ਸਿਆਸੀ ਖਬਰਾਂ

ਸਿਆਸਤ ਦੇ ਰੰਗ: ਨਿਤੀਸ਼ ਕੁਮਾਰ ਭਾਜਪਾ ਦੀ ਮਦਦ ਨਾਲ ਬਣਾਉਣਗੇ ਬਿਹਾਰ ‘ਚ ਸਰਕਾਰ

July 27, 2017 | By

ਪਟਨਾ: ਬਿਹਾਰ ‘ਚ ਬੁੱਧਵਾਰ ਨੂੰ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੀ ਬਿਹਾਰ ‘ਚ ਜਨਤਾ ਦਲ ਯੂਨਾਈਟਿਡ ਜੇ.ਡੀ.(ਯੂ.), ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦਾ ਮਹਾ ਗਠਜੋੜ ਟੁੱਟ ਗਿਆ। ਨਿਤਿਸ਼ ਦੇ ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ ਭਾਜਪਾ ਨੇ ਨਿਤਿਸ਼ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਅਤੇ ਐਨ. ਡੀ. ਏ. ਨੇ ਨਿਤਿਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ। ਬਿਹਾਰ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਭਾਜਪਾ ਨੇ ਨਿਤਿਸ਼ ਕੁਮਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਭਾਜਪਾ ਵੱਲੋਂ ਨਵੀਂ ਸਰਕਾਰ ਬਣਾਉਣ ਲਈ ਨਿਤਿਸ਼ ਕੁਮਾਰ ਦਾ ਸਮਰਥਨ ਕਰਨ ਦਾ ਪੱਤਰ ਬਿਹਾਰ ਭਾਜਪਾ ਦੇ ਪ੍ਰਧਾਨ ਨਿੱਤਿਆਨੰਦ ਰਾਏ ਅਤੇ ਸੁਸ਼ੀਲ ਕੁਮਾਰ ਮੋਦੀ ਨੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਸੌਂਪਿਆ। ਹੁਣ ਬਿਹਾਰ ‘ਚ ਨਿਤਿਸ਼ ਕੁਮਾਰ ਦੀ ਅਗਵਾਈ ‘ਚ ਐਨ. ਡੀ. ਏ. ਦੀ ਨਵੀਂ ਸਰਕਾਰ ਬਣੇਗੀ। ਸੁਸ਼ੀਲ ਮੋਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ 132 ਵਿਧਾਇਕਾਂ ਦਾ ਸਮਰਥਨ ਹੈ ਅਤੇ ਕੱਲ੍ਹ ਸਵੇਰੇ 10 ਵਜੇ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ‘ਚ ਰਾਤ ਨੂੰ ਹੋਈ ਮੀਟਿੰਗ ‘ਚ ਉਨ੍ਹਾਂ ਨੂੰ ਰਸਮੀ ਤੌਰ ‘ਤੇ ਐਨ. ਡੀ. ਏ. ਦੇ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਮੀਟਿੰਗ ਦੌਰਾਨ ਜੇ. ਡੀ. (ਯੂ), ਭਾਜਪਾ, ਲੋਕ ਜਨਸ਼ਕਤੀ ਪਾਰਟੀ ਅਤੇ ਆਰ. ਐਲ. ਐਸ. ਪੀ. ਦੇ ਸਾਰੇ ਵਿਧਾਇਕ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ 243 ਮੈਂਬਰੀ ਬਿਹਾਰ ਵਿਧਾਨ ਸਭਾ ‘ਚ ਸਰਕਾਰ ਬਣਾਉਣ ਲਈ 122 ਵਿਧਾਇਕਾਂ ਦੀ ਲੋੜ ਹੈ। ਜੇ. ਡੀ. (ਯੂ) ਦੇ 71, ਭਾਜਪਾ ਦੇ 53, ਲੋਕ ਜਨਸ਼ਕਤੀ ਪਾਰਟੀ ਦੇ 2, ਆਰ. ਐਲ. ਐਸ. ਪੀ. ਪਾਰਟੀ ਦੇ 2 ਅਤੇ ਹਿੰਦੁਸਤਾਨੀ ਅਵਾਮ ਮੋਰਚਾ ਦਾ ਇਕ ਵਿਧਾਇਕ ਹੈ। ਜਿਨ੍ਹਾਂ ਦੀ ਕੁੱਲ ਗਿਣਤੀ 129 ਬਣਦੀ ਹੈ।

ਨਿਤੀਸ਼ ਕੁਮਾਰ ਅਤੇ ਭਾਜਪਾ ਆਗੂਆਂ ਵਲੋਂ ਸਰਕਾਰ ਬਣਾਉਣ ਲਈ ਰਾਜਪਾਲ ਨਾਲ ਮੁਲਾਕਾਤ

ਨਿਤੀਸ਼ ਕੁਮਾਰ ਅਤੇ ਭਾਜਪਾ ਆਗੂਆਂ ਵਲੋਂ ਸਰਕਾਰ ਬਣਾਉਣ ਲਈ ਰਾਜਪਾਲ ਨਾਲ ਮੁਲਾਕਾਤ

ਇਸ ਤੋਂ ਪਹਿਲਾਂ ਨਿਤਿਸ਼ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੁੱਦੇ ‘ਤੇ ਆਪਣੇ ਮਹਾ ਗਠਜੋੜ ਸਾਂਝੇਦਾਰ ਰਾਸ਼ਟਰੀ ਜਨਤਾ ਦਲ ਨਾਲ ਮਤਭੇਦ ਦਾ ਹਵਾਲਾ ਦਿੰਦਿਆਂ ਹੋਇਆ ਅਸਤੀਫ਼ਾ ਦਿੱਤਾ। ਆਪਣਾ ਅਸਤੀਫ਼ਾ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਸੌਾਪਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤਿਸ਼ ਕੁਮਾਰ ਨੇ ਕਿਹਾ ਕਿ ਬਿਹਾਰ ‘ਚ ਬਣੇ ਇਨ੍ਹਾਂ ਹਾਲਾਤ ਕਰਕੇ, ਗਠਜੋੜ ਸਰਕਾਰ ਨੂੰ ਚਲਾਉਣਾ ਔਖਾ ਹੋ ਗਿਆ ਸੀ। ਨਿਤਿਸ਼ ਨੇ ਕਿਹਾ ਕਿ, ‘ਮੈਂ ਕਿਸੇ ਤੋਂ ਅਸਤੀਫ਼ਾ ਨਹੀਂ ਮੰਗਿਆ, ਮੈਂ ਤੇਜਸਵੀ ਨੂੰ ਉਸ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਆਪਣਾ ਪੱਖ ਰੱਖਣ ਲਈ ਕਿਹਾ ਸੀ।’

ਇਸੇ ਦੌਰਾਨ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਅਗਲੀ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਕੋਲੋਂ ਸਮਾਂ ਮੰਗਿਆ। ਇਕੋ ਇਕ ਵੱਡੀ ਪਾਰਟੀ ਹੋਣ ਦੇ ਨਾਤੇ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਤੇਜਸਵੀ ਨੇ ਟਵੀਟ ਕੀਤਾ ਕਿ ਉਹ ਉਨ੍ਹਾਂ ਜੇ ਡੀ ਯੂ ਵਿਧਾਇਕਾਂ ਦਾ ਸਮਰਥਨ ਮੰਗਣਗੇ ਜਿਹੜੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤੇ ਸਨ। ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਨੇ ਉਨ੍ਹਾਂ ਨੂੰ ਸਮਾਂ ਨਾ ਦਿੱਤਾ ਤਾਂ ਉਹ ਧਰਨਾ ਦੇਣਗੇ। 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ‘ਚ ਜੇ ਡੀ ਯੂ ਅਤੇ ਐਨ ਡੀ ਏ ਦੇ ਗਠਜੋੜ ਕੋਲ 129 ਵਿਧਾਇਕ ਹਨ, ਇਹ ਗਿਣਤੀ ਲੋੜੀਂਦੇ 122 ਵਿਧਾਇਕਾਂ ਨਾਲੋਂ 7 ਜ਼ਿਆਦਾ ਹੈ। ਆਰ ਜੇ ਡੀ ਕੋਲ 81 ਵਿਧਾਇਕ ਹਨ ਜੇਕਰ ਕਾਂਗਰਸ ਆਪਣੇ 27 ਵਿਧਾਇਕਾਂ ਅਤੇ ਸੀਪੀਆਈ (ਐਮ) 3 ਵਿਧਾਇਕਾਂ ਨਾਲ ਤੇਜਸਵੀ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਦੀ ਗਿਣਤੀ 110 ਹੋਵੇਗੀ।

ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਪਹਿਲਾਂ ਕੱਟੜ ਹਿੰਦੂਵਾਦੀ ਵਿਚਾਰਧਾਰਾ ਦੇ ਵਿਰੋਧ ‘ਚ ਭਾਜਪਾ ਨਾਲ ਸਿਆਸੀ ਗਠਜੋੜ ਤੋੜਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,