ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਵਿਦੇਸ਼

ਪੰਜਾਬ ਸਰਕਾਰ ਸੁਮੇਧ ਸੈਣੀ ਅਤੇ ਹੋਰਨਾਂ ‘ਕਾਤਲ’ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ ਬੰਦ ਕਰੇ: ਸ਼੍ਰੋ.ਅ.ਦ.ਅ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

May 16, 2020 | By

ਨਿਊਯਾਰਕ/ਟਰਾਂਟੋ: ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ. ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਟੈਲੀ ਕਾਨਫਰੰਸ ਵਿੱਚ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਮਾਮਲੇ ਬਾਰੇ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਨੇ ਪੰਜਾਬ ਦੀ ਜੁਆਨੀ ਦਾ ਘਾਣ ਕਰਨ ਵਿੱਚ ਮੂਹਰਲੀ ਕਤਾਰ ਵਿੱਚ ਭੂਮਿਕਾ ਨਿਭਾਈ ਹੈ ਪਰ ਸ਼ਰਮ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਅਜਿਹੇ ਕਾਤਲ ਪੁਲਸੀਆਂ ਦੀ ਰੱਜ ਕੇ ਪੁਸ਼ਤਪਨਾਹੀ ਕੀਤੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਜਿਸ ਨੇ ਆਪਣੀ ਸੇਵਾ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਸੀ ਅਤੇ ਹੋਰ ਹਜ਼ਾਰਾਂ ਸਿੱਖਾਂ ਉਪਰ ਤਸ਼ੱਦਦ ਅਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਸੀ, ਦੇ ਖਿਲਾਫ 1991 ਵਿੱਚ ਸਿੱਖ ਨੌਜਵਾਨ ਸਰਦਾਰ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦਾ ਪਰਚਾ ਦਰਜ ਹੋਇਆ ਹੈ।

ਸੁਮੇਧ ਸੈਣੀ ਦੀ ਪੁਰਾਣੀ ਤਸਵੀਰ

ਭ੍ਰਿਸ਼ਟ ਭਾਰਤੀ ਸਿਸਟਮ ਵਿੱਚ ਉਸ ਦਰਿੰਦਗੀ ਭਰੀ ਬੇਇਨਸਾਫੀ ਲਈ ਸਿਰਫ ਐਫ.ਆਈ.ਆਰ. ਦਰਜ ਕਰਾਉਣ ਲਈ ਤਿੰਨ ਦਹਾਕੇ ਲੱਗ ਗਏ ਹਨ।

ਸ. ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਵਿਚਾਰਾਂ ਤੋ ਬਾਅਦ ਫੈਸਲਾ ਕਰਦਿਆਂ ਇੰਡੀਅਨ ਜੁਡੀਸ਼ੀਅਲ ਸਿਸਟਮ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਸ ਸਮੇਂ ਵਿੱਚ ਇਕ ਪੁਲਿਸ ਅਫਸਰ ਵਲੋਂ ਜਦ ਉਹ ਪੰਜਾਬ ਪੁਲਿਸ ਵਿੱਚ ਐਸ.ਐਸ.ਪੀ. ਸੀ, ਨੂੰ ਗਲਤ ਤਰੀਕੇ ਨਾਲ ਵਰਤ ਕੇ ਮਨੁੱਖਤਾ ਤੋਂ ਹੀਣੇ ਕਾਰਨਾਮਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਕਮੇਟੀ ਦੇ ਵਿਚਾਰ ਵਟਾਂਦਰੇ ਦੌਰਾਨ ਕਪੂਰਥਲਾ ਜਿਲ੍ਹੇ ਦੇ ਪਿੰਡ ਲੱਖਣ ਕੇ ਪੱਡਾ ਦੇ ਹੋਣਹਾਰ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪੱਡਾ ਉਰਫ “ਪੱਡਾ ਬਲਵਾਨ” ਨੂੰ ਸਬ ਇੰਸਪੈਕਟਰ ਦੇ ਸਹਿਯੋਗੀ ਪਰਮਜੀਤ ਸਿੰਘ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਦਕਿ ਉਸਦਾ ਦੋਸਤ ਪਰਦੀਪ ਸਿੰਘ ਸਖਤ ਜ਼ਖਮੀ ਹੋ ਗਿਆ।

ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪੱਡਾ

ਉਨ੍ਹਾਂ ਦੋਸ਼ ਲਾਇਆ ਕਿ “ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਪੁਲੀਸ ਵਿੱਚ ਤਾਇਨਾਤ ਐਸ ਐਸ ਪੀ ਸਮਸ਼ੇਰ ਸਿੰਘ ਜੋ ਕਿ ਰਹਿ ਚੁੱਕੇ ਐਸ ਐਸ ਪੀ ਸਰਵਣਾ ਘੋਟਣਾ ਦਾ ਪੁੱਤਰ ਹੈ, ਇਹ ਇਲਾਕੇ ਵਿੱਚ ਖਤਰਨਾਕ ਡਰੱਗ ਭਾਵ ਚਿੱਟੇ ਦਾ ਵਿਉਪਾਰੀ ਹੈ। ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪੱਡਾ ਅਜਿਹਾ ਕੁਕਰਮ ਕਰਨ ਤੋਂ ਵਰਜਦਾ ਸੀ”।

ਇਸ ਮੀਟਿੰਗ ਵਿੱਚ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਮਤਾ ਪਾਸ ਕੀਤਾ ਹੈ ਕਿ ਅਜਿਹੇ ਅਪਰਾਧੀਆਂ ਨੂੰ, ਜਿਸ ਨੇ ਗੋਲੀਆਂ ਮਾਰ ਕੇ ਅਰਵਿੰਦਰ ਸਿੰਘ ਪੱਡਾ ਦਾ ਕਤਲ ਕੀਤਾ ਹੈ, ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੀਆਂ ਨਸਲਾਂ ਲਈ ਉਦਾਹਰਣ ਪੈਦਾ ਕੀਤੀ ਜਾ ਸਕੇ।

ਇਕੱਤਰਤਾ ਵਿੱਚ ਲਏ ਗਏ ਤੀਜੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ “ਅੰਤ ਵਿੱਚ ਭਾਰਤੀ ਹਿੰਦੂਤਵ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਉਪਰ 1984 ਵਿੱਚ ਕੀਤੇ ਹਮਲੇ ਦੀ ਯਾਦ 36 ਵੀ ਯਾਦ, ਜੋ ਸਾਰੀ ਦੁਨੀਆਂ ਵਿੱਚ ਸੋਗ ਰੂਪ ਵਿੱਚ ਮਨਾਇਆ ਜਾਂਦਾ ਹੈ, ਐਤਕੀਂ ਕਾਰੋਨਾ ਵਾਰਿਸ ਦੀ ਮਹਾਮਾਰੀ ਦੇ ਸੰਸਾਰ ਤਾਲਾਮਾਰੀ ਲਾਕਡਾਊਨ ਕਾਰਨ ਕੋਈ ਵੀ ਇਕੱਠ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਸੋਸ਼ਲ ਮੀਡੀਆ ਰਾਹੀਂ ਸ਼ਹੀਦਾਂ ਦਾ ਖਾਲਿਸਤਾਨ ਦੀ ਆਜਾਦੀ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾਵੇ। ਜਿਸ ਲਈ ਮੀਡੀਆ ਸਬ ਕਮੇਟੀ ਬਣਾ ਕੇ ਕੰਮ ਕੀਤਾ ਜਾਵੇਗਾ”।

ਸੁਖਮਿੰਦਰ ਸਿੰਘ ਹੰਸਰਾ

ਉਨ੍ਹਾਂ ਦੱਸਿਆ ਕਿ ਇਸ ਬਿਜਲਈ ਇਕੱਤਰਤਾ ਵਿੱਚ ਬੂਟਾ ਸਿੰਘ ਖੜੌਦ ਯੂ ਐਸ ਏ, ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਚੈਨ ਸਿੰਘ ਫਰਾਂਸ, ਮਲਕੀਅਤ ਸਿੰਘ ਢੇਸੀ ਐਡਮੈਂਟਨ, ਜੀਤ ਸਿੰਘ ਆਲੋਅਰਖ ਕੈਲੀਫੋਰਨੀਆ, ਸੁਰਜੀਤ ਸਿੰਘ ਕੁਲਾਰ ਅਮਰੀਕਾ, ਗੁਰਜੋਤ ਸਿੰਘ ਐਡਮੈਂਟਨ, ਰਣਜੀਤ ਸਿੰਘ ਖਾਲਸਾ ਐਡਮੈਂਟਨ, ਮੱਖਣ ਸਿੰਘ ਕਲੇਰ ਸ਼ਿਕਾਗੋ, ਸੋਹਣ ਸਿੰਘ ਕੰਗ ਜਰਮਨੀ, ਜਸਪਾਲ ਸਿੰਘ ਬੈਂਸ ਯੂ ਕੇ, ਮਨਵੀਰ ਸਿੰਘ ਮਾਂਟਰੀਅਲ, ਸੁਖਜੀਵਨ ਸਿੰਘ, ਪਰਮਜੀਤ ਸਿੰਘ ਸੋਹਲ, ਸੋਹਣ ਸਿੰਘ ਕੰਗ ਜਰਮਨੀ ਆਦਿ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,