ਖਾਸ ਲੇਖੇ/ਰਿਪੋਰਟਾਂ » ਸਿੱਖ ਖਬਰਾਂ

ਵੇਲੇ ਸਿਰ ਕੀਤੀ ਤਾੜਨਾ ਤੇ ਕਰਨ ਵਾਲੇ ਕਾਰਜਾਂ ਬਾਰੇ 13 ਨੁਕਤੇ

March 21, 2023 | By

(1)
ਦਿੱਲੀ ਦਰਬਾਰ ਜਿੱਥੇ ਇਕ ਪਾਸੇ ਗਿਣੇ-ਮਿੱਥੇ ਤਰੀਕੇ ਨਾਲ ਇਕੋ ਸਮੇਂ ਸਿੱਖਾਂ ਦੇ ਸਾਰੇ ਮਸਲੇ ਉਛਾਲ ਕੇ ਮਹੌਲ ਗਰਮਾ ਰਿਹਾ ਹੈ ਓਥੇ ਦੂਜੇ ਪਾਸੇ ਇਸ ਵੱਲੋਂ ਸਿੱਖ ਸਫਾਂ ਵਿਚਲੀ ਧੜੇਬੰਦੀ ਨੂੰ ਹਵਾ ਦਿੱਤੀ ਜਾ ਰਹੀ ਹੈ। ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਦਿੱਲੀ ਦਰਬਾਰ ਧੜਿਆਂ ਵਿਚਲੇ ਵਖਰੇਵਿਆਂ ਨੂੰ ਵੀ ਫੁੱਟ ਤੱਕ ਵਧਾ ਰਿਹਾ ਹੈ”।~ 23 ਫਰਵਰੀ 2023

(2)
ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ। ~ 23 ਫਰਵਰੀ 2023

(3)
ਇਸ ਵੇਲੇ ਜਦੋਂ ਸੰਸਾਰ, ਖਿੱਤੇ ਤੇ ਇੰਡੀਆ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖ ਸਫਾਂ ਵਿਚ ਆਏ ਖਿੰਡਾਓ ਨੂੰ ਵਧਾ ਰਿਹਾ ਹੈ। ਸਿੱਖਾਂ ਦੇ ਮਸਲਿਆਂ, ਸਿੱਖ ਸਫਾਂ ਵਿਚਲੇ ਮਤਭੇਦਾਂ ਅਤੇ ਵਿਵਾਦਤ ਮੁੱਦਿਆਂ ਨੂੰ ਇੱਕੋ ਵੇਲੇ ਹਵਾ ਦਿੱਤੀ ਜਾ ਰਹੀ ਹੈ।~ 26 ਫਰਵਰੀ 2023

(4)
ਦਿੱਲੀ ਦਰਬਾਰ ਦੀਆਂ ਏਜੰਸੀਆਂ ਤੇ ਮੀਡੀਆ ਲਗਾਤਾਰ ਪੰਜਾਬ ਤੇ ਸਿੱਖਾਂ ਬਾਰੇ ਨਕਾਰਾਤਮਿਕ ਬਿਰਤਾਂਤ ਖੜ੍ਹਾ ਕਰ ਰਿਹਾ ਹੈ। ਕਿਰਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਸਿੱਖਾਂ ਵਲੋਂ ਦਰਸਾਈ ਸਮਰੱਥਾ ਤੋਂ ਦਿੱਲੀ ਦਰਬਾਰ ਵੱਲੋਂ ਮੋੜਵੀਂ ਵਿਓਂਤਬੰਦੀ ਤਹਿਤ ਸ਼ੁਰੂ ਹੋਇਆ ਇਹ ਵਰਤਾਰਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ।~ 26 ਫਰਵਰੀ 2023

ਸਿੱਖ ਵਿਚ ਬਣ ਰਹੇ ਅੰਦਰੂਨੀ ਹਾਲਾਤ ਦੇ ਕਾਰਨ ਬਾਰੇ:-

(5)
ਸਦੀ ਪਹਿਲਾਂ ਸੰਘਰਸ਼ ਵਿਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਤੇ ਸਮੇਂ ਨਾਲ ਆਈਆਂ ਅੰਦਰੂਨੀ ਕਮਜ਼ੋਰੀਆਂ ਕਾਰਨ ਸਿੱਖਾਂ ਵਿਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾ ਬੈਠੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਪ੍ਰਬੰਧ ਦੀ ਸਿੱਖਾਂ ਵਿਚ ਕੇਂਦਰੀ ਧੁਰੇ ਵਜੋਂ ਮਾਨਤਾ ਖੁਰਣ ਕਾਰਨ ਸਿੱਖ ਸਫਾਂ ਆਪੋ-ਧਾਪੀ ਦੀ ਮਾਰ ਝੱਲ ਰਹੀਆਂ ਹਨ। ਦਿੱਲੀ ਦਰਬਾਰ ਇਸ ਮਹੌਲ ਨੂੰ ਹੋਰ ਭੜਕਾਅ ਰਿਹਾ ਹੈ ਜਿਸ ਨਾਲ ਸਭ ਕੁਝ ਬਾਰੇ ਸ਼ੱਕ ਤੇ ਭੰਬਲਭੂਸਾ ਖੜ੍ਹਾ ਕੀਤਾ ਜਾ ਰਿਹਾ ਹੈ।~26 ਫਰਵਰੀ 2023

ਆਗਾਮੀ ਹਾਲਾਤ ਦੀ ਪੇਸ਼ੀਨਗੋਈ:-

(6)
ਇਹ ਸਮੁੱਚੇ ਹਾਲਾਤ ਇੰਨੇ ਗੰਭੀਰ ਹਨ ਕਿ ਇਨ੍ਹਾਂ ਦਾ ਨਤੀਜਾ ਦਿੱਲੀ ਦਰਬਾਰ ਵੱਲੋਂ ਪੰਜਾਬ ਤੇ ਸਿੱਖਾਂ ਨੂੰ ਇਕੱਲਿਆਂ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲਿਆਉਣ ਵੱਲ ਹੀ ਨਿੱਕਲਦਾ ਨਜ਼ਰ ਆ ਰਿਹਾ ਹੈ।~26 ਫਰਵਰੀ 2023

ਗ੍ਰਿਫਤਾਰੀਆਂ ਦੇ ਬਣੇ ਹਾਲਾਤ ਬਾਰੇ :-

(7)
ਦਿੱਲੀ ਦਰਬਾਰ (ਹਿੰਦ ਸਟੇਟ) ਵੱਲੋਂ ਮਿੱਥ ਕੇ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਜਿਸ ਢੰਗ ਨਾਲ ਜਾਣਕਾਰੀ ਤੇ ਆਪਸੀ ਤਾਲਮੇਲ ਦੇ ਸਰੋਤ (ਇੰਟਰਨੈਟ) ਬੰਦ ਕਰਕੇ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਦਰਸਾਉਂਦਾ ਹੈ ਕਿ ਹਕੂਮਤ ਪੰਜਾਬ ਤੇ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਤੇ ਬਦਨਾਮ ਕਰਨ ਲਈ ਸਭ ਹੱਦ-ਬੰਨੇ ਟੱਪ ਰਹੀ ਹੈ।~19 ਮਾਰਚ 2023

(8)
ਇਹ ਸਾਰੀ ਕਾਰਵਾਈ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਨਿਖੇੜਨ ਅਤੇ ਨਿਸ਼ਾਨੇ ਉੱਤੇ ਲਿਆਉਣ ਦੀ ਉਸੇ ਲੜੀ ਦਾ ਹੀ ਅਗਲਾ ਹਿੱਸਾ ਹੈ ਜਿਸ ਤਹਿਤ ਸਿੱਖਾਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਅਤੇ ਕਿਰਸਾਨੀ ਸਾਂਝੇ ਸੰਘਰਸ਼ ਵਿਚ ਨਿਭਾਈ ਮੂਹਰੀ ਭੂਮਿਕਾ ਕਾਰਨ ਉਪਮਹਾਂਦੀਪ ਅਤੇ ਆਲਮੀ ਪੱਧਰ ਉੱਤੇ ਬਣੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।~19 ਮਾਰਚ 2023

(9)
ਪੰਜਾਬ ਅਤੇ ਸਿੱਖਾਂ ਦੀ ਸਾਖ ਤੇ ਸਮਰੱਥਾ, ਅਤੇ ਸਿੱਖ ਨੌਜਵਾਨਾਂ ਵਿਚ ਆਈ ਚੇਤਨਾ ਦਿੱਲੀ ਦਰਬਾਰ ਨੂੰ ਭੈਭੀਤ ਕਰ ਰਹੀ ਹੈ ਜਿਸ ਕਾਰਨ ਦਿੱਲੀ ਦੀਆਂ ਏਜੰਸੀਆਂ ਪੰਜਾਬ ਦੇ ਹਾਲਾਤ ਵਿਚ ਅਸਥਿਰਤਾ ਵਾਲੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਜ਼ਬਰ-ਜੁਲਮ ਤੇ ਵਧੀਕੀ ਦੀਆਂ ਕਾਰਵਾਈਆਂ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ ਜਾ ਸਕੇ।~19 ਮਾਰਚ 2023

ਹੋ ਰਹੀਆਂ ਗ੍ਰਿਫਤਾਰੀਆਂ ਦੇ ਮੱਦੇਨਜ਼ਰ ਕਰਨ ਯੋਗ ਕਾਰਜਾਂ ਬਾਰੇ:-

(10)
ਅਜਿਹੇ ਸਮੇਂ ਜਦੋਂ ਸਰਕਾਰ ਹਮਲਾਵਰ ਰੁਖ ਅਖਤਿਆਰ ਕਰ ਰਹੀ ਹੈ ਤਾਂ ਸਾਡੇ ਵਾਸਤੇ ਸਵੈਜਾਬਤਾ, ਇਕਾਗਰਤਾ ਤੇ ਆਪਸੀ ਇਤਫਾਕ ਬਣਾਈ ਰੱਖਣਾ ਲਾਜਮੀ ਹੈ।~ 19 ਮਾਰਚ 2023

(11)
ਸਿੱਖਾਂ ਦੇ ਸਰਗਰਮ ਹਿੱਸਿਆਂ ਨੂੰ ਮੌਜੂਦਾ ਹਾਲਾਤ ਬਾਰੇ ਸਾਂਝੀ ਸਮਝ ਅਤੇ ਇਸ ਦੇ ਟਾਕਰੇ ਲਈ ਸਾਂਝੀ ਵਿਓਂਤ ਬੰਦੀ ਬਣਾਉਣ ਦੀ ਲੋੜ ਹੈ ਤਾਂ ਕਿ ਦਿੱਲੀ ਦਰਬਾਰ ਤੇ ਇਸ ਦੀ ਹੱਥਠੋਕਾ ਪੰਜਾਬ ਸਰਕਾਰ ਉੱਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਬੰਦ ਕਰਨ ਅਤੇ ਗ੍ਰਿਫਤਾਰ ਨੌਜਵਾਨਾਂ ਨਾਲ ਹੋਣ ਵਾਲੀ ਸੰਭਾਵੀ ਵਧੀਕੀ ਨੂੰ ਰੋਕਿਆ ਜਾ ਸਕੇ ਤੇ ਉਹਨਾ ਦੀਆਂ ਰਿਹਾਈਆਂ ਦਾ ਅਮਲ ਸ਼ੁਰੂ ਕਰਵਾਇਆ ਜਾ ਸਕੇ।~ 19 ਮਾਰਚ 2023

ਪੰਥਕ ਪੱਧਰ ਉੱਤੇ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਤਾਂ ਕਿ ਇਹਨਾ ਬਿਖੜੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਚੁਣੌਤੀਆਂ ਨੂੰ ਸੰਭਾਵਨਾਵਾਂ ਵਿਚ ਬਦਲਣ ਦੀ ਸਮਰੱਥਾ ਪੈਦਾ ਹੋ ਸਕੇ:-

(12)
ਸਿੱਖਾਂ ਨੂੰ ਆਪ-ਹੁਦਰੇਪਣ ਅਤੇ ਬੇਇਤਫਾਕੀ ਵਧਾਉਣ ਵਾਲੇ ਵਿਹਾਰ ਤੋਂ ਕਿਨਾਰਾ ਕਰ ਕੇ ‘ਗੁਰੂ ਕੇ ਸਿੱਖਾਂ’ ਅਤੇ ਇਕ ਦੂਜੇ ਪ੍ਰਤੀ ‘ਗੁਰ-ਭਾਈ’ ਵਾਲਾ ਅਮਲ ਅਪਨਾਉਣਾ ਚਾਹੀਦਾ ਹੈ। ਇਸ ਵੇਲੇ ਸਭ ਨੂੰ ਚਾਹੀਦਾ ਹੈ ਕਿ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਵਿਚ ਅੰਦਰੂਨੀ ਕਤਾਰਬੰਦੀ ਸਹੀ ਕਰਨ ਲਈ ਸੁਹਿਰਦ ਯਤਨ ਕਰਨ”।~23 ਫਰਵਰੀ 2023

(13)
ਆਪੋ ਧਾਪੀ ਦਾ ਮਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿਤ ਵਿਚ ਨਹੀਂ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਜਿਹੇ ਹਾਲਾਤ ਵਿਚ ਆਪਸੀ ਸੰਵਾਦ ਰਾਹੀਂ ਏਕਾ ਬਣਾੳਣ ਦਾ ਮਾਰਗ ਬਖਸ਼ਿਸ਼ ਕੀਤਾ ਹੈ। ਇਸ ਵੇਲੇ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਨੂੰ ਆਪਣੀ ਸਮੂਹਿਕ ਭਾਵਨਾ ਦੇ ਪ੍ਰਗਟਾਵੇ ਲਈ ਪੰਥਕ ਰਿਵਾਇਤ ਦਾ ਪੱਲਾ ਫੜਨ ਦੀ ਸਖਤ ਲੋੜ ਹੈ ਤਾਂ ਕਿ ਅਸੀਂ ਗੁਰਮਤੇ ਵੱਲ ਪਰਤ ਸਕੀਏ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਪੰਚ ਪ੍ਰਧਾਨੀ ਅਗਵਾਈ ਪ੍ਰਣਾਲੀ ਅਮਲ ਵਿਚ ਲਿਆ ਸਕੀਏ।~ 26 ਫਰਵਰੀ 2023

ਖਾਲਸਾ ਪੰਥ ਨੇ ਸਦਾ ਗੁਰੂ ਦੇ ਆਸਰੇ ਨਾਲ ਹੀ ਔਕੜਾਂ ਦਾ ਸਾਹਮਣਾ ਕਰਦਿਆਂ ਚਣੌਤੀਆਂ ਸਰ ਕੀਤੀਆਂ ਹਨ। ਮੌਜੂਦਾ ਸੰਕਟਾਂ ਵਿੱਚੋਂ ਨਿੱਕਲਣ ਦਾ ਰਾਹ ਵੀ ਆਪਣੀ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਜੀਵਨ ਅਮਲ ਵਿਚ ਗੁਰਮਤਿ ਨੂੰ ਧਾਰਨ ਕਰਕੇ ਗੁਰੂ ਓਟ ਸਦਕਾ ਦ੍ਰਿੜਤਾ ਲਿਆਉਣ ਵਿਚ ਹੀ ਪਿਆ ਹੈ।~19 ਮਾਰਚ 2023

(ਧਿਆਨ ਹਿਤ: ਉਕਤ ਹਿੱਸਿਆਂ ਵਾਰੇ ਬਿਆਨ ਸਾਂਝੇ ਤੌਰ ਉੱਤੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਵੱਲੋਂ ਦਿੱਤੀਆਂ ਤਰੀਕਾਂ ਨੂੰ ਜਾਰੀ ਕੀਤੇ ਗਏ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,