ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੈਪਟਨ ਸਮਝੌਤੇ ਦੀ ਆੜ ’ਚ ਬਹੁਜਨ ਸਮਾਜ ਪਾਰਟੀ ਤੋੜਨਾ ਚਾਹੁੰਦੇ ਸਨ: ਅਵਤਾਰ ਸਿੰਘ ਕਰੀਮਪੁਰੀ

August 26, 2016 | By

ਜਲੰਧਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਬਸਪਾ ਨਾਲ ਸਮਝੌਤੇ ਦੀ ਆੜ ਵਿੱਚ ਪਾਰਟੀ ਨੂੰ ਤੋੜਨਾ ਚਾਹੁੰਦੇ ਸਨ।

ਕਰੀਮਪੁਰੀ ਨੇ ਵੀਰਵਾਰ ਨੂੰ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦਾ ਬਸਪਾ ਨਾਲ ਸਮਝੌਤਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਸਿਰਫ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹੀ ਗੱਠਜੋੜ ਦੀਆਂ ਗੱਲਾਂ ਕਰ ਰਹੇ ਸਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਦਲਿਤਾਂ ਨੂੰ ਵੋਟਾਂ ਦੀ ਖਾਤਰ ਹੀ ਵਰਤਿਆ ਹੈ ਅਤੇ ਇਨ੍ਹਾਂ ਦੀ ਭਲਾਈ ਲਈ ਅੱਜ ਤੱਕ ਕੁਝ ਨਹੀਂ ਕੀਤਾ। ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ 15 ਮਾਰਚ ਨੂੰ ਕੀਤੀ ਰੈਲੀ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਹੀ ਲੜੇਗੀ।

AVTAR-SINGH-KARIMPURI-BSP

ਜਲੰਧਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ; ਅਤੇ ਕੈਪਟਨ ਅਮਰਿੰਦਰ ਸਿੰਘ (ਪੁਰਾਣੀ ਤਸਵੀਰ)

ਆਮ ਆਦਮੀ ਪਾਰਟੀ ਦੀ ਮੌਜੂਦਾ ਹਾਲਤ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਪਾਰਟੀ ਅੰਦਰਲੀ ਧੜੇਬੰਦੀ ਦਾ ਸ਼ਿਕਾਰ ਹੋਏ ਹਨ ਤੇ ਲੀਡਰਸ਼ਿਪ ਆਪਣੇ ਹੀ ਆਗੂ ’ਤੇ ਭਰੋਸਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੋਟਾਂ ਦੀ ਖ਼ਾਤਰ ਹੀ ਦਲਿਤਾਂ ਦਾ ਨਾਂ ਵਾਰ-ਵਾਰ ਲੈ ਰਹੀ ਹੈ ਜਦਕਿ ਉਨ੍ਹਾਂ ਦਾ ਦਲਿਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਆਰ.ਐਸ.ਐਸ. ਦੇ ਪੰਜਾਬ ’ਚ ਸਹਿ ਸੰਚਾਲਕ ਜਗਦੀਸ਼ ਗਗਨੇਜਾ ’ਤੇ ਹੋਏ ਜਾਨਲੇਵਾ ਹਮਲੇ ਬਾਰੇ ਕਰੀਮਪੁਰੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਹਿੰਦੂਵਾਦੀ ਏਜੰਡਾ ਅਪਨਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਗਗਨੇਜਾ ’ਤੇ ਹਮਲਾ ਹੁੰਦਾ ਹੈ ਤਾਂ ਪੰਜਾਬ ਸਰਕਾਰ ਬਿਨਾਂ ਦੇਰੀ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਤੇ ਪੁਲਿਸ ਵਿੱਚ ਨੌਕਰੀ ਦੀ ਪੇਸ਼ਕਸ਼ ਕਰ ਦਿੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ।

ਉਨ੍ਹਾਂ ਸੂਬਾ ਸਰਕਾਰ ’ਤੇ ਇਹ ਦੋਸ਼ ਵੀ ਲਾਇਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਦੇ ਦੋ ਸਾਲਾਂ ਦੇ ਪੈਸੇ ਅਜੇ ਤੱਕ ਵੀ ਵਿਦਿਆਰਥੀਆਂ ਦੇ ਖਾਤੇ ਵਿੱਚ ਨਹੀਂ ਆਏ। ਉਨ੍ਹਾਂ ਮੁੱਖ ਮੰਤਰੀ ਨੂੰ ਦਲਿਤ ਵਿਰੋਧੀ ਦੱਸਦਿਆਂ ਕਿਹਾ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਬੱਚੇ ਉਚੇਰੀ ਵਿਦਿਆ ਨਾ ਲੈ ਸਕਣ। ਇਸ ਮੌਕੇ ਐਸਸੀ-ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇ ਲੋਕ ਏਕਤਾ ਫਰੰਟ ਦੇ ਪੰਜਾਬ ਕਨਵੀਨਰ ਗੁਰਮੇਲ ਚੰਦੜ ਆਪਣੇ ਸੈਂਕੜੇ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,