ਪੰਜਾਬ ਦੀ ਰਾਜਨੀਤੀ » ਵਿਦੇਸ਼ » ਸਿਆਸੀ ਖਬਰਾਂ

ਸਿੱਖਸ ਫਾਰ ਜਸਟਿਸ ’ਤੇ ਆਪਣੇ ਇਲਜ਼ਾਮ ਦੁਹਰਾਉਂਦੇ ਕੈਪਟਨ ਨੇ ਕਿਹਾ ਸਿੱਖਾਂ ਦੀ ਕਾਲੀ ਸੂਚੀ ’ਤੇ ਮੁੜ ਵਿਚਾਰ ਹੋਵੇ

May 17, 2016 | By

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਵੱਖ-ਵੱਖ ਮੁਲਕਾਂ ਵਿਚ ਮੌਜੂਦ ਸਿੱਖਾਂ ਦੀ ‘ਕਾਲੀ ਸੂਚੀ’ ਵਿਚ ਸੋਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦਿਆਂ ਨੇ ‘ਰਾਜਸੀ ਸ਼ਰਣ’ ਲਈ ਹੈ ਉਹ ਸਾਰੇ ਦੇਸ਼ ਵਿਰੋਧੀ ਨਹੀਂ ਹਨ ਸਗੋਂ ਦਰਅਸਲ ਉਹ ਤਾਂ ਰੋਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ

ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਲਿਖਤੀ ਬਿਆਨ ਮੁਤਾਬਕ ਕੈਪਟਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕੁਝ ਦੇਸ਼ ਵਿਰੋਧੀ ਤੱਤਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਸੀ ਸ਼ਰਣ ਲੈਣ ਵਾਲੇ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ ਗਏ ਸਨ ਅਤੇ ਉਨ੍ਹਾਂ ਦੇ ਭਾਰਤ ਆਉਣ ਵਿਚ ਕੁਝ ਵੀ ਗਲਤ ਨਹੀਂ ਹੈ।

ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ “ਬਹੁਤ ਕਾਮਯਾਬ” ਰਹੀ, ਉਥੇ ੳਨ੍ਹਾਂ ਨੇ ਮੁੱਖਧਾਰਾ, ਸਮਾਜਿਕ ਅਤੇ ਦੁਪਹਿਰ ਤੇ ਰਾਤ ਦੇ ਖਾਣਿਆਂ, ਮੀਟਿੰਗਾਂ ਰਾਹੀਂ 10 ਹਜ਼ਾਰ ਬੰਦਿਆਂ ਨਾਲ ਨਿੱਜੀ ਤੌਰੇ ’ਤੇ ਅਤੇ ਮੀਡੀਆ ਰਾਹੀਂ ਗੱਲਬਾਤ ਕੀਤੀ।

ਉਨ੍ਹਾਂ ਨੇ ਇਸ ਗੱਲ ਦਾ ਖੰਡਨ ਕੀਤਾ ਕੀ ਲੋਕਾਂ ਨੇ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਜਾਂ ਪ੍ਰਦਰਸ਼ਨ ਕੀਤਾ।ਉਨ੍ਹਾਂ ਸਿੱਖਸ ਫਾਰ ਜਸਟਿਸ ’ਤੇ ਲਾਏ ਆਪਣੇ ਇਲਜ਼ਾਮ ਦੁਹਰਾਉਂਦੇ ਹੋਏ ਕਿਹਾ ਕਿ ਸਿੱਖਸ ਫਾਸ ਜਸਟਿਸ ਨੇ ਕਦੇ ਵੀ ਕਿਸੇ ਨੂੰ ਇਨਸਾਫ ਦਵਾਉਣ ਦੀ ਗੱਲ ਨਹੀਂ ਕੀਤੀ।

ਕੈਪਟਨ ਨੇ ਆਪਣੇ ਲਿਖਤੀ ਬਿਆਨ ਵਿਚ ਇਹ ਵੀ ਦਰਜ ਕੀਤਾ ਕਿ ਲੋਕਾਂ ਵਿਚ ਇਹ ਚਰਚਾ ਅਤੇ ਕਿਆਸ ਅਰਾਈਆਂ ਹਨ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਜੋ ਵੀ ਕਰ ਰਿਹਾ ਹੈ ਉਹ ਆਈ.ਐਸ.ਆਈ. ਦੇ ਇਸ਼ਾਰੇ ’ਤੇ ਕਰ ਰਿਹਾ ਹੈ ਅਤੇ ਉਸਨੂੰ ਇਨ੍ਹਾਂ ਕੰਮਾਂ ਲਈ ਭਾਰਤ ਵਿਰੋਧੀ ਤਾਕਤਾਂ ਵਲੋਂ ਫੰਡਿੰਗ ਕੀਤੀ ਜਾ ਰਹੀ ਹੈ।

ਆਪਣੀ ਕੈਨੇਡਾ ਯਾਤਰਾ ਰੱਦ ਕਰਨ ’ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਉਥੇ ਇਕ ਵਕੀਲ ਕਰ ਲਿਆ ਹੈ। ਉਨ੍ਹਾਂ ਕਿਹਾ ਜਿਵੇਂ ਇਹ ਮਸਲਾ ਹੱਲ ਹੋ ਜਾਏਗਾ ਉਹ ਜਲਦ ਹੀ ਕੈਨੇਡਾ ਦੀ ਯਾਤਰਾ ਕਰਨਗੇ। ਨਾਲ ਹੀ ਉਨ੍ਹਾਂ ਐਸ.ਐਫ.ਜੇ. ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਕਦੇ ਵੀ ਅਜਿਹੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਾਂ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਜਿਹੜੇ 1980-90 ਦੇ ਦਹਾਕੇ ਦੌਰਾਨ ਲੋਕਾਂ ’ਤੇ ਤਸ਼ੱਦਦ ਕਰਨ ਦੇ ਦੋਸ਼ੀ ਰਹੇ ਹਨ।

ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਵਲੋਂ ਕੈਪਟਨ ’ਤੇ 1980-90 ਦੌਰਾਨੇ ਸਿੱਖ ਅਬਾਦੀ ’ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਮਦਦ ਕਰਨ ਦੇ ਦੋਸ਼ਾਂ ਅਤੇ ਅਦਾਲਤ ਵਿਚ ਕੇਸ ਪਾਉਣ ਕਰਕੇ ਕੈਪਟਨ ਨੂੰ ਆਪਣੀ ਕੈਨੇਡਾ ਯਾਤਰਾ ਰੱਦ ਕਰਨੀ ਪਈ ਸੀ।

ਸਿੱਖਸ ਫਾਰ ਜਸਟਿਸ ਨੇ ਪ੍ਰਵਾਸੀ ਸਿੱਖਾਂ ਦੀ ਜਥੇਬੰਦੀ ਨੂੰ “ਪਾਕਿਸਤਾਨ ਦੇ ਏਜੰਟ” ਕਹਿਣ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਕੈਨੇਡਾ ਦੀ ਅਦਾਲਤ ਵਲੋਂ ਇਸ ਕੇਸ ਵਿਚ ਸੰਮਨ ਕੈਪਟਨ ਨੂੰ ਅਮਰੀਕਾ ਵਿਚ ਮਿਲ ਗਏ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,