ਲੇਖ

ਵਿਕਾਸ ਕਦੇ ਵੀ ਆਜ਼ਾਦੀ ਦਾ ਬਦਲ ਨਹੀਂ ਹੁੰਦਾ (ਪੰਜਾਬ ਚੋਣਾਂ 2012)

February 3, 2012 | By

– ਪ੍ਰਭਜੋਤ ਸਿੰਘ*

ਪੰਜਾਬ ਅਸੈਂਬਲੀ ਦੀ ਚੋਣ ਲਈ ਵੋਟਾਂ ਪੈ ਚੁੱਕੀਆਂ ਹਨ। ਚੋਣ ਕਮੀਸ਼ਨ ਅਨੁਸਾਰ ਇਸ ਵਾਰ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ 78.67 ਰਿਹਾ ਹੈ। ਜੋ ਪੰਜਾਬ ਵਿੱਚ ਹੁਣ ਤੱਕ ਹੋਈਆ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਵੋਟ ਪ੍ਰਤੀਸ਼ਤ ਹੈ। 6 ਮਾਰਚ ਨੂੰ ਨਤੀਜੇ ਆ ਜਾਣਗੇ, ਜਿੱਤੇ ਭਾਵੇਂ ਕੋਈ, ਪਰ ਇਹ ਗੱਲ ਤਹਿ ਹੈ ਕਿ ਪੰਜਾਬ ਵਿੱਚ ਐਂਤਕੀ ਵੀ ਸਰਕਾਰ ਪੰਥ ਦੋਖੀਆਂ ਦੀ ਹੀ ਬਣੇਗੀ।

ਭਾਰਤ ਦਾ ਬਿਜਲਈ ਅਤੇ ਪ੍ਰਿੰਟ ਮੀਡੀਆ ਇਸ ਗੱਲ ਨੂੰ ਬੜਾ ਉਭਾਰ ਕੇ ਪੇਸ਼ ਕਰ ਰਿਹਾ ਹੈ ਅਤੇ ਜਸ਼ਨ ਵੀ ਮਨਾ ਰਿਹਾ ਹੈ ਕਿ ਇਸ ਵਾਰ ਪੰਜਾਬ ਦੇ ਚੋਣ ਪਿੜ ਵਿੱਚ ਪੰਥਕ ਮੁੱਦਿਆਂ ਲਈ ਕੋਈ ਥਾਂ ਨਹੀਂ ਸੀ। ਇਸ ਲਈ ਸਾਰੀ ਚੋਣ ਮੁਹਿੰਮ ਵਿਕਾਸ ਦੇ ਮੁੱਦੇ ਉੱਤੇ ਹੀ ਕੇਂਦਰਿਤ ਰਹੀ ਅਤੇ ਸਿੱਖਾਂ ਨੇ ਵਿਕਾਸ ਦੇ ਮੁੱਦੇ ਨੂੰ ਮੁੱਖ ਰੱਖ ਕੇ ਹੀ, ਇਹਨਾਂ ਚੋਣਾਂ ਵਿੱਚ ਚੋਖੀਆਂ ਵੋਟਾਂ ਪਾਈਆਂ ਹਨ। ਜਿਸ ਕਾਰਨ ਵੋਟ ਪ੍ਰਤੀਸ਼ਤ ਦੇ ਪਿਛਲੇ ਸਾਰੇ ਰਿਕਾਰਡਾਂ ਨੂੰ ਵੀ ਮਾਤ ਪੈ ਗਈ ਹੈ।

ਭਾਰਤੀ ਮੀਡੀਆ ਅਸਲ ਵਿੱਚ ਇੱਥੋਂ ਦੀ ਬਹੁਗਿਣਤੀ ਦੀ ਨੀਅਤ ਨੂੰ ਹੀ, ਜੇ ਜ਼ਿਆਦਾ ਸਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਬਦਨੀਅਤ ਨੂੰ ਹੀ ਆਵਾਜ਼ ਦੇ ਰਿਹਾ ਹੈ। ਭਾਰਤੀ ਬਹੁਗਿਣਤੀ ਨੂੰ ਪੰਥ ਸ਼ਬਦ ਤੋਂ ਹੀ ਅੱਤ ਦੀ ਨਫ਼ਰਤ ਹੈ। ਉਸ ਦੀ ਹਮੇਸ਼ਾ ਹੀ ਇਹ ਮੰਦ-ਭਾਵਨਾ ਭਰੀ ਕੋਸ਼ਿਸ਼ ਰਹੀ ਹੈ ਕਿ ਸਿੱਖ ਆਪਣੀ ਪਛਾਣ ਦੇ ਸੰਘਰਸ਼ ਨੂੰ ਛੱਡ ਦੇਣ, ਭੁੱਲ ਜਾਣ। ਸੁਭਾਵਿਕ ਹੈ, ਜਿਹੜੀ ਕੌਮ ਸਿੱਖ ਕੌਮ ਕੋਲੋਂ ਪਛਾਣ ਦਾ ਮੁੱਦਾ ਛੁਡਵਾਉਣ ਦੀ ਦੁਰਭਾਵਨਾ ਰੱਖਦੀ ਹੋਵੇ। ਉਸ ਕੌਮ ਲਈ ਜ਼ਰੂਰੀ ਹੈ ਕਿ ਉਹ ਸਿੱਖ ਕੌਮ ਨੂੰ ਕੁਰਾਹੇ ਪਾਉਣ ਲਈ ਕੋਈ ਬਦਲਵਾਂ ਮੁੱਦਾ ਜ਼ਰੂਰ ਦੇਵੇ, ਤੇ ਹਿੰਦੂ ਕੌਮ ਨੇ ਸਿੱਖਾਂ ਨੂੰ ਬਦਲਵੇਂ ਰੂਪ ਵਿੱਚ ਵਿਕਾਸ ਦਾ ਮੁੱਦਾ ਦਿੱਤਾ ਹੈ। ਜੇ ਇਸ ਮੁੱਦੇ ਦੀ ਬਾਹਲੇ ਸਿੱਧੇ ਲਫ਼ਜਾਂ ਵਿੱਚ ਵਿਆਖਿਆ ਕੀਤੀ ਜਾਵੇ ਤਾਂ ਇਹ ਮੁੱਦਾ ਸਿੱਖਾਂ ਦੇ ਵਿਕਾਸ ਦਾ ਨਹੀਂ ਹੈ, ਸਗੋਂ ਪੰਜਾਬ ਵਿਚੋਂ ਪੰਥਕ ਸੋਚ ਦੇ ਵਿਨਾਸ਼ ਦਾ ਹੈ।

ਅਸੀਂ ਭਾਰਤ ਦੀ ਬਹੁਗਿਣਤੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਅਤੇ ਸਮਝਾਉਣਾ ਵੀ ਚਾਹੁੰਦੇ ਹਾਂ ਕਿ ਭਾਰਤ ਦੇ ਹੀ ਨੋਬਲ ਇਨਾਮ ਜੇਤੂ ਅਰਥ-ਸ਼ਾਸਤਰੀ ਅਮਰਤਿਆ ਸੇਨ ਦਾ ਕਹਿਣਾ ਹੈ ਕਿ ਵਿਕਾਸ ਅਤੇ ਫਰੀਡਮ ਇਕ-ਦੂਜੇ ਨਾਲ ਜੁੜੇ ਹੋਏ ਹਨ। ਜਿਹੜਾ ਵਿਕਾਸ ਆਜ਼ਾਦੀ ਭਾਵ ਫਰੀਡਮ ਨਹੀਂ ਬਖ਼ਸ਼ਦਾ, ਉਹ ਕੋਈ ਵਿਕਾਸ ਨਹੀਂ ਹੈ। ਪਦਾਰਥਕ ਰੂਪ ਵਿੱਚ ਖੁਸ਼ਹਾਲ ਹੋ ਕੇ ਵੀ ਜੇ ਬੰਦਾ ਗੁਲਾਮ ਹੈ ਤਾਂ ਸਮਝੋ ਉਸ ਨੇ ਕੋਈ ਵਿਕਾਸ ਨਹੀਂ ਕੀਤਾ।

ਇਟਲੀ ਦੇ ਚਿੰਤਕ ਗ੍ਰਾਮਸ਼ੀ ਦੇ ਵਿਚਾਰਾਂ ਦੀ ਵਿਆਖਿਆ ਕਰਦਾ ਹੋਇਆ ਰਿਚਰਡ ਵਿਲੈਮੀ ਲਿਖਦਾ ਹੈ ਕਿ ਭਾਵੇਂ ਇਹ ਠੀਕ ਹੈ ਕਿ ਅਰਥਚਾਰਾ ਇਤਿਹਾਸ ਦਾ ਚਾਲਕ ਹੁੰਦਾ ਹੈ (ਖ਼ਾਸ ਕਰ ਕਮਿਊਨਿਸਟ ਨੁਕਤਾ-ਨਜ਼ਰ ਤੋਂ); ਪਰ ਅਰਥਚਾਰਾ ਆਪਣੇ ਆਪ ਵਿੱਚ ਕੋਈ ਵੱਡੀ ਰਾਜਨੀਤਿਕ ਤਬਦੀਲੀ ਨਹੀਂ ਲਿਆ ਸਕਦਾ। ਉਹ ਤਾਂ ਇੱਥੋਂ ਤੱਕ ਵੀ ਕਹਿੰਦਾ ਹੈ ਕਿ ਵਿਸ਼ਵਾਸਾਂ ਦਾ ਸੰਸਾਰ ਅੰਦਰੋਂ ਇਸ ਕਦਰ ਜੁੜਿਆ ਹੁੰਦਾ ਹੈ ਕਿ ਉਸਦਾ ਆਰਥਿਕ ਵਿਕਾਸ ਨਾਲ ਕੋਈ ਖ਼ਾਸ ਸੰਬੰਧ ਨਹੀਂ ਹੁੰਦਾ।

ਸੋ, ਜੇ ਤੁਸੀਂ (ਭਾਰਤੀ ਬਹੁਗਿਣਤੀ) ਸੋਚਦੇ ਹੋ ਕਿ ਪੰਜਾਬ ਵਿੱਚ ਸੜਕਾਂ ਬਣਾ ਕੇ, ਇੰਡਸਟਰੀ ਖੜ੍ਹੀ ਕਰਕੇ ਜਾਂ ਫਿਰ ਵੱਡੇ-ਵੱਡੇ ਸ਼ਾਪਿੰਗ ਮਾਲ ਉਸਾਰ ਕੇ, ਤੁਸੀਂ ਖਾਲਸਾਈ ਸੋਚ ਨੂੰ ਇਸ ਧਰਤੀ ‘ਤੇ ਦਬਾ ਲਵੋਗੇ, ਤਾਂ ਇਹ ਫਿਰ ਤੁਹਾਡੀ ਬਹੁਤ ਵੱਡੀ ਗਲਤ-ਫਹਿਮੀ ਹੀ ਹੋਵੇਗੀ।

ਸਾਨੂੰ ਇਹ ਵੀ ਪਤਾ ਹੈ ਕਿ ਅੱਜ ਜਦ ਤੁਸੀਂ ਇਸ ਕਦਰ ਆਪਣੀ ਜਿੱਤ ਦੀ ਖੁਸ਼ੀ ‘ਚ ਖੀਵੇਂ ਹੋਏ ਫਿਰਦੇ ਹੋ, ਤਾਂ ਤੁਹਾਨੂੰ ਸਾਡੇ ਇਹ ਵਿਚਾਰ ਮਹਿਜ਼ ਜਜ਼ਬਾਤੀ ਕਿਸਮ ਦੇ ਹੀ ਜਾਪਣਗੇ ਅਤੇ ਤੁਹਾਡੇ ਵਿੱਚੋਂ ਹੀ ਕਈ ਇਹ ਵਿਅੰਗ ਕਰਨ ਦੀ ਹੱਦ ਤੱਕ ਵੀ ਜਾ ਸਕਦੇ ਹਨ ਕਿ ਇਹ ਤਾਂ ਹਾਸ਼ੀਏ ‘ਤੇ ਪਈ ਹੋਈ ਧਿਰ ਦਾ ਆਪਣੇ ਆਪ ਨੂੰ ਨਿਰਾਸ਼ਾ ਵਿੱਚੋਂ ਕੱਢਣ ਦਾ ਉਪਰਾਲਾ ਮਾਤਰ ਹੀ ਹੈ।

ਪਰ ਤੁਹਾਨੂੰ ਯਾਦ ਹੀ ਹੋਵੇਗਾ, ਤੇ ਬੜੀ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਵੀ ਤੁਸੀਂ ਇਹ ਦਾਅਵਾ ਠੋਕ ਕੇ ਬੜੀਆਂ ਖੁਸ਼ੀਆਂ ਮਨਾਈਆਂ ਸਨ ਕਿ ਹੁਣ ਪੰਥ ਦੀ ਗੱਲ ਪੰਜਾਬ ਦੀ ਵੋਟ ਸਿਆਸਤ ‘ਚੋਂ ਵਿਹਾਰਕ ਰੂਪ ਵਿੱਚ ਖ਼ਤਮ ਹੋ ਚੁੱਕੀ ਹੈ। ਪਰ ਮਈ 2007 ਵਿੱਚ ਪੰਥ ਦੋਖੀ ਡੇਰਾ ਸਿਰਸਾ ਦੇ ਖ਼ਿਲਾਫ ਉੱਠੇ ਬੇਮਿਸਾਲ ਸਿੱਖ ਉਭਾਰ ਨੇ ਦਿੱਲੀ ਦਰਬਾਰ ਦੇ ਧੁਰ ਅੰਦਰ ਤੱਕ ਕਾਂਬਾ ਛੇੜ ਦਿੱਤਾ ਸੀ । ਪੰਜਾਬ ਨੂੰ ਝੱਟ-ਪੱਟ ਹੀ ਨੀਮ ਫ਼ੌਜੀ ਬਲਾਂ ਦੇ ਦਹਿਸ਼ਤ ਭਰੇ ਪਹਿਰੇ ਹੇਠ ਕਰ ਦਿੱਤਾ ਗਿਆ ਸੀ ਅਤੇ ਭਾਰਤੀ ਰਾਜ ਦਾ ਹਰ ਇੱਕ ਅੰਗ ਇਸ ਪ੍ਰਚੰਡ ਰੋਹ ਨੂੰ ਦਬਾਉਣ ਲਈ ਕਾਰਜਸ਼ੀਲ ਹੋ ਗਿਆ ਸੀ।

ਸਾਨੂੰ ਇਲਮ ਹੈ ਕਿ ਹੁਣ ਤੁਹਾਡਾ ਮਨ ਇਹ ਦਲੀਲ ਦੇਣ ਨੂੰ ਬਹੁਤ ਕਾਹਲਾ ਪੈ ਰਿਹਾ ਹੋਵੇਗਾ ਕਿ ਡੇਰਾ ਸਿਰਸਾ ਦੇ ਵਿਰੁੱਧ ਉੱਠਿਆ ਸਿੱਖ ਰੋਹ ਤਾਂ ਵਖ਼ਤੀ ਕਿਸਮ ਦਾ ਹੀ ਸੀ। ਹੁਣ ਤਾਂ ਪੰਜਾਬ ਫਿਰ ਵਿਕਾਸ ਦੇ ਪੰਧ ਉੱਤੇ ਹੋ ਤੁਰਿਆ ਹੈ। ਪਰ ਇੱਥੇ ਵੀ ਤੁਸੀਂ ਬੜੇ ਵੱਡੇ ਸਵੈ-ਸਿਰਜੇ ਭਰਮ ਦੇ ਸ਼ਿਕਾਰ ਹੀ ਹੋ।

ਡੇਰਾ ਸਿਰਸਾ ਦੇ ਵਿਰੁੱਧ ਉਠੇ ਸਿੱਖ ਉਭਾਰ ਵਿੱਚੋਂ ਨੌਜਵਾਨ ਸਿੱਖ ਪੀੜ੍ਹੀ ਗੰਭੀਰ ਤਜ਼ਰਬਾ ਹਾਸਿਲ ਕਰਕੇ ਨਿਕਲੀ ਹੈ। ਉਹਨਾਂ ਦੇ ਸਾਹਮਣੇ ਭਾਰਤੀ ਹਕੂਮਤ ਅਤੇ ਹਿੰਦੂ ਬਹੁਗਿਣਤੀ ਦਾ ਸਿੱਖੀ ਵਿਰੋਧੀ ਚਿਹਰਾ ਬਿਲਕੁਲ ਨੰਗਾ ਹੋ ਚੁੱਕਾ ਹੈ। ਇਸ ਘਟਨਾ ਦੇ ਬਾਅਦ ਕਈ ਸਿੱਖ ਨੌਜਵਾਨ ਜਥੇਬੰਦਕ ਰੂਪ ਵਿੱਚ ਅਤੇ ਇੱਕ ਹਮਦਰਦ ਦੇ ਰੂਪ ਵਿੱਚ ਸੰਘਰਸ਼ਸ਼ੀਲ ਧਿਰਾਂ ਦੇ ਨਾਲ ਹੋ ਤੁਰੇ ਹਨ। ਗੁਰੂ ਦੋਖੀ ਡੇਰਿਆਂ ਦੇ ਖਿਲਾਫ਼ ਭੁਚਾਲ-ਨੁਮਾ ਪੰਥਕ ਰੋਹ ਦੇ ਝਟਕੇ ਤਾਂ ਭਾਰਤੀ ਰਾਜ ਸਮੇਂ–ਸਮੇਂ ‘ਤੇ ਮਹਿਸੂਸ ਕਰਦਾ ਹੀ ਰਹਿੰਦਾ ਹੈ। ਇਹੋ ਜਿਹਾ ਹੀ ਇਕ ਜ਼ੋਰਾਵਰ ਝਟਕਾ 5 ਦੰਸਬਰ 2009 ਨੂੰ ਲੁਧਿਆਣੇ ਦੀ ਧਰਤੀ ਤੋਂ ਵੀ ਭਾਰਤੀ ਹਾਕਮਾਂ ਨੇ ਮਹਿਸੂਸ ਕੀਤਾ ਸੀ। ਜਦੋਂ ਪੰਥ ਦੋਖੀ ਡੇਰਾ ਨੂਰਮਹਿਲ ਦੇ ਪ੍ਰੋਗਰਾਮ ਨੂੰ ਰੋਕਣ ਲਈ ਪੰਥ ਨੰਗੇ ਧੜ ਮੈਦਾਨ ਵਿੱਚ ਆ ਡਟਿਆ ਸੀ। ਇੱਥੇ ਪੁਲਿਸ ਨਾਲ ਹੋਏ ਤਿੱਖੇ ਟਕਰਾਅ ਵਿੱਚ ਭਾਈ ਦਰਸ਼ਨ ਸਿੰਘ ਸ਼ਹੀਦ ਹੋ ਗਏ ਸਨ ਅਤੇ ਕਈ ਸਿੱਖ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।

ਰੂਸੀ ਲੇਖਕ ਬੋਰਿਸ ਪਾਸਤਰਨਾਕ ਦਾ ਕਹਿਣਾ ਹੈ ਕਿ ਇਤਿਹਾਸ ਚੁੱਪ-ਚਾਪ ਘਾਹ ਵਾਂਗ ਵੱਧਦਾ ਰਹਿੰਦਾ ਹੈ। ਪਰ ਪੰਥ ਦੇ ਫ਼ਕੀਰ ਵਿਦਵਾਨ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦਾ ਵਿਚਾਰ ਹੈ ਕਿ ਇਤਿਹਾਸ ਹਮੇਸ਼ਾ ਹੀ ਚੁੱਪ-ਚਾਪ ਨਹੀਂ ਵੱਧਦਾ, ਸਗੋਂ ਕਈ ਵਾਰ ਇਸ ਵਿੱਚ ਗਰਜਵਾਂ ਨਾਦ ਵੀ ਹੁੰਦਾ ਹੈ। 1978 ਤੋਂ ਲੈ ਕੇ 1995 ਤੱਕ ਇਤਿਹਾਸ ਇਸ ਧਰਤੀ ‘ਤੇ ਗਰਜਵਾਂ ਨਾਦ ਕਰਦਾ ਰਿਹਾ ਹੈ।ਇਤਿਹਾਸ ਦਾ ਇਹ ਸੁਨਿਹਰੀ ਦੌਰ ਸਿੱਖ ਅਵਚੇਤਨ ਦਾ ਅਨਿਖੜਵਾਂ ਅੰਗ ਬਣ ਚੁੱਕਾ ਹੈ। ਸਿੱਖਾ ਤਵਾਰੀਖ ਦਾ ਇਹ ਇਨਕਲਾਬੀ ਸਮਾਂ ਜਿੱਥੇ ਸਿੱਖ ਨੌਜਵਾਨਾਂ ਨੂੰ ਤਿੱਖੀ ਸੂਝ ਬਖ਼ਸ਼ ਰਿਹਾ ਹੈ, ਉੱਥੇ ਹੀ ਉਹਨਾਂ ਨੂੰ ਅਗਾਉਂ ਸੰਘਰਸ਼ ਲਈ ਪ੍ਰੇਰਿਤ ਵੀ ਕਰ ਰਿਹਾ ਹੈ। ਪਰ ਹਾਲ ਦੀ ਘੜੀ ਮੂਲ ਰੂਪ ‘ਚ ਇਤਿਹਾਸ ਘਾਹ ਵਾਂਗ ਹੀ ਚੁੱਪ-ਚਾਪ ਅੱਗੇ ਵੱਧ ਰਿਹਾ ਹੈ। ਪਰ ਇਸ ਵਰਤਾਰੇ ਨੂੰ ਕੋਈ ਵਿਸਮਾਦੀ ਅੱਖ ਹੀ ਫੜ ਸਕਦੀ ਹੈ।

ਬੇਸ਼ੱਕ ਅੱਜ ਦੇ ਬਾਹਰਮੁਖੀ ਹਾਲਾਤ ਤੁਹਾਨੂੰ ਜਸ਼ਨ ਮਨਾਉਣ ਦੀ ਇਜਾਜ਼ਤ ਦੇ ਰਹੇ ਹਨ, ਇਸ ਲਈ ਅੱਜ ਤੁਸੀਂ ਜੰਮ-ਜੰਮ ਖੁਸ਼ੀਆਂ ਮਨਾਓ। ਪਰ ਇਹ ਜਰੂਰ ਯਾਦ ਰੱਖਿਓਂ ਕਿ ਬਾਹਰਮੁਖੀ ਹਾਲਾਤਾਂ ਨੂੰ ਬਦਲਦਿਆਂ ਦੇਰ ਨਹੀਂ ਲਗਦੀ। ਇਤਿਹਾਸ ਦੇ ਅੰਤਰਮੁਖੀ ਵਰਤਾਰੇ ਨੂੰ ਸਮਝਣ ਵਾਲੇ ਇਸ ਅਟੱਲ ਸੱਚ ਨੂੰ ਭਲੀ-ਭਾਂਤ ਜਾਣਦੇ ਹਨ ਕਿ ਸਿੱਖ ਲਹਿਰ ਨੂੰ ਭਾਵੇ ਕੁੱਝ ਸਮੇਂ ਲਈ ਜਾਂ ਕੁੱਝ ਜ਼ਿਆਦਾ ਸਮੇਂ ਤੱਕ ਜ਼ਰੂਰ ਦਬਾ ਕੇ ਰੱਖਿਆ ਜਾ ਸਕਦਾ ਹੈ। ਪਰ ਇਸ ਲਹਿਰ ਨੇ ਇਤਿਹਾਸ ਦੇ ਕਿਸੇ ਅਗਲੇ ਬਿੰਦੂ ‘ਤੇ ਸਿਖਰ ਰੂਪ ‘ਚ ਜ਼ਰੂਰ ਪ੍ਰਗਟ ਹੋਣਾ ਹੀ ਹੁੰਦਾ ਹੈ। ਇਹ ਕੋਈ ਮਹਿਜ਼ ਸਾਡਾ ਆਸ਼ਾਵਾਦ ਨਹੀਂ ਹੈ। ਸਾਡੀ ਇਸ ਸੋਚ ਦੇ ਪਿੱਛੇ ਗੁਰੂ ਕਾ ਸੱਚ ਖੜ੍ਹਾ ਹੈ ਅਤੇ ਸਾਡਾ ਸਾਰਾ ਇਤਿਹਾਸਿਕ ਅਮਲ ਇਸ ਗੱਲ ਦੀ ਆਪ ਗਵਾਹੀ ਦਿੰਦਾ ਹੈ, ਸ਼ਾਹਦੀ ਭਰਦਾ ਹੈ।

ਵੈਸੇ ਤੁਹਾਡੇ ਵਿਚਲੇ ਵੀ ਕਈ ਸੋਚਵਾਨ ਵਿਅਕਤੀ, ਖਾਲਸਾ ਪੰਥ ਦੀ ਇਸ ਰੂਹਾਨੀ ਤਾਕਤ ਤੋਂ ਬੇਖ਼ਬਰ ਨਹੀਂ ਹਨ। ਉਹ ਸਿੱਖ ਕੌਮ ਦੀ ਇਤਿਹਾਸ ਬਦਲਣ ਦੀ ਜ਼ੋਰਾਵਰ ਸਮਰੱਥਾ ਤੋਂ ਬਾਖੂਬੀ ਵਾਕਿਫ਼ ਹਨ। ਅੱਜ ਭਾਵੇਂ ਤੁਸੀਂ ਮੰਨੋ, ਭਾਵੇਂ ਨਾ ਮੰਨੋ ਪਰ ਤੁਹਾਡੇ ਬਿਪਰ-ਸੰਸਕਾਰੀ ਮੰਨ ਅੰਦਰ ਖ਼ਾਲਸਾਈ ਚੜ੍ਹਤਲ ਪ੍ਰਤੀ ਨਫ਼ਰਤ ਅਤੇ ਡਰ ਦਾ ਮਿਲਿਆ-ਜੁਲਿਆ ਪ੍ਰਭਾਵ ਹਮੇਸ਼ਾ ਬਣਿਆ ਰਹਿੰਦਾ ਹੈ, ਕਿਉਂਕਿ ਗੁਰੂ ਕੇ ਕੁੰਡਲੀਏ ਨਾਗ ਹਰ ਯੁੱਗ ਵਿੱਚ ਜਿਉਂਦੇ ਰਹਿੰਦੇ ਹਨ, ਜਾਗਦੇ ਰਹਿੰਦੇ ਹਨ। ਅੱਜ ਵੀ ਉਹ ਕੁੰਡਲੀਏ ਨਾਗ ਪੰਥਕ ਲਹਿਰ ਨੂੰ ਉਸਾਰਨ ਲਈ ਯਤਨਸ਼ੀਲ ਹਨ ਅਤੇ ਨਿਰੰਤਰ ਯਤਨਸ਼ੀਲ ਹਨ।

ਤੁਸੀਂ ਇਹ ਗੱਲ ਜ਼ਰੂਰ ਚੇਤੇ ਰੱਖਿਓਂ, ਤੇ ਚੇਤਾਵਨੀ ਦੇ ਰੂਪ ਵਿੱਚ ਚੇਤੇ ਰੱਖਿਓਂ, ਜਿਸ ਦਿਨ ਪੰਥ ਆਪਣੇ ਰੂਹਾਨੀ ਰੰਗ ਵਿੱਚ ਉੱਠੇਗਾ। ਉਸ ਦਿਨ ਇੱਥੇ ਸਿੱਖਾਂ ਲਈ ਮੁੱਦਾ ਵਿਕਾਸ ਦਾ ਨਹੀਂ ਹੋਵੇਗਾ, ਬਲਕਿ ਖਾਲਸਾ ਇਨਕਲਾਬ ਨੂੰ ਇਸ ਧਰਤੀ ਉੱਤੇ ਰੂਪਮਾਨ ਕਰਨ ਦਾ ਹੋਵੇਗਾ, ਕਿਉਂਕਿ ਵਿਕਾਸ ਕਦੇ ਵੀ ਆਜ਼ਾਦੀ ਦਾ ਬਦਲ ਨਹੀਂ ਹੋ ਸਕਦਾ।

* ਲੇਖਕ ਨਾਲ “(+91)-946-558-9440” ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,