ਖਾਸ ਲੇਖੇ/ਰਿਪੋਰਟਾਂ » ਲੜੀਵਾਰ ਕਿਤਾਬਾਂ

‘ਸ਼ਬਦ ਜੰਗ’ : ਇਤਿਹਾਸ ਤੇ ਸਮਕਾਲ ਨੂੰ ਵੇਖਣ ਦਾ ਨਿਵੇਕਲਾ ਰਾਹ

May 17, 2024 | By

ਡਾ. ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੁਨੀਆ ਭਰ ਦੇ ਗਿਆਨ ਖੇਤਰ ਵਿੱਚ ਵਿਲੱਖਣ ਅਤੇ ਮੌਲਿਕ ਹਸਤਾਖਰ ਹੈ । ਕਿਤਾਬ ਸ਼ੁਰੂ ਕਰਦਿਆਂ ਟੀਚਾ ਮਿਥਿਆ ਸੀ ਕਿ ਕੋਈ ਪੰਜ ਕੁ ਦਿਨਾਂ ਵਿੱਚ ਇਹ ਕਿਤਾਬ ਮੁਕਾ ਲਈ ਜਾਵੇਗੀ ਪਰ ਕਿਤਾਬ ਵਧੇਰੇ ਸੰਘਣੀ ਤੇ ਜਟਿਲ ਹੋਣ ਕਰਕੇ ਸੋਚੇ ਮਿਥੇ ਸਮੇਂ ਨਾਲੋਂ ਵਧੇਰਾ ਸਮਾਂ ਲੈ ਗਈ। ਇੱਕ-ਇੱਕ ਵਾਕ ਦੋਹਰੀ ਪੜ੍ਹਤ ਦੀ ਮੰਗ ਕਰਦਾ ਹੈ। ਕਿਤਾਬ ਤੁਰਨ ਦੀ ਥਾਂ ਪਾਠਕ ਨੂੰ ਉਂਗਲੀ ਫੜ੍ਹ ਕੇ ਕੋਲ ਬਿਠਾਉਂਦੀ ਹੈ ਅਤੇ ਗੱਲ ਨੂੰ ਖੋਲ੍ਹ ਕੇ ਸਮਝਾਉਂਦੀ ਹੈ। ਸ਼ਬਦ ਜੰਗ ਕਿਤਾਬ ਦੁਨੀਆਂ ਦੇ ਸਮੁੱਚੇ ਪ੍ਰਬੰਧ (ਰਾਜਸੀ ਤਕਨੀਕੀ ਸਮਾਜਿਕ ਸੱਭਿਆਚਾਰਕ ਧਾਰਮਿਕ ਆਰਥਿਕ ਆਦਿ) ਦੇ ਅੰਦਰਲੇ ਤਾਣੇ-ਬਾਣੇ ਨੂੰ ਸਮਝਣ ਅਤੇ ਵਿਲੱਖਣ ਨਜ਼ਰੀਏ ਤੋਂ ਵੇਖਣ ਦੀ ਸੂਝ ਦਿੰਦੀ ਹੈ।

ਪੂਰੀ ਕਿਤਾਬ ਚਾਰ ਭਾਗਾਂ ਵਿੱਚ ਵੰਡੀ ਹੋਈ ਹੈ ਅਤੇ ਹਰੇਕ ਭਾਗ ਵਿੱਚ ਪਾਠ ਵੰਡ ਹੈ ਹਰੇਕ ਪਾਠ ਦੇ ਅੱਗੋਂ ਉਪ ਪਾਠ ਹਨ। ਤਤਕਰਾ ਪੜ੍ਹਦਿਆਂ ਹੀ ਬਾਰੀਕੀ ਨਾਲ ਕੀਤੀ ਪਾਠ ਵੰਡ ਲੇਖਕ ਦੀ ਵਿਸ਼ੇ ਦੀ ਸਪਸ਼ਟਤਾ ਨੂੰ ਦਰਸਾਉਂਦੀ ਹੈ।

ਸ਼ਬਦ ਜੰਗ ਕਿਤਾਬ ਭਾਵੇਂ ਕਿ ਗਿਆਨ ਦਾ ਸੋਮਾ ਹੈ ਪਰ ਰੌਚਿਕਤਾ ਕਿਸੇ ਗਲਪੀ ਸਾਹਿਤ ਵਾਂਗ ਹੈ ਜੋ ਪਾਠਕ ਦਾ ਧਿਆਨ ਖਿੰਡਣ ਨਹੀਂ ਦਿੰਦੀ। ਜਿਵੇਂ “ਵਿਆਖਿਆ ਜੰਗ ਦਾ ਮੁਕਾਬਲਾ ਸਵਾਲ ਬਾਜਾਂ ਦੇ ਉੱਤਰਾਂ ਨਾਲ ਦੇਣ ਦੀ ਕੋਸ਼ਿਸ਼ ਇਵੇਂ ਹੈ ਜਿਵੇਂ ਕੋਈ ਸਵਾਰੀ ਚਲਦੀ ਗੱਡੀ ਵਿੱਚ ਆਪਣਾ ਮੂੰਹ ਭੁਆ ਕੇ ਸਮਝੇ ਕਿ ਉਹਨੇ ਗੱਡੀ ਦੀ ਦਿਸ਼ਾ ਬਦਲ ਦਿੱਤੀ ਹੈ।”

ਕਿਤਾਬ ਦੇ ਸ਼ੁਰੂਆਤੀ ਸ਼ਬਦ “ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਨਾਂ ਜਿਨ੍ਹਾਂ ਨੂੰ ਸ਼ਬਦ ਤੇ ਹਥਿਆਰ ਨਾਲ ਇਕੋ ਜਿੰਨਾ ਪਿਆਰ ਸੀ।” ਅਸਲ ਵਿੱਚ ਕਿਤਾਬ ਦਾ ਮੂਲ ਸਾਰ ਇਸ ਇਕ ਵਾਕ ‘ਚ ਪਿਆ ਹੈ। ਸ਼ਬਦ ਅਤੇ ਹਥਿਆਰ ਨੂੰ ਅਲੱਗ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ। ਪਹਿਲੇ ਪਾਠ ਦੇ ਸਿੱਟੇ ਵਿੱਚ ਇੱਕ ਗੱਲ ਸਪਸ਼ਟ ਹੈ “ਸਮਾਂ ਬਦਲਣ ਨਾਲ ਸ਼ਬਦ ਦੇ ਹਥਿਆਰ ਬਦਲਦੇ ਹਨ ਪਰ ਬੰਦੇ ਦੀ ਇਹਨਾਂ ਉੱਤੇ ਨਿਰਭਰਤਾ ਨਹੀਂ ਬਦਲਦੀ। ਜੰਗਾਂ ਇਹਨਾਂ ਕਰਕੇ ਵੀ ਹੁੰਦੀਆਂ ਹਨ ਅਤੇ ਇਹਨਾਂ ਨਾਲ ਵੀ ਹੁੰਦੀਆਂ ਹਨ। ਵੇਖਣ ਨੂੰ ਹਥਿਆਰਾਂ ਦੀ ਜੰਗ ਵੱਡੀ ਲੱਗਦੀ ਹੈ ਪਰ ਹਥਿਆਰ ਸ਼ਬਦ ਅਧੀਨ ਹੀ ਚਲਦੀ ਹਨ ਕਿਉਂਕਿ ਬੰਦਾ ਖੁਦ ਵੀ ਸ਼ਬਦਾਂ ਦੇ ਅਧੀਨ ਚਲਦਾ ਹੈ।”

ਡਾ.ਸੇਵਕ ਸਿੰਘ ਨੂੰ ਮੈਂ ਤਕਰੀਬਨ 2016 ਤੋਂ ਕਿਸੇ ਸੈਮੀਨਾਰ, ਗੋਸ਼ਟੀ ‘ਚ ਪਹਿਲਾਂ ਵੀ ਸੁਣਿਆ ਸੀ। ਵਿਚਾਰਾਂ ਦੀ ਮੌਲਿਕਤਾ, ਤੀਖਣ ਬੌਧਿਕਤਾ ਤੇ ਵਿਸ਼ੇ ਦੀ ਸਪਸ਼ਟਤਾ, ਪ੍ਰਭਾਵਸ਼ਾਲੀ ਪੇਸ਼ਕਾਰੀ ਕਿਤਾਬ ਦੇ ਅਹਿਮ ਪਹਿਲੂ ਹਨ। ਇਜ਼ਰਾਇਲ ਦੇ ਪ੍ਰਸਿੱਧ ਇਤਿਹਾਸਕਾਰ ਤੇ ਵਿਦਵਾਨ ਯੁਵਲ ਨੋਵਾ ਹਰਾਰੀ ਦੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਜੇ ਕਿਸੇ ਕਿਤਾਬ ਵਿੱਚੋਂ ਵਿਚਾਰਾਂ ਦੀ ਮੌਲਿਕਤਾ ਝਲਕਦੀ ਹੈ ਤਾਂ ਉਹ ਕਿਤਾਬ ‘ਸ਼ਬਦ ਜੰਗ’ ਮੰਨੀ ਜਾ ਸਕਦੀ ਹੈ।

‘ਸ਼ਬਦ ਜੰਗ’ ਬੰਦੇ ਨੂੰ ਬੰਦੇ ਵਜੋਂ ਘੜਨ ਵਿੱਚ ਬੋਲੀ ਦੀ ਮਹੱਤਤਾ ਰਾਹੀਂ ਸਾਨੂੰ ਬੰਦੇ ਦੀ ਸ਼ਖਸ਼ੀਅਤ, ਜ਼ਿੰਦਗੀ, ਵਿਭਿੰਨ ਮਸਲਿਆਂ, ਸਮੁੱਚੇ ਲੌਕਿਕ ਵਰਤਾਰੇ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਤੇ ਇੱਕ ਨਵਾਂ ਨਜ਼ਰੀਆ ਦਿੰਦੀ ਹੈ।

ਹਰੇਕ ਸ਼ਬਦ ਆਪਣੇ ਆਪ ਵਿੱਚ ਸਬੰਧਤ ਖਿੱਤੇ ਦੇ ਸਮਾਜਿਕ ਸੱਭਿਆਚਾਰਕ ਪ੍ਰਬੰਧ, ਪਰੰਪਰਾ ਦਾ ਮੁਜੱਸਮਾ ਹੁੰਦਾ ਹੈ। ਇੱਕ ਖਾਸ ਖਿੱਤੇ ਦੇ ਭਾਸ਼ਾ ਪ੍ਰਬੰਧ ਵਿੱਚ ਉਥੋਂ ਦੇ ਲੋਕਾਂ ਦੀ ਸ਼ਖਸ਼ੀਅਤ, ਸਮੂਹਕ ਅਵਚੇਤਨ ਅਤੇ ਜ਼ਿੰਦਗੀ ਨੂੰ ਘੜਿਆ ਜਾਂਦਾ ਹੈ। ਪੂਰਾ ਗਿਆਨ ਪ੍ਰਬੰਧ ਭਾਸ਼ਾ ਰਾਹੀਂ ਹੀ ਅੱਗੇ ਤੋਰਿਆ ਜਾਂਦਾ ਹੈ, ਇਥੋਂ ਹੀ ਬੰਦੇ ਦੀ ਕਲਪਨਾ ਘੜੀ ਜਾਂਦੀ ਹੈ।

ਬਚਪਨ ਤੋਂ ਹੀ ਮਨੁੱਖ ਦੀ ਸਾਂਝ ਜਿਨ੍ਹਾਂ ਅੱਖਰਾਂ ਜਾਂ ਬੋਲੀ ਨਾਲ ਪੈਂਦੀ ਹੈ ਬੱਚਾ ਉਸੇ ਬੋਲੀ ਤੇ ਪਰੰਪਰਾ ਦੀ ਘਾੜਤ ਹੋ ਨਿੱਬੜਦਾ ਹੈ ਕਿਉਂਕਿ ਬੋਲੀ ਵਿੱਚ ਉਸ ਖਿੱਤੇ ਦੀ ਵਿਰਾਸਤ ਤੇ ਇਤਿਹਾਸ ਪਿਆ ਹੁੰਦਾ ਹੈ। ਜੋ ਉਸਨੂੰ ਹੋਰਨਾ ਕੌਮਾਂ ਤੋਂ ਵੱਖਰਿਆਂ ਕਰਦਾ ਹੈ ਪਰੰਤੂ ਜਦ ਕਿਸੇ ਕੌਮ ਦੇ ਨਿਆਰੇਪਣ ਦੀ ਹੋਂਦ ਨੂੰ ਖਤਰਾ ਖਤਮ ਕਰਨਾ ਹੋਵੇ ਤਾਂ ਇਤਿਹਾਸ ਦੱਸਣ, ਅਗਾਂਹ ਪਹੁੰਚਾਉਣ ਦੀ ਪਰੰਪਰਾ ਵਿੱਚ ਰੁਕਾਵਟ ਜਾਂ ਅੜਿੱਕਾ ਪਾ ਦਿੱਤਾ ਜਾਂਦਾ ਹੈ। ਇੱਥੇ ਸ਼ਬਦ ਮਹਿਜ਼ ਸੰਚਾਰ ਦਾ ਸਾਧਨ ਨਹੀਂ ਰਹਿ ਜਾਂਦੇ ਬਲਕਿ ਬੰਦੇ ਦੀ ਹੋਂਦ ਸਮੁੱਚੀ ਸ਼ਖਸ਼ੀਅਤ ਵਿਹਾਰ ਨੂੰ ਕੰਟਰੋਲ ਕਰਨ ਅਤੇ ਬਦਲਣ ਦਾ ਸਾਧਨ ਬਣਦੇ ਹਨ। ਸ਼ਬਦ ਜੰਗ ਭਾਸ਼ਾ ਨੂੰ ਅਜਿਹੀ ਹੀ ਹਥਿਆਰ ਦੇ ਰੂਪ ਵਿੱਚ ਵਰਤਣ ਦੇ ਸਮੁੱਚੇ ਪਸਾਰੇ ਨੂੰ ਖੋਲ ਕੇ ਬਿਆਨ ਕਰਦੀ ਹੈ। “ਸ਼ਬਦ ਬੰਦੇ ਦੇ ਬੰਦੇ ਹੋਣ ਦੇ ਜਾਮਣ ਹਨ, ਸ਼ਬਦਾਂ ਦੀ ਰਾਖੇ/ਧਾਵੇ ਤਰੀਕੇ ਨਾਲ ਵਿਧੀਵਤ ਵਰਤੋਂ ਦਾ ਨਾਂ ਸ਼ਬਦ ਜੰਗ ਹੈ। ਕਿਸੇ ਵੀ ਜੰਗ ਵਿੱਚ ਹਥਿਆਰਾਂ ਤੋਂ ਵੱਧ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਹਥਿਆਰਾਂ ਨੂੰ ਬਣਾਉਣ ਵਰਤਣ ਅਤੇ ਉਹਨਾਂ ਰਾਹੀਂ ਨਿਆਂ ਕਰਨ ਦਾ ਅਮਲ ਵੀ ਸ਼ਬਦਾਂ ਨਾਲ ਚਲਦਾ ਹੈ। ਹਰ ਅ/ਹਿੰਸਕ ਅਮਲ ਨੂੰ ਪਰਖਣ ਅਤੇ ਸਹੀ ਗਲਤ ਠਹਿਰਾਉਣ ਦਾ ਕੰਮ ਅਸਲੋਂ ਸ਼ਬਦਾਂ ਰਾਹੀਂ ਹੁੰਦਾ ਹੈ।”

ਇਹ ਕਿਤਾਬ ਭਾਵੇਂ ਸਿੱਧੇ ਰੂਪ ਵਿੱਚ ਪੰਜਾਬ ਦੇ ਹਵਾਲੇ ਨਾਲ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਸਰਬ ਵਿਆਪਕ ਮਸਲਿਆਂ ਨੂੰ ਕਲਾਵੇ ਵਿੱਚ ਲੈ ਕੇ ਸਮੇਂ ਸਥਾਨ ਦੇ ਬੰਧਨਾਂ ਤੋਂ ਪਾਰ ਜਾਂਦੀ ਹੈ ਪਰ ਫਿਰ ਵੀ ਇਹਨਾਂ ਨੁਕਤਿਆਂ ਨੂੰ ਆਧਾਰ ਬਣਾ ਕੇ ਬੰਦਾ ਕੜੀਆਂ ਜੋੜਦਾ ਜਾਂਦਾ ਹੈ। ਇੱਕ ਲੜੀ ਜਿਹੀ ਬਣ ਜਾਂਦੀ ਹੈ। ਇਸ ਲੜੀ ਨੂੰ ਵੇਖਦਿਆਂ ਕੜੀਆਂ ਨੂੰ ਟੋਹਦਿਆਂ ਪੰਜਾਬ ਦੇ ਇਤਿਹਾਸ ਦੀ ਪਹਿਲਾਂ ਤੋਂ ਹੋਈ ਵਿਆਖਿਆ ਧੁੰਦਲੀ ਪੈਂਦੀ ਹੈ। ਬੰਦਾ ਮੁੜ ਤੋਂ ਆਪਣੇ ਇਤਿਹਾਸ ਨੂੰ ਵੇਖਦਾ ਹੈ ਤਾਂ ਅਰਥ ਕੁਝ ਹੋਰ ਨਿਕਲਦੇ ਹਨ। ਉਦਾਹਰਨਾਂ ਤੋਂ ਲੇਖਕ ਦੀ ਸਮਝ ਦਾ ਘੇਰਾ ਆਪਣੇ ਆਪ ਪ੍ਰਗਟ ਹੁੰਦਾ ਹੈ ਜਿਵੇਂ ਕਿ “ਮਰਹੂਮ ਚੰਦਰਸ਼ੇਖਰ ਵੱਲੋਂ 1984 ਵਿੱਚ ਸਿੱਖਾਂ ਦੇ ਹੱਕ ਵਿੱਚ ਬੋਲਣ ਕਰਕੇ 1985 ਵਿੱਚ ਹੋਣ ਵਾਲੀਆਂ ਚੋਣਾਂ ਵੇਲੇ ਉਹਨੂੰ ਪੰਜਾਬ ਤੋਂ ਖੜੇ ਕਰਨ ਲਈ ਕਈ ਸਿੱਖ ਆਗੂਆਂ ਵੱਲੋਂ ਅਖਬਾਰੀ ਬਿਆਨ ਦਿੱਤੇ ਗਏ ਅਗਲੀਆਂ ਚੋਣਾਂ ਮਗਰੋਂ ਉਸੇ ਚੰਦਰਸ਼ੇਖਰ ਨੇ ਪ੍ਰਧਾਨ ਮੰਤਰੀ ਵਜੋਂ ਪੰਜਾਬ ਨੂੰ ਦੁਬਾਰਾ ਫੌਜ ਹਵਾਲੇ ਕਰ ਦਿੱਤਾ।”

ਲੇਖਕ ਆਪਣੀ ਗੱਲ ਨੂੰ ਸਪਸ਼ਟ ਕਰਨ ਖਾਤਰ ਖੇਤਰੀ ਉਦਾਹਰਨਾਂ ਤੱਕ ਸੀਮਤ ਨਹੀਂ ਰਹਿੰਦਾ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਮਸਲਿਆਂ ਨੂੰ ਵੀ ਉਦਾਹਰਨਾ ਵਜੋਂ ਆਪਣੀ ਗੱਲ ਦਾ ਜਾਮਣ ਬਣਾਉਂਦਾ ਹੈ “ਯੂਰਪ ਵਿੱਚ ਮਾਰਕਸ ਅਤੇ ਹਿਟਲਰ ਦੁਆਲੇ ਪੈਦਾ ਹੋਏ ਨਿਖੇਧ ਵਿੱਚ ਅਜਿਹੇ ਲੱਛਣ ਹਨ ਜਿਹੜੇ ਇੱਕ ਪਾਸੇ ਨਸਲੀ, ਦੂਜੇ ਪਾਸੇ ਧਾਰਮਿਕ, ਤੀਜੇ ਪਾਸੇ ਇਲਾਕਾਈ ਸਰਬੋਤਮਤਾ ਨਾਲ ਜੁੜੇ ਹੋਏ ਹਨ। ਯੂਰਪ ਵਿੱਚ ਅਸਾਵੀਆਂ ਜੰਗਾਂ ਨੂੰ ਨਾਜੀ/ਮਾਰਕਸੀ ਖਾਨਿਆਂ ਵਿੱਚ ਲਪੇਟ ਕੇ ਵਿਵਾਦ ਮੁੱਦਿਆਂ ਤੱਕ ਘਟਾਇਆ ਗਿਆ। ਏਹਨਾਂ ਅਧਾਰਾਂ ਉੱਤੇ ਲੋਕ ਵਿਵਾਦਤ ਹਸਤੀਆਂ ਦੇ ਹੱਕ/ਵਿਰੋਧ ਵਿੱਚ ਵੰਡੇ ਜਾਣ ਤਾਂ ਜੰਗ ਦਾ ਮੁੱਦਾ ਅਤੇ ਮਹੱਤਵ ਰੁਲ਼ ਜਾਂਦਾ ਹੈ। ਸਲਮਾਨ ਰਸ਼ਦੀ ਅਤੇ ਤਸਲੀਮਾ ਨਸਰੀਨ ਨੂੰ ਸਾਹਿਤਕ ਇਨਾਮ, ਅਫਗਾਨੀ ਸਕੂਲੀ ਬੱਚੀ ਮਲਾਲਾ ਨੂੰ ਨੋਬਲ ਇਨਾਮ ਕਿਸੇ ਆਮ ਨੂੰ ਉਤਮ ਜਾਂ ਆਦਰਸ਼ਕ ਬਣਾ ਕੇ ਉਹਨਾਂ ਸਮਾਜਾਂ ਵਿੱਚ ਹਸਤੀ ਕੇਂਦਰਿਤ ਨਿਖੇਧ ਦੇ ਵਹਿਣ ਨੂੰ ਤੈਅ ਕਰਨ ਦੀ ਤਜਰਬੇ ਹਨ।”

ਸਿੱਧੇ ਰੂਪ ‘ਚ ਕਹਿਣਾ ਹੋਵੇ ਕਿ ਸ਼ਬਦ ਜੰਗ ਕਿਸੇ ਵੀ ਧਿਰ ਵੱਲੋਂ ਆਪਣੇ ਆਪ ਨੂੰ ਉਚਾਉਣ ਆਪਣੇ ਨਿੱਜੀ ਹਿੱਤ ਮਹਿਫੂਜ਼ ਰੱਖਣ ਲਈ ਵਿਰੋਧੀ ਧਿਰ ਨੂੰ ਪਛਾੜਨ, ਕੁਚਲਣ ਲਈ ਸ਼ਬਦਾਂ ਰਾਹੀਂ ਕੀਤਾ ਵਾਰ ਹੈ।

ਲੇਖਕ ਵੱਲੋਂ ਸ਼ਬਦ ਜੰਗ ਦੇ ਚਾਰ ਰੂਪ ਦੱਸੇ ਨੇ ਵਿਆਖਿਆ, ਪ੍ਰਚਾਰ, ਸਵਾਲ ਬਾਜੀ, ਨਿਖੇਧ। ਇਸ ਨੂੰ ਖੋਲ੍ਹ ਕੇ ਸਮਝੀਏ ਤਾਂ ਆਪਣੇ ਸਮਿਆਂ ਵਿੱਚ ਹੋਏ ਕਿਸਾਨ ਅੰਦੋਲਨ ਦੀ ਉਦਾਹਰਨ ਵੇਖੀ ਜਾ ਸਕਦੀ ਹੈ। ਸਰਕਾਰ, ਪੁਲਿਸ ਅਤੇ ਵਪਾਰੀ ਵਰਗ, ਮੁੱਖ ਧਾਰਾਈ ਮੀਡੀਆ ਇੱਕੋ ਸੂਤਰ ਵਿੱਚ ਪਰੋਏ ਹੋਏ ਦਿਸਦੇ ਹਨ। ਇੱਕ ਦੂਜੇ ਦੀ ਧਿਰ ਬਣ ਕੇ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਵਿਆਖਿਆ ਅਤੇ ਪਰਚਾਰ ਦੇ ਪੱਧਰ ‘ਤੇ ਸ਼ਬਦ ਜੰਗ ਵੇਖੀ ਜਾ ਸਕਦੀ ਹੈ। ਇਥੋਂ ਅਸੀਂ ਪੰਜਾਬ ਦੇ ਇਤਿਹਾਸ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਵੱਲ ਵੇਖੀਏ ਤਾਂ ਸਰਕਾਰ ਦੀ ਭੂਮਿਕਾ ਕਾਫੀ ਹੱਦ ਤੱਕ ਸਾਫ ਵਿਖਾਈ ਦਿੰਦੀ ਹੈ। ਇਤਿਹਾਸ ਵਿੱਚ ਧੁੰਦਲੇਪਣ ਦਾ ਆਉਣਾ ਸ਼ਬਦ ਜੰਗ ਦਾ ਸਿੱਟਾ ਹੁੰਦਾ ਹੈ।

ਪੰਜਾਬ ਨੂੰ ਸਮਕਾਲ ਵਿੱਚ ਦਰਪੇਸ਼ ਸਮੱਸਿਆਵਾਂ ਮੂਲ ਸੱਭਿਆਚਾਰਕ ਕੀਮਤਾਂ ਦਾ ਖੁਰਨਾ, ਮਿੱਟੀ ਨਾਲੋਂ ਮੋਹ ਦਾ ਟੁੱਟਣਾ ਤੇ ਪਰਵਾਸ ਦੀ ਅੰਨੀ ਦੌੜ, ਕੌਮ ਦੇ ਯੋਧਿਆਂ ਅਤੇ ਸ਼ਹੀਦਾਂ ਲਈ ਬਦਲਦੀਆਂ ਮਾਨਤਾਵਾਂ ਸਭ ਸ਼ਬਦ ਜੰਗ ਦੇ ਪ੍ਰਭਾਵ ਦਾ ਨਤੀਜਾ ਹੈ। “ਸ਼ਬਦ ਜੰਗ ਤਾਂ ਹੀ ਢੁਕਵੀ ਮੰਨੀ ਜਾਂਦੀ ਹੈ ਜੇ ਉਹ ਹਥਿਆਰਾਂ ਤੋਂ ਅਗਾਂਹ ਵਧ ਕੇ ਅਤੇ ਪਹਿਲਾਂ ਮਾਰ ਕਰਦੀ ਹੈ ਕਿਸੇ ਵੀ ਅਸਾਂਵੀਂ ਜੰਗ ਦੌਰਾਨ ਹਕੂਮਤਾਂ ਲਈ ਜੰਗ ਖਤਮ ਕਰਨ ਤੋਂ ਪਹਿਲਾਂ ਅਗਲੀ ਅਗਵਾਈ ਚੁਣਨ ਲਈ ਮਾਹੌਲ ਤਿਆਰ ਕਰਨਾ ਹੁੰਦਾ ਹੈ। ਮੁੱਖ ਰੂਪ ਵਿੱਚ ਇਹ ਸ਼ਬਦ ਜੰਗ ਦਾ ਕੰਮ ਹੁੰਦਾ ਹੈ। ਇਸ ਪਿੜ ਵਿੱਚ ਸਫਲਤਾ ਬਿਨਾਂ ਹਥਿਆਰਬੰਦ ਸਫਲਤਾ ਬੇ-ਮਾਆਨਾ ਹੋ ਜਾਂਦੀ ਹੈ। ਕਿਸੇ ਵੀ ਸਮਾਜ ਵਿੱਚ ਜੰਗਜੂਆਂ ਨੂੰ ਮਾਤ ਦੇਣ ਪਿੱਛੋਂ ਜੇ ਕੋਈ ਹਕੂਮਤ ਆਪਣੇ ਮੁਤਾਬਿਕ ਅਗਵਾਈ ਤੈਅ ਨਹੀਂ ਕਰ ਸਕਦੀ ਤਾਂ ਆਪਣੇ ਲਈ ਹੋਰ ਵਡੇਰੇ ਹਮਲੇ ਦਾ ਮੌਕਾ ਬੀਜਦੀ ਹੈ। ਭਵਿੱਖਮੁਖੀ ਅਗਵਾਈ ਲਈ ਜਰੂਰੀ ਹੁੰਦਾ ਹੈ ਤੇ ਜੰਗਜੂ ਮਾਨਤਾਵਾਂ ਅਗਵਾਈ ਅਤੇ ਤਰੀਕੇ ਨੂੰ ਰੱਦਿਆ ਜਾਂ ਰੋਲਿਆ ਜਾਵੇ ਅਸਲੀ ਨਾਇਕਾਂ ਦੀ ਥਾਂ ਝੂਠੇ ਜਾਂ ਅਯੋਗ ਆਗੂਆਂ ਲਈ ਥਾਂ ਅਤੇ ਮਾਨਤਾ ਪੈਦਾ ਕੀਤੀ ਜਾਵੇ।”

ਲੇਖਕ ਦੀ ਭਾਸ਼ਾ ਸਬੰਧੀ ਪਹੁੰਚ ਤੋਂ ਅਸੀਂ ਲਗਭਗ ਪਹਿਲਾਂ ਹੀ ਜਾਣੂ ਹਾਂ ਇਸ ਕਿਤਾਬ ਵਿੱਚ ਵੀ ਨਵੇਂ ਸ਼ਬਦ ਘੜੇ ਗਏ ਹਨ ਜਾਂ ਪੰਜਾਬੀ ਸਮਾਜ ਸੱਭਿਆਚਾਰ, ਪਰੰਪਰਾ ਵਿੱਚ ਪਈ ਸ਼ਬਦਾਵਲੀ ਨੂੰ ਵਰਤਿਆ ਗਿਆ ਹੈ ਜਿਵੇਂ ਕਿ ਵਪਾਰੀ- ਵਣਜਾਰੇ, ਜਾਮਣ, ਜੌੜੇ ਬੁਰਜ, ਮੋਂਦਾ, ਮੱਕੜ ਜਾਲ, ਬਿਜਲਸਥ, ਬਿਜਲਬੁੱਧ, ਬਿਜਲਈ ਤਕਨੀਕ, ਅਣਹੋਣੇ ਅਰਜਨੀ ਸਵਾਲ, ਸੰਵਿਧਾਨ ਘਾੜੀ ਸਭਾ, ਖਬਰਖਾਨਾ, ਬੇਘੇਰਾ, ਵਧਵੇਂ ਮਾਣ, ਪਾਸਕੂ ਆਦਿ। ਸ਼ਬਦ ਜੰਗ ਕਿਤਾਬ ਪੜ੍ਹਨ ਤੋਂ ਬਾਅਦ ਇੱਕ ਗੱਲ ਤਾਂ ਬਿਲਕੁਲ ਸਾਫ ਹੋ ਜਾਂਦੀ ਹੈ ਕਿ ਹਕੂਮਤ ਅਤੇ ਕਿਸੇ ਕੌਮ ਵਿੱਚ ਸੰਘਰਸ਼, ਤਣਾਅ ਭਰੇ ਸੰਬੰਧਾਂ ਵਿੱਚ ਕਦੇ ਵੀ, ਕੁਝ ਵੀ ਸਹਿਜ ਸੁਭਾਅ ਨਹੀਂ ਵਾਪਰਦਾ ਬਲਕਿ ਸਾਧਨ ਸੰਪੰਨ ਧਿਰ ਭਾਵ ਹਕੂਮਤ ਦੇ ਯਤਨਾਂ ਦਾ ਨਤੀਜਾ ਹੁੰਦਾ ਹੈ। ਸਰਕਾਰ ਇਸ ਖਾਤਰ ਛਾਪੇਖਾਨੇ, ਪੁਲਿਸ, ਵਿਦਿਅਕ ਸੰਸਥਾਵਾਂ ,ਮਨੋਰੰਜਨ ਦੇ ਸਾਧਨਾਂ, ਵਪਾਰੀ ਵਰਗ ਆਦਿ ਨਾਲ ਮਿਲ ਕੇ ਇਹ ਕੰਮ ਕਰਦੀ ਹੈ “ਦੁਨੀਆਂ ਭਰ ਵਿੱਚ ਹਕੂਮਤਾਂ ਨੇ ਜੰਗਜੂ ਧਿਰਾਂ ਖਿਲਾਫ ਸਾਂਝੀ ਤਰ੍ਹਾਂ ਦਾ ਨਿਖੇਧ ਹਮਲਾ ਕੀਤਾ ਹੈ। ਜਿਸ ਨੇ ਜੰਗ ਲੜਨ ਵਾਲੇ ਲੋਕਾਂ ਨੂੰ ਕਈ ਰੂਪਾਂ ਵਿਚ ਨਖਿੱਧ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਜੰਗਜੂ ਧਿਰ ਦੀਆਂ ਘਾਟਾਂ, ਕਮੀਆਂ ਨੂੰ ਨਿਖੇਧ ਰਾਹੀਂ ਸਿੱਧ ਕਰਨ ਦੀ ਕਵਾਇਦ ਨੂੰ ਬਿਜਲ ਸੱਥ ਨੇ ਬਹੁਤ ਵਧਾ ਦਿੱਤਾ ਹੈ। ਦੂਜੇ ਪਾਸੇ ਜੰਗਜੂ ਇਤਿਹਾਸ ਅਤੇ ਵਿਚਾਰ ਦੇ ਧਾਰਨੀ ਲੋਕ ਸੀਮਤ ਸੋਚ ਵਾਲਿਆਂ ਵਜੋਂ ਇਹਦੇ ਸ਼ਿਕਾਰ ਬਣਾਏ ਜਾ ਰਹੇ ਹਨ ਅਤੇ ਤੀਜੇ ਪਾਸੇ ਜਿਹੜੇ ਧਰਮ ਦੇ ਮਾਣ ਨਾਲ ਜੰਗਾਂ ਲੜਦੇ ਹਨ ਉਹ ਕੱਟੜ, ਪਿਛਾਖੜੀ ਜਾਂ ਖਬਤੀ ਪਛਾਣ ਵਜੋਂ ਨਿਖੇਧ ਦਾ ਨਿਸ਼ਾਨਾ ਹਨ।”

ਹਕੂਮਤ ਦੇ ਇਸ ਅਦਿਖ, ਡੂੰਘੇ ਵਾਰ ਤੋਂ ਬਚਣ ਲਈ ਸਾਹਮਣੇ ਵਾਲੀ ਜਾਂ ਜੂਝਣ ਵਾਲੀ ਧਿਰ ਨੂੰ ਆਪਣੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਜਿਨ੍ਹਾਂ ਸਿਧਾਂਤਾਂ ਦੇ ਆਧਾਰ ‘ਤੇ ਉਹ ਜੰਗ ਲੜਦਾ ਹੈ ਉਹਨਾਂ ਨੂੰ ਮੌਲਿਕ ਰੂਪ ਵਿੱਚ ਸੰਭਾਲ ਕੇ ਸੰਜੋਅ ਕੇ ਅਗਲੀ ਪੀੜੀ ਤੱਕ ਪਹੁੰਚਾਇਆ ਜਾਵੇ।

ਇਹ ਕਿਤਾਬ ਪੂਰੀ ਸਮਝ ਵਿੱਚ ਆ ਗਈ ਹੋਵੇ ਇਸ ਦਾ ਦਾਅਵਾ ਕਰਨਾ ਹਵਾ ਵਿੱਚ ਤੀਰ ਛੱਡਣ ਵਾਂਗ ਹੈ। ਪੰਜਾਬੀ ਭਾਸ਼ਾ ਵਿੱਚ ਅਜਿਹੇ ਗਿਆਨ ਸਰੋਤ ਦਾ ਪੈਦਾ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਕਿਤਾਬ ਦੀ ਹਰ ਪੜ੍ਹਤ ਸੰਸਾਰ ਨੂੰ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਵੇਖਣ ਦਾ ਰਾਹ ਦਿੰਦੀ ਹੈ‌।

ਮਨਪ੍ਰੀਤ ਕੌਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫਤਿਹਗੜ੍ਹ ਸਾਹਿਬ

 


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,