ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹੋਏ ਹਮਲੇ ਦੀ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਕਰੜੀ ਨਿੰਦਾ

July 2, 2018 | By

ਚੰਡੀਗੜ੍ਹ: ਬੀਤੇ ਕਲ੍ਹ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਹਮਲੇ ਵਿਚ 19 ਲੋਕ ਮਾਰੇ ਗਏ ਜਿਹਨਾਂ ਵਿਚ 10 ਸਿੱਖ ਹਨ। ਮਾਰੇ ਗਏ ਸਿੱਖਾਂ ਵਿਚ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਿਲ ਹਨ ਜੋ ਅਫਗਾਨ ਸੰਸਦ ਵਿਚ ਘੱਟਗਿਣਤੀ ਸੀਟ ਲਈ ਚੋਣ ਲੜ੍ਹਨ ਵਾਲੇ ਸਨ।

ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਵਲੋਂ ਇਸ ਹਮਲੇ ਦੀ ਨਿੰਦਾ ਕੀਤਾ ਗਈ ਹੈ।

ਬੰਬ ਧਮਾਕੇ ਤੋਂ ਬਾਅਦ ਦਾ ਇਕ ਦ੍ਰਿਸ਼ [ਤਸਵੀਰ: ਪਰਵੀਜ਼/ਰਿਊਟਰਜ਼]

ਦਲ ਖ਼ਾਲਸਾ ਵਲੋਂ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਗਹਿਰੇ ਦੁੱਖ ਅਤੇ ਹਮਲਾਵਰਾਂ ਖਿਲਾਫ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਹਮਲਾਵਰਾਂ ਦੀ ਨਿਸ਼ਾਨਦੇਹੀ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਬੀਤੇ ਲੰਮੇ ਸਮੇਂ ਤੋਂ ਘੱਟਗਿਣਤੀ ਭਾਈਚਾਰੇ ਸਿੱਖ ਅਤੇ ਹਿੰਦੂ ਜ਼ਬਰ ਸਹਿ ਰਹੇ ਹਨ ਤੇ ਡਰ ਦੇ ਮਾਹੌਲ ਵਿਚ ਜੀਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਕਾਰਨ ਅਫਗਾਨ ਸਿੱਖਾਂ ਦਾ ਇਕ ਵੱਡਾ ਹਿੱਸਾ ਅਫਗਾਨਿਸਤਾਨ ਤੋਂ ਹਿਜਰਤ ਕਰਕੇ ਹੋਰ ਥਾਵਾਂ ‘ਤੇ ਵਸਣ ਲਈ ਮਜ਼ਬੂਰ ਹੋਇਆ ਹੈ।

ਕੰਵਰਪਾਲ ਸਿੰਘ ਨੇ ਅਫਗਾਨਿਸਤਾਨ ਦੀ ਰਾਜਨੀਤਕ ਸਥਿਤੀ ‘ਤੇ ਫਿਕਰ ਪ੍ਰਗਟ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਕਈ ਦਾਅਵੇਦਾਰਾਂ ਦੇ ਦਾਅਵਿਆਂ ਵਿਚਕਾਰ ਇਕ ਜੰਗ ਦਾ ਮੈਦਾਨ ਬਣ ਕੇ ਰਹਿ ਗਿਆ ਹੈ ਤੇ ਕਈ ਦੇਸ਼ਾਂ ਦੀ ਖੂਫੀਆ ਅਜੈਂਸੀਆਂ ਉੱਥੇ ਸਾਰੇ ਧਰਮਾਂ ਅਤੇ ਖਿੱਤਿਆਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਆਪਣੀ ਗੰਦੀ ਖੇਡ ਜ਼ਰੀਏ ਖਿਲਵਾੜ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਅਫਗਾਨਿਸਤਾਨ ਵਿਚ ਸਿਰਫ ਸਿੱਖ ਹੀ ਨਹੀਂ, ਬਲਕਿ ਹੋਰ ਧਰਮਾਂ ਦੇ ਲੋਕ ਵੀ ਸਮੇਤ ਮੁਸਲਮਾਨਾਂ ਦੇ ਹਮਲੇ ਦੇ ਸਾਏ ਹੇਠ ਜ਼ਿੰਦਗੀ ਜੀਅ ਰਹੇ ਹਨ।

ਦਲ ਖ਼ਾਲਸਾ ਨੇ ਦੁਨੀਆ ਭਰ ਦੇ ਮੁਸਲਿਮ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਉਹ ਅੱਗੇ ਆਉਣ।

ਇਸ ਹਮਲੇ ਦੀ ਨਿੰਦਾ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿਚ ਜੇ ਰਹਿਣ ਯੋਗ ਨਹੀਂ, ਤਾਂ ਬਹੁਤ ਔਖਾ ਸਮੇਂ ਦਾ ਸਿੱਖ ਅਤੇ ਹਿੰਦੂ ਭਾਈਚਾਰੇ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸਦੀਆਂ ਤੋਂ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਗਿਣਤੀ ਹੁਣ ਘੱਟ ਕੇ ਮਹਿਜ਼ 1000-2000 ਦੇ ਕਰੀਬ ਰਹਿ ਗਈ ਹੈ। 1992 ਤੱਕ ਇਹ ਗਿਣਤੀ 200,000 ਤੋਂ ਵੱਧ ਸੀ। ਪਰ ਪਿਛਲੇ ਸਮੇਂ ਤੋਂ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਕਾਰਨ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਛੱਡ ਕੇ ਜਾਣ ਲਈ ਮਜ਼ਬੂਰ ਹੋਏ ਹਨ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਕੈਨੇਡਾ ਸਰਕਾਰ ਨੂੰ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂਆਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਸੇਵੇ ਦਾ ਇੰਤਜ਼ਾਮ ਕਰਨਾ ਹੀ ਉਨ੍ਹਾਂ ਨੂੰ ਮੁਸ਼ਕਿਲਾਂ ਵਿਚੋਂ ਕੱਢਣ ਦਾ ਇਕ ਹੱਲ ਹੈ।

ਕੈਨੇਡਾ ਦੇ ਸਿੱਖ ਸੰਗਠਨ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਕੁਝ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਕੈਨੇਡਾ ਵਿਚ ਵਸਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ ਜੋ 2015 ਵਿਚ ਆਪਣੀ ਮੌਤ ਤੋਂ ਪਹਿਲਾਂ ਐਲਬਰਟਾ ਦੇ ਐਮਅਲਏ ਮਨਮੀਤ ਸਿੰਘ ਭੁੱਲਰ ਵਲੋਂ ਸ਼ੁਰੂ ਕੀਤੀਆਂ ਗਈਆਂ ਸਨ।

ਸਿੱਖ ਫੈਡਰੇਸ਼ਨ ਯੂਕੇ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਲਾਲਾਬਾਦ ਹਮਲੇ ਦੀ ਖਬਰ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਸੋਗ ਦੀ ਲਹਿਰ ਵਿਚ ਡੋਬ ਦਿੱਤਾ ਹੈ।

ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਸ ਹਮਲੇ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ।

ਯੂਨਾਈਟਿਡ ਸਿੱਖਸ ਵਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਨੁਮਾਂਇੰਦਗੀ ਕਰਦੀ ਨਿੱਕੀ ਹੇਲੇ ਕੋਲ ਚੁੱਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,