ਚੋਣਵੀਆਂ ਲਿਖਤਾਂ » ਲੇਖ

ਡੂੰਘੀ ਅੰਤਰ ਦ੍ਰਿਸ਼ਟੀ ਵਾਲਾ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ

February 16, 2018 | By

 -ਗੁਰਤੇਜ ਸਿੰਘ (ਸਾਬਕਾ ਆਈ ਏ ਐੱਸ)

ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ। ਇਹ ਬਦਲੇ ਹੋਏ ਸਿਆਸੀ ਹਾਲਾਤ ਦੀ ਇੱਕ ਪ੍ਰਮੁੱਖ ਅਲਾਮਤ ਹੈ। ਮਾਸਟਰ ਤਾਰਾ ਸਿੰਘ ਆਖ਼ਰੀ ਅਹਿਮ ਸਿਆਸਤਦਾਨ ਸੀ ਜਿਸ ਉੱਤੇ ਬਹੁਗਿਣਤੀ ਸਿਆਸਤ ਨੇ ਬੜਾ ਦਬਾਅ ਪਾਇਆ ਕਿ ਉਹ ਨਵੇਂ ਮਾਹੌਲ ਵਿੱਚ ‘ਸੌੜੀ, ਫ਼ਿਰਕੂ` ਸਿੱਖ ਸਿਆਸਤ ਨੂੰ ਤਿਆਗ ਕੇ ਵੱਡੇ ਹਿੰਦੀ ਲੋਕਤੰਤਰ ਦੇ ਸਾਗਰ ਵਿੱਚ ਸਮਾ ਜਾਣ। ਉਹ ਇੱਕ ਵਾਰ ਤਾਂ ਝਉਂ ਗਏ ਪਰੰਤੂ ਬਹੁਗਿਣਤੀ ਦੇ ਰਵੱਈਏ ਨੂੰ ਵੇਖ ਕੇ ਫ਼ੇਰ ਸੰਭਲ ਗਏ ਅਤੇ ਅੰਤ ਤੱਕ ਬਾਗ਼ੀਆਨਾ ਸੁਰ ਅਲਾਪਦੇ ਰਹੇ।

ਓਪਰੀ ਨਜ਼ਰੇ ਤਾਂ ਬਹੁਗਿਣਤੀ ਦੀ ਇਹ ਮੰਗ ਅਜੋਕੇ ਸੰਸਾਰ ਦੀ ਸਿਆਸੀ ਗਤੀ ਅਨੁਸਾਰ ਹੀ ਹੈ। ਜਿਸ ਮੁਲਕ ਵਿੱਚ ਲਿਖਤੀ ਸੰਵਿਧਾਨ ਹੋਵੇ, ਸਾਂਝੇ ਕਾਨੂੰਨ ਹੋਣ, ਆਜ਼ਾਦ ਮੀਡੀਆ ਅਤੇ ਨਿਰਪੱਖ ਨਿਆਂਪਾਲਿਕਾ ਆਦਿ ਹੋਣ ਓਥੇ ਤੰਗ ਖੇਤਰੀ ਜਾਂ ਫ਼ਿਰਕੇਦਾਰਾਨਾ ਸੋਚ, ਸੌੜੇ ਸਰੋਕਾਰ ਇਤਿਆਦਿ ਲਈ ਬਿਲਕੁਲ ਥਾਂ ਨਹੀਂ ਹੋਣੀ ਚਾਹੀਦੀ। ਪਰੰਤੂ ਹਿੰਦੋਸਤਾਨ ਵਿੱਚ ਚੁਫ਼ੇਰੇ ਪਸਰੀ ਅਸ਼ਾਂਤੀ ਅਤੇ ਆਪਣੀ ਅਖਵਾਉਂਦੀ ਸਰਕਾਰ ਵੱਲੋਂ 1947 ਤੋਂ ਬਾਅਦ ਲੱਖਾਂ ਲੋਕਾਂ ਦੀ ਲਈ ਬਲੀ ਦੱਸਦੀ ਹੈ ਕਿ ਏਥੇ ਸਭ ਅੱਛਾ ਨਹੀਂ।

ਹਰਿੰਦਰ ਸਿੰਘ ਮਹਿਬੂਬ ਦੀ ਤਸਵੀਰ

ਜੇ ਗਹੁ ਨਾਲ ਹਿੰਦ ਦੇ ਇਤਿਹਾਸ ਅਤੇ ਏਥੋਂ ਦੀ ਸਿਆਸੀ ਗਤੀ ਦੀ ਪੜਚੋਲ ਕਰੀਏ ਤਾਂ ਜਾਣਾਂਗੇ ਕਿ ਯੂਰਪੀਨ ਦੇਸ਼ਾਂ ਤੋਂ ਉਲਟ ਹਿੰਦੋਸਤਾਨ ਮੁੱਢਲੇ ਤੌਰ `ਤੇ ਇੱਕ ਕੌਮੀਅਤ ਦਾ ਮੁਲਕ ਨਹੀਂ। ਏਸ ਵਿੱਚ ਅਨੇਕਾਂ ਕੌਮਾਂ ਵਸਦੀਆਂ ਹਨ ਜਿੰਨ੍ਹਾਂ ਸਭਨਾਂ ਦੇ ਡੂੰਘੇ ਮੱਤਭੇਦ ਵੀ ਹਨ। ਏਸ ਤੋਂ ਇਲਾਵਾ ਸਦੀਆਂ ਪੁਰਾਣੇ ਜਾਤ-ਪਾਤ ਦੇ ਵਿਤਕਰਿਆਂ ਨੂੰ ਧਰਮ ਜਾਣਨ ਸਦਕਾ ਹਿੰਦ ਦੀ ਰੂਹ ਆਧੁਨਿਕ ਲੋਕਤੰਤਰ ਦੇ ਸੁੱਚੇ ਭਾਵ ਤੋਂ ਅਣਭਿੱਜ ਰਹਿ ਜਾਂਦੀ ਹੈ। ਉਹ ਲੋਕਤੰਤਰ ਦੇ ਸਾਜ਼-ਬਾਜ਼ ਨੂੰ ਨਕਲੀ ਗਹਿਣਿਆਂ ਵਾਂਗ ਲਿਸ਼ਕਾ ਕੇ ਧਾਰਣ ਤਾਂ ਕਰਦੀ ਹੈ ਪਰ ਉਹਨਾਂ ਨੂੰ ਓਪਰੇ ਜਾਣ ਕੇ ਦਿਲੋਂ-ਮਨੋਂ ਸਵਿਕਾਰ ਕਰਨ ਨੂੰ ਤਿਆਰ ਨਹੀਂ; ਨਾ ਹੀ ਹਿੰਦੋਸਤਾਨ ਦੇ ਸਮਾਜਕ ਅਤੇ ਸਿਆਸੀ ਜੀਵਨ ਵਿੱਚ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਵਿੱਚੋਂ ਸੁਤੇ ਸਿਧ ਪੈਦਾ ਹੋਈਆਂ ਉਦਾਰਚਿਤ, ਨਿਆਂਇਕ ਧਾਰਨਾਵਾਂ ਨੂੰ ਆਪਣਾ ਬਣਦਾ ਸਥਾਨ ਦੇਣ ਲਈ ਤਿਆਰ ਹੈ। ਸਦੀਆਂ ਤੋਂ ਹਿੰਸਾ ਰਾਹੀਂ ਦੂਜੀਆਂ ਸਮਝੀਆਂ ਜਾਂਦੀਆਂ ਸਮਾਜਕ ਇਕਾਈਆਂ ਨੂੰ ਦਬਾ ਕੇ ਰੱਖਣ ਦਾ ਕਰਮ ਵੀ ਲੋਕਤੰਤਰ ਦੀ ਸਹੀ ਆਤਮਾ ਨੂੰ ਆਪਣਾ ਬਣਦਾ ਸਥਾਨ ਦੇਣ ਲਈ ਤਿਆਰ ਨਹੀਂ। ਏਸ ਤੋਂ ਵੱਧ ਵਿਸਥਾਰ ਦੀ ਏਥੇ ਸੰਭਾਵਨਾ ਨਹੀਂ।

ਟਾਵੇਂ-ਟਾਵੇਂ ਗੰਭੀਰ ਚਿੰਤਕਾਂ ਨੂੰ ਛੱਡਕੇ ਬਾਕੀ ਸਭ ਆਪਣੇ ਅਜੋਕੇ ਸਟੇਟ ਵੱਲੋਂ ਪ੍ਰਚਾਰੀ ਜਾਂਦੀ ਧਾਰਨਾ ਨੂੰ ਪਰਮਸੱਤ ਜਾਂ ਇਲਾਹੀ ਆਕਾਸ਼ਵਾਣੀ ਸਮਝ ਕੇ ਪ੍ਰਵਾਨ ਕਰ ਚੁੱਕੇ ਹਨ। ਚੰਦ ਡੂੰਘੇ ਦਾਨਸ਼ਵਰ ਹੀ ਹਨ ਜਿਹੜੇ ਸਹੀ ਨਿਰਣਾ ਲੈ ਕੇ ਰੱਬ ਵੱਲੋਂ ਬਖ਼ਸ਼ੀ ਸੋਚਣ-ਸ਼ਕਤੀ ਦਾ ਅਪਮਾਨ ਨਹੀਂ ਕਰਦੇ ਅਤੇ ਨਾ ਹੀ ਸਮਾਜ ਅਤੇ ਸੱਚ ਨੂੰ ਨਿਰਾਸ਼ ਕਰਦੇ ਹਨ। ਹਰਿੰਦਰ ਸਿੰਘ ਮਹਿਬੂਬ ਏਸ ਗਹਿਰ-ਗੰਭੀਰ ਸਮੱਸਿਆ ਤੋਂ ਕੇਵਲ ਵਾਕਫ਼ ਹੀ ਨਹੀਂ ਬਲਕਿ ਓਸਦੇ ਲਿਖਣ ਦਾ ਵੱਡਾ (ਅਤੇ ਸ਼ਾਇਦ ਇੱਕੋ-ਇੱਕ) ਪ੍ਰੇਰਨਾ-ਸ੍ਰੋਤ ਏਹੋ ਸੱਚ ਹੀ ਹੈ। ਏਹੋ ਅਲਬੇਲਾਪਨ ਸ਼ਹਾਦਤ ਦੇ ਰਾਹ ਉੱਤੇ ਚੱਲਦੇ ਪਵਿੱਤਰ-ਆਤਮਾ ਮਹਿਬੂਬ ਨੂੰ ਸੱਤਵੇਤਾ, ਤੱਤਵੇਤਾ ਸਥਾਪਤ ਕਰਨ ਵਿੱਚ ਸਭ ਤੋਂ ਉੱਤਮ ਤਰਕ ਹੋ ਨਿੱਬੜਦਾ ਹੈ। ਨਿਰਭੈ ਹੋ ਕੇ ਓਸ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਅਤੇ ਬੜੀ ਸ਼ਿੱਦਤ ਨਾਲ ਸਮੇੇਂ ਦੀ ਲੋੜ ਅਨੁਸਾਰ ਆਪਣੀ ਕਲਮ ਨੂੰ ਤਰਾਸ਼ਿਆ।

ਓਸਦੇ ਬੌਣੇ ਸਮਕਾਲੀਆਂ, ਜਿਨ੍ਹਾਂ ਵਿੱਚ ਸਥਾਪਤੀ ਦੇ ਰੋਅਬ ਹੇਠ ਪ੍ਰਚਾਰੀ ਜਾਂਦੀ ਧਾਰਨਾ ਨੂੰ ਅਪਣਾ ਚੁੱਕੇ ਓਸਦੇ ਕਈ ਪੁਰਾਣੇ ਦੋਸਤ ਵੀ ਸਨ, ਨੇ ਉਹਨਾਂ ਪ੍ਰਤੀ ਅਨੇਕਾਂ ਢਾਊ ਵਿਚਾਰਾਂ ਨੂੰ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ। ਕਈ ਉੱਪਰਲੀ ਸਤਹ ਦੇ ਗਿਆਨੀਆਂ ਨੇ ਨਾਸਮਝੀ ਵਿੱਚ ਏਹੋ ਕਰਮ ਕੀਤਾ ਪਰੰਤੂ ਸਾਰੇ ਮਿਲਕੇ ਵੀ ਓਸ ਦੀ ਵਿਦਵਤਾ, ਧਰਮ ਅਤੇ ਫ਼ਲਸਫ਼ੇ ਦੀ ਡੂੰਘੀ ਰਮਜ਼ ਅਤੇ ਇਤਿਹਾਸ ਦੀਆਂ ਬਾਰੀਕ ਅਨੁਭਵੀ ਤੰਦਾਂ ਦੇ ਤਾਣੇ-ਪੇਟੇ ਦਾ ਸਹੀ ਮੁਲਾਂਕਣ ਕਰਨ ਦੀ ਅਦਭੁੱਤ ਸ਼ਕਤੀ ਨੂੰ ਵੰਗਾਰ ਨਾ ਸਕੇ। ਇਤਿਹਾਸ ਦੇ ਆਮ ਵਿਦਿਆਰਥੀਆਂ ਨੂੰ ਅਨੇਕਾਂ ਹਨੇਰੇ ਖੂੰਜੇ ਟਟੋਲ ਕੇ ਇਤਿਹਾਸਕ ਤੱਥ ਇੱਕਸਾਰ ਕਰਨੇ ਪੈਂਦੇ ਹਨ ਅਤੇ ਇਹਨਾਂ ਦੇ ਆਪਸੀ ਰਿਸ਼ਤਿਆਂ ਨੂੰ ਸਥਾਪਤ ਕਰਕੇ ਝਕਦੇ-ਝਕਦੇ ਇਤਿਹਾਸਕ ਵਰਤਾਰੇ ਦੀ ਕੋਈ ਸੰਭਾਵੀ ਰੂਪ-ਰੇਖਾ ਬੜੀ ਮਿਹਨਤ ਨਾਲ ਪ੍ਰਗਟ ਕਰਨੀ ਪੈਂਦੀ ਹੈ। ਕਵੀ ਉੱਤੇ ਕੋਈ ਐਸੀ ਪਾਬੰਦੀ ਨਹੀਂ ਹੁੰਦੀ। ਉਹ ਇਤਿਹਾਸ ਵਿੱਚ ਵਿਚਰ ਚੁੱਕੇ ਵਿਅਕਤੀਆਂ ਦੇ ਪ੍ਰਮਾਣਤ ਬੋਲਾਂ, ਫ਼ਲਸਫ਼ੇ ਦੇ ਅਰੁਕ ਵਗਦੇ ਸਾਂਝੇ ਦਰਿਆ, ਕੌਮਾਂ ਦੇ ਸੁਭਾਅ, ਪ੍ਰਮੁੱਖ ਲੋਕਾਂ ਦੀਆਂ ਕਰਨੀਆਂ, ਵਰਤਮਾਨ ਦੇ ਵਰਤਾਰੇ ਅਤੇ ਪੈਗੰਬਰ ਦੇ ਕੀਤੇ ਕੌਲ-ਇਕਰਾਰਾਂ ਨਾਲ ਰਿਸ਼ਤੇ ਦੀ ਪ੍ਰਪੱਕਤਾ ਜਾਂ ਏਸ ਦੀ ਅਣਹੋਂਦ ਵਿੱਚੋਂ ਹੀ ਇਤਿਹਾਸ ਦੇ ਹਰ ਪਹਿਲੂ ਨੂੰ ਅਨੁਭਵ ਰਾਹੀਂ ਸਪਸ਼ਟ ਜਾਣ ਜਾਂਦਾ ਹੈ।

ਮਹਿਬੂਬ ਨੂੰ ਵੱਡੀ ਹੈਰਾਨੀ ਹੁੰਦੀ ਸੀ ਜਦੋਂ ਕਿ ‘ਇਤਿਹਾਸ ਨੂੰ ਅਨੁਭਵ ਦੀ ਵਿਸ਼ਾਲਤਾ’ ਨਾਲ ਵੇਖਣ ਦੀ ਯੋਗਤਾ ਰੱਖਣ ਵਾਲਾ ਕਈ ਕਵੀ (ਮਸਲਨ ਰਬਿੰਦਰਨਾਥ ਟੈਗੋਰ) ਇਤਿਹਾਸਕ ਤੱਥਾਂ ਨੂੰ ਗ਼ਲਤ ਸਮਝ ਕੇ ਕਿਸੇ ਸਮੁੱਚੀ ਕੌਮ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਗ਼ਲਤ ਰੰਗਣ ਵਿੱਚ ਪੇਸ਼ ਕਰਦਾ ਸੀ। ਮਹਿਬੂਬ ਨੂੰ ਆਪਣੇ ਸੁੱਚੇ ਜਜ਼ਬਿਆਂ ਅਤੇ ਪਾਕ ਵਲਵਲਿਆਂ ਦੇ ਆਸਰੇ ਮਾਤਰ ਸਦਕਾ ਹੀ ਕਈ ਕੌਮਾਂ, ਧਰਮਾਂ ਦੇ ਇਤਿਹਾਸ ਦਾ ਡੂੰਘਾ ਗਿਆਨ ਹੋ ਗਿਆ ਸੀ। ਬੁੱਧ ਧਰਮ ਨੂੰ ਓਸਨੇ ਅੰਤਮ ਧਰਵਾਸ ਤੋਂ ਸੱਖਣਾ ਅਤੇ ਨੀਰਸ ਪਾਇਆ,ਇਵੇਂ ਹੀ ਅਥਾਹ ਜੋਸ਼ ਕਾਰਣ ਕੁਰਾਨ ਦੇ ਡੂੰਘੇ ਅਰਥਾਂ ਤੋਂ ਇਸਲਾਮ ਦੇ ਰਿਸ਼ਤੇ ਵਿੱਚ ਤਰੇੜਾਂ ਆਉਂਦੀਆਂ ਵੇਖੀਆਂ ਜੋ ਅੱਜ ਜੱਗ ਜ਼ਾਹਰ ਹੋ ਚੁੱਕੀਆਂ ਹਨ; ਸਿੱਖ ਧਰਮ ਦੀ ਆਦਿ-ਸੁਹਿਰਦਤਾ ਅਤੇ ਸਰਬਸਾਂਝੀ ਹੂਕ ਦੇ ਆਧਾਰ ਉੱਤੇ ਆਪਣੇ-ਆਪ ਨੂੰ ਤੱਥਾਂ ਦਾ ਮੁਲਾਂਕਣ ਕਰਕੇ ਇਤਿਹਾਸ ਦਾ ਨਿਰੂਪਣ ਕਰਦੇ ਪਾਇਆ।

ਓਸਦੀ ਉੱਚੀ ਕਾਵਿਕ ਉਡਾਰੀ ਅਤੇ ਡੂੰਘੀ ਸਮਝ ਦਾ ਰਾਜ਼ ਏਸੇ ਵਿੱਚ ਹੈ ਕਿ ਓਸਨੇ ਬਹੁਗਿਣਤੀ ਦੀ ਜ਼ਿਹਨੀਅਤ ਦਾ ਅਧਿਐਨ ਕਰਕੇ ‘ਸਿੱਖ ਧਰਮ ਦੀ ਸੁਤੰਤਰ ਹਸਤੀ ਵਿਰੁੱਧ ਵੱਡੇ ਧਰਮ’ ਦੀ ਖੁਣਸ `ਚੋਂ ਉਪਜੇ ਅਮਲ ਨੂੰ ਸਪਸ਼ਟ ਪਛਾਣ ਲਿਆ। ਉਹ ਸਮਝਦਾ ਹੈ ਕਿ ਟੈਗੋਰ ਨੇ ਏਸੇ ਜ਼ਿਹਨੀਅਤ ਨੂੰ ਹੀ ‘ਇਤਿਹਾਸਕ ਟਿੱਪਣੀ ਵਿੱਚ ਢਾਲ ਲਿਆ ਹੈ’। ਡੂੰਘੀ ਅੰਤਰ-ਦ੍ਰਿਸ਼ਟੀ ਦਾ ਉਪਯੋਗ ਕਰਕੇ ਮਹਿਬੂਬ ਏਸ ਨਾਜਾਇਜ਼ ਵਿਰੋਧ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਜਾਣ ਜਾਂਦਾ ਹੈ: ‘ਅਨੇਕ ਥਾਵਾਂ-ਨਾਵਾਂ ਨਾਲ ਜੁੜੇ ਹਿੰਦੂ ਮਨ ਉੱਤੇ ਗੁਰੂ ਨਾਨਕ ਸਾਹਿਬ ਨੂੰ ਝੂਠੀ ਖੁਣਸ ਅਤੇ ਮੂੜ੍ਹ ਈਰਖਾ ਦੇ ਜੰਤ੍ਰਾਂ-ਤੰਤ੍ਰਾਂ ਵਾਲੇ ਅਥਰਵਣ-ਭਾਰ’ ਦੀ ਬਦੌਲਤ ‘ਗੁਰੂ ਸਾਹਿਬ ਵੱਲ ਖੁਣਸ ਦੀਆਂ ਅਨੇਕ ਜ਼ਹਿਰੀਲੀਆਂ ਜੀਭਾਂ ਉੱਲਰ ਆਈਆਂ ਹਨ’। ਇਤਿਹਾਸ ਵਿੱਚ ਨਿਰੰਤਰ ਹੁੰਦੇ ਏਸ ਪ੍ਰਗਟਾਵੇ ਦੇ ਪ੍ਰਮਾਣ ਜੁਟਾ ਕੇ ਮਹਿਬੂਬ ਮੌਜੂਦਾ ਸਮਿਆਂ ਤੱਕ ਪਹੁੰਚਦਾ ਹੈ ਜਦੋਂ ਕਿ ‘ਕੁਝ ਨੀਮ ਅਡੰਬਰੀ ਬ੍ਰਾਹਮਣਵਾਦੀ ਇਤਿਹਾਸਕਾਰ ਅਤੇ ਮਕਲੋਡ ਬਿਰਤੀ ਦੀ ਪੈਰਵੀ ਕਰਨ ਵਾਲੇ ਕੁਝ ਸਿੱਖ ਖੋਜੀ ਵੀ ਅਜੇਹੇ ਤੁਅਸਬੀ ਤੱਥਾਂ ਵਿੱਚ ਭਿਅੰਕਰ ਸ਼ੈਤਾਨੀ ਮਿਲਾਵਟਾਂ ਸ਼ਾਮਲ ਕਰਕੇ ਸਿੱਖ ਇਤਿਹਾਸ ਦਾ ਰੂਪ ਵਿਗਾੜ ਰਹੇ ਹਨ।’ ਬਹੁਤੇ ਸਿੱਖ ਖੋਜੀਆਂ ਨੂੰ ਓਸਨੇ ਸਿੱਖ ਧਰਮ ਦੇ ਮੌਲਿਕ ਤੱਥਾਂ ਨਾਲੋਂ ਟੁੱਟੇ ਹੋਏ ਪਾਇਆ।

ਇਹਨਾਂ ਹਾਲਤਾਂ ਵਿੱਚ ਉਹ ਸਮਝਣ ਲਗ ਪਿਆ ਕਿ ‘ਵਿਦਵਾਨਾਂ` ਦਾ ਸਟੇਟ ਦੀ ਸ੍ਰਪ੍ਰਸਤੀ ਹੇਠ ਸਿੱਖ ਇਤਿਹਾਸ ਉੱਤੇ ਉਲਾਰ ਭਾਵਨਾਵਾਂ ਲੱਦਣ ਦਾ ਭਰਪੂਰ ਜਥੇਬੰਦਕ ਅਮਲ ਗੁਰੂ ਸਾਹਿਬਾਨ ਦੀ ਪਰਮ-ਪਾਕ ਛਬੀ ਨੂੰ ਧੁੰਦਲਾ ਕਰਨ ਵਿੱਚ ਹੀ ਸਾਰਥਕ ਹੋਵੇਗਾ। ਓਸਨੇ ਪਾਇਆ ਕਿ ‘ਕਰਮਕਾਂਡ ਦੀਆਂ ਨਿਰਾਰਥਕ ਯੋਜਨਾਵਾਂ ਗੁਰੂ ਉੱਤੇ ਸੰਸਾਰਕ ਹਉਮੈ ਦਾ ਬੇਰਹਿਮ ਵਾਰ’  ਕਰਨ ਲਈ ਲਗਾਤਾਰ ਤਾਕ ਵਿੱਚ ਰਹਿੰਦੀਆਂ ਹਨ।  ਓੁਹ ਜਾਣਦਾ ਸੀ ਕਿ ਸਾਹਿਬ ਦਸਵੇਂ ਪਾਤਸ਼ਾਹ ਦਾ ਅਧਿਆਤਮਕ ਰੁਤਬਾ ਮਾਤਰ ਹੀ ਧਰਮ ਦੇ ਸੋਮਿਆਂ ਨੂੰ ਕਈ ਹਜ਼ਾਰ ਸਾਲਾਂ ਤੱਕ ਤਰੋ-ਤਾਜ਼ਾ ਰੱਖਣ ਦੇ ਕਾਬਲ ਹੈ। ਸਾਧੂ ਵਾਸਵਾਨੀ ਨੇ ਸਾਹਿਬਾਂ ਨੂੰ ਇਉਂ ਸਮਝਣ ਦੀ ਕੋਸ਼ਿਸ਼ ਕੀਤੀ ਸੀ: ‘ਦਸਮ ਗੁਰੂ ਦੀ ਸ਼ਖ਼ਸੀਅਤ ਸਤਰੰਗੀ ਪੀਂਘ ਸਮਾਨ ਹੈ। ਉਹਨਾਂ ਵਿੱਚੋਂ ਇੱਕੋ ਵੇਲੇ ਗੁਰੂ ਨਾਨਕ ਜੀ ਦੀ ਮਿੱਠਤ, ਈਸਾ ਜੀ ਵਰਗੀ ਤਰਸ ਭਰੀ ਤੱਕਣੀ, ਬੁੱਧ ਜੀ ਵਰਗਾ ਆਤਮ-ਗਿਆਨ, ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁੱਲ੍ਹ-ਡੁੱਲ੍ਹ ਪੈਂਦਾ ਜੋਸ਼, ਕ੍ਰਿਸ਼ਨ ਜੀ ਵਾਲਾ ਸੂਜਰਵੱਤ ਭਖਦਾ ਜਲੌਅ, ਰਾਮ ਜੀ ਵਾਂਗ ਪੁਰਸ਼ੋਤਮ ਦੀ ਮਰਯਾਦਾ ਸ਼ਾਹਾਂ ਵਾਲੀ ਸ਼ਾਨ ਵਿੱਚ ਵੇਖੀ ਜਾ ਸਕਦੀ ਹੈ।’ ਮਹਿਬੂਬ ਨੇ ਐਸੇ ਸਤਿਗੁਰੂ ਦੀ ਸ਼ਾਨ ਵਿੱਚ ਲਗਾਤਾਰ ਕੀਤੀਆਂ ਜਾ ਰਹੀਆਂ ਗੁਸਤਾਖੀਆਂ ਦੇ ਅੰਤਮ ਨਿਸ਼ਾਨੇ ਨੂੰ ਭਲੀ-ਭਾਂਤ ਸਮਝਿਆ। ਪਰ ਓਸਦਾ ਦ੍ਰਿੜ੍ਹ ਯਕੀਨ ਹੈ ਕਿ ‘ਗੁਰੂ ਨਾਨਕ ਸਾਹਿਬ ਦੀ ਉੱਚੀ ਸੁਰਤ ਨੂੰ ਯੱਖ ਕਰਨ ਦੀਆਂ ਕੋਸ਼ਿਸ਼ਾਂ’ ਅੰਤ ਨਾਕਾਮਯਾਬ ਹੋਣਗੀਆਂ।

ਏਸ ਯਕੀਨ ਨੂੰ ਸ਼ਬਦਾਂ ਵਿੱਚ ਸਥਾਪਤ ਕਰਨ ਲਈ ਓਸਨੇ ਆਪਣੇ ਅੰਦਰ ਵਗ ਰਹੇ ਮਹਾਂਕਾਵਿ ਦੇ ਪ੍ਰਬਲ ਵੇਗ ਨੂੰ ਵਕਤੀ (ਜੋ ਸਥਾਈ ਹੋ ਨਿੱਬੜੀ) ਅੱਧਵਾਟੇ ਠੱਲ੍ਹ ਕੇ ਸਾਹਿਬ ਦਸਵੇਂ ਪਾਤਸ਼ਾਹ ਨਾਲ ਸਬੰਧਤ ਮਹਾਂਕਾਵਿ (ਚੌਥੀ ਜਿਲਦ) ਨੂੰ ਬਾਕੀ ਕਾਵਿ-ਆਵੇਸ਼ ਤੋਂ ਪਹਿਲਾਂ ਕਲਮਬੰਦ ਕੀਤਾ। ਓਸਦਾ ਪ੍ਰਪੱਕ ਯਕੀਨ ਸੀ ਕਿ ਗੁਰੂ ਦੇ ਬਿੰਬ ਨੂੰ ਮੈਲਾ ਕਰਕੇ ਸਿੱਖੀ ਨੂੰ ਖੋਰਾ ਲਾਉਣ ਦੀਆਂ ਵਿਆਪਕ ਚਾਲਾਂ ਨੂੰ ਠੱਲ੍ਹ ਪਾਉਣ ਲਈ ਸੱਚਾਈ ਦਾ ਦਾਮਨ ਫੜ ਕੇ ਸਾਹਿਬ ਦੀ ਲਾਸਾਨੀ ਛਬੀ ਦੇ ਅਸਲ ਰੰਗ ਉਭਾਰਨਾ ਹੀ ਅਕ੍ਰਿਤਘਣ ਸਾਜਿਸ਼ਾਂ ਦਾ ਤੋੜ ਹੈ। ਖ਼ਾਲਸਾ ਅਮਲ ਨੂੰ ਂਿੲਤਿਹਾਸ ਵਿੱਚ ਉਤਾਰਨ ਦਾ ਵੀ ਸਭ ਤੋਂ ਵਧੀਆ ਤਰੀਕਾ ਓਸ ਨੂੰ ਏਹੀ ਜਾਪਿਆ : ‘ਸਿੰਘਾਂ ਸਾਹਵੇਂ ਨਿੱਖਰੇ ਅੰਤਮ ਅਮਲ ਦਾ ਰੂਪ। ਸਿੰਘ-ਸਿਦਕ ਨੂੰ ਜਦ ਮਿਲੇ ਦਸਮ ਦੀ ਛਬੀ ਅਨੂਪ।’

ਪ੍ਰੌ. ਹਰਿੰਦਰ ਸਿੰਘ ਮਹਿਬੂਬ ਦੀ ਸਾਰੀਆਂ ਕਿਤਾਬਾਂ ਖਰੀਦਣ ਲਈ ਇਹ ਤੰਦ ਛੂਹੋ

ਇਉਂ ਮਹਿਬੂਬ ਨੇ ਵੱਡਾ ਪਰੋਪਕਾਰ ਕਰਕੇ,’ਗੁਰੂ ਨਾਨਕ ਸਾਹਿਬ ਦੀ ਉੱਚੀ ਸੁਰਤ ਨੂੰ ਭੈਅ ਨਾਲ ਯੱਖ ਕਰਨ ਦੀਆਂ ਕੋਸ਼ਿਸ਼ਾਂ’ ਨੂੰ ਅੰਤ ਨਾਕਾਮਯਾਬ ਹੋਣ ਵੱਲ ਤੋਰਿਆ। ਓਸਦੀ ਨਿੰਦਾ ਕਰਨ ਵਾਲੇ ਛੋਟੇ ਕੱਦ ਦੇ ਲੋਕਾਂ ਉੱਤੇ ਓਸਦਾ ਇਹ ਸ਼ਿਅਰ ਵਾਹਵਾ ਢੁਕਦਾ ਹੈ, ‘ਜੁਗਾਂ `ਚ ਭੌਣ ਮਨੁੱਖ ਦੇ, ਵਾਂਗ ਕੀੜਿਆਂ ਜੀਣ। ਕਾਇਰਾਂ ਦੇ ਵੱਗ ਹੌਂਕਦੇ, ਖਾਲੀ ਤੇ ਪਤ ਹੀਣ।’

ਮਹਿਬੂਬ ਦੀ ਅੰਤਰ-ਦ੍ਰਿਸ਼ਟੀ ਦੇ ਮੁਕੰਮਲ ਪ੍ਰਤੀਕ ਦੇ ਪ੍ਰਮਾਣ ਵਿੱਚ ਜੇ ਕਿਸੇ ਇੱਕ ਕਵਿਤਾ ਦਾ ਹਵਾਲਾ ਦੇਣਾ ਹੋਵੇ ਤਾਂ ਓਸਦੀ ‘ਨੀਦਾਂ ਦਾ ਕਤਲ ਅਤੇ ਸ਼ਹੀਦ ਦਾ ਗ਼ਜ਼ਬ’ ਪੜ੍ਹੀ ਜਾ ਸਕਦੀ ਹੈ। ਦਰਬਾਰ ਸਾਹਿਬ ਉੱਤੇ 1984 ਦਾ ਹਮਲਾ ਓਸ ਲਈ ਅਸਹਿ ਹੈ ਅਤੇ ਸਦਾ-ਸਦਾ ਦੀ ਚੀਸ ਬਣਕੇ ਓਸਦੇ ਕਵੀ-ਮਨ ਉੱਤੇ ਕਿਸੇ ਕੁਲਹਿਣੇ ਬੱਦਲ ਵਾਂਗ ਛਾ ਗਿਆ ਹੈ। ਮਹਿਬੂਬ ਦਾ ਸਿਦਕ ਓਸਨੂੰ ਕਾਵਿ ਸੰਕੇਤਾਂ, ਲੁਕਵੇਂ ਲਫ਼ਜ਼ਾਂ, ਧੁੰਦਲੇ ਸੁਨੇਹਿਆਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ। ਉਹ ਬੇਬਾਕ ਸਾਫ਼ਗੋਈ ਦਾ ਪੱਲਾ ਫੜਦਾ ਹੈ ਅਤੇ ਬਖ਼ੌਫ਼ ਹੋਕੇ ਗੱਲਾਂ ਕਰਦਾ ਹੈ ਓਸ ‘ਡੈਣ ਸਰਾਲ’ ਦੀਆਂ ਜਿਸ ਨੇ ਚੁੱਪ-ਚੁਪੀਤੇ ‘ਸਰਕਦਾ ਘੇਰਾ’ ਦਰਬਾਰ ਨੂੰ ਪਾਇਆ। ਓਸਦਾ ਰੋਹ ਇਤਿਹਾਸ ਦੀਆਂ ‘ਕੁਪੱਤੀਆਂ ਡੈਣਾਂ’ ਜਿਨ੍ਹਾਂ ਨੇ ‘ਮੇਰੀ ਕੌਮ ਦੇ ਬੱਚੜੇ ਭੋਲੇ ਡੂੰਘੀ ਨੀਂਦ `ਚ’ ਮਾਰਨ ਦੇ ਬਾਨ੍ਹਣੂੰ ਸਦੀਆਂ ਤੱਕ ਬੰਨ੍ਹੇ, ਉੱਤੇ ਝੜਦਾ ਹੈ। ਓਸਦਾ ਇਸ਼ਾਰਾ ਸਦੀਆਂ ਦੀਆਂ ਪਾਲੀਆਂ ਖੁਣਸਾਂ ਵੱਲ ਹੈ ਜਿਹੜੀਆਂ ਓਸ ਰਾਤ ਟੈਂਕ, ਤੋਪਾਂ ਲੈ ਕੇ ਗੁਰੂ ਦੇ ਦਰਬਾਰ ਉੱਤੇ ਹਮਲਾਵਰ ਹੋਈਆਂ।

ਵਕਤੀ ਜਿੱਤਾਂ ਦੇ ਜਸ਼ਨ ਮਨਾਉਂਦਿਆਂ ਨੂੰ ਉਹ ਆਪਣੇ ਸਾਬਤ ਯਕੀਨ ਵਿੱਚੋਂ ਤਾਕੀਦ ਕਰਦਾ ਹੈ, ‘ਕਰੇ ਹਿਰਸ ਦੀ ਜੰਗ ਮੈਲਾ ਜਗਤ ਨੂੰ।’

ਸਦੀਆਂ ਬੀਤ ਜਾਣਗੀਆਂ ਪਰ ਏਸ ਪਰੋਪਕਾਰੀ ਫ਼ਕੀਰ ਹਰਿੰਦਰ ਸਿੰਘ ਮਹਿਬੂਬ ਦੀ ਪਾਕ ਹੂਕ ਸੱਚ ਦੇ ਢੂੰਡਾਊ ਇੱਕ ਪਲ਼ ਵੀ ਵਿਸਾਰ ਨਹੀਂ ਸਕਣਗੇ। ਓਸਦੇ ਆਪਣੇ ਸ਼ਬਦਾਂ ਵਿੱਚ: ਅਸਗਾਹਾਂ ਤੱਕ ਸੁਣੇ ਸੀ, ਕੌਲ ਇਲਾਹੀ ਮੀਨ। ਰਾਹ ਦੱਸੇ ਉਹ ਜਿਨ੍ਹਾਂ `ਤੇ, ਧਰਮ ਸਦਾ ਹੀ ਜੀਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,