ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਦੇ ਸਾਹਮਣੇ ਲਈ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਕਤਲ ਦੀ ਜ਼ਿੰਮੇਵਾਰੀ

September 1, 2016 | By

ਚੰਡੀਗੜ੍ਹ: ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਭਾਈ ਜਗਤਾਰ ਸਿੰਘ ਤਾਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਅਦਾਲਤ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਦਿੱਤੇ ਤਿੰਨ ਪੰਨਿਆਂ ਦੇ ਹੱਥ ਲਿਖਤ ਪੱਤਰ ਵਿੱਚ ਮੰਨਿਆ ਹੈ ਕਿ ਮੁੱਖ ਮੰਤਰੀ ਬੇਅੰਤ ਨੂੰ ਕਤਲ ਕਰਨ ਵੇਲੇ ਉਹ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਨਾਲ ਸੀ। ਦੱਸਣਯੋਗ ਹੈ ਕਿ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।

Bhai Jagtar Singh Tara

ਭਾਈ ਜਗਤਾਰ ਸਿੰਘ ਤਾਰਾ (ਫਾਈਲ ਫੋਟੋ)

ਭਾਈ ਤਾਰਾ ਨੇ ਅਦਾਲਤ ਨੂੰ ਦਿੱਤੇ ਹੱਥ ਲਿਖਤ ਪੱਤਰ ਵਿੱਚ ਕਿਹਾ ਹੈ ਕਿ ਬੇਅੰਤ ਸਿੰਘ ਨੂੰ ਮਾਰਨ ਵੇਲੇ ਉਹ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਨਾਲ ਸੀ। ਉਸਨੂੰ ਬੇਅੰਤ ਸਿੰਘ ਨੂੰ ਮਾਰਨ ਦਾ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ ਪਰ ਪਰ ਬੰਬ ਧਮਾਕੇ ਵਿੱਚ ਮਾਰੇ ਗਏ ਦੂਜੇ ਬੇਕਸੂਰ ਬੰਦਿਆਂ ਦਾ ਦੁੱਖ ਜ਼ਰੂਰ ਹੈ। ਭਾਈ ਜਗਤਾਰ ਸਿੰਘ ਤਾਰਾ ਨੇ ਇਹ ਵੀ ਕਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਸਿਧਾਂਤਾਂ ਮੁਤਾਬਿਕ ਹੀ ਲਿਆ ਗਿਆ ਸੀ। ਪੱਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖਾਂ ’ਤੇ ਹੋਏ ਅਤਿਆਚਾਰ, ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ ਸਿੱਖ ਨੌਜਵਾਨਾਂ ਨੂੰ ਦਿੱਤੇ ਤਸੀਹਿਆਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਸੀ। ਭਾਈ ਤਾਰਾ ਨੇ ਪੱਤਰ ‘ਚ ਅੱਗੇ ਲਿਖਿਆ ਕਿ ਖਾੜਕੂਵਾਦ ਵੇਲੇ ਪੁਲਿਸ ਆਮ ਲੋਕਾਂ ਨੂੰ ਡਾਕੂ ਲੁਟੇਰੇ ਦੇ ਭੇਸ ਵਿੱਚ ਲੁੱਟਦੀ ਰਹੀ ਸੀ ਅਤੇ ਇਨ੍ਹਾਂ ਕੰਮਾਂ ਲਈ ਬਦਨਾਮ ਸਿੱਖ ਨੌਜਵਾਨਾਂ ਨੂੰ ਕੀਤਾ ਜਾਂਦਾ ਸੀ। ਇਹ ਵਰਤਾਰਾ ਲੰਬਾ ਸਮਾਂ ਚੱਲਦਾ ਰਿਹਾ। ਪੱਤਰ ਵਿੱਚ ਥਾਂ-ਥਾਂ ਆਪਣੀ ਦਲੀਲ ਦੇ ਹੱਕ ਵਿੱਚ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਅਦਾਲਤ ਵੱਲੋਂ ਪੱਤਰ ਦੀਆਂ ਕਾਪੀਆਂ ਸੀਬੀਆਈ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਦਿੱਤੀਆਂ ਗਈਆਂ ਹਨ। ਪੱਤਰ ਦੇ ਅੰਤ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਹੱਕ ‘ਚ ਨਾਅਰੇ ਲਿਖੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਬੇਅੰਤ ਸਿੰਘ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲੈ ਚੁੱਕੇ ਹਨ। ਭਾਈ ਤਾਰਾ ਤੋਂ ਬਿਨਾਂ ਬੇਅੰਤ ਕਤਲ ਕੇਸ ‘ਚ ਸ਼ਾਮਲ ਬਾਕੀ ਅੱਠ ਸਿੱਖਾਂ ਬਾਰੇ ਫੈਸਲਾ ਹੋ ਚੁਕਾ ਹੈ। ਜਿਸ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਭਾਈ ਤਾਰਾ ਦੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਦਾ ਕੇਸ ਹੁਣ ਜੇਲ੍ਹ ਵਿਚ ਹੀ ਚੱਲ ਰਿਹਾ ਹੈ। ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਨੇ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਲਈ ਤੈਅ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,