
March 17, 2023 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਮਾਹਿਰਾਂ ਦੀ ਰਾਇ ਮੁਤਾਬਿਕ ਆਉਂਦੇ 15 ਸਾਲਾਂ ਵਿੱਚ ਪੰਜਾਬ ਦਾ ਜਮੀਨੀ ਪਾਣੀ ਤਕਰੀਬਨ ਖ਼ਤਮ ਹੋ ਜਾਣਾ ਹੈ। ਇਸ ਸਮੱਸਿਆ ਬਾਬਤ ਹਰ ਪੰਜਾਬ ਹਿਤੈਸ਼ੀ ਫਿਕਰਮੰਦ ਹੈ। ਪੰਜਾਬ ਦੀਆਂ ਨਹਿਰਾਂ ਨੂੰ ਪੱਕਿਆਂ ਕਰਨ ਨਾਲ ਇਹ ਜਲ ਸੰਕਟ ਹੋਰ ਗੰਭੀਰ ਹੋ ਜਾਵੇਗਾ।
ਮੋਰਚੇ ਦੀਆਂ ਕੁੱਝ ਤਸਵੀਰਾਂ
ਇਸ ਸਬੰਧੀ ਹੁੰਦੀ ਲੁੱਟ ਨੂੰ ਰੋਕਣ ਲਈ ਲੋਕਾਂ ਵੱਲੋਂ ਕਈ ਵਾਰੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ। ਆਖਰ ਨੂੰ ਕੋਈ ਸੁਣਵਾਈ ਨਾ ਹੋਣ ਦੀ ਹਾਲਤ ਵਿਚ ਮੁੱਦਕੀ ਮੋਰਚੇ ਵੱਲੋਂ ਨਹਿਰਾਂ ਪੱਕੀਆਂ ਕਰਨ ਵਿਰੁੱਧ ਘੱਲ ਕਲਾਂ ਵਿਖੇ ਫਿਰੋਜ਼ਪੁਰ-ਮੋਗਾ ਸੜਕ ’ਤੇ ਨਹਿਰਾਂ ਦੇ ਪੁਲ ਉੱਤੇ ਪੱਕਾ ਮੋਰਚਾ ਲਗਾਇਆ ਗਿਆ ਹੈ।
ਮੋਰਚੇ ਦੌਰਾਨ ਪੰਜਾਬ ਦਰਦੀਆਂ ਦੀ ਇਕ ਤਸਵੀਰ
ਭਾਵੇਂ ਕਿ ਰਾਜਸਥਾਨ ਨੂੰ ਜਾਂਦਾ ਪਾਣੀ ਬਾਰ ਬਾਰ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਸਰਕਾਰਾਂ ਦੇ ਧਿਆਨ ਵਿੱਚ ਨਹੀਂ ਆਇਆ, ਪਰ ਆਪਣੇ ਪਾਣੀਆਂ ਨੂੰ ਬਚਾਉਣ ਲਈ ਦੋ ਦਿਨ ਪਹਿਲਾਂ ਲਗੇ ਮੋਰਚੇ ਸਬੰਧੀ ਪ੍ਰਸ਼ਾਸਨ ਵੱਲੋਂ ਇਕ ਨੋਟਿਸ ਜਾਰੀ ਵੀ ਹੋ ਗਿਆ ਹੈ ਜਿਸ ਵਿੱਚ ਧਰਨੇ ਨੂੰ ਨਾਜਾਇਜ਼ ਕਰਾਰਦਿਆਂ ਮੋਹਰੀ ਬੰਦਿਆਂ ਦੇ ਵਿਰੁੱਧ ਧਰਨਾ ਖਤਮ ਨਾ ਕਰਨ ਦੀ ਹਾਲਤ ਵਿੱਚ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਹੈ। ਮੌਜੂਦਾ ਸਰਕਾਰ ਤੋਂ ਆਸ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਦੇ ਪਾਣੀ ਦੇ ਮਸਲਿਆਂ ਦੇ ਸਬੰਧ ਵਿੱਚ ਸਰਸਰੀ ਵਾਲਾ ਵਿਹਾਰ ਛੱਡ ਕੇ ਸੰਜੀਦਗੀ ਨਾਲ ਸੋਚੇ ।
Related Topics: Agriculture And Environment Awareness Center, Mudki Morcha