ਖੇਤੀਬਾੜੀ » ਲੇਖ

ਕਿਸਾਨੀ ਸੰਘਰਸ਼ ਦੇ ਦੁਨਿਆਵੀ ਸਰੋਕਾਰ/ਪ੍ਰਬੰਧ

June 16, 2021 | By

ਕਿਸਾਨੀ ਸੰਘਰਸ਼ ਨੂੰ ਦੇਖਿਆਂ ਤੇ ਗੱਲ ਕੀਤਿਆਂ ਕਿਸਾਨੀ ਲੱਗਦਾ ਹੈ ਪਰ ਮਹਿਸੂਸ ਕੀਤਿਆਂ ਤੇ ਵਿਚਾਰਿਆਂ ਬਹੁਤ ਕੁਝ ਹੋਰ, ਵਿਲੱਖਣ ਤੇ ਨਵਾਂ ਲੱਗਣ ਲੱਗ ਪੈਂਦਾ ਹੈ ਜਿਸ ਬਾਰੇ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਤੇ ਨਾ ਹੀ ਕਿਸੇ ਦੇ ਹੱਥ-ਵੱਸ ਕੁਝ ਲੱਗਦਾ ਹੈ, ਇਹ ਤਾਂ ਬਸ ਵਾਪਰ ਰਿਹਾ ਹੈ ਅਤੇ ਇਸ ਵਿਚ ਮਰਜ਼ੀ ਕਿਸੇ ਵਿਅਕਤੀ ਦੀ ਨਹੀਂ ਚੱਲ ਸਕਦੀ, ਮਰਜ਼ੀ ਚਲਾਉਂਣ ਦੀ ਸੋਚਣ ਵਾਲਾ ਨਾ-ਚਾਹੁੰਦਿਆਂ ਹੋਇਆਂ ਵੀ ਇਸਦੇ ਵਹਿਣ ਵਿੱਚ ਵਹਿ ਜਾਂਦਾ ਹੈ। ਕਿਸਾਨ ਸੰਘਰਸ਼ ਨੂੰ ਚੱਲ ਰਹੇ ਸਿਸਟਮ ਦੀਆਂ ਕਸੌਟੀਆਂ ਨਹੀਂ ਲੱਗ ਸਕਦੀਆਂ, ਇਸ ਨੂੰ ਸਮਝਣ ਲਈ ਤੀਖਣ ਬੁੱਧੀ ਜਾਂ ਦੁਨਿਆਵੀ ਵਿੱਦਿਆ ਦੀ ਲੋੜ ਨਹੀਂ ਸਗੋਂ ਹਰ ਕੋਈ ਪੜਿਆ ਅਣਪੜਿਆ ਜੋ ਵੀ ‘ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬਤ ਦਾ ਭਲਾ ਦੇ ਸਿਧਾਂਤ ਬਾਰੇ ਜਾਣਦਾ ਹੈ ਇਸ ਕਿਸਾਨੀ ਸੰਘਰਸ਼ ਦੀ ਅਜ਼ਮਤ ਨੂੰ ਸਮਝ ਸਕਦਾ ਹੈ।

ਮੁੱਢਲੇ ਰੂਪ ਵਿਚ ਮਨੁੱਖੀ ਜ਼ਿੰਦਗੀ ਦੇ ਦੁਨਿਆਵੀ ਵਰਤਾਰੇ ਦੇ ਸਾਰੇ ਸਰੋਕਾਰ ਸਮਾਜੀ ਸਰੋਕਾਰ ਦਾ ਹਿੱਸਾ ਹੀ ਹੁੰਦੇ ਹਨ ਤੇ ਆਰਥਕਤਾ ਤੇ ਸਿਆਸਤ ਨੂੰ ਸਮਾਜ ਦਾ ਹੀ ਇਕ ਹਿੱਸਾ ਕਿਹਾ ਜਾ ਸਕਦਾ ਹੈ ਅਤੇ ਸੁਚੱਜੇ ਸਮਾਜ ਦੀ ਬਣਤਰ ਵਿਚੋਂ ਹੀ ਸੁਚੱਜੀ ਆਰਥਕਤਾ ਤੇ ਸੁੱਚੀ ਸਿਆਸਤ ਨਿਕਲ ਸਕਦੀ ਹੈ ਪਰ ਅਜੋਕੇ ਸਮੇਂ ਵਿਚ ਇਹਨਾਂ ਪ੍ਰਤੀ ਸਮਝ ਵੱਖੋ-ਵੱਖਰੀ ਬਣ ਚੁੱਕੀ ਹੈ ਅਤੇ ਅਸੀਂ ਵੀ ਕਿਸਾਨੀ ਸੰਘਰਸ਼ ਸਬੰਧੀ ਇਹਨਾਂ ਦੀ ਵੱਖ-ਵੱਖ ਚਰਚਾ ਕਰਨ ਦਾ ਯਤਨ ਕਰਾਂਗੇ।

ਕਿਸਾਨੀ ਸੰਘਰਸ਼ ਵਿਚ ਵਿਚਰਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਂਝੀਵਾਲਤਾ ਦਾ ਸਿਧਾਂਤ ਇੱਥੇ ਵਿਆਪਕ ਰੂਪ ਵਿਚ ਲਾਗੂ ਹੈ। ਸਭ ਮਨੁੱਖ ਇੱਥੇ ਬਰਾਬਰ ਹਨ ਅਤੇ ਉਹ ਵੀ ਬਿਨਾਂ ਕਿਸੇ ਧਰਮ, ਜਾਤ, ਰੰਗ, ਨਸਲ, ਲਿੰਗ ਦੇ ਵਿਤਕਰੇ ਦੇ। ਸਮਾਜ ਦੇ ਰਹਿਣ ਦਾ ਇਕ ਨਿਵੇਕਲਾ ਤੇ ਸਹਿਜ ਵਾਲਾ ਢੰਗ ਪਰਗਟ ਹੋਇਆ ਨਜ਼ਰੀਂ ਪੈਂਦਾ ਹੈ। ਕੁਦਰਤ ਦੇ ਉਸ ਨਿਆਰੇ ਕਾਨੂੰਨ ਮੁਤਾਬਕ ਚੱਲ ਰਿਹਾ ਹੈ ਇਸ ਕਿਸਾਨੀ ਸੰਘਰਸ਼ ਦਾ ਸਮਾਜੀ ਸਰੋਕਾਰ ਜਿਸ ਦੀ ਡੋਰ ਗੁਰੂ ਸਾਹਿਬ ਦੇ ਬਰਦਾਰਾਂ ਦੇ ਹੱਥ ਵਿਚ ਹੈ। ਇਸ ਵਿਚ ਉਹ ਸਾਰੇ ਲੋਕ ਬੈਠੇ ਹਨ ਜਿਹਨਾਂ ਦੇ ਪੁਰਖਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਹੈ। ਇੱਥੇ ਵਿਚਰਦਿਆਂ ਮਨ ਭਟਕਦਾ ਨਹੀਂ, ਕਾਹਲਾ ਨਹੀਂ ਪੈਂਦਾ, ਅੰਦਰ ਇਕ ਅਨੋਖਾ ਠਹਿਰਾਅ ਰਹਿੰਦਾ ਹੈ, ਸਬਰ ਹੈ, ਸੰਤੋਖ ਹੈ, ਸਹਿਜ ਹੈ, ਤਿਆਗ ਹੈ, ਨਿਮਰਤਾ ਹੈ, ਇਹੀ ਹੈ ਇਸ ਖਿੱਤੇ ਵਿਚ ਵਸਦੇ ਲੋਕਾਂ ਦਾ ਸਹੀ ਸਮਾਜਿਕ ਢਾਂਚਾ ਜੋ ਕਿ ਇਸ ਖਿੱਤੇ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਵਸਦੇ ਮਨ ਦੇ ਖੋਜੀਆਂ ਲਈ ਮਾਰਗ-ਦਰਸ਼ਨ ਹੈ। ਇੱਥੇ ਹਰ ਕੋਈ ਦੂਸਰੇ ਦੀ ਮਦਦ ਕਰਦਾ ਨਜ਼ਰੀਂ ਪੈਂਦਾ ਹੈ, ਕੋਈ ਕਿਸੇ ਨਾਲ ਖਹਿਬੜਦਾ ਨਹੀਂ, ਇੱਥੇ ਮੈਂ-ਮੇਰੀ ਖਤਮ ਤੇ ਤੂੰ-ਤੇਰਾ ਸ਼ੁਰੂ ਹੈ ਜੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ-ਤੇਰਾ ਦੇ ਆਰਥਕ ਪਰਬੰਧ ਦੀਆਂ ਝਲਕਾਂ ਪਾਉਂਦੇ ਹਨ ਤਦ ਹੀ ਤਾਂ ਆਪਣੇ ਮਾਇਅਕ ਮੁਨਾਫੇ ਦਾ ਪੱਲੜਾ ਭਾਰੀ ਰੱਖਣ ਵਾਲਿਆਂ ਨੂੰ ਇੱਥੇ ਚੱਲਦੇ ‘ਖਾਵਹਿ ਖਰਚਹਿ ਰਲ ਮਿਲ ਭਾਈ ਤੋਟਿ ਨ ਆਵੈ ਵਧਦੋ ਜਾਈ ਦੀ ਸਮਝ ਨਹੀਂ ਪੈ ਰਹੀ ਪਰ ਨਾਲ ਹੀ ਸਮਾਜਕ ਵਿਤਕਰਿਆਂ ਦੇ ਸ਼ਿਕਾਰ ਲੋਕਾਂ ਲਈ ਇਹ ਇਕ ਵੱਡਾ ਓਟ-ਆਸਰਾ ਬਣਨ ਜਾ ਰਿਹਾ ਹੈ ਜਿਸ ਨਾਲ ਉਹ ਆਪਣੀ ਤੇ ਆਪਣੀਆਂ ਆਉਂਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਸਵਾਰਨ ਬਾਰੇ ਸੋਚ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਜਿਵੇ ਸਾਡੀਆਂ ਬੀਤੀਆਂ ਨਸਲਾਂ ਨੇ ਚਲਦੇ ਵਰਤਾਰਿਆਂ ਦੇ ਵਿਤਕਰਿਆਂ ਦਾ ਸੰਤਾਪ ਹੰਢਾਇਆ ਹੈ ਉਸੇ ਤਰ੍ਹਾਂ ਉਹ ਜਾਂ ਉਹਨਾਂ ਦੀਆਂ ਅਗਲੇਰੀਆਂ ਨਸਲਾਂ ਅਜਿਹਾ ਹੁੰਢਾਉਣ। ਇਸ ਵਿਚ ਵਿਚਰਦਿਆਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਕਿਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਘਰੀਂ ਵੀ ਚਰਨ ਪਾ ਦੇਣ। ਇੱਥੇ ਵਿਚਰਦਿਆਂ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਹੁੰਦਾ ਹੈ ਅਤੇ ਚੱਲਦੀ ਜ਼ਿੰਦਗੀ ਦੀਆਂ ਦੌੜਾਂ ਤੋਂ ਲਾਂਭੇ ਹੋ ਕੇ ਜੋਤ ਸਰੂਪ ਮਨ ਨੂੰ ਆਪਣੇ ਮੂਲ ਦੀ ਪਹਿਚਾਣ ਕਰਨ ਦਾ ਸਮਾਂ ਤੇ ਸਬੱਬ ਮਿਲਦਾ ਹੈ ਜਿਸ ਨਾਲ ਹੀ ਆਪਣੇ ਆਪੇ ਦੀ ਪਹਿਚਾਣ, ਉਸ ਪਹਿਚਾਣ ਲਈ ਵਰਤ ਰਿਹਾ ਵਰਤਾਰਾ ਤੇ ਇਸ ਵਰਤਾਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਿਰਜੇ ਗਏ ਸਮਾਜ ਦੀ ਸਿਰਜਣਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਉਸ ਸਮਾਜ ਦੀ ਰਾਖੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਖਾਲਸਾ ਪੰਥ ਜਿਸ ਉਪਰ ਦਸਮ ਪਿਤਾ ਨੇ ਰੱਛਿਆ ਰਿਆਇਤ ਤੇ ਦੇਗ-ਤੇਗ ਫਤਿਹ ਦਾ ਫਰਜ਼ ਆਇਦ ਕੀਤਾ ਹੈ।

ਅਸਲ ਵਿਚ ਤਾਂ ਸੁਚੱਜੇ ਸਮਾਜੀ ਪ੍ਰਬੰਧ ਦੀ ਸਿਰਜਣਾ ਦੇ ਅਮਲ ਦੌਰਾਨ ਹੀ ਪਹਿਲਾਂ ਅਰਥ ਪ੍ਰਬੰਧ ਤੇ ਫਿਰ ਸਿਆਸੀ ਪ੍ਰਬੰਧ ਵੀ ਵਿਗਸਣੇ ਸ਼ੁਰੂ ਹੋ ਜਾਂਦੇ ਹਨ ਪਰ ਜਿੰਨਾਂ ਚਿਰ ਸਿਆਸੀ ਮੁੱਢ ਪੱਕਾ ਨੀਂ ਬੱਝਦਾ ਓਨਾਂ ਚਿਰ ਆਰਥਕ ਤੇ ਸਿਆਸੀ ਪਕਿਆਈ ਨਹੀਂ ਆ ਸਕਦੀ ਸੋ ਸਮਾਂ ਪਾ ਕੇ ਬੀਜ ਪੁੰਗਰਦਾ ਹੈ ਅਤੇ ਉਸ ਵਿਚੋਂ ਫੁੱਟੀ ਕਰੂੰਬਲ ਭਵਿੱਖ ਵਿਚ ਮਜਬੂਤ ਰੁੱਖ ਬਣ ਦੁਨੀਆਂ ਨੂੰ ਛਾਂ, ਫਲ-ਫੁੱਲ ਤੇ ਸਵਾਸ ਲੈਣ ਲਈ ਹਵਾ ਦਿੰਦਾ ਹੈ।

ਸਿਆਸੀ ਪੱਖ ਤੋਂ ਵਿਚਾਰ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਕਿਸਾਨ ਸੰਘਰਸ਼ ਵਿਚ ਭਾਂਤ-ਭਾਂਤ ਦੀ ਲੱਕੜ ਇਕੱਠੀ ਹੋਈ ਪਈ ਹੈ, ਜਿਹਨਾਂ ਦਾ ਆਪਾ ਵਿਰੋਧ ਚੁੰਨੀ ਟਕਰਾਵਾਂ ਤੱਕ ਵੀ ਜਾ ਚੁੱਕਿਆ ਹੈ ਪਰ ਕਿਉਂਕਿ ਇਹ ਸਾਰੀ ਖੇਡ ਸਤਿਗੁਰ ਸੱਚੇ ਪਾਤਸ਼ਾਹ ਦੀ ਕਲਾ ਮੁਤਾਬਕ ਇਤਿਹਾਸ ਦੇ ਉਸ ਦੌਰ ਤੋਂ ਪ੍ਰੇਰਨਾ ਲੈ ਕੇ ਚੱਲ ਰਹੀ ਹੈ ਜਿਸ ਵਿਚ ਖਾਲਸਾ ਫੌਜਾਂ ਨੇ ਧਾੜਵੀ ਅਹਿਮਦ ਸ਼ਾਹ ਨੂੰ ਰੋਕਣ ਲਈ ਸੋਇਆਂ ਨੂੰ ਵੱਢਣ ਵਾਲੀ ਦਾਤਰੀ ਮੀਰ ਮੰਨੂੰ ਨਾਲ ਵੀ ਮੋਢਾ ਜੋੜ ਲਿਆ ਸੀ ਅਤੇ ਅੱਜ ਗੁਰੂ ਸਾਹਿਬਾਨ ਦੇ ਸਾਂਝੀਵਾਲਤੇ ਦੇ ਸੰਦੇਸ਼ ਦੇ ਵਿਰੋਧੀਆਂ ਦੇ ਲਾਣੇ ਦੇ ਲਾਣੇਦਾਰ ਮੋਦੀ-ਸ਼ਾਹ ਨੂੰ ਖਦੇੜਣ ਦੀ ਗੱਲ ਹੈ ਪਰ ਨਾਲ ਹੀ ਜੋ ਇਤਿਹਾਸ ਨੂੰ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਮੀਰ ਮੰਨੂੰ ਦਾ ਸਾਥ ਦੇਣ ਜਾਂ ਲੈਣ ਦਾ ਮਤਲਬ ਇਹ ਨਹੀਂ ਕਿ ਖਾਲਸਾ ਆਪਣਾ ਨਿਸ਼ਾਨਾ ਭੁੱਲ ਬੈਠਾ ਸੀ ਤੇ ਓੜਕ ਸੱਚ ਦੀ ਹੀ ਜਿੱਤ ਹੋਣੀ ਹੈ ਅਤੇ ਜੋ ਅੜੇਗਾ ਸੋ ਝੜੇਗਾ ਤੇ ਜੋ ਸ਼ਰਨ ਆਵੇਗਾ ਉਸਨੂੰ ਕੰਠ ਨਸੀਬ ਹੋਵੇਗਾ।

ਮੌਜੂਦਾ ਕਿਸਾਨੀ ਸੰਘਰਸ਼ ਵਿਚ ਅਗਵਾਈ ਵਿਅਕਤੀਵਾਦੀ ਨਹੀਂ ਸਮੂਹਕ ਜਾਂ ਸੰਗਤੀ ਹੈ ਅਤੇ ਇਸ ਦੀ ਪਹਿਰੇਦਾਰੀ ਗੁਰੂ ਖਾਲਸਾ ਪੰਥ ਆਪ ਕਰ ਰਿਹਾ ਹੈ। ਅਗਵਾਈ ਕਰਤਾ ਦਿਸਦੇ ਚਿਹਰੇ ਜਾਂ ਦੇਹਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਦੋਂ ਅਗਵਾਈ ਦੀ ਸ਼ੁਰੂਆਤ ਜਾਂ ਪਹਿਰੇਦਾਰੀ ਰੂਹਾਨੀ ਹੋਵੇ। ਜੇਕਰ ਵਾਹਿਗੁਰੂ ਦੀ ਕਲਾ ਇਸੇ ਤਰ੍ਹਾਂ ਵਰਤਦੀ ਰਹੀਂ ਤਾਂ ਜਿੱਤ ਵੀ ਰੂਹਾਨੀ ਹੀ ਹੋਵੇਗੀ ਤੇ ਇਹ ਜਿੱਤ ਕਿਸਾਨੀ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਸਫਰ ਸ਼ੁਰੂ ਕਰੇਗੀ ਤੇ ਜਾਰੀ ਰਹੇਗੀ।

ਚੱਲਦੇ ਸਿਆਸੀ ਪ੍ਰਬੰਧਾਂ ਵਾਲਿਆਂ ਦੇ ਹਾਮੀ, ਜਿਹਨਾਂ ਵਿਚ ਦਿੱਲੀ ਤਖਤ ਜਾਂ ਉਸ ਅਧੀਨ ਸੂਬਿਆਂ ਵਿਚ ਸਥਾਪਤ ਸੱਤਾ ਜਾਂ ਸੱਤਾ ਦੀ ਖਾਹਸ਼ ਰੱਖਣ ਵਾਲੇ ਸ਼ਾਮਲ ਹਨ, ਨੂੰ ਇਸ ਵਰਤਾਰੇ ਦੀ ਸਮਝ ਪੈਣੀ ਅਜੇ ਔਖੀ ਭਾਸਦੀ ਹੈ ਪਰ ਵਾਹਿਗੁਰੂ ਉਹਨਾਂ ਨੂੰ ਵੀ ਸੁਮੱਤ ਬਖਸ਼ੇ। ਉਹ ਅਜੇ ਵੀ ਮੌਜੂਦਾ ਪ੍ਰਬੰਧਾਂ ਨੂੰ ਕਾਇਮ ਰੱਖਦਿਆਂ ਉਸ ਅਧੀਨ ਸੱਤਾ ਮਾਣਨਾ ਚਾਹੁੰਦੇ ਹਨ ਪਰ ਹੁਣ ਬਹੁਤਾ ਚਿਰ ਅਜਿਹਾ ਨਹੀਂ ਚੱਲਣਾ, ਬਹੁਤਾ ਕੁਝ ਬਦਲਣ ਦੇ ਝਲਕਾਰੇ ਹਨ ਤੇ ਹਨੇਰਿਆਂ ਵਿਚ ਬੈਠਿਆਂ ਦੀਆਂ ਅੱਖਾਂ ਅਗੰਮੀ ਰੋਸ਼ਨੀ ਨਾਲ ਚੁੰਧਿਆ ਹੀ ਜਾਂਦੀਆਂ ਹਨ। ਕੂੜ ਦਾ ਨਿਖੁੱਟਣਾ ਤੇ ਸੱਚ ਦਾ ਉਜਾਗਰ ਹੋਣਾ ਹੀ ਨਿਆਂ ਦਾ ਕੁਦਰਤੀ ਸਿਧਾਂਤ ਹੈ ਜਿਸ ਅਧੀਨ ਮੌਜੂਦਾ ਕੂੜੇ ਪ੍ਰਬੰਧਾਂ ਦੇ ਸਥਾਨਕ ਤੇ ਸੰਸਾਰੀ ਪੱਧਰ ਉਪਰ ਕਿੰਗਰੇ ਢਹਿਣੇ ਸ਼ੁਰੂ ਹੋਣੇ ਹਨ। ਜਿਸ ਤਰ੍ਹਾਂ ਮੀਂਹ ਤੋਂ ਬਾਅਦ ਦਰਿਆ ਦੇ ਵਹਿਣ ਵਿਚ ਵਹਿ ਰਿਹਾ ਸਭ ਕੁਝ ਦਰਿਆ ਵਿਚ ਹੁੰਦਿਆਂ ਹੋਇਆਂ ਵੀ ਦਰਿਆ ਦਾ ਹਿੱਸਾ ਨਹੀਂ ਹੁੰਦਾ ਅਤੇ ਕੁਝ ਸਮੇਂ ਬਾਅਦ ਅਸਲ ਦਰਿਆ ਦਾ ਨਿਰਮਲ ਨੀਰ ਨਜ਼ਰੀਂ ਪੈਂਦਾ ਹੈ ਤਾਂ ਉਸੇ ਹੀ ਤਰ੍ਹਾਂ ਮੌਜੂਦਾ ਕਿਸਾਨੀ ਸੰਘਰਸ਼ ਵਿਚ ਚੱਲ ਰਿਹਾ ਕੂੜ ਸਮੇਤ ਸਭ ਕੁਝ ਸੱਚ ਦਾ ਹਿੱਸਾ ਨਹੀਂ ਪਰ ਹੈ ਉਸ ਵਿਚ ਹੀ ਅਤੇ ਸੱਚ ਦਾ ਦਰਿਆ ਉਸ ਕੂੜ ਸਮੇਤ ਸਭ ਕੁਝ ਨੂੰ ਵੀ ਨਾਲ ਵਹਾ ਰਿਹਾ ਹੈ ਪਰ ਸਮਾਂ ਪਾ ਕੇ ਨਿਰਮਲਤਾ ਹੀ ਸਥਾਪਤ ਹੋਣੀ ਹੈ। ਜੇ ਤੁਹਾਡੇ ਕੋਲ ਸੱਚ ਹੈ ਤੇ ਤੁਹਾਨੂੰ ਉਸ ਸੱਚ ਦਾ ਅਹਿਸਾਸ ਹੈ ਅਤੇ ਉਸ ਤੋਂ ਵੀ ਅੱਗੇ ਤੁਹਾਡੇ ਕੋਲ ਸੱਚਾ ਕਿਰਦਾਰ ਹੈ ਤਾਂ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਕੋਈ ਪਰਗਟ ਹੋਣ ਤੋਂ ਰੋਕ ਨਹੀਂ ਸਕਦਾ, ਹਾਂ ਤੁਹਾਡੇ ਕੋਲ ਕੁਦਰਤ ਵਲੋਂ ਵਿਗਸਣ ਲਈ ਬਖਸ਼ਿਆ ਸਹਿਜ ਹੋਣਾ ਜਰੂਰੀ ਹੈ।

ਨੀਲੇ ਦਾ ਸ਼ਾਹ ਅਸਵਾਰ ਭਲੀ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,