ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋ. ਕਮੇਟੀ ਵਲੋਂ ਪਰੇਸ਼ਾਨ ਕਰਨ ਕਰਕੇ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵਲੋਂ ਅਸਤੀਫਾ

October 3, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਤੰਬਰ 2015 ਵਿੱਚ ਡੇਰਾ ਸਿਰਸਾ ਮੁੱਖੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਵਲੋਂ ਦਿੱਤੀ ਗਈ ਬਿਨਮੰਗੀ ਮੁਆਫੀ ਦੇ ਹੁਕਮ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੀ ਸਰਕਾਰੀ ਕੋਠੀ ਤੋਂ ਜਥੇਦਾਰਾਂ ਨੂੰ ਮਿਲੇ ਸਨ, ਦਾ ਇੰਕਸ਼ਾਫ ਕਰਨ ਵਾਲੇ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਨੇ ਕਮੇਟੀ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕਰਨ ਕਾਰਣ ਕਮੇਟੀ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ

ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਇਕ ਪੱਤਰ ਰਾਹੀਂ ਗਿਆਨੀ ਗੁਰਮੁੱਖ ਸਿੰਘ ਦੇ ਛੋਟੇ ਭਰਾ ਭਾਈ ਹਿੰਮਤ ਸਿੰਘ, ਸਹਾਇਕ ਗ੍ਰੰਥੀ ਗੁ: ਧਮਤਾਨ ਸਾਹਿਬ ਜੀਂਦ ਨੇ ਦੱਸਿਆ ਹੈ ਕਿ ਜਥੇਦਾਰਾਂ ਨੂੰ ਡੇਰਾ ਮੁਖੀ ਨੂੰ ਮੁਆਫ ਕਰਨ ਵਾਲੇ ਬਾਦਲਾਂ ਦੇ ਆਦੇਸ਼ ਦਾ ਖੁਲਾਸਾ ਗਿਆਨੀ ਗੁਰਮੁਖ ਸਿੰਘ ਹੁਰਾਂ ਕੀਤਾ ਸੀ ਤੇ ਮੇਰਾ ਇਸ ਨਾਲ ਕੋਈ ਲੈਣ ਦੇਣ ਨਹੀਂ ਸੀ। ਉਸਨੇ ਦੱਸਿਆ ਹੈ ਕਿ ਮੈਨੂੰ ਕਮੇਟੀ ਅਧਿਕਾਰੀਆਂ, ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵਲੋਂ ਪ੍ਰੇਸ਼ਾਨ ਕੀਤਾ ਗਿਆ ਹੈ। ਭਾਈ ਹਿੰਮਤ ਸਿੰਘ ਨੇ ਲਿਖਿਆ ਹੈ ਕਿ ਭੰਗਾਲੀ ਜੋ ਕਿ ਬਾਦਲ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਚਹੇਤਾ ਤੇ ਥਾਪੜਾ ਪ੍ਰਾਪਤ ਹਨ ਉਹ ਇਸ ਮਸਲੇ ‘ਤੇ ਕੁਝ ਜ਼ਿਆਦਾ ਹੀ ਉਤੇਜਤ ਹੈ ਜਿਸਤੋਂ ਪਤਾ ਲਗਦਾ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਜਾਇਦਾਦ ਬਣਕੇ ਰਹਿ ਗਈ ਹੈ ਤੇ ਕਮੇਟੀ ਦੇ ਅਧਿਕਾਰੀ ਉਹੀ ਕੰਮ ਕਰਦੇ ਹਨ ਜੋ ਇਨ੍ਹਾਂ ਦੇ ਸਿਆਸੀ ਆਕਾ ਬਾਦਲ ਪਰਿਵਾਰ ਹੁਕਮ ਕਰਦਾ ਹੈ।

ਹਿੰਮਤ ਸਿੰਘ ਵਲੋਂ ਦਿੱਤੇ ਅਸਤੀਫੇ ਦੀ ਕਾਪੀ:

letter from himmat singh

letter from himmat singh 2

ਭਾਈ ਹਿੰਮਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਪਤਨੀ ਨੂੰ ਦਿਮਾਗੀ ਬੀਮਾਰੀ ਹੋਣ ਕਾਰਣ ਅਟੈਕ ਵੀ ਹੋ ਚੁਕਾ ਹੈ। ਬੱਚਿਆਂ ਦੀ ਉਮਰ ਵੀ 11 ਤੇ 13 ਸਾਲ ਹੈ ਪਰ ਸ਼੍ਰੋਮਣੀ ਕਮੇਟੀ ਅਧਿਕਾਰੀ ਕਿਸੇ ਦਲੀਲ ਅਪੀਲ ਨੁੰ ਸੁਣਨ ਲਈ ਤਿਆਰ ਨਹੀਂ ਹਨ। ਉਸਨੇ ਇਹ ਵੀ ਲਿਖਿਆ ਹੈ ਕਿ ਕਮੇਟੀ ਅਧਿਕਾਰੀਆਂ ਨੇ ਉਸਨੂੰ ਆਪਣੇ ਭਰਾ ਗਿਆਨੀ ਗੁਰਮੁੱਖ ਸਿੰਘ ਖਿਲਾਫ ਵਰਤਣ ਲਈ ਪੂਰੀ ਵਾਹ ਲਾਇਆ, ਜਦੋਂ ਗੱਲ ਨਾ ਬਣੀ ਤਾਂ ਸਜ਼ਾ ਵਜੋਂ ਮੇਰੀ ਬਦਲੀ ਗੁਰਦੁਆਰਾ ਧਮਤਾਨ, ਹਰਿਆਣਾ ‘ਚ ਕਰ ਦਿੱਤੀ।

ਹਿੰਮਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗਿਆਨੀ ਗੁਰਮੁੱਖ ਸਿੰਘ ਪਾਸੋਂ ਸੱਚ ਸਾਹਮਣੇ ਲਿਆਉਣ ਵਿੱਚ ਸ਼੍ਰੋਮਣੀ ਕਮੇਟੀ ਸਕੱਤਰ ਡਾ: ਰੂਪ ਸਿੰਘ, ਧਰਮ ਪ੍ਰਚਾਰ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾ ਨੇ ਅਹਿਮ ਭੂਮਿਕਾ ਨਿਭਾਈ ਹੈ। ਹਿੰਮਤ ਸਿੰਘ ਨੇ ਚਿੱਠੀ ‘ਚ ਲਿਖਿਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਮਾਲੇ ਵਿੱਚ ਇਹ ਅਧਿਕਾਰੀ ਨਿਰੰਤਰ ਗਿਆਨੀ ਗੁਰਮੁਖ ਸਿੰਘ ਹੁਰਾਂ ਨੂੰ ਕਹਿੰਦੇ ਰਹੇ ਹਨ ਕਿ ਬਾਦਲਾਂ ਨੇ ਤਾਂ ਗਲਤ ਕੰਮ ਕਰਵਾ ਲਿਆ ਹੈ ਤੁਸੀਂ ਅੱਗੇ ਆਕੇ ਸੱਚ ਸੰਗਤਾਂ ਸਾਹਮਣੇ ਲਿਆਉ।

ਭਾਈ ਹਿੰਮਤ ਸਿੰਘ ਨੇ ਇਹ ਅਸਤੀਫਾ ਅੱਜ ਫੈਕਸ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੀਏ ਅਵਤਾਰ ਸਿੰਘ ਸਕੱਤਰ ਨੂੰ ਭੇਜਿਆ ਹੈ ਅਤੇ ਡਾਕ ਰਾਹੀਂ ਵੀ ਭੇਜ ਦਿੱਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਭਾਈ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਉਹ ਆਪ ਪੇਸ਼ ਹੋਕੇ ਉਹ ਤੱਥ ਸਾਹਮਣੇ ਰੱਖਣਗੇ ਜਿਸਦੇ ਉਹ ਗਵਾਹ ਹਨ।

ਸਬੰਧਤ ਖ਼ਬਰ:

ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,