ਖਾਸ ਖਬਰਾਂ

ਸ਼ਹੀਦਾਂ ਦੀ ਧਰਤੀ ਦਾ ਪਾਣੀ ਗੰਧਲਾ ਕਰਨ ਦਾ ਐਲਾਨ

September 8, 2022 | By

ਫਤਹਿਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਇਹ ਉਹ ਧਰਤੀ ਵੀ ਹੈ, ਜਿਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਬੇ-ਜ਼ਮੀਨਿਆਂ ਨੂੰ ਜਗੀਰਾਂ ਵੰਡ ਕੇ ਸਰਦਾਰ ਬਣਾਇਆ ਸੀ । ਸੱਤਾ ਭੋਗ ਚੁੱਕੇ ਤੇ ਸੱਤਾ ਮਾਣ ਰਹੇ ਲੋਕ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਰਜ਼ਦਾਰ ਹਨ।

ਦਰਿਆਈ ਅਤੇ ਜ਼ਮੀਨੀ ਪਾਣੀਆਂ ਨੂੰ ਗੰਦਾ ਕਰਕੇ ਕੈਂਸਰ ਅਤੇ ਹੋਰ ਬਿਮਾਰੀਆਂ ਵੰਡਣੇ ਕਾਰਖਾਨਿਆਂ ਦਾ ਸਮੂਹ , ਜੋ ਕਿ ਪਹਿਲਾਂ ਸਤਲੁਜ ਕੰਢੇ, ਮੱਤੇਵਾੜਾ ਵਿਖੇ ਲੱਗਣਾ ਸੀ, ਲੋਕਾਂ ਦੇ ਵੱਡੇ ਵਿਰੋਧ ਤੋਂ ਬਾਅਦ “ਮੱਤੇਵਾੜਾ ਕਾਰਖਾਨਾ ਪਾਰਕ” ਨੂੰ ਰੱਦ ਕਰ ਦਿੱਤਾ ਗਿਆ । ਲੋਕਾਂ ਦੇ ਵਿਰੋਧ ਦਾ ਮੁੱਖ ਕਾਰਨ ਇਹ ਸੀ ਕਿ ਐਸੇ ਕਾਰਖਾਨੇ ਪਾਣੀ ਅਤੇ ਵਾਤਾਵਰਨ ਨੂੰ ਖਰਾਬ ਕਰਦੇ ਹਨ । ਪਰ ਹੈਰਾਨੀ ਉੱਥੇ ਹੁੰਦੀ ਹੈ ਜਦੋਂ ਸਰਕਾਰ ਇਸ ਕਾਰਖਾਨੇ ਲਈ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਚੁਣਦੀ ਹੈ। ਮੱਤੇਵਾੜਾ ਟੈਕਸਟਾਈਲ ਪਾਰਕ ਦੇ ਵੱਡੇ ਵਿਰੋਧ ਤੋਂ ਬਾਅਦ ਵੀ ਪੰਜਾਬ ਸਰਕਾਰ ਖੁਦ ਟੈਕਸਟਾਈਲ ਪਾਰਕ ਵਾਸਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਤਜਵੀਜ਼ ਕੇਂਦਰ ਨੂੰ ਪੇਸ਼ ਕਰ ਰਹੀ ਹੈ। ਜਦੋਂ ਕਿ ਫਤਿਹਗੜ੍ਹ ਸਾਹਿਬ ਤੋਂ ਕੇਵਲ 60 ਕਿਲੋਮੀਟਰ ਦੂਰੀ ਤੇ ਬੁੱਢੇ ਦਰਿਆ ਦੀ ਹਾਲਤ ਤਾਂ ਜੱਗ ਜਾਹਿਰ ਹੈ। ਬੁੱਢੇ ਦਰਿਆ ‘ਚ ਪੈ ਰਿਹਾ ਗੰਦਾ ਪਾਣੀ ਨਾ ਪਿਛਲੀਆਂ ਸਰਕਾਰਾਂ ਤੋਂ ਰੁਕਿਆ ਤੇ ਨਾ ਮੌਜ਼ੂਦਾ ਸੱਤਾ ਧਿਰ ਤੋਂ।

ਜੀਰੇ ਨੇੜੇ ਮਨਸੂਰਵਾਲ ਵਾਲਾ ਮੋਰਚਾ ਤੁਹਾਡੇ ਧਿਆਨ ‘ਚ ਹੋਵੇਗਾ । ਇਥੋਂ ਦੀ ਇੱਕ ਨਿਜੀ ਸ਼ਰਾਬ ਫੈਕਟਰੀ (ਮਾਲਬ੍ਰੋਜ਼) ਵੱਲੋਂ ਗੰਦਾ ਪਾਣੀ ਧਰਤੀ ਹੇਠ ਪਾਉਣ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦਾ ਜ਼ਮੀਨੀ ਪਾਣੀ ਗੰਧਲਾ ਹੋ ਚੁੱਕਾ ਹੈ । ਇਸੇ ਗੰਦੇ ਪਾਣੀ ਕਰਕੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦੀ ਜਾਣਕਾਰੀ ਸਥਾਨਕ ਲੋਕ ਦਿੰਦੇ ਹਨ । ਹੁਣ ਇਸੇ ਹੀ ਕਾਰਖਾਨੇ ਵੱਲੋਂ ਗੰਦਾ ਪਾਣੀ ਬੋਰ ਕਰਕੇ ਹੇਠਾਂ ਪਾਉਣ ਕਰਕੇ ਆਲੇ ਦੁਆਲੇ ਦੇ ਕਈ ਪਿੰਡਾਂ ਦਾ ਜ਼ਮੀਨੀ ਪਾਣੀ ਗੰਧਲਾ ਹੋ ਚੁੱਕਾ ਹੈ। ਸਿੱਟੇ ਵਜੋਂ ਲੋਕ ਕਿਸਾਨ ਮੋਰਚੇ ਵਾਂਗ ਪੱਕਾ ਧਰਨਾ ਲਾਈ ਬੈਠੇ ਹਨ। ਰੰਗਾਈ ਵਾਲੇ ਕਾਰਖਾਨਿਆਂ ਦੀ ਮਾਰ ਝੱਲਦੇ ਵਿਅਕਤੀ ਦੀ ਮੌਤ ਦੀ ਖਬਰ ਮੱਤੇਵਾੜਾ ਮੋਰਚੇ ਵੇਲੇ ਵੀ ਕਾਫ਼ੀ ਚੱਲੀ ਸੀ।

ਇਨ੍ਹਾਂ ਕੁਝ ਸਪਸ਼ਟ ਹੋਣ ਦੇ ਬਾਵਜੂਦ ਸਰਕਾਰੀ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਇਨ੍ਹਾਂ ਕਾਰਖਾਨਿਆਂ ਦੀ ਪਿੱਠ ਥਾਪੜਦਿਆਂ ਹੀ ਦੇਖੀਆਂ ਨੇ। ਅਸਲ ‘ਚ ਇਹ ਕੈਂਸਰ ਵੰਡਣੇ ਕਾਰਖਾਨੇ ਪੰਜਾਬ ਦੀ ਲੋੜ ਨਹੀਂ, ਬਲਕਿ ਪੰਜਾਬ ਇਹਨਾਂ ਦੀ ਲੋੜ ਹੈ। ਤਾਹੀਂ ਕਦੇ ਮੱਤੇਵਾੜਾ, ਕਦੇ ਗੁਰਦਾਸਪੁਰ, ਕਦੇ ਅੰਮ੍ਰਿਤਸਰ, ਕਦੇ ਬਠਿੰਡੇ ਤੇ ਹੁਣ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਹੋ ਤੁਰੇ ਨੇ। ਵੱਖ ਵੱਖ ਪਾਰਟੀਆਂ ਨੇ ਕਾਰਖਾਨਾ ਮਾਲਕਾਂ ਤੋਂ ਮੋਟੇ ਫੰਡ ਲੈਣੇ ਹੋਣ ਕਰਕੇ ਇਹ ਓਹਨਾਂ ਦੀ ਮਜ਼ਬੂਰੀ ਹੋ ਸਕਦੀ ਹੈ। ਪਰ ਲੋਕਾਂ ਦੀ ਮਜ਼ਬੂਰੀ ਓਸ ਤੋਂ ਵੀ ਵੱਡੀ ਹੈ। ਲੋਕਾਂ ਨੂੰ ਆਪਣੀ ਹੋਂਦ ਦੀ ਲੜਾਈ ਲਈ ਸੰਘਰਸ਼ ਕਰਨੇ ਪਏ ਹਨ ਤੇ ਪੈਂਦੇ ਰਹਿਣਗੇ।

ਜ਼ਹਿਰ ਵੰਡਣੇ ਕਾਰਖਾਨੇ ਲਾਉਣ ਲਈ ਤਰਲੋ ਮੱਛੀ ਹੁੰਦੇ ਫਿਰਨਾ “ਲੋਕਾਂ ਲਈ” ਕੀਤਾ ਜਾਂਦਾ ਰਾਜ ਤਾਂ ਨਹੀਂ ਹੋ ਸਕਦਾ। ਲੋਕਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਦੀ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ, ਨੁਮਾਇੰਦੇ ਭਾਵੇਂ ਉਹ ਕਿਸੇ ਵੀ ਧਿਰ ਦੇ ਹੋਣ।
ਸਭ ਤੋਂ ਜ਼ਰੂਰੀ ਹੈ ਕਿ ਲੋਕ ਸਮੱਸਿਆ ਪ੍ਰਤੀ ਜਾਗਰੂਕ ਹੋ ਕੇ ਜਥੇਬੰਦ ਹੋਣ ਅਤੇ ਆਪਣੇ ਪੌਣ ਪਾਣੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ।
ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
9056684184

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,