ਸਿੱਖ ਖਬਰਾਂ

ਜੇਲ ਪ੍ਰਸ਼ਾਸ਼ਨ ਦੇ ਪੱਖਪਾਤੀ ਰਵੱਈਏ ਖਿਲਾਫ ਭਾਈ ਤਾਰਾ ਨੇ ਅਦਾਲਤ ਵਿੱਚ ਦਿੱਤੀ ਅਰਜ਼ੀ

April 27, 2016 | By

ਚੰਡੀਗੜ੍ਹ: ਬੂੜੈਲ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਅਧਿਕਾਰੀਆਂ ‘ਤੇ ਆਪਣੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਦਿਆਂ ਕਿਹਾ ਕਿ ਜੇਲ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਨੇੜਲ਼ੇ ਰਿਸ਼ਤੇਦਾਰਾਂ ਨਾਲ ਮੁਲਾਕਾਤ ‘ਤੇ ਪਾਬੰਦੀ ਲਾਈ ਹੋਈ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸੁਣਵਾਈ ਅਧੀਨ ਬੁੜੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਬੇਅੰਤ ਕੇਸ ਵਿੱਚ ਸਜ਼ਾ ਕੱਟ ਰਹੇ ਬਾਕੀ ਦੋਸ਼ੀਆਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਉਸ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਤਾਰਾ ਵੱਲੋਂ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਭਰਾ ਦਾ ਜਵਾਈ, ਜੋ ਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਇਕਲੌਤਾ ਹੀ ਬਚਿਆ ਹੈ, ਨਾਲ ਜੇਲ੍ਹ ਅਧਿਕਾਰੀ ਮੁਲਾਕਾਤ ਕਰਨ ’ਤੇ ਰੋਕ ਲਾ ਰਹੇ ਹਨ ਜਦੋਂਕਿ ਬੇਅੰਤ ਕੇਸ ਸਬੰਧੀ ਜੇਲ੍ਹ ਵਿੱਚ ਬੰਦ ਇੱਕ ਦੋਸ਼ੀ ਨੂੰ ਉਸਦੇ ਭਣੋਈਏ ਨਾਲ ਮੁਲਾਕਾਤ ਕਰਨ ਦਾ ਆਗਿਆ ਹੈ।

ਇਸ ਤੋਂ ਪਹਿਲਾਂ ਬੁੜੈਲ ਜੇਲ੍ਹ ਦੇ ਸੁਪਰਡੈਂਟ ਅਤੇ ਅਦਾਲਤ ਨੇ ਤਾਰੇ ਦੀ ਹੋਰ ਰਿਸ਼ਤੇਦਾਰਾਂ ਨੂੰ ਮੁਲਾਕਾਤ ਦੀ ਆਗਿਆ ਦੇ ਦਿੱਤੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੇ ਵਿਰੋਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਇਹ ਪਟੀਸ਼ਨ ਅਜੇ ਸੁਣਵਾਈ ਅਧੀਨ ਹੈ। ਜੇਲ੍ਹ ਅਧਿਕਾਰੀਆਂ ਤੋਂ ਗੁਰਦੁਆਰੇ ਵਿੱਚ ਮੱਥਾ ਟੇਕਣ ਦੀ ਇਜਾਜ਼ਤ ਲੈਣ ਲਈ ਉਸ ਨੂੰ ਹਫ਼ਤੇ ਤੋਂ ਵੱਧ ਸਮੇਂ ਲਈ ਭੁੱਖ ਹੜਤਾਲ ਰੱਖਣੀ ਪਈ ਸੀ।

ਬੇਅੰਤ ਕਤਲ ਕੇਸ ਅਹਿਮ ਮੋੜ ’ਤੇ ਪੁੱਜ ਗਿਆ ਹੈ ਅਤੇ ਅੱਜ ਤੋਂ ਗਵਾਹੀਆਂ ਸ਼ੁਰੂ ਹੋ ਗਈਆਂ ਹਨ। ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਸਿੱਧੂ ਵੱਲੋਂ ਕੇਸ ਦੀ ਸੁਣਵਾਈ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਸ਼ੁਰੂ ਕੀਤੀ ਗਈ ਹੈ।

ਅਦਾਲਤ ਦੀ ਸੁਣਵਾਈ ਦੌਰਾਨ ਅੱਜ ਸੀਬੀਆਈ ਵਲੋਂ ਕੋਈ ਵਕੀਲ ਪੇਸ਼ ਨਾ ਹੋਇਆ ਜਦੋਂਕਿ ਗਵਾਹ ਅਤੇ ਪੁਲੀਸ ਦੇ ਮੁਲਾਜ਼ਮ ਗੁਰਮੀਤ ਸਿੰਘ ਦੀ ਹਾਜ਼ਰੀ ਲੁਆ ਕੇ ਤੋਰ ਦਿੱਤਾ ਗਿਆ। ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 25 ਮਈ ਮੁਕਰਰ ਕੀਤੀ ਹੈ। ਉਸ ਦਿਨ ਲਈ ਤਿੰਨ ਗਵਾਹਾਂ ਨੂੰ ਤਲਬ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,