ਆਮ ਖਬਰਾਂ

ਪੰਜਾਬ ਯੂਨੀਵਰਸਿਟੀ ਵਿਚ ‘ਅੱਜ ਦੀ ਔਰਤ’ ਵਿਸ਼ੇ ‘ਤੇ ਹੋਈ ਵਿਚਾਰ ਚਰਚਾ

March 13, 2018 | By

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਿਚਾਰ ਚਰਚਾ ਗਰੁੱਪ ‘ਸੱਥ’ ਵਲੋਂ ਅੱਜ ਲਾਅ ਔਡੀਟੋਰੀਅਮ ਵਿਚ ‘ਅੱਜ ਦੀ ਔਰਤ: ਸਮਾਜਿਕ ਸ਼ਰਮਾਂ, ਨਾਬਰਾਬਰੀ ਅਤੇ ਫੈਸਲਿਆਂ ਵਿਚ ਭਾਈਵਾਲੀ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਡਾ. ਹਰਸ਼ਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।  ਆਪਣੇ ਭਾਸ਼ਣ ਵਿਚ ਡਾ. ਹਰਸ਼ਿੰਦਰ ਕੌਰ ਨੇ ਔਰਤਾਂ ‘ਤੇ ਹੁੰਦੇ ਤਸ਼ੱਦਦਾਂ ਨੂੰ ਬਿਆਨ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅੱਜ ਸਮਾਜ ਵਿਚ ਆਏ ਮਾਨਸਿਕ ਗੰਧਲੇਪਣ ਨਾਲ ਔਰਤਾਂ ਨੇੜਲੇ ਰਿਸ਼ਤਿਆਂ ਤੋਂ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਦੱਸਿਆ ਕਿ ਮਾਂ ਵਲੋਂ ਧੀ, ਮਾਮੇ ਵਲੋਂ ਭਾਣਜੀ ਅਤੇ ਭੈਣ ਵਲੋਂ ਭਰਾ ਨਾਲ ਦੁਸ਼ਕਰਮ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਬੇਹੱਦ ਸ਼ਰਮਨਾਕ ਹੈ। ਉਹਨਾਂ ਦੱਸਿਆ ਕਿ ਔਰਤਾਂ ਨਾਲ ਬਲਾਤਕਾਰ, ਭਰੂਣ ਹੱਤਿਆ, ਘਰੇਲੂ ਹਿੰਸਾ ਵਰਗੇ ਵਰਤਾਰੇ ਸਿਰਫ ਸਾਡੇ ਸਮਾਜ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਵਾਪਰ ਰਹੀ ਇਕ ਕੌੜੀ ਸੱਚਾਈ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਜ਼ਿੰਮੇਵਾਰ ਬਣਨ ਅਤੇ ਇਨ੍ਹਾਂ ਸਥਿਤੀਆਂ ਨੂੰ ਬਦਲਣ ਲਈ ਲਹਿਰ ਅਰੰਭਣ। ਉਹਨਾਂ ਕਿਹਾ ਕਿ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਕਈ ਨਵੇਂ ਪੁਰਾਣੇ ਅੰਕੜੇ ਦਸਦਿਆਂ ਕਿਹਾ ਕਿ ਭਾਵੇਂ ਕਈ ਪੱਧਰਾਂ ‘ਤੇ ਔਰਤਾਂ ਦੀ ਸਥਿਤੀ ਵਿਚ ਕੁਝ ਸੁਧਾਰ ਜ਼ਰੂਰ ਆਇਆ ਹੈ ਪਰ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆ ਰਹੀ।
ਸੱਥ ਦੇ ਨੁਮਾਂਇੰਦਿਆਂ ਨੇ ਕਿਹਾ ਕਿ ਔਰਤ ਮਨੁੱਖੀ ਸਮਾਜ ਦਾ ਹਿੱਸਾ ਹੀ ਨਹੀਂ ਬਲਕਿ ਸਮਾਜ ਦਾ ਪਹਿਲਾ ਅੱਧ ਹੈ ਅਤੇ ਔਰਤ ਦੀ ਬਰਾਬਰ ਭਾਈਵਾਲੀ ਤੋਂ ਬਿਨ੍ਹਾ ਵਿਗਾਸੀ ਅਤੇ ਵਿਸਮਾਦੀ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਦੁਨੀਆ ਵਿਚ ਪੱਛਮ ਦੀ ਤਰਜ਼ ‘ਤੇ ਜਿਸ ਤਰ੍ਹਾਂ ਦੀ ਔਰਤ ਦੀ ਅਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਉਸੇ ਤਰ੍ਹਾਂ ਹੈ ਜਿਵੇਂ ਪੱਛਮ ਦੇ ਰਾਜਨੀਤਕ ਮਾਡਲ ਦੁਨੀਆ ਵਿਚ ਸਿਰਫ ਅਜ਼ਾਦੀ ਦਾ ਭੁਲੇਖਾ ਹੀ ਪਾ ਸਕੇ ਪਰ ਜ਼ਮੀਨੀ ਹਕੀਕਤਾਂ ਵਿਚ ਅਜ਼ਾਦੀ ਕੁਝ ਲੋਕਾਂ ਦੇ ਹੱਥਾਂ ਵਿਚ ਪਈਆਂ ਕੁੰਝੀਆਂ ਵਰਗੀ ਬਣ ਕੇ ਰਹਿ ਗਈ। ਇਸ ਲਈ ਔਰਤ ਦੀ ਅਜ਼ਾਦੀ ਦੀ ਨਵੀਂ ਪਰਿਭਾਸ਼ਾ ਘੜ੍ਹਨ ਦੀ ਲੋੜ ਹੈ ਤੇ ਸਹੀ ਅਰਥਾਂ ਵਿਚ ਔਰਤ ਉਦੋਂ ਹੀ ਅਜ਼ਾਦ ਮਨ ਨਾਲ ਵਿਚਰ ਸਕੇਗੀ ਜਦੋਂ ਉਹ ਇਸ ਪਰਿਭਾਸ਼ਾ ਨੂੰ ਖੁਦ ਘੜੇਗੀ ਅਤੇ ਇਸਨੂੰ ਹਕੀਕਤ ਬਣਾਉਣ ਲਈ ਝੰਡਾ ਵੀ ਆਪਣੇ ਹੱਥਾਂ ਵਿਚ ਚੁੱਕੇਗੀ।
ਅੱਜ ਦੇ ਪ੍ਰੋਗਰਾਮ ਦੀ ਵਿਲੱਖਣਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਇਸ ਦਾ ਸਮੁੱਚਾ ਪ੍ਰਬੰਧ ਵਿਦਿਆਰਥਣਾਂ ਵਲੋਂ ਮੋਹਰੀ ਭੂਮਿਕਾ ਨਿਭਾਉਂਦਿਆਂ ਕੀਤਾ ਗਿਆ ਹੈ, ਜਦਕਿ ਆਮ ਇਹੀ ਦੇਖਿਆ ਜਾਂਦਾ ਹੈ ਕਿ ਮੁੰਡੇ ਹਰ ਪ੍ਰੋਗਰਾਮ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ ਤੇ ਕੁੜੀਆਂ ਦੂਜੇ ਦਰਜੇ ‘ਤੇ ਉਹਨਾਂ ਦੀ ਮਦਦ ਲਈ ਤਤਪਰ ਹੁੰਦੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਹਮੇਸ਼ਾ ਸਮਾਜ ਨੂੰ ਨਵੀਂ ਸੇਧ ਦੇਣ ਦੀ ਜੁਰਅੱਤ ਅਤੇ ਸੋਚ ਰੱਖਦਾ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਸ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਸ ਖਿੱਤੇ ਵਿਚ ਸਿੱਖ ਗੁਰੂ ਸਾਹਿਬਾਨ ਰਾਹੀਂ ਨਾਜ਼ਲ ਹੋਈ ‘ਧੁਰ ਕੀ ਬਾਣੀ’ ਦੇ ਸਿਧਾਂਤ ਦੀ ਰੋਸ਼ਨੀ ਵਿਚ ਔਰਤ ਦੀ ਅਜ਼ਾਦੀ ਨੂੰ ਪਰਿਭਾਸ਼ਤ ਕਰਦਿਆਂ ਦੁਨੀਆ ਦੇ ਇਸ ਪਹਿਲੇ ਅੱਧ ਦਾ ਸਤਿਕਾਰ ਬਹਾਲ ਕਰਨ ਲਈ ਯਤਨਸ਼ੀਲ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,