ਖਾਸ ਖਬਰਾਂ

ਪੰਥਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਇਕੱਤਰਤਾ 4 ਨੂੰ

January 29, 2022 | By

ਚੰਡੀਗੜ੍ਹ (29 ਜਨਵਰੀ) – ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ,ਦਲ ਖ਼ਾਲਸਾ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਅਤੇ ਅਕਾਲ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਆਗੂਆਂ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਦੇ ਦਫਤਰ ਦਾਣਾ ਮੰਡੀ ਫਗਵਾੜਾ ਵਿਖੇ ਹੋਈ। ਜਿਸ ਵਿੱਚ ਉਨ੍ਹਾਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਇਹ ਫੈਸਲਾ ਕੀਤਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਕਾਰਨ ਕੇਂਦਰ ਸਰਕਾਰ ਦੇ ਖਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਲਈ ਮਿਤੀ 4 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਸਮੁੱਚੇ ਪੰਜਾਬ ਦੀਆਂ ਵੱਡੀਆਂ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਸਾਰੇ ਧਰਮਾਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਵੇਗੀ, ਜਿਸ ਵਿੱਚ ਸੰਘਰਸ਼ ਦੀ ਅਗਲੇਰੀ ਰਣਨੀਤੀ ਦਾ ਫ਼ੈਸਲਾ ਕੀਤਾ ਜਾਵੇਗਾ।

ਸਮੂਹ ਆਗੂਆਂ ਨੇ ਪੰਜਾਬ ਦੀਆਂ ਸਮੂਹ ਪੰਥਪ੍ਰਸਤ, ਕਿਸਾਨ, ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਦਲ ਖ਼ਾਲਸਾ ਤੋਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸਮੂਹ ਆਗੂਆਂ ਨੇ ਸਰਬਸੰਮਤੀ ਨਾਲ ਕੱਲ੍ਹ ਰਿਹਾਈ ਮਾਰਚ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਅੜੀਅਲ ਅਤੇ ਹੰਕਾਰੀ ਵਤੀਰੇ ਕਾਰਨ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਨਾ ਕਰਨ ਦਾ ਵੀ ਵਿਰੋਧ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਨੈਸ਼ਨਲ ਹਾਈਵੇਅ ਵੀ ਜਾਮ ਕਰਨਾ ਪਿਆ।

ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ 21 ਜਨਵਰੀ ਨੂੰ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਸੋਮ ਪ੍ਰਕਾਸ਼ ਦੇ ਵਿਰੋਧ ਦਾ ਐਲਾਨ ਕੀਤਾ ਸੀ।ਜਿਸ ਤੋਂ ਬਾਅਦ ਅਗਲੇ ਦਿਨ 22 ਜਨਵਰੀ ਨੂੰ ਸੋਮ ਪ੍ਰਕਾਸ਼ ਨੇ ਉਸ ਵਿਰੋਧ ਦੇ ਡਰ ਤੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਚਿੱਠੀ ਲਿਖੀ ਸੀ ਪਰ ਉਨ੍ਹਾਂ ਸਵਾਲ ਕੀਤਾ ਕਿ ਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇਸ ਮਸਲੇ ਲਈ ਇੰਨੇ ਗੰਭੀਰ ਸਨ ਤਾਂ ਉਹਨਾ ਆਪਣੇ ਘਰ ਤੋਂ ਬਾਹਰ ਆ ਕੇ ਆਪਣੇ ਹੀ ਸੱਦੇ ਤੇ ਬੁਲਾਏ ਵਫ਼ਦ ਨਾਲ ਮੁਲਾਕਾਤ ਕਰਨੀ ਕਿਉਂ ਜ਼ਰੂਰੀ ਨਹੀਂ ਸਮਝੀ ? ਕਿਉਂਕਿ ਅਸਲ ਵਿੱਚ ਉਨ੍ਹਾਂ ਕੋਲ ਵਫ਼ਦ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਇਸ ਕਰਕੇ ਉਨ੍ਹਾਂ ਮੁਲਾਕਾਤ ਕਰਨ ਦੀ ਬਜਾਏ ਆਪਣੇ ਹੀ ਸੱਦੇ ਤੇ ਬੁਲਾਏ ਹੋਏ ਵਫ਼ਦ ਨੂੰ ਮਿਲਣ ਤੋਂ ਪਾਸਾ ਵੱਟਿਆ !

ਆਗੂਆਂ ਨੇ ਆਆਿ ਕਿ 11 ਅਕਤੂਬਰ 2019 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 8 ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਜਾਰੀ ਕੀਤੇ ਸਰਕਾਰੀ ਨੋਟੀਫਿਕੇਸ਼ਨ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਸੋਮ ਪ੍ਰਕਾਸ਼ ਵੱਲੋਂ ਲਿਖੀ ਇਸ ਚਿੱਠੀ ਦੀ ਕੀ ਅਹਿਮੀਅਤ ਹੈ ?

ਉਨ੍ਹਾਂ ਕਿਹਾ ਕਿ ਇਹ ਮਸਲਾ ਸਮੁੱਚੇ ਪੰਥ ਤੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨਾਲ ਜੁੜਿਆ ਹੈ ਇਸ ਕਰਕੇ ਸਮੁੱਚੀਆਂ ਪੰਜਾਬ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਂਝੇ ਰੂਪ ਵਿੱਚ ਅਗਲਾ ਸੰਘਰਸ਼ ਪੰਜਾਬ ਪੱਧਰ ਤੇ ਵਿੱਢਿਆ ਜਾਵੇਗਾ।

ਇਸ ਮੌਕੇ ਸੁਖਦੇਵ ਸਿੰਘ ਫਗਵਾੜਾ (ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼), ਪਰਮਜੀਤ ਸਿੰਘ ਟਾਂਡਾ (ਦਲ ਖ਼ਾਲਸਾ), ਮਨਜੀਤ ਸਿੰਘ ਖਾਲਸਾ (ਅਕਾਲ ਸਟੂਡੈਂਟਸ ਫੈਡਰੇਸ਼ਨ), ਗੁਰਪਾਲ ਸਿੰਘ ਪਾਲਾ (ਕਿਸਾਨ ਆਗੂ), ਪਰਮਜੀਤ ਸਿੰਘ ਮੰਡ (ਸਿੱਖ ਯੂਥ ਆਫ ਪੰਜਾਬ), ਅਮਰਜੀਤ ਸਿੰਘ ਸੰਧੂ, ਹਰਭਜਨ ਸਿੰਘ ਬਾਜਵਾ, ਗੁਰਦਿਆਲ ਸਿੰਘ ਲੱਖਪੁਰ, ਕੁਲਦੀਪ ਸਿੰਘ, ਤਜਿੰਦਰ ਸਿੰਘ, ਬਲਕਰਨ ਸਿੰਘ ਡੱਬਵਾਲੀ, ਜਸਬੀਰ ਸਿੰਘ, ਹਰਪ੍ਰੀਤ ਸਿੰਘ ਸੰਦੀਪ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,