ਚੋਣਵੀਆਂ ਵੀਡੀਓ » ਜਖਮ ਨੂੰ ਸੂਰਜ ਬਣਨ ਦਿਓ... » ਵੀਡੀਓ » ਸਿੱਖ ਖਬਰਾਂ

ਜੂਨ ’84 ਦਾ ਘੱਲੂਘਾਰਾ, ਰਾਜਨੀਤੀ ਅਤੇ ਸਿੱਖ ਪੰਥ … (ਡਾ. ਮਿਹਰ ਸਿੰਘ ਗਿੱਲ)

June 16, 2022 | By

 

 

ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਜੂਨ 1984 ਦਰਬਾਰ ਸਾਹਿਬ ਅਤੇ ਹੋਰਾਂ ਗੁਰਧਾਮਾਂ ਉੱਤੇ ਫੌਜੀ ਹਮਲੇ ਸਮੇਂ ਅਤੇ ਨਵੰਬਰ 1984 ਵਿਚ ਵਾਪਰੀ ਯੋਜਨਾਬੱਧ ਅਤੇ ਵਿਆਪਕ ਸਿੱਖ-ਵਿਰੋਧੀ ਹਿੰਸਾ ਇਕ ਤਰ੍ਹਾਂ ਨਾਲ ਦੂਜੇ ਸੰਸਾਰ ਯੁੱਧ ਸਮੇਂ ਨਾਜ਼ੀਆਂ ਵਲੋਂ ਯਹੂਦੀਆਂ ਨਾਲ ਕੀਤੇ ਹੋਲੋਕਾਸਟ ਦੀਆਂ ਲੀਹਾਂ ’ਤੇ ਹੀ ਸੀ। ਇਸੇ ਗੱਲ ਦੀ ਇਕ ਹੋਰ ਝਲਕ ਕੁਝ ਕੁ ਸਾਲ ਪਹਿਲਾਂ ਗੁਜਰਾਤ ਵਿਚ ਮੁਸਲਮਾਨਾਂ ਵਿਰੁੱਧ ਹੋਈ ਹਿੰਸਾ ਵਿਚ ਦੇਖੀ ਜਾ ਸਕਦੀ ਹੈ। ਸਰਕਾਰੀ ਸਰਪ੍ਰਸਤੀ, ਹੈਂਕੜ ਅਤੇ ਤਾਕਤ ਦੇ ਜ਼ੋਰ ਨਾਲ ਘੱਟਗਿਣਤੀ ਲੋਕਾਂ ਵਿਰੁੱਧ ਕੀਤੀ ਜਾਣ ਵਾਲੀ ਵਿਆਪਕ ਤੇ ਯੋਜਨਾਬੱਧ ਹਿੰਸਾ ਦਾ ਮੁੱਖ ਉਦੇਸ਼ ਅਜਿਹੇ ਲੋਕਾਂ ਦੇ ਸਵੈਮਾਣ, ਪਹਿਚਾਣ ਅਤੇ ਰਾਜਨੀਤਕ ਤੇ ਆਰਥਿਕ ਸ਼ਕਤੀ ਨੂੰ ਤਹਿਸ-ਨਹਿਸ ਕਰਨਾ ਹੁੰਦਾ ਹੈ।

ਰਾਜਨੀਤਕ ਪਾਰਟੀਆਂ

ਜੂਨ ’84 ਦੇ ਫੌਜੀ ਹਮਲੇ ਸਮੇਂ ਭਾਰਤ ਦੀ ਕੇਂਦਰੀ ਸਰਕਾਰ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਸੀ ਅਤੇ ਇਸ ਤਰ੍ਹਾਂ ਇਹ ਪਾਰਟੀ ਇਸ ਸਾਕੇ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਬਾਕੀ ਉਦੇਸ਼ਾਂ ਦੇ ਨਾਲ-ਨਾਲ ਇਸ ਸਾਕੇ ਦਾ ਇਕ ਵੱਡਾ ਮੰਤਵ ਸੀ ਕਾਂਗਰਸ ਪਾਰਟੀ ਲਈ ਹਿੰਦੂ ਵੋਟ-ਬੈਂਕ ਨੂੰ ਵੱਡਾ ਤੇ ਪੱਕਾ ਕਰਨਾ। ਇਹੋ ਗੱਲ ਨਵੰਬਰ 1984 ਨੂੰ ਉਪਮਹਾਂਦੀਪ ਦੇ ਵੱਡੇ ਹਿੱਸੇ ਵਿਚ ਵਾਪਰੀ ਸਿੱਖ ਵਿਰੋਧੀ ਹਿੰਸਾ ਬਾਰੇ ਆਖੀ ਜਾ ਸਕਦੀ ਹੈ। ਇਨ੍ਹਾਂ ਦੋਨੋਂ ਵੱਡੇ ਸਾਕਿਆਂ ਦੇ ਫਲਸਰੂਪ ਹੀ 1984 ਦੇ ਅਖੀਰ ਵਿਚ ਹੋਈਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ।

ਪ੍ਰੰਤੂ ਭਾਰਤ ਦੀਆਂ ਹੋਰ ਵੱਡੀਆਂ ਰਾਜਨੀਤਕ ਪਾਰਟੀਆਂ ਨੇ ਵੀ ਫੌਜੀ ਹਮਲੇ ਦੀ ਭਰਪੂਰ ਹਮਾਇਤ ਕੀਤੀ ਸੀ। ਮਿਸਾਲ ਵਜੋਂ ਬੀ. ਜੇ. ਪੀ. ਪਾਰਟੀ ਦੇ ਦੋ ਪ੍ਰਮੁੱਖ ਨੇਤਾਵਾਂ ਅਟੱਲ ਬਿਹਾਰੀ ਵਾਜਪਾਈ ਅਤੇ ਐਲ.ਕੇ. ਅਡਵਾਨੀ ਨੇ ਇਸ ਫੌਜੀ ਕਾਰਵਾਈ ਨੂੰ ਬਿਲਕੁਲ ਜਾਇਜ਼ ਕਿਹਾ ਸੀ। ਇਹੋ ਨਜ਼ਰੀਆ ਦੇਸ਼ ਦੀਆਂ ਹੋਰ ਪ੍ਰਮੁੱਖ ਰਾਜਨੀਤਕ ਪਾਰਟੀਆਂ ਦਾ ਸੀ। ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਮਹੱਤਵਪੂਰਨ ਰਾਜਨੀਤਕ ਪਾਰਟੀ ਨੇ ਇਸ ਘੱਲੂਘਾਰੇ ਵਿਰੁੱਧ ਆਵਾਜ਼ ਨਹੀਂ ਉਠਾਈ। ਇਸ ਪ੍ਰਕਾਰ ਕਾਂਗਰਸ ਸਮੇਤ ਇਹ ਸਭ ਪਾਰਟੀਆਂ ਕਿਸੇ ਨਾ ਕਿਸੇ ਹੱਦ ਤਕ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਸਨ।

ਕਈ ਵਾਰ ਖਿਆਲ ਉੱਠਦਾ ਹੈ ਕਿ ਜੇਕਰ ਅਜਿਹਾ ਘੱਲੂਘਾਰਾ ਅਮਰੀਕਾ ਵਿਚ ਜਾਂ ਕਿਸੇ ਹੋਰ ਵਿਕਸਤ ਲੋਕਤੰਤਰ ਵਾਲੇ ਮੁਲਕ ਵਿਚ ਹੁੰਦਾ ਤਾਂ ਕੀ ਉਥੇ ਵੀ ਰਾਜਨੀਤਕ ਪਾਰਟੀਆਂ ਇਸੇ ਤਰ੍ਹਾਂ ਚੁੱਪ ਰਹਿੰਦੀਆਂ? ਇਸ ਦਾ ਜੁਆਬ ਸਪੱਸ਼ਟ ਤੌਰ ’ਤੇ ਨਾਂਹ ਵਿਚ ਹੈ। ਦੂਜੇ ਸ਼ਬਦਾਂ ਵਿਚ ਭਾਰਤ ਵਿਚ ਲੋਕਤੰਤਰ ਨੂੰ ਲੋੜੀਂਦੇ ਰੂਪ ਵਿਚ ਵਿਕਸਤ ਹੋਣ ਲਈ ਅਜੇ ਲੰਮਾ ਸਮਾਂ ਲੱਗੇਗਾ।

ਜਦੋਂ ਭਾਰਤ ਦੀਆਂ ਹੋਰ ਵੱਡੀਆਂ ਰਾਜਨੀਤਕ ਪਾਰਟੀਆਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਹਮਾਇਤ ਵਿਚ ਖੜ੍ਹੀਆਂ ਸਨ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਸੀ ਜਿਸ ਨੇ ਇਸ ਉਪਰੇਸ਼ਨ ਦੀ ਡਟਕੇ ਵਿਰੋਧਤਾ ਤੇ ਨਿਖੇਧੀ ਕੀਤੀ ਸੀ। ਇਸ ਸਟੈਂਡ ਲਈ ਇਸ ਪਾਰਟੀ ਦਾ ਨਾਂ ਇਤਿਹਾਸ ਵਿਚ ਉੱਚਾ ਰਹੇਗਾ।

ਪ੍ਰੰਤੂ ਸਮੇਂ ਦੇ ਲੰਘਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਸਾਕਾ ਕੇਵਲ ਚੋਣਾਂ ਵੇਲੇ ਹੀ ਯਾਦ ਆਉਂਦਾ ਹੈ। ਭਾਵੇਂ ਇਸ ਪਾਰਟੀ ਨੇ ਲੰਮੇ ਸਮੇਂ ਤਕ ਸਿੱਖ ਹਿਤਾਂ ਨੂੰ ਧਿਆਨ ਵਿਚ ਰੱਖਕੇ ਰਾਜਨੀਤੀ ਕੀਤੀ ਹੈ, ਪ੍ਰੰਤੂ ਬਲੂ ਸਟਾਰ ਉਪਰੇਸ਼ਨ ਉਪਰੰਤ ਇਸ ਦੀ ਰਾਜਨੀਤੀ ਰਲਗੱਡ ਕਿਸਮ ਦੀ ਹੁੰਦੀ ਗਈ ਹੈ। ਇਸ ਪਾਰਟੀ ਅਨੁਸਾਰ ਫੌਜੀ ਹਮਲੇ ਦਾ ਸਾਰਾ ਦੋਸ਼ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਅਤੇ ਇਹ ਬੀਜੇਪੀ ਨੂੰ ਇਸ ਦੋਸ਼ ਤੋਂ ਮੁਕਤ ਸਮਝਦੀ ਲਗਦੀ ਹੈ, ਹਾਲਾਂ ਕਿ ਬੀਜੇਪੀ ਨੇ ਇਸ ਸਾਕੇ ਦੀ ਡਟਵੀਂ ਪ੍ਰੋੜ੍ਹਤਾ ਕੀਤੀ ਸੀ। ਅਕਾਲੀਆਂ ਵਲੋਂ ਵੀ ਇਹ ਮੁੱਦਾ ਕੇਵਲ ਚੋਣਾਂ ਸਮੇਂ ਹੀ ਉਠਾਇਆ ਜਾਂਦਾ ਹੈ। ਇਸ ਸਾਕੇ ਤੋਂ ਪ੍ਰਭਾਵਤ ਅਨੇਕ ਲੋਕਾਂ ਦੀ ਮਦੱਦ ਲਈ ਇਸ ਪਾਰਟੀ ਨੇ ਵੀ ਕੋਈ ਵੱਡਾ ਯੋਗਦਾਨ ਨਹੀਂ ਪਾਇਆ ਭਾਵੇਂ ਇਸ ਸਾਕੇ ਤੋਂ ਬਾਅਦ ਲਗਭਗ ਸੱਤ ਸਾਲ ਪੰਜਾਬ ਵਿਚ ਇਸ ਪਾਰਟੀ ਦੀ ਸਰਕਾਰ ਰਹੀ ਹੈ।

ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਨਿਸ਼ਾਨ

ਅੰਗਰੇਜ਼ਾਂ ਦੇ ਰਾਜ ਸਮੇਂ 1919 ਈ: ਵਿਖੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਹੋਈ ਜਿਸ ਦੌਰਾਨ ਸੈਂਕੜੇ ਲੋਕ ਮਾਰੇ ਗਏ ਅਤੇ ਉਸ ਅਹਾਤੇ ਵਿਚ ਸੈਂਕੜੇ ਗੋਲੀਆਂ ਦੇ ਨਿਸ਼ਾਨ ਲਗ ਗਏ ਸਨ। ਪ੍ਰੰਤੂ ਅੰਗਰੇਜ਼ਾਂ ਨੇ ਉਨ੍ਹਾਂ ਨਿਸ਼ਾਨਾਂ ਨੂੰ ਮਿਟਾਉਣ ਦਾ ਕੋਈ ਉਪਰਾਲਾ ਨਾ ਕੀਤਾ। ਉਨ੍ਹਾਂ ਦੁਆਰਾ ਇਨ੍ਹਾਂ ਨਿਸ਼ਾਨਾਂ ਨੂੰ ਕਿਉਂ ਨਾ ਖਤਮ ਕੀਤਾ ਗਿਆ, ਇਹ ਆਪਣੇ ਆਪ ਵਿਚ ਇਕ ਅਲੱਗ ਖੋਜ ਦਾ ਵਿਸ਼ਾ ਹੈ। ਪ੍ਰੰਤੂ ਬਲੂ ਟਾਰ ਉਪਰੇਸ਼ਨ ਤੋਂ ਤੁਰੰਤ ਬਾਅਦ ਸਰਕਾਰੀ ਸਰਪ੍ਰਸਤੀ ਅਧੀਨ ਨਿਹੰਗ ਮੁੱਖੀ ਸੰਤਾ ਸਿੰਘ ਦੀ ਦੇਖ-ਰੇਖ ਵਿਚ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਕਰਵਾਈ ਗਈ। ਇਸੇ ਕਾਰਨ ਨਿਹੰਗ ਮੁੱਖੀ ਸੰਤਾ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।

ਪ੍ਰੰਤੂ ਦਰਬਾਰ ਸਾਹਿਬ ਕੰਪਲੈਕਸ ਸਮੇਤ ਹੋਰ ਦਰਜਨਾਂ ਧਾਰਮਿਕ ਸਥਾਨਾਂ ਵਿਚ ਉਸ ਫੌਜੀ ਹਮਲੇ ਸਮੇਂ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਬਾਅਦ ਵਿਚ ਚੁੱਪ-ਚੁਪੀਤੇ ਹੀ ਮਿਟਾ ਦਿੱਤਾ ਗਿਆ। ਇਸ ਸੰਬੰਧ ਵਿਚ ਕਈ ਤਰ੍ਹਾਂ ਦੇ ਪ੍ਰਸ਼ਨਾਂ ਦਾ ਉਠਣਾ ਲਾਜ਼ਮੀ ਹੋ ਜਾਂਦਾ ਹੈ:

(1) ਦਰਬਾਰ ਸਾਹਿਬ ਉੱਤੇ ਹਮਲੇ ਵੇਲੇ ਲੱਗੇ ਅਨੇਕਾਂ ਗੋਲੀਆਂ ਦੇ ਨਿਸ਼ਾਨਾਂ ਨੂੰ ਕਿਉਂ ਮਿਟਾਇਆ ਗਿਆ?
(2) ਇਨ੍ਹਾਂ ਨਿਸ਼ਾਨਾਂ ਨੂੰ ਮਿਟਾਉਣ ਵਾਲੇ ਲੋਕ ਕੌਣ ਸਨ?
(3) ਕੀ ਇਹ ਨਿਸ਼ਾਨ ਕਾਰ ਸੇਵਾ ਸਮੇਂ ਮਿਟਾਏ ਗਏ ਜਾਂ ਕੇਵਲ ਕੁਝ ਇਕ ਵਿਅਕਤੀਆਂ ਦੀ ਆਪਣੀ ਨਿੱਜੀ ਯੋਜਨਾ ਅਧੀਨ?
(4) ਇਨ੍ਹਾਂ ਨਿਸ਼ਾਨਾਂ ਨੂੰ ਮਿਟਾਉਣ ਦਾ ਉਦੇਸ਼ ਕੀ ਸੀ?
(5) ਕੀ ਅਜਿਹਾ ਕਰਨ ਲਈ ਕਿਸੇ ਸਿੱਖ ਸੰਸਥਾ ਵਲੋਂ ਬਾਕਾਇਦਾ ਫੈਸਲਾ ਲਿਆ ਗਿਆ ਸੀ?
(6) ਕੀ ਇਹ ਨਿਸ਼ਾਨ ਜਲ੍ਹਿਆਂਵਾਲੇ ਬਾਗ਼ ਵਿਚ ਚੱਲੀਆਂ ਗੋਲੀਆਂ ਦੇ ਨਿਸ਼ਾਨਾਂ ਤੋਂ ਘੱਟ ਯਾਦਗਾਰੀ/ਮਹੱਤਵਪੂਰਨ ਤੇ ਘੱਟ ਦੁਖਦਾਈ ਸਨ।

ਜੇਕਰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੌਰਾਨ ਲੱਗੀਆਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਕੁਝ ਵਿਅਕਤੀਆਂ ਦੀ ਨਿੱਜੀ ਮਰਜ਼ੀ ਨਾਲ ਹੀ ਮਿਟਾਏ ਗਏ ਸਨ ਤਾਂ ਉਨ੍ਹਾਂ ਵਿਅਕਤੀਆਂ ਦਾ ਗੁਨਾਹ ਘੱਟੋ-ਘੱਟ ਉਨਾ ਜ਼ਰੂਰ ਹੈ, ਜਿੰਨਾ ਨਿਹੰਗ ਮੁੱਖੀ ਸੰਤਾ ਸਿੰਘ ਦਾ ਸਰਕਾਰੀ ਸਰਪ੍ਰਸਤੀ ਹੇਠ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਕਰਾਉਣ ਵਿਚ ਸੀ।

ਇਸ ਪ੍ਰਕਾਰ ਜੂਨ 1984 ਦੇ ਘੱਲੂਘਾਰਾ ਦੇਸ਼ ਅਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਲਈ ਵੱਖ-ਵੱਖ ਤਰ੍ਹਾਂ ਨਾਲ ਰਾਜਨੀਤਕ ਲਾਹਾ ਲੈਣ ਦਾ ਮੁੱਦਾ ਬਣਿਆ ਰਿਹਾ ਹੈ। ਜੇਕਰ ਕੋਈ ਇਸ ਸਾਕੇ ਦਾ ਸ਼ਿਕਾਰ ਬਣੇ ਹਨ ਤਾਂ ਉਹ ਹਨ ਸਿੱਖ ਧਰਮ, ਸਿੱਖ ਲੋਕ, ਸਿੱਖ ਮਾਨਸਿਕਤਾ, ਸਿੱਖ ਸਵੈਮਾਣ ਅਤੇ ਸਿੱਖ ਪ੍ਰਵਚਨ। ਸਭ ਤੋਂ ਵੱਧ ਨੁਕਸਾਨ ਸਿੱਖ ਜਨ-ਸਾਧਾਰਨ ਦਾ ਹੋਇਆ ਹੈ। ਭਾਵੇਂ ਇੰਨੇ ਵੱਡੇ ਸਾਕੇ ਨੂੰ ਵਾਪਰਿਆ ਦੋ ਦਹਾਕੇ ਹੋ ਚੁੱਕੇ ਹਨ, ਪ੍ਰੰਤੂ ਕਿਸੇ ਵੀ ਸਰਕਾਰੀ ਜਾਂ ਅਰਧ-ਸਰਕਾਰੀ ਅਕਾਦਮਿਕ ਜਾਂ ਖੋਜ ਅਦਾਰੇ ਨੇ ਅੱਜ ਤੱਕ ਇਸ ਬਾਰੇ ਕੋਈ ਵਿਸਤ੍ਰਿਤ ਖੋਜ ਨਹੀਂ ਕਰਵਾਈ। ਹਾਲਾਂ ਕਿ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਕਈ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ। ਵੀਹਵੀਂ ਸਦੀ ਦੇ ਪ੍ਰਸਿੱਧ ਫਰਾਂਸੀਸੀ ਫਿਲਾਸਫਰ ਮਿਸ਼ਲ ਫੂਕੋ ਨੇ ਠੀਕ ਹੀ ਕਿਹਾ ਸੀ ਕਿ ਰਾਜਨੀਤਕ ਤਾਕਤ ਅਤੇ ਗਿਆਨ ਵਿਚਕਾਰ ਬੜਾ ਨੇੜੇ ਦਾ ਸੰਬੰਧ ਹੁੰਦਾ ਹੈ।


ਉਪਰੋਕਤ ਲਿਖਤ ਪਹਿਲਾਂ 19 ਜੂਨ 2016 ਨੂੰ ਛਾਪੀ ਗਈ ਸੀ

– 0 – 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,