ਸਿੱਖ ਖਬਰਾਂ

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਪ੍ਰਵਾਣ ਕੀਤੇ ਗਏ ਸੱਤ ਮਤੇ

September 6, 2021 | By

ਅੰਮ੍ਰਿਤਸਰ: ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਪ੍ਰਵਾਣ ਕੀਤੇ ਗਏ ਮਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਹਨ ਜੋ ਕਿ ਹੇਠਾਂ ਇੰਨ ਬਿੰਨ ਸਾਂਝੀ ਕੀਤੀ ਜਾ ਰਹੇ ਹਨ:-

ਮਿਤੀ 06.09.2021

ਸ਼ਹੀਦੀ ਸਮਾਗਮ ਦੌਰਾਨ ਪਾਸ ਹੋਏ ਮਤੇ

  1. ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਜੁੜ ਬੈਠਾ ਅੱਜ ਦਾ ਸਮਾਗਮ ਸ਼੍ਰ: ਖਾਲੜਾ ਤੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਹਜ਼ਾਰਾਂ ਨੌਜਵਾਨਾਂ, ਬੀਬੀਆਂ, ਬੱਚਿਆਂ, ਬਜੁਰਗਾਂ ਨੂੰ ਭਰਪੂਰ ਸ਼ਰਧਾਂਜਲੀ ਦਿੰਦਾ ਹੈ ਅਤੇ ਧਰਮਯੁਧ ਮੋਰਚੇ ਦੌਰਾਨ ਸ਼ਹੀਦ ਹੋਏ ਸਾਰੇ ਸਿੱਖਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜੈਬ ਘਰ ਵਿੱਚ ਸਸ਼ੋਭਤ ਕਰਨ ਦੀ ਮੰਗ ਕਰਦਾ ਹੈ।ਸਮਾਗਮ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜੈਬ ਘਰ ਵਿੱਚ ਲਾਉਣ ਦੀ ਪੁਰਜੋਰ ਮੰਗ ਕਰਦਾ ਹੈ।
  2. ਅੱਜ ਦਾ ਸਮਾਗਮ ਸਮਝਦਾ ਹੈ ਕਿ ਮੰਨੂਵਾਦੀਏ ਤੇ ਦਿੱਲੀ ਮਾਡਲ ਦੀਆਂ ਹਾਮੀ ਧਿਰਾਂ ਕਾਂਗਰਸ, ਭਾਜਪਾ, ਆਰ.ਐਸ.ਐਸ, ਬਾਦਲਕੇ, ਕੇਜਰੀਵਾਲਕੇ, ਕੈਪਟਨਕੇ ਪੰਜਾਬ ਵਿੱਚੋਂ ਸਿੱਖੀ ਤੇ ਸਿਖਾਂ ਨੂੰ ਹੀ ਨਹੀਂ ਸਗੋਂ ਕਿਸਾਨਾਂ, ਗਰੀਬਾਂ ਨੂੰ ਮਨਫੀ ਕਰਨਾ ਚਾਹੁੰਦੀਆਂ ਹਨ।ਗੁਰੂ ਸਾਹਿਬਾਨ ਤੇ ਕਰਤਾਰਪੁਰ ਸਾਹਿਬ ਦੀ ਸਰਬੱਤ ਦੇ ਭਲੇ,ਦਬਿਆਂ ਕੁਚਲਿਆਂ ਨਿਮਾਣਿਆਂ ਨਿਤਾਣਿਆਂ ਦੀ ਬਾਂਹ ਫੜਨ ਤੇ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਦੀ ਸੇਧ ਇਨ੍ਹਾਂ ਧਿਰਾਂ ਦੇ ਢਿਡੀਂ ਪੀੜਾਂ ਪਾ ਰਹੀ ਹੈ।ਦਿੱਲੀ ਨਾਗਪੁਰ ਦੀਆਂ ਹਾਮੀ ਇਹ ਧਿਰਾਂ ਮਲਕਭਾਗੋਆਂ, ਅੰਬਾਨੀਆਂ, ਅਡਾਨੀਆਂ, ਟਾਟਿਆਂ, ਬਿਰਲਿਆਂ, ਬਾਦਲਾਂ, ਕੈਪਟਨਾਂ ਦਾ ਬੋਲ ਬਾਲਾ ਹੀ ਨਹੀਂ ਚਾਹੁੰਦੀਆਂ ਇਹ ਧਿਰਾਂ ਜੁਲਮ ਦਾ ਬੋਲਬਾਲਾ ਤੇ ਲੁਟ ਘਸੁਟ ਦਾ ਬੋਲ ਬਾਲਾ ਚਾਹੁੰਦੀਆਂ ਹਨ।ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਲਈ ਇਨ੍ਹਾਂ ਧਿਰਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਝੂਠੇ ਮੁਕਾਬਲੇ ਬਣਾ ਕੇ,ਨਵੰਬਰ 84 ਕਤਲੇਆਮ ਕਰਾਕੇ,ਨਸ਼ਿਆਂ ਰਾਹੀਂ ਜਵਾਨੀ ਦਾ ਘਾਣ ਕਰਕੇ,ਜਾਇਦਾਦਾਂ ਦੇ ਅੰਬਾਰ ਲਾਕੇ,ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ, ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਅੱਤਵਾਦ ਫੈਲਾਇਆ ਹੈ।

  3. ਅੱਜ ਦਾ ਸਮਾਗਮ ਦਿੱਲੀ ਬਾਰਡਰਾਂ ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਕਿਸਾਨ ਮੋਰਚੇ ਦੀ ਪੁਰਜੋਰ ਹਮੈਤ ਕਰਦਾ ਹੈ ਅਤੇ ਸਮਝਦਾ ਹੈ ਕਿ ਮੰਨੂਵਾਦੀਆਂ ਦਾ ਝੂਠਾ ਵਿਕਾਸ ਤੇ ਝੂਠਾ ਇਨਸਾਫ ਸਾਰੇ ਸੰਸਾਰ ਸਾਹਮਣੇ ਨੰਗਾ ਹੋ ਗਿਆ ਹੈ।ਸਮਾਗਮ ਸਮਝਦਾ ਹੈ ਕਿ ਦਿੱਲੀ ਮਾਡਲ ਦੇ ਹਾਮੀ ਨਾਅਰੇ ਗਰੀਬੀ ਹਟਾਓ,ਸਭ ਕਾ ਸਾਥ-ਸਭ ਕਾ ਵਿਕਾਸ,ਰਾਜ ਨਹੀਂ ਸੇਵਾ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਲਾਉਂਦੇ ਰਹੇ ਪਰ ਕਿਸਾਨ, ਗਰੀਬ ਲਗਾਤਾਰ ਖੁਦਕਸ਼ੀਆਂ ਦੇ ਰਾਹ ਪੈ ਗਿਆ। ਅੰਬਾਨੀ, ਅਡਾਨੀ, ਟਾਟੇ, ਬਿਰਲੇ, ਰਾਮਦੇਵ ਵਰਗੇ ਗਿਣਤੀ ਦੇ ਚੰਦ ਘਰਾਣੇ ਮਲਕ ਭਾਗੋਆਂ ਦੇ ਟੋਲੇ ਦੇਸ਼ ਦੀ 70% ਜਾਇਦਾਦ ਤੇ ਕਾਬਜ ਹੋ ਗਏ।ਸਮਾਗਮ ਮਲਕ ਭਾਗੋਆਂ ਦੇ ਟੋਲੇ ਦੀਆਂ ਜਾਇਦਾਦਾਂ ਦਾ ਤੁਰੰਤ ਕੌਮੀਕਰਨ  ਕਰਨ ਦੀ ਮੰਗ ਕਰਦਾ ਹੈ।ਸਮਾਗਮ ਚਾਹੁੰਦਾ ਹੈ ਕਿ ਸਰਬੱਤ ਦੇ ਭਲੇ ਲਈ ਕਾਰਪੋਰੇਟ ਘਰਾਣਿਆਂ ਤੇ ਬਾਕੀ ਕਾਰੋਬਾਰਾਂ ਲਈ ਜਾਇਦਾਦ ਬਣਾਉਣ ਦੀ ਹੱਦ ਮਿਥੀ ਜਾਵੇ।

  4. ਅੱਜ ਦਾ ਸਮਾਗਮ ਪੰਥ ਤੇ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ 84 ਵਾਲਿਆਂ, ਬੇਅਦਬੀ ਦਲ, ਮੰਨੂਵਾਦੀਆਂ ਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਆਦਿ ਦੀਆਂ ਜਾਇਦਾਦਾਂ ਦੀ ਤੁਰੰਤ ਪੜਤਾਲ ਕਰਾਕੇ ਪਾਪਾਂ ਨਾਲ ਬਣੀਆਂ ਜਾਇਦਾਦਾਂ ਜਬਤ ਕਰਨ ਦੀ ਮੰਗ ਕਰਦਾ ਹੈ।ਸਮਾਗਮ ਦਿੱਲੀ ਮਾਡਲ ਨੂੰ ਹਾਰ ਦੇ ਕੇ ਕਿਸਾਨ-ਗਰੀਬ ਕਰਜਾ ਮੁਕਤ,ਪੰਜਾਬ ਕਰਜਾ ਮੁਕਤ ਅਤੇ ਪੰਜਾਬ ਦੁਸ਼ਟ ਮੁਕਤ ਕਰਨ ਦੀ ਹਮੈਤ ਕਰਦਾ ਹੈ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ,ਨਸ਼ਿਆਂ ਦੇ ਵੱਡੇ ਮਗਰਮੱਛਾਂ,ਬੇਅਦਬੀਆਂ ਦੇ ਦੋਸ਼ੀਆਂ ਦੀ ਫੌਰੀ ਗਿਰਫਤਾਰੀ ਦੀ ਮੰਗ ਕਰਦਾ ਹੈ। ਸਮਾਗਮ ਐਨ.ਆਈ ਦੁਆਰਾ ਅਜ ਤੱਕ ਕੀਤੀਆਂ ਗ੍ਰਿਫਤਾਰੀਆਂ ਦੀ ਨਿਰਪੱਖ ਪੜਤਾਲ ਦੀ ਮੰਗ ਕਰਦਾ ਹੈ ਅਤੇ ਸਰਕਾਰ ਕੋਲੋ ਐਨ.ਆਈ ਦੇ ਦਾਖਲੇ ਤੇ ਪਾਬੰਦੀ ਦੀ ਮੰਗ ਕਰਦਾ ਹੈ।ਸਮਾਗਮ ਪੰਜਾਬ ਦੀ ਸਮੂਹ ਲੋਕਾਈ ਨੂੰ ਅਪੀਲ ਕਰਦਾ ਹੈ ਕਿ ਪੰਥ ਪੰਜਾਬ,ਕਿਸਾਨ,ਗਰੀਬ ਦੇ ਭਲੇ ਲਈ 84 ਵਾਲਿਆਂ, ਮੰਨੂਵਾਦੀਆਂ, ਬਾਦਲਕਿਆਂ, ਆਰ.ਐਸ.ਐਸ ਤੇ ਕੇਜਰੀਵਾਲਕਿਆਂ ਦਾ ਸਮਾਜਕ ਬਾਈਕਾਟ ਕਰਨ ਅਤੇ ਆ ਰਹੀਆਂ ਚੋਣਾਂ ਵਿੱਚ ਕਰਤਾਰਪੁਰ ਸਾਹਿਬ ਮਾਡਲ ਦੇ ਹਾਮੀਆਂ ਦਾ ਸਾਥ ਦੇਣ।

  5. ਸਮਾਗਮ ਜਲਿਆਂਵਾਲਾ ਬਾਗ ਤੇ ਸ਼੍ਰੀ ਦਰਬਾਰ ਸਾਹਿਬ ਅੰਦਰ ਸੰੁਦਰੀਕਰਨ ਦੇ ਨਾਂ ਹੇਠ ਜਬਰ ਜੁਲਮ ਦਾ ਖੁਰਾ ਖੋਜ ਮਿਟਾਉਣ ਦਾ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲਾਂ ਦੀ ਭਰਪੂਰ ਨਿੰਦਾ ਕਰਦਿਆਂ ਇਨ੍ਹਾਂ ਨੂੰ ਲੱਖ ਲੱਖ ਲਾਹਨਤਾਂ ਪਾਉਂਦਾ ਹੈ। ਸਮਾਗਮ ਸਮਝਦਾ ਹੈ ਕਿ ਭਾਵੇਂ ਸ਼੍ਰੀ ਦਰਬਾਰ ਸਾਹਿਬ ਦੇ ਸੰੁਦਰੀਕਰਨ ਦੀ ਯੋਜਨਾ ਸੀ ਜਾਂ ਜਲਿਆਂਵਾਲਾ ਬਾਗ ਦੀ,ਨਿਸ਼ਾਨਾ ਇਕੋ ਸੀ ਫੌਜੀ ਹਮਲੇ ਦਾ ਖੁਰਾ ਖੋਜ ਮਿਟਾਉਣਾ ਤੇ ਜਨਰਲ ਡਾਇਰ ਦੇ ਜੁਲਮਾਂ ਤੇ ਪਰਦਾ ਪਾਉਣਾ।ਅੱਜ ਦਾ ਸਮਾਗਮ ਬੰਦੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਰੋਲਣ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਤੇ ਅਣਮਨੁਖੀ ਸਮਝਦਾ ਹੈ ਤੇ ਸਾਰੇ ਸਿੱਖਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ।

  6. ਸਮਾਗਮ ਐਲਾਨ ਕਰਦਾ ਹੈ ਕਿ ਅੱਜ ਦੀ ਵਿਦਿਆ ਪਰਉਪਕਾਰੀ ਨਹੀਂ ਹੈ ਅੱਜ ਦੀ ਵਿਦਿਆ ਮਾਇਆਧਾਰੀ ਸਿਸਟਮ ਦੀ ਉਪਜ ਹੈ।ਇਸ ਕਾਰਨ ਅੱਜ ਸਾਰਾ ਸੰਸਾਰ ਮਾਨਸਕ ਰੂਪ ਵਿੱਚ ਰੋਗੀ ਬਣਦਾ ਜਾ ਰਿਹਾ ਹੈ।ਜਾਇਦਾਦਾਂ ਦੇ ਅੰਬਾਰ ਲਾਉਣ ਵਾਲੇ ਲੋਭੀ ਮਾਇਆਧਾਰੀ ਤੇ ਰਾਜਭਾਗ ਜਬਰ ਜੁਲਮ ਦੇ ਸਹਾਰੇ ਚਲਾਉਣ ਵਾਲੇ ਹੰਕਾਰੀ ਪਹਿਲਾਂ ਆਪ ਮਾਨਸਕ ਰੋਗੀ ਬਣੇ ਫਿਰ ਸਮਾਜ ਨੂੰ ਰੋਗੀ ਬਣਾ ਦਿਤਾ।ਅੱਜ ਦਾ ਵਿਦਿਆਕ ਸਿਸਟਮ ਮਨੁਖ ਨੂੰ ਮਨ ਤੇ ਕੰਟਰੋਲ ਦੀ ਸਿਖਿਆ ਨਹੀਂ ਦੇ ਸਕਿਆ,ਸਗੋਂ ਨਿਰੋਲ ਸਵਾਰਥ ਅਤੇ ਪਦਾਰਥ ਦੀ ਦੌੜ ਵਿਚ ਪਾਉਦਾ ਹੈ।ਮਨ ਤੇ ਕੰਟਰੋਲ ਹੀ ਸਾਰੇ ਦੁਖਾਂ ਦਾ ਕਾਰਨ ਹੈ।ਗੁਰਬਾਣੀ ਹੀ ਮਨੁਖ ਨੂੰ ਮਨ ਤੇ ਕੰਟਰੋਲ ਕਰਨਾ ਸਿਖਾਉਂਦੀ ਹੈ।ਇਸ ਕਾਰਨ ਗੁਰਬਾਣੀ ਨੂੰ ਸਾਰੇ ਪੰਜਾਬ ਅੰਦਰ ਲਾਜਮੀ ਵਿਸ਼ੇ ਦੇ ਤੌਰ ਤੇ ਪੜਾਇਆ ਜਾਣਾ ਚਾਹੀਦਾ ਹੈ।

  7. ਅੱਜ ਦਾ ਸਮਾਗਮ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,