ਆਮ ਖਬਰਾਂ

ਭਾਰਤੀ ਉਪ-ਮਹਾਦੀਪ ਵਿੱਚ ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ਉੱਤੇ “ਪੰਜਾਬ ਮੰਚ” ਨੇ ਕਰਵਾਇਆ ਸੰਮੇਲਨ

November 2, 2018 | By

ਚੰਡੀਗੜ੍ਹ: ਸੰਘੀ ਢਾਂਚੇ ਅਤੇ ਰਾਜਾਂ ਦੀ ਖੁਦ ਮੁਖਤਿਆਰੀ ਦੇ ਹਾਮੀ ਪਟਿਆਲੇ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਦੀ ਅਗਵਾਈ ਵਾਲੀ ਪੰਜਾਬ ਮੰਚ ਜਥੇਬੰਦੀ ਵਲੋਂ ਚੰਡੀਗੜ੍ਹ ਦੇ ਭਕਨਾ ਭਵਨ ਵਿਖੇ ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ੳੱਤੇ ਸੰਮੇਲਨ ਕਰਵਾਇਆ ਗਿਆ।

ਇਸ ਸਮਾਗਮ ਦੀ ਸ਼ੁਰੂਆਤ ਡਾਕਟਰ ਧਰਮਵੀਰ ਗਾਂਧੀ ਵੱਲੋਂ ਕੀਤੀ ਗਈ ਉਹਨਾਂ ਰਾਜਾਂ ਦੀ ਖੁਦਮੁਖਤਿਆਰੀ ਅਤੇ ਭਾਰਤ ਉੱਪ-ਮਹਾਦੀਪ ਵਿੱਚ ਸੰਘੀ ਢਾਂਚੇ ਦੀ ਲੋੜ ਬਾਰੇ ਵਿਚਾਰ ਪ੍ਰਗਟ ਕੀਤੇ।

ਧਰਮਵੀਰ ਗਾਂਧੀ ਸੰਮੇਲਨ ਤੋਂ ਪਹਿਲੇ ਸ਼ੁਰੂਆਤੀ ਵਿਚਾਰਾਂ ਕਰਦੇ ਹੋਏ

ਇਸ ਸੰਮੇਲਨ ਵਿੱਚ ਕੁੰਜੀਵਤ ਭਾਸ਼ਣ ਦੇਣ ਲਈ ਆਕਸਫੋੋਰਡ ਯੁਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਪਹੁੰਚੇ ਉਹਨਾਂ ਭਾਰਤੀ ਉਪਮਹਾਦੀਪ ਦੀ ਵੰਡ ਤੋਂ ਬਾਅਦ ਕਾਂਗਰਸੀ ਆਗੂ ਜਵਾਹਰਲਾਲ ਨਹਿਰੂ ਅਤੇ ਆਗੂਆਂ ਦੀਆਂ ਇਸ ਖਿੱਤੇ ਵਿੱਚ ਮਜਬੂਤ ਕੇਂਦਰ ਅਤੇ ਰਾਜਾਂ ਦੇ ਹੱਕ ਦੱਬਣ ਵਾਲੀਆਂ ਮਨਸ਼ਾਵਾਂ ਬਾਰੇ ਜਵਾਹਰ ਲਾਲ ਨਹਿਰੂ ਦੀਆਂ ਲਿਖਤਾਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਬ ਨੇ ਸਰਬ ਸਾਂਝੀਵਾਲਤਾ ਦਾ ਜੋ ਸੁਨੇਹਾ ਦਿੱਤਾ ਹੈ ਸਾਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ।

ਪੱਛਮੀ ਬੰਗਾਲ ਤੋਂ ਆਏ ਬੰਗਲਾ ਪੋਖੋ ਦੇ ਆਗੂ ਸ੍ਰੀ ਗਰਗਾ ਚੈਟਰਜੀ ਨੇ ਕਿਹਾ ਕਿ 1947 ਵਿੱਚ ਭਾਰਤ ਦੀ ਵੰਡ ਨਹੀਂ ਸਗੋਂ ਬੰਗਾਲ ਅਤੇ ਪੰਜਾਬ ਦੀ ਵੰਡ ਹੋਈ ਸੀ। ਉਹਨਾਂ ਆਪਣੀ ਸਾਰੀ ਤਕਰੀਰ ਆਪਣੀ ਮਾਂ ਬੋਲੀ ਬੰਗਾਲੀ ਵਿੱਚ ਦਿੱਤੀ ਜਿਸਦਾ ਕਿ ਬੋਲੀ ਵਿਦਵਾਨ ਸ. ਜੋਗਾ ਸਿੰਘ ਜੀ ਨੇ ਤਰਜਮਾ ਕਰਕੇ ਲੋਕਾਂ ਨੂੰ ਦੱਸਿਆ। ਉਹਨਾਂ ਆਪਣੀ ਤਕਰੀਰ ਦੇ ਅੰਤ ਵਿੱਚ ਭਾਰਤੀ ਉਪਮਹਾਦੀਪ ਦੇ ਕੇਂਦਰੀਕਰਣ ਦੀਆਂ ਨੀਤੀਆਂ ਬਣਾਈ ਬੈਠੇ ਹਾਕਮਾਂ ਨੂੰ ਵੰਗਾਰਦਿਆਂ ਪੰਜਾਬੀ ਵਿੱਚ ਆਖਿਆ ਕਿ “ਸਾਡੇ ਵਿਹੜੇ ਵਿੱਚ ਤੇਰਾ ਕੀ ਕੰਮ ਐ”

ਤਮਿਲਨਾਡੂ ਤੋਂ ਆਏ ਸੇਨਥਿਲ ਨਾਥਨ ਨੇ ਖੇਤਰ, ਰਾਜ, ਸੰਘ ਆਦਿ ਸ਼ਬਦਾਂ ਦੀ ਅਸਲੀ ਭਾਵਨਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਤਮਿਲ ਅਤੇ ਕਈ ਭਾਰਤੀ ਭਾਸ਼ਾਵਾਂ ਕਿੰਨੇ ਦੇਸ਼ਾਂ ਵਿੱਚ ਸਰਕਾਰੀ ਭਾਸ਼ਾ ਦਾ ਦਰਜਾ ਰੱਖਦੀਆਂ ਹਨ ਇਸ ਲਈ ਇਹਨਾਂ ਨੂੰ ਖੇਤਰੀ ਭਾਸ਼ਾਵਾਂ ਕਿਵੇਂ ਕਿਹਾ ਜਾ ਸਕਦਾ ਹੈ।

ਅਜੀਤ ਅਖਬਾਰ ਦੇ ਪ੍ਰਬੰਧਕੀ ਸੰਪਾਦਕ ਸਤਨਾਮ ਮਾਣਕ ਨੇ 1947 ਤੋਂ ਬਾਅਦ ਪੰਜਾਬੀ ਸੂਬੇ ਦੀ ਕਾਇਮੀ ਵੇਲੇ ਆਰੀਆ ਸਮਾਜੀ ਪ੍ਰੈਸ ਵਲੋਂ ਬਣਾਏ ਗਏ ਹਾਲਾਤਾਂ ਨੂੰ ਅਣਗੌਲੇ ਕਰਦਿਆਂ ਇਹ ਗੱਲ ਕਹੀ ਕਿ ਭਾਸ਼ਾ ਨੂੰ ਵਿਸ਼ੇਸ਼ ਧਰਮ ਨਾਲ ਜੋੜਨਾ ਠੀਕ ਨਹੀਂ।

ਮੁੰਬਈ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨ ਦੇ ਪ੍ਰੋ. ਦੀਪਕ ਪਵਾਰ ਨੇ ਸਰਕਾਰੀਆ ਕਮਿਸ਼ਨ ਅਤੇ ਪੂੰਛੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਮਹੱਤਤਾ ਵੱਲ ਧਿਆਨ ਦੁਆਇਆ। ਉਹਨਾਂ ਨੇ ਰਾਜਪਾਲ ਵਰਗੀਆਂ ਉਪਨਿਵੇਸ਼ਕ ਪਦਵੀਆਂ ਨੂੰ ਖਤਮ ਕਰਨ ਲਈ ਕਿਹਾ ਅਤੇ ਰਾਜਸਭਾ ਵਿਚ ਸਾਰੇ ਰਾਜਾਂ ਦੀ ਪ੍ਰਤੀਨਿਧਤਾ ਬਰਾਬਰ ਕਰਨੀ ਜ਼ਰੂਰੀ ਦੱਸਿਆ।

ਇਸ ਵਿੱਚ ਸੈਂਕੜਿਆਂ ਦੀ ਗਿਣਤੀ ‘ਚ ਲੋਕ ਸ਼ਾਮਿਲ ਹੋਏ।

ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਬਲਬੀਰ ਅਰੋੜਾ ਦੇ ਵੀਡੀਓ ਸੁਨੇਹੇ ਵੀ ਸਮਾਗਮ ਵਿੱਚ ਸਾਂਝੇ ਕੀਤੇ ਗਏ।

ਚੱਲ ਰਹੇ ਸੰਮੇਲਨ ਦੌਰਾਨ ਸਰੋਤਿਆਂ ਵਲੋਂ ਵੱਖੋ-ਵੱਖੋ ਬੁਲਾਰਿਆਂ ਕੋਲੋਂ ਸਵਾਲ ਵੀ ਪੁੱਛੇ ਗਏ।
ਸਮਾਗਮ  ਦੇ ਅੰਤ ਵਿੱਚ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਣਕੀ ਰਾਮ ਨੇ ਧੰਨਵਾਦੀ ਸ਼ਬਦ ਕਹੇ।

ਇਸ ਮੌਕੇ ਤੇ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ ਵੀ ਪਹੁੰਚੇ।

ਸਾਬਕਾ ਆਈ ਐਫ ਐਸ ਅਸ਼ੋਕ ਕੁਮਾਰ ਸ਼ਰਮਾ, ਸਾਬਕਾ ਵਾਈਸ ਚਾਂਸਲਰ ਡਾ. ਜੁਗਿੰਦਰ ਪੁਆਰ, ਪੱਤਰਕਾਰ ਸ. ਹਮੀਰ ਸਿੰਘ, ਉਘੇ ਪੱਤਰਕਾਰ ਸ. ਸੁਖਦੇਵ ਸਿੰਘ, ਮਾਤ ਭਾਸ਼ਾ ਲਈ ਸਰਗਰਮ ਡਾ. ਜੋਗਾ ਸਿੰਘ। ਪੰਜਾਬ ਮੰਚ ਵਲੋਂ ਹੋਰਨਾਂ ਦੇ ਨਾਲ-ਨਾਲ ਪ੍ਰੋ. ਮਲਕੀਅਤ ਸਿੰਘ ਸੈਣੀ, ਸੁਮੀਤ ਸਿੰਘ ਭੁੱਲਰ, ਗੁਰਪ੍ਰੀਤ ਗਿੱਲ ਹਰਮੀਤ ਕੌਰ ਬਰਾੜ,ਸਤਨਾਮ ਦਾਊਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਆਦਿ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,