ ਖਾਲਸਾ ਨੇ ਸਿੱਖਾਂ ਦੀ ਸਵੈ-ਰਾਜ ਦੀ ਇਤਿਹਾਸਕ ਇੱਛਾ ਅਤੇ ਸਵੈ-ਨਿਰਣੈ ਦੇ ਹੱਕ ਦੀ ਮੰਗ ਨੂੰ ਮੁੜ ਦੁਹਰਾਉਦਿਆਂ ਭਾਰਤੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ। ਜਥੇਬੰਦੀ ਨੇ ਕਿਹਾ ਕਿ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦਾ ਨਿੱਘ ਸਿੱਖਾਂ ਨੂੰ ਨਹੀਂ ਮਿਿਲਆ ਅਤੇ ਉਹ ਭਾਰਤੀ ਲੀਡਰਸ਼ਿਪ ਦੇ ਝਾਂਸੇ ਵਿੱਚ ਆਕੇ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫੱਸ ਗਏ ਹਨ। ਉਹਨਾਂ ਅਦਾਲਤਾਂ ਅਤੇ ਸਰਕਾਰਾਂ ਵਲੋਂ 'ਜਨ ਗਨ ਮਨ' ਥੋਪੇ ਜਾਣ ਨੂੰ ਨਕਾਰਦਿਆਂ ਕਿਹਾ ਕਿ ਜਬਰੀ ਥੋਪਿਆ ਜਾ ਰਿਹਾ ਫਰਜੀ ਰਾਸ਼ਟਰਵਾਦ ਸਾਨੂੰ ਪ੍ਰਵਾਨ ਨਹੀਂ ਹੈ।
ਹਿੰਦੁਸਤਾਨੀ ਗਲਬੇ ਤੋਂ ਪੰਜਾਬ ਤੇ ਪੰਥ ਨੂੰ ਅਜ਼ਾਦ ਕਰਵਾਉਣ ਦੀ ਸੋਚ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ, ਦਲ ਖ਼ਾਲਸਾ ਨੇ ਅਖੰਡ ਕੀਰਤਨੀ ਜਥੇ ਦੇ ਸਹਿਯੋਗ ਨਾਲ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ 15 ਅਗਸਤ ਨੂੰ ਰੋਹ ਭਰਪੂਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।