July 27, 2019 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਸੀ.ਬੀ.ਆਈ ਵਲੋਂ 29 ਜੂਨ 2019 ਨੂੰ ਤਿਆਰ ਕੀਤੀ ਤੇ 4 ਜੁਲਾਈ 2019 ਨੂੰ ਸੀ.ਬੀ.ਆਈ ਮੈਜਿਸਟ੍ਰੇਟ, ਮੋਹਾਲੀ ਦੀ ਅਦਾਲਤ ਵਿਚ ਸੀ.ਬੀ.ਆਈ ਨੂੰ 2-11-2015 ਦੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਜਾਂਚ ਲਈ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਜਿਸ ਸਬੰਧੀ ਪਹਿਲਾਂ ਤੋਂ ਮਿੱਥੀ ਹੋਈ ਕੇਸ ਦੀ ਤਰੀਕ 23 ਜੁਲਾਈ 2019 ਨੂੰ ਵਿਚਾਰ ਹੋਣਾ ਸੀ ਪਰ ਇਸ ਦਰਮਿਆਨ ਵੱਖ-ਵੱਖ ਧਿਰਾਂ ਵਲੋਂ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਸਬੰਧੀ ਦਰਖਾਸਤਾਂ ਦਾਖਲ ਕਰ ਦਿੱਤੀਆਂ ਗਈਆਂ ਜਿਸ ਸਬੰਧੀ ਨਿਬੇੜਾ ਕਰਦਿਆਂ ਕਲੋਜ਼ਰ ਰਿਪੋਰਟ ਸਬੰਧੀ ਫੈਸਲਾ ਤਿੰਨਾਂ ਮੁਕੱਦਮਿਆਂ ਦੇ ਸ਼ਿਕਾਇਤ ਕਰਤਾਵਾਂ ਵਲੋਂ ਜੇ ਉਹ ਚਾਹੁਣ ਤਾਂ ਇਸ ਸਬੰਧੀ ਪ੍ਰੋਟੈਸਟ ਪਟੀਸ਼ਨ ਦਾਖਲ ਕਰਨ ਲਈ 23 ਅਗਸਤ 2019 ਲਈ ਮੁਲਤਵੀ ਕਰ ਦਿੱਤਾ ਗਿਆ।
ਜਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ਚੋ ਚੋਰੀ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਬਾਜਾਖਾਨਾ ਵਿਚ ਮੁਕੱਦਮਾ ਨੰਬਰ 63 ਤਰੀਕ 2 ਜੂਨ 2015 ਦਰਜ਼ ਕੀਤਾ ਗਿਆ ਸੀ, ਬਾਅਦ ਵਿਚ ਗੁਰੂ ਸਾਹਿਬ ਜੀ ਦੇ ਸਰੂਪ ਦੀ ਚੋਰੀ ਦੀ ਜਿੰਮੇਵਾਰੀ ਲੈਂਦੇ ਇਸ਼ਤਿਹਾਰ ਲਗਾਏ ਗਏ ਸਨ ਜਿਸ ਸਬੰਧੀ ਮੁਕੱਦਮਾ ਨੰਬਰ 117 ਤਰੀਕ 25 ਸਤੰਬਰ 2015 ਦਰਜ਼ ਕੀਤਾ ਗਿਆ ਅਤੇ ਤੀਸਰਾ ਮੁਕੱਦਮਾ ਪਿੰਡ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਖਿੱਲਰੇ ਅੰਗ ਮਿਲਣ ਕਾਰਨ ਮੁਕੱਦਮਾ ਨੰਬਰ 128 ਤਰੀਕ 12 ਅਕਤੂਬਰ 2015 ਦਰਜ਼ ਕੀਤਾ ਗਿਆ ਸੀ ਅਤੇ ਇਹਨਾਂ ਤਿੰਨਾਂ ਮੁਕੱਦਮਿਆਂ ਦੀ ਜਾਂਚ 2 ਨਵੰਬਰ 2015 ਨੂੰ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਸੀ ਜਿਸ ਨੇ ਪੰਜਾਬ ਪੁਲਿਸ ਵਲੋਂ ਹੋਰਨਾਂ ਕੇਸਾਂ ਵਿਚ ਗ੍ਰਿਫਤਾਰ 10 ਵਿਅਕਤੀਆਂ ਵਿਚੋਂ 3 ਡੇਰਾ ਸਿਰਸਾ ਪਰੇਮੀਆਂ ਨੂੰ ਇਹਨਾਂ ਤਿੰਨਾਂ ਕੇਸਾਂ ਵਿਚ ਨਾਮਜ਼ਦ ਕਰਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਅੰਤ 4 ਜੁਲਾਈ 2019 ਨੂੰ ਇਹਨਾਂ ਤਿੰਨਾਂ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਅਦਾਲਤ ਵਿਚ ਦਾਖਲ ਕਰ ਦਿੱਤੀ ਜਿਸ ਵਿਚ ਸਾਂਝੀ ਕਲੋਜ਼ਰ ਰਿਪੋਰਟ ਦੇਣ ਦੇ ਮੁੱਖ ਰੂਪ ਵਿਚ 3 ਆਧਾਰ ਬਣਾਏ ਗਏ ਹਨ:-
1. ਕੋਈ ਮੌਕੇ ਦਾ ਗਵਾਹ ਨਹੀਂ ਮਿਿਲਆ।
2. ਹੱਥ-ਲਿਖਤ ਦੇ ਮਾਹਰ, ਹੱਥਾਂ ਦੇ ਨਿਸ਼ਾਨਾਂ ਦੇ ਮਾਹਰ ਅਤੇ ਮਨੋਵਿਿਗਆਨਕ ਜਾਂਚ ਮਾਹਰਾਂ ਦੀਆਂ ਫੌਰੈਂਸਿਕ ਜਾਂਚ ਰਿਪੋਰਟਾਂ ਵਿਚ ਮੌਜੂਦਾਂ ਦੋਸ਼ੀਆਂ ਦੇ ਖਿਲਾਫ ਨਾ ਹੋਣਾ।
3. ਪੰਜਾਬ ਸਰਕਾਰ ਵਲੋਂ 6 ਸਤੰਬਰ 2018 ਦੇ ਨੋਟੀਫਿਕੇਸ਼ਨ ਦੁਆਰਾ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣਾ।
ਸਾਂਝੀ ਕਲੋਜ਼ਰ ਰਿਪੋਰਟ ਵਿਚ 106 ਗਵਾਹਾਂ ਦੀ ਸੂਚੀ ਅਤੇ 70 ਦਸਤਾਵੇਜਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਮੁੱਢਲੀ ਤਫਤੀਸ਼ ਵਿਚ ਸ਼ਾਮਲ ਕੀਤੇ ਵਿਅਕਤੀਆਂ ਨੂੰ ਮੁੜ ਜਾਂਚ ਵਿਚ ਸ਼ਾਮਲ ਕੀਤੇ ਜਾਣ ਦਾ ਵੀ ਜ਼ਿਕਰ ਹੈ ਪਰ ਕਈ ਗੱਲਾਂ ਅਜਿਹੀਆਂ ਵੀ ਹਨ ਜਿਹਨਾਂ ਸਬੰਧੀ ਨਾ ਤਾਂ ਪਹਿਲਾਂ ਮੀਡੀਏ ਵਿਚ ਚਰਚਾ ਹੋਈ ਹੈ ਅਤੇ ਨਾ ਹੀ ਸ਼ਾਇਦ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਹੈ।
ਘਰੇਲੂ ਗੈਸ ਵਾਲਾ, ਨਰੇਗਾ ਮਜਦੂਰ ਤੇ ਖਰਬੂਜਿਆਂ ਵਾਲਾ?
ਸੀ.ਬੀ.ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਮੁਤਾਬਕ 1 ਜੂਨ 2015 ਜਿਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ਚੋ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਬਾਰੇ ਸਵਰਨਜੀਤ ਕੌਰ ਪਤਨੀ ਗੋਰਾ ਸਿੰਘ ਗ੍ਰੰਥੀ ਨੂੰ ਦੋ ਬੱਚਿਆਂ ਲਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸ਼ਾਮ ਕਰੀਬ 4 ਵਜੇ ਦੱਸਿਆ ਸੀ।ਦੁਪਹਿਰ ਬਾਅਦ ਕਰੀਬ 3 ਵਜੇ ਬੱਚੇ ਗੁਰਮਤ ਕਲਾਸ ਲਈ ਗੁਰੂ-ਘਰ ਪਹੁੰਚਣੇ ਸ਼ੁਰੂ ਹੋ ਗਏ ਸਨ।ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਤੋਂ ਬਾਅਦ ਇੱਕ ਫਲ ਵੇਚਣ ਵਾਲੇ (ਖਰਬੂਜਿਆਂ ਵਾਲੇ) ਨੇ ਹੋਕਾ ਦੇਣ ਲਈ ਗੁਰੂ-ਘਰ ਦੇ ਦਰਬਾਰ ਹਾਲ ਦੇ ਸਪੀਕਰ ਦੀ ਵਰਤੋਂ ਕੀਤੀ ਸੀ ਜਿਸ ਨੂੰ ਦਰਬਾਰ ਹਾਲ ਵਿਚ ਗ੍ਰੰਥੀ-ਸਿੰਘ ਦੇ ਭਾਈ ਗੋਰਾ ਸਿੰਘ ਦਾ ਬੱਚਾ ਲਵਪ੍ਰੀਤ ਸਿੰਘ ਤੇ ਉਸਦਾ ਦੋਸਤ ਗੁਰਪ੍ਰੀਤ ਸਿੰਘ ਲੈ ਕੇ ਗਏ ਸਨ ਅਤੇ ਖਰਬੂਜਿਆਂ ਵਾਲੇ ਨੇ ਦੋਨਾਂ ਬੱਚਿਆਂ ਨੂੰ ਖਾਣ ਲਈ ਇਕ ਖਰਬੂਜਾ ਵੀ ਦਿੱਤਾ ਸੀ। ਸੋ ਸਵਾਲ ਉੱਠਦਾ ਹੈ ਕਿ ਕੀ ਉਸ ਖਰਬੂਜਿਆਂ ਵਾਲੇ ਨੂੰ ਕਦੀ ਸ਼ਾਮਲ ਤਫਤੀਸ਼ ਕੀਤਾ ਗਿਆ ਜਾਂ ਨਹੀਂ ? ਅੱਜ ਤੱਕ ਇਸ ਸਬੰਧੀ ਪੰਜਾਬ ਪੁਲਿਸ ਜਾਂ ਮੀਡੀਆ ਵਲੋਂ ਕੋਈ ਗੱਲ ਕਿਉਂ ਨਹੀਂ ਕੀਤੀ ? 1 ਜੂਨ 2015 ਨੂੰ ਉਸ ਗੁਰੂ-ਘਰ ਵਿਚ ਸਵੇਰੇ 11 ਵਜੇ ਘਰੇਲੂ ਗੈਸ ਵਾਲੇ ਨੇ ਵੀ ਹੋਕਾ ਦੇਣ ਲਈ ਗੁਰੂ-ਘਰ ਦੇ ਸਪੀਕਰ ਦੀ ਵਰਤੋਂ ਕੀਤੀ ਸੀ ਅਤੇ ਨਰੇਗਾ ਮਜਦੂਰ ਗੁਰੂ-ਘਰ ਦੀ ਸਫਾਈ ਸਵੇਰ ਤੋਂ ਕਰ ਰਹੇ ਸਨ ਜਿਹਨਾਂ ਕੋਲ ਰੰਬੇ, ਦਾਤੀਆਂ, ਕਹੀਆਂ ਆਦਿ ਸੰਦ ਸਨ ਜੋ ਦੁਪਹਿਰ ਦੀ ਰੋਟੀ 1 ਵਜੇ ਖਾ ਕੇ ਦੋਬਾਰਾ 2 ਵਜੇ ਕੰਮ ਕਰਨ ਗੁਰੂ-ਘਰ ਪੁੱਜ ਗਏ ਸਨ।
ਜੇ ਗੁਰੂ-ਘਰ ਦੇ ਸਾਹਮਣਲੀਆਂ ਦੁਕਾਨਾਂ ਵਾਲਿਆਂ ਦੇ ਦੱਸਣ ਮੁਤਾਬਕ ਕੋਈ ਅਣਸੁਖਾਂਵੀਂ ਜਾਂ ਸ਼ੱਕੀ ਗੱਲ ਨਹੀਂ ਵਾਪਰੀ ਤਾਂ ਕੀ ਇਸ ਗੱਲ ਦੀ ਜਾਂਚ ਕੀਤੀ ਗਈ ਕਿ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ ਘਰ ਵਿਚੋਂ ਕੌਣ ਜਾਂ ਕਿਵੇ ਲੈ ਗਿਆ ? ਜਾਂ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ-ਘਰ ਵਿਚੋਂ ਬਾਹਰ ਗਿਆ ਵੀ ਸੀ ਜਾਂ ਕੋਈ ਇੱਕੱਲੇ ਅੰਗ ਪਾੜ ਕੇ ਲੈ ਗਿਆ? ਜਾਂ ਅੰਗ ਪਾੜਨ ਅਤੇ ਸਰੂਪ ਚੋਰੀ ਹੋਣ ਦੀਆਂ ਘਟਨਾਵਾਂ ਉਸ ਦਿਨ ਵੱਖ-ਵੱਖ ਸਮੇਂ ਕੀਤੀਆਂ ਗਈਆਂ? ਇਹ ਗੱਲ ਵੀ ਹੈ ਕਿ ਗੁਰੂ-ਘਰ ਦੇ ਸਾਹਮਣੇ ਦੁਕਾਨ ਵਾਲੇ ਗੁਰਦੇਵ ਇੰਸਾਂ ਦਾ ਕਤਲ ਸਿੱਖ ਨੌਜਵਾਨਾਂ ਵਲੋਂ ਉਸਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਕਰਣ/ਕਰਵਾਉਂਣ ਦੇ ਦੋਸ਼ਾਂ ਤਹਿਤ ਹੀ ਕੀਤਾ ਗਿਆ ਸੀ।
ਡੇਰਾ ਸਿਰਸਾ ਹਲਾਤਾਂ ਮੁਤਾਬਕ ਦੋਸ਼ੀ?
ਸੀ.ਬੀ.ਆਈ ਨੇ ਆਪਣੀ ਸਾਂਝੀ ਕਲੋਜ਼ਰ ਰਿਪੋਰਟ ਵਿਚ ਇਸ ਗੱਲ ਦਾ ਵਿਸ਼ੇਸ਼ ਜਿਕਰ ਕੀਤਾ ਹੈ ਕਿ ਇਹਨਾਂ ਘਟਨਾਵਾਂ ਸਬੰਧੀ ਕੋਈ ਮੌਕੇ ਦਾ ਗਵਾਹ ਨਹੀਂ ਮਿਿਲਆ ਅਤੇ ਸ਼ਾਇਦ ਸੀ.ਬੀ.ਆਈ ਨੇ ਜਾਣ-ਬੁੱਝ ਕੇ ਆਣਜਾਣਤਾ ਕੀਤੀ ਹੈ ਕਿਉਂਕਿ ਜਿਹਨਾਂ ਕੇਸਾਂ ਵਿਚ ਮੌਕੇ ਦਾ ਕੋਈ ਗਵਾਹ ਨਹੀਂ ਮਿਲਦਾ ਉੱਥੇ ਹਲਾਤਾਂ ਮੁਤਾਬਕ ਜਾਂਚ ਕੀਤੀ ਜਾਂਦੀ ਹੈ ਅਤੇ ਦੋਸ਼ੀ ਨਾਮਜ਼ਦ ਕੀਤੇ ਜਾਂਦੇ ਹਨ। ਹਲਾਤ ਇਹ ਦਰਸਾਉਂਦੇ ਹਨ ਕਿ ਡੇਰਾ ਸਿਰਸਾ ਤੇ ਸਿੱਖਾਂ ਵਿਚਕਾਰ 2007 ਵਿਚ ਡੇਰਾ ਸਿਰਸਾ ਮੁਖੀ ਵਲੋਂ ਦਸਮ ਪਾਤਸ਼ਾਹ ਦਾ ਸਵਾਂਗ ਰਚਣ ਤੋਂ ਟਕਰਾਅ ਸੀ ਜਿਸ ਕਾਰਨ ਡੇਰਾ ਸਿਰਸਾ ਮੁਖੀ ਪੰਜਾਬ ਵਿਚ ਨਹੀਂ ਸੀ ਆ ਸਕਿਆ। ਉਸ ਨੂੰ ਮਾਰਨ ਲਈ ਵੀ ਸਿੱਖ ਨੌਜਵਾਨਾਂ ਦੇ ਬਲਾਸਟ ਵੀ ਕੀਤਾ। ਉਸਦੇ ਪ੍ਰੇਮੀ ਪੰਜਾਬ,ਭਾਰਤ ਤੇ ਵਿਦੇਸ਼ਾਂ ਵਿਚ ਘੱਟ ਰਹੇ ਸਨ ਜਿਸ ਲਈ ਉਹ ਸਿੱਖਾਂ ਨੂੰ ਦੋਸ਼ੀ ਮੰਨਦਾ ਸੀ। ਸਿੱਖ ਉਸਦੀ ਹਰ ਚੀਜ਼ ਦਾ ਹਰ ਥਾਂ ਵਿਰੋਧ ਕਰ ਰਹੇ ਸਨ। ਉਸਦੀਆਂ ਬੇਹੁਦਾ ਫਿਲਮਾਂ ਦਾ ਵੀ ਵਿਰੋਧ ਸਿੱਖਾਂ ਨੇ ਹੀ ਕੀਤਾ ਤਾਂ ਫਿਰ ਉਸਨੇ ਵੱਡੀ ਸਾਜ਼ਿਸ਼ ਤਹਿਤ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ।ਘਟਨਾਵਾਂ ਦੀਆਂ ਤਰੀਕਾਂ ਹਲਾਤਾਂ ਦੀ ਗਵਾਹੀ ਡੇਰਾ ਸਿਰਸਾ ਨੂੰ ਦੋਸ਼ੀ ਸਿੱਧ ਕਰਦੀਆਂ ਹਨ ਜਿਸ ਤਹਿਤ 1 ਜੂਨ 2015 ਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣਾ। 1 ਜੂਨ ਨੂੰ ਹੀ ਉਸ ਗੁਰੁ-ਘਰ ਵਿਚ ਸ਼ੱਕੀਆਂ ਦਾ ਬਾਰ-ਬਾਰ ਆਉਂਣਾ, ਗੁਰੂ-ਘਰ ਸਾਹਮਣੇ ਡੇਰਾ ਪ੍ਰੇਮੀ ਗੁਰਦੇਵ ਇੰਸਾਂ ਦੀ ਦੁਕਾਨ ਜਿਸ ਦਾ ਕਤਲ ਬਾਅਦ ਵਿਚ ਨੌਜਵਾਨਾਂ ਨੇ ਆਪਣੇ ਤੌਰ ਤੇ ਕੀਤੀ ਜਾਂਚ ਮੁਤਾਬਕ ਉਸਨੂੰ ਦੋਸ਼ੀ ਮੰਨ ਕੀਤਾ। 18 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਦੀ ਫਿਲਮ ਪੰਜਾਬ ਤੋਂ ਇਲਾਵਾ ਭਾਰਤ ਵਿਚ ਰਿਲੀਜ਼ ਹੋਣਾ, ਡੇਰਾ ਪਰੇਮੀਆਂ ਵਲੋਂ ਧਰਨੇ ਮੁਜ਼ਾਹਰੇ, 23 ਸਤੰਬਰ ਨੂੰ ਪੰਜਾਬ ਵਿਚ ਵੀ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਹੋਣਾ, 24/25 ਸਤੰਬਰ 2015 ਨੂੰ ਡੇਰਾ ਸਿਰਸਾ ਪਰੇਮੀਆਂ ਵਲੋਂ ਧਮਕੀ ਭਰੇ ਇਸ਼ਤਿਹਾਰ ਲਾਉਂਣੇ, 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ 2007 ਦੀ ਘਟਨਾ ਲਈ ਬੇਅਣਖੇ ਜਥੇਦਾਰਾਂ ਵਲੋਂ ਮੁਆਫੀ ਦੇਣੀ, 12 ਅਕਤੂਬਰ 2015 ਨੂੰ ਗੁਰੂ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਖਿੱਲਰੇ ਮਿਲਣੇ ਤੇ 17 ਅਕਤੂਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਖਾਰਜ਼ ਹੋਣੀ। ਇਹ ਸਾਰੀਆਂ ਘਟਨਾਵਾਂ ਤੇ ਹਲਾਤ ਇਸ ਗੱਲ ਵਾਲਾ ਸਿੱਧਾ ਇਸ਼ਾਰਾ ਕਰਦੇ ਹਨ ਕਿ ਇਹ ਸਭ ਕੁਝ ਬਹੁਤ ਵੱਡੀ ਸਾਜ਼ਿਸ਼ ਤਹਿਤ ਹੋਇਆ ਹੈ ਅਤੇ ਇਸ ਦੇ ਸੂਤਰਧਾਰ ਡੇਰਾ ਸਿਰਸਾ ਮੁਖੀ ਨੂੰ ਇਸ ਸਬੰਧੀ ਕੋਈ ਪੁੱਛ-ਪੜਤਾਲ ਹੀ ਨਹੀਂ ਕੀਤੀ ਗਈ ਜਦ ਕਿ ਉਸਨੂੰ ਪੁਲਿਸ ਰਿਮਾਂਡ ਵਿਚ ਲੈ ਕੇ ਹੀ ਸਭ ਕੁਝ ਉਜਾਗਰ ਹੋ ਸਕਦਾ ਹੈ ਕਿ ਉਸ ਵਲੋਂ ਇਹਨਾਂ ਤਿੰਨ ਘਟਨਾਵਾਂ ਲਈ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਸਨ? ਹੋ ਸਕਦਾ ਹੈ ਕਿ ਉਹਨਾਂ ਟੀਮਾਂ ਦਾ ਆਪਸੀ ਕੋਈ ਸਬੰਧ ਨਾ ਹੀ ਹੋਵੇ? ਇਹ ਵੀ ਹੋ ਸਕਦਾ ਹੈ ਕਿ ਕੰਮ ਕਰਵਾਇਆ ਕਿਸੇ ਕੋਲੋਂ ਹੋਵੇ ਤੇ ਇੰਕਸਾਫ ਕਿਸੇ ਹੋਰ ਤੋਂ ਕਰਵਾ ਦਿੱਤੇ ਹੋਣ ਜਿਸ ਨਾਲ ਵਿਿਗਆਨਕ ਜਾਂਚ ਵਿਚ ਕੋਈ ਸਬੂਤ ਨਾ ਬਣੇ?
ਬੇਅੰਤ ਸੁਨਿਆਰੇ ਤੋਂ ਅੰਗ 115 ਦੀ ਬਰਾਮਦਗੀ?
ਪਿੰਡ ਬਰਗਾੜੀ ਦੀਆਂ ਗਲੀਆਂ ਵਿਚ 12 ਅਕਤੂਬਰ 2015 ਨੂੰ ਗੁਰੂ ਸਾਹਿਬ ਜੀ ਦੇ ਅੰਗ ਮਿਲਣ ਤੋਂ ਬਾਅਦ 17 ਅਕਤੂਬਰ 2015 ਨੂੰ ਪਿੰਡ ਕੋਟ ਸੁੱਖੇ ਦੇ ਬੇਅੰਤ ਸੁਨਿਆਰੇ ਕੋਲੋਂ ਪੁਲਿਸ ਨੇ ਗੁਰੂ ਸਾਹਿਬ ਜੀ ਦੇ ਅੰਗ 115 ਦੀ ਬਰਾਮਦਗੀ ਕੀਤੀ। ਇਸ ਵਿਅਕਤੀ ਕੋਲ ਗੁਰੂ ਸਾਹਿਬ ਜੀ ਦਾ ਅੰਗ ਕਿਵੇਂ ਪਹੁੰਚਾ ? ਇਹ ਤੱਥ ਵੀ ਜਾਂਚ ਦੀ ਮੰਗ ਕਰਦਾ ਹੈ।
ਸਾਂਝੀ ਕਲੋਜ਼ਰ ਰਿਪੋਰਟ ਦਾ ਬਣੇਗਾ ਕੀ?
ਸਭ ਦੇ ਮਨ ਵਿਚ ਇਹੀ ਸਵਾਲ ਹੈ ਕਿ ਕੀ ਹੁਣ ਬੇਅਦਬੀ ਦੇ ਉਕਤ ਤਿੰਨੋਂ ਕੇਸ ਖਤਮ ਹੋ ਗਏ ਹਨ? ਪਰ ਅਜਿਹਾ ਨਹੀਂ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਹੁਣ ਸੀ.ਬੀ.ਆਈ ਨਹੀਂ ਕਰੇਗੀ ਅਤੇ ਨਾ ਹੀ ਇਹ ਕੇਸ ਸੀ.ਬੀ.ਆਈ ਆਦਾਲਤ ਵਿਚ ਚੱਲ ਸਕਦਾ ਹੈ। ਸੀ.ਬੀ.ਆਈ ਕੋਲੋਂ ਹੀ ਜਦੋਂ ਜਾਂਚ ਵਾਪਸ ਲੈ ਲਈ ਗਈ ਹੈ ਤਾਂ ਹੁਣ ਕੇਸ ਸੀ.ਬੀ.ਆਈ ਮੈਜਿਸਟ੍ਰੇਟ ਮੋਹਾਲੀ ਵਲੋਂ ਉਸੇ ਤਰ੍ਹਾਂ ਫਾਈਲ ਵਾਪਸ ਫਰੀਦਕੋਟ ਅਦਾਲਤ ਵਿਚ ਭੇਜ ਦੇਵੇਗੀ ਜਿਸ ਤਰ੍ਹਾਂ ਫਾਈਲ 2015 ਵਿਚ ਸੀ.ਬੀ.ਆਈ ਨੂੰ ਜਾਂਚ ਮਿਲਣ ਤੋਂ ਬਾਅਦ ਫਰੀਦਕੋਰਟ ਅਦਾਲਤ ਵਲੋਂ ਸੀ.ਬੀ.ਆਈ ਮੈਜਿਸਟ੍ਰੇਟ ਮੋਹਾਲੀ ਨੂੰ ਭੇਜੀ ਗਈ ਸੀ ਅਤੇ ਜਾਂਚ ਦੀ ਫਾਈਲ ਵੀ ਸੀ.ਬੀ.ਆਈ ਵਲੋਂ ਮੁੜ ਪੰਜਾਬ ਪੁਲਿਸ ਨੂੰ ਵਾਪਸ ਮਿਲ ਜਾਵੇਗੀ।ਦੇਖਣਾ ਇਹ ਹੈ ਕਿ ਹੁਣ ਪੰਜਾਬ ਸਰਕਾਰ ਤੇ ਪੁਲਸ ਇਹਨਾਂ ਕੇਸਾਂ ਨੂੰ ਕਿਸ ਪਾਸੇ ਵੱਲ ਲੈ ਕੇ ਜਾਵੇਗੀ? ਵੈਸੇ ਇਸ ਮੁਲਕ ਵਿਚ ਸਿੱਖਾਂ ਨੂੰ ਨਿਆਂ ਦੀ ਆਸ ਜਿਆਦਾ ਨਹੀਂ ਪਰ ਫਿਰ ਵੀ ਕੌਮਾਂਤਰੀ ਭਾਈਚਾਰੇ ਅੱਗੇ ਰੱਖਣ ਲਈ ਸਾਨੂੰ ਇਸ ਸਭ ਕਾਸੇ ਵਿਚੋਂ ਲੰਘਣਾ ਹੀ ਪੈਣਾ ਹੈ। ਅਸਲ ਗੱਲ ਤਾਂ ਇਹ ਹੈ ਕਿ ਖਾਲਸਾ ਨਿਆਂ-ਸ਼ਾਸਤਰ ਦੇ ਲਾਗੂ ਹੋਣ ਨਾਲ ਹੀ ਇਨਸਾਫ ਮਿਲ ਸਕਦਾ ਹੈ।
ਬਾਜਾਂ ਵਾਲਾ ਆਪ ਸਹਾਈ ਹੋਵੇ।
* ਜਿਲ੍ਹਾ ਕਚਹਿਰੀਆਂ, ਲੁਧਿਆਣਾ।
ਸੰਪਰਕ: +91-98554-01843
Related Topics: Articles by Jaspal Singh Manjhpur, Bargari, Bargari Beadbi Case, CBI, Indian Politics, Jaspal Singh Manjhpur (Advocate), Punjab Politics, SIT on Bargari Beadbi Case and Behbal Kalan Police Firing