ਖਾਸ ਖਬਰਾਂ » ਸਿੱਖ ਖਬਰਾਂ

ਹੋਲੇ ਮਹੱਲੇ ‘ਤੇ ਘੋੜ ਦੌੜਾਂ ਰੋਕਣਾਂ ਸਿੱਖ ਵਿਰੋਧੀ ਤਾਕਤਾਂ ਦੀ ਗੰਭੀਰ ਸਾਜ਼ਿਸ਼: ਗਿਆਨੀ ਰਘਬੀਰ ਸਿੰਘ

February 18, 2018 | By

ਸ੍ਰੀ ਆਨੰਦਪੁਰ ਸਾਹਿਬ: ਭਾਰਤ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਘੋੜਿਆਂ ਨੂੰ ਲੱਗਣ ਵਾਲੀ ਗਲਾਂਡਰਜ ਨਾਮੀਂ ਬਿਮਾਰੀ ਬਾਰੇ ਹਦਾਇਤਾਂ ਜਾਰੀ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦਰਮਿਆਨ ਕਿਸਾਨ ਹਵੇਲੀ ਵਿੱਚ ਗਲਾਂਡਰਜ ਨਾਮੀਂ ਬਿਮਾਰੀ ਦੇ ਫੈਲਣ ਬਾਰੇ ਇੱਕ ਬੈਠਕ ਕੀਤੀ ਗਈ।

ਨਿਹੰਗ ਸਿੰਘ ਜਥੇਬੰਦੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਬੈਠਕ ਦੀ ਤਸਵੀਰ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀ ਚਿੱਠੀ ਦਾ ਹਵਾਲਾ ਦੇ ਕੇ ਘੋੜਿਆਂ ਨੂੰ ਲੱਗਣ ਵਾਲੀ ਗਲਾਂਡਰਜ ਬਿਮਾਰੀ ਬਾਰੇ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਨਿਹੰਗ ਸਿੰਘਾਂ ਨੇ ਪ੍ਰਸ਼ਾਸਨ ਦਾ ਸਾਥ ਦੇਣ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਮਹੱਲੇ ਦੌਰਾਨ ਘੋੜੇ ਲਿਆਉਣਾ ਤੇ ਦੌੜਾਂ ਕਰਵਾਉਣੀਆਂ ਗੁਰੂ ਕਾਲ ਤੋਂ ਚੱਲਦੀ ਆ ਰਹੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਘੋੜਿਆਂ ਦੇ ਟਿਕਾਣਿਆਂ ਬਾਰੇ ਦੱਸ ਦੇਣਗੇ ਅਤੇ ਉਹ ਸਾਰੇ ਘੋੜਿਆਂ ਦੇ ਸੈਂਪਲ ਲੈ ਲੈਣ ਤੇ ਦੋ-ਤਿੰਨ ਦਿਨਾਂ ’ਚ ਰਿਪੋਰਟ ਆਉਣ ਤੇ ਉਨ੍ਹਾਂ ਨੂੰ ਦੱਸ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਉਹ ਬਿਮਾਰ ਘੋੜਾ ਛੱਡ ਦੇਣਗੇ ਅਤੇ ਠੀਕ ਘੋੜੇ ਹੀ ਹੋਲੇ ਮਹੱਲੇ ਦੌਰਾਨ ਲੈ ਕੇ ਜਾਣਗੇ। ਡੀਸੀ ਗੁਰਨੀਤ ਤੇਜ਼ ਨੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਹਦਾਇਤ ਕੀਤੀ ਕਿ ਐਤਵਾਰ ਤੋਂ ਸਾਰੇ ਘੋੜਿਆਂ ਦੇ ਨਮੂਨੇ ਲਏ ਜਾਣ ਅਤੇ ਅਗਲੇ 48 ਘੰਟਿਆਂ ਵਿੱਚ ਰਿਪੋਰਟ ਆਉਣ ਤੋਂ ਬਾਅਦ ਸੂਚਿਤ ਕੀਤਾ ਜਾਵੇ।

ਸਬੰਧਤ ਖ਼ਬਰ:  ਹੋਲੇ ਮਹੱਲੇ ਵਿੱਚ ਘੋੜ ਦੌੜਾਂ ‘ਤੇ ਗਲਾਂਡਰਜ਼ ਬਿਮਾਰੀ ਦਾ ਅਸਰ ਪੈਣ ਦਾ ਖਦਸ਼ਾ

ਦੂਜੇ ਪਾਸੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਘੋੜਿਆਂ ਦੀ ਦੌੜ ਰੋਕਣ ਨੂੰ ਸਿੱਖ ਵਿਰੋਧੀ ਤਾਕਤਾਂ ਦੀ ਗੰਭੀਰ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵੇਲੇ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਕਰਦੀਆਂ ਰਹਿੰਦੀਆਂ ਹਨ ਅਤੇ ਇਸ ਵਾਰ ਘੋੜਿਆਂ ਨੂੰ ਰੋਕਣਾ ਵੀ ਇਸੇ ਸਾਜ਼ਿਸ਼ ਦਾ ਨਤੀਜਾ ਹੈ।

ਇਸ ਬੈਠਕ ਵਿੱਚ ਡੀਸੀ ਗੁਰਨੀਤ ਤੇਜ਼, ਜ਼ਿਲ੍ਹਾ ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ, ਏਡੀਸੀ ਲਖਮੀਰ ਸਿੰਘ, ਐੱਸਡੀਐੱਮ ਰਾਕੇਸ਼ ਕੁਮਾਰ ਗਰਗ ਅਤੇ ਰੂਹੀ ਦੁੱਗ, ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਏ ਐਸ ਮੁਲਤਾਨੀ, ਡਿਪਟੀ ਡਾਇਰੈਕਟਰ ਮਧੂ ਕੇਸ਼ ਪਲਟਾ ਅਤੇ ਚੰਡੀਗੜ੍ਹ ਤੋਂ ਆਈ ਟੀਮ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਨਿਹੰਗ ਮੁਖੀ 96ਵੇਂ ਕਰੋੜੀ ਬਲਵੀਰ ਸਿੰਘ, ਜਥੇਦਾਰ ਬਾਬਾ ਸੁਮਿੱਤਰ ਸਿੰਘ, ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਪਾਲ ਸਿੰਘ ਅਤੇ ਬਾਬਾ ਪਿਆਰਾ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,