ਸਿਆਸੀ ਖਬਰਾਂ » ਸਿੱਖ ਖਬਰਾਂ

ਆਈ. ਜੀ. ਉਮਰਾਨੰਗਲ ਮੁਅੱਤਲ; ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਨੇ ਜੋਰ ਫੜਿਆ

March 2, 2019 | By

ਚੰਡੀਗੜ੍ਹ: ਸਾਲ 2015 ਚ ਵਾਪਰੇ ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਉੱਚ ਅਫਸਰ (ਆਈ.ਜੀ.) ਪਰਮਰਾਜ ਉਮਰਾਨੰਗਲ ਨੂੰ ਪੰਜਾਬ ਸਰਕਾਰ ਵਲੋਂ ਮੁਅੱਲਤ ਕਰ ਦਿੱਤਾ ਗਿਆ ਹੈ। ਇਹ ਮੁਅੱਤਲੀ ਪਰਮਰਾਜ ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਨੌ ਦਿਨ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਦੇ ਬਾਵਜੂਦ ਪਰਮਰਾਜ ਉਮਰਾਨੰਗਲ ਨੂੰ ਨੌਕਰੀ ਤੋਂ ਮੁਅੱਤਲ ਨਾ ਕਰਨ ਕਰਕੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਉੱਤੇ ਸਵਾਲ ਉੱਠ ਰਹੇ ਸਨ ਕਿ ਉਹ ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਮਾਮਲਿਆਂ ਵਿਚ ਗ੍ਰਿਫਤਾਰ ਪੁਲਿਸ ਵਾਲਿਆਂ ਨਾਲ ਨਰਮੀ ਵਾਲਾ ਵਰਤਾਓ ਕਰ ਰਹੀ ਹੈ। ਬੀਤੇ ਕੱਲ ਸਾਹਮਣੇ ਆਈ ਜਾਣਕਾਰੀ ਮੁਤਾਬਕ 27 ਫਰਵਰੀ ਨੂੰ ਪੰਜਾਬ ਸਰਕਾਰ ਨੇ ਘਰੇਲੂ ਮਾਮਲਿਆਂ ਦੇ ਮਹਿਕਮੇਂ ਦੇ ਸਕੱਤਰ ਵਲੋਂ ਸੇਵਾ ਨਿਯਮਾਂ ਦਾ ਹਵਾਲਾ ਦਿੰਦਿਆਂ ਪਰਮਰਾਜ ਉਮਰਾਨੰਗਲ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਸਨ ਤੇ ਕਿਹਾ ਸੀ ਕਿ ਫੌਜਦਾਰੀ ਮਾਮਲੇ ਵਿਚ 48 ਘੰਟੇ ਤੋਂ ਵੱਧ ਹਿਰਾਸਤ ਵਿਚ ਰਹਿਣ ਕਾਰਨ ਪਰਮਰਾਜ ਉਮਰਾਨੰਗਲ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਰਮਰਾਜ ਉਮਰਾਨੰਗਲ ਨੂੰ 18 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਪਰਮਰਾਜ ਉਮਰਾਨੰਗਲ (ਖੱਬੇ), ਸੁਮੇਧ ਸੈਣੀ (ਸੱਜੇ) [ਪੁਰਾਣੀਆਂ ਤਸਵੀਰਾਂ]

ਇਸੇ ਦੌਰਾਨ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਹੁਣ ਹੋਰ ਵੀ ਜੋਰਦਾਰ ਤਰੀਕੇ ਨਾਲ ਉੱਠ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਵੇਲੇ ਪੰਜਾਬ ਪੁਲਿਸ ਵਲੋਂ 14 ਅਕਤੂਬਰ 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸਾਕੇ ਵਰਤਾਏ ਗਏ ਸਨ ਤੇ ਬਹਿਬਲ ਕਲਾਂ ਵਿਖੇ ਸਿੱਖ ਸੰਗਤਾਂ ਉੱਤੇ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਦੋਂ ਸੁਮੇਧ ਸੈਣੀ ਹੀ ਪੰਜਾਬ ਪੁਲਿਸ ਦਾ ਮੁਖੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਕਾਰਵਾਈ ਦੇ ਹੁਕਮ ਸੁਮੇਧ ਸੈਣੀ ਵਲੋਂ ਹੀ ਦਿੱਤੇ ਗਏ ਸਨ।

ਪੁਰਾਣੀ ਤਸਵੀਰ: ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਸੰਗਤਾਂ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਹੋਈਆਂ (2015)

ਇਹਨਾਂ ਘਟਨਾਵਾਂ ਦੀ ਪੜਤਾਲ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੇ ਆਪਣੇ ਜਾਂਚ ਲੇਖੇ ਵਿਚ ਇਹ ਗੱਲ ਦੀ ਤਸਦੀਕ ਕੀਤੀ ਸੀ ਕਿ ਪੁਲਿਸ ਕਾਰਵਾਈ ਬੇਲੋੜੀ ਸੀ ਕਿਉਂਕਿ ਸਿੱਖ ਸੰਗਤਾਂ ਸ਼ਾਤਮਈ ਧਰਨੇ ਉੱਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਸਨ। ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਇਕ ਖਾਸ ਜਾਂਚ ਦਲ (ਸਿੱਟ) ਬਣਾਈ ਗਈ ਹੈ ਜਿਸ ਵਲੋਂ ਹੀ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਤੇ ਹੁਣ ਮੁਅੱਤਲ ਹੋਏ ਆਈ.ਜੀ. ਪਰਮਰਾਜ ਉਮਰਾਨੰਗਲ ਦੀ ਗ੍ਰਿਫਤਾਰੀ ਕੀਤੀ ਗਈ ਹੈ। ਸਿੱਟ ਨੇ ਸੁਮੇਧ ਸੈਣੀ ਨੂੰ ਵੀ ਬੁਲਾ ਕੇ ਪੁੱਛ ਗਿੱਛ ਕੀਤੀ ਹੈ ਪਰ ਸਿੱਖ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਹਨ ਕਿ ਉਸਨੂੰ ਗ੍ਰਿਫਤਾਰ ਕਰਕੇ ਤੇ ਹਿਰਾਸਤ ਵਿਚ ਰੱਖ ਕੇ ਪੁੱਛ ਗਿੱਛ ਕੀਤੀ ਜਾਵੇ। ਦਲ ਖਾਲਸਾ ਜਥੇਬੰਦੀ ਨੇ ਇਕ ਬਿਆਨ ਜਾਰੀ ਕਰਕੇ ਅਮਰਿੰਦਰ ਸਰਕਾਰ ਤੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

⊕ ਵਧੇਰੇ ਵੇਰਵਿਆਂ ਲਈ ਤੁਸੀਂ ਹੇਠਲੀਆਂ ਤੰਦਾਂ ਛੂਹ ਕੇ ਸਾਡੇ ਵੱਲੋਂ ਅੰਗਰੇਜ਼ੀ ਵਿਚ ਸਾਂਝੀਆਂ ਕੀਤੀਆਂ ਗਈਆਂ ਖਬਰਾਂ ਪੜ੍ਹ ਸਕਦੇ ਹੋ –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,