ਸਿਆਸੀ ਖਬਰਾਂ

ਮੀਡੀਆ ਰਿਪੋਰਟ: ਸੁਖਪਾਲ ਖਹਿਰਾ ਅਤੇ ਗੁਰਪ੍ਰੀਤ ਵੜੈਚ ਨੇ ਮੁਲਾਕਾਤ ਕਰਕੇ ਬਣਾਈ ਅਗਲੀ ਰਣਨੀਤੀ

May 10, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਗੁਰਪ੍ਰੀਤ ਸਿੰਘ ਵੜੈਚ ਨੂੰ ਹਟਾ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੇ ਨਾਲ ਹੀ ਪੰਜਾਬ ‘ਆਪ’ ‘ਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਮਾਨ ਨੂੰ ਪ੍ਰਧਾਨ ਬਣਾਉਣ ਤੋਂ ਨਿਰਾਸ਼ ਗੁਰਪ੍ਰੀਤ ਵੜੈਚ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਮੀਟਿੰਗ ਕਰ ਕੇ ਸਾਰੀ ਸਥਿਤੀ ਉਪਰ ਵਿਚਾਰ ਕੀਤਾ।

ਮੀਡੀਆ ਵਲੋਂ ਸੰਪਰਕ ਕਰਨ ’ਤੇ ਖਹਿਰਾ ਨੇ ਪੁਸ਼ਟੀ ਕੀਤੀ ਕਿ ਅੱਜ (ਮੰਗਲਵਾਰ) ਗੁਰਪ੍ਰੀਤ ਵੜੈਚ (ਘੁੱਗੀ) ਉਨ੍ਹਾਂ ਕੋਲ ਆਏ ਸੀ ਅਤੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਪੈਦਾ ਹੋਈ ਸਥਿਤੀ ਉਪਰ ਚਰਚਾ ਕੀਤੀ ਹੈ। ਖਹਿਰਾ ਨੇ ਦੱਸਿਆ ਕਿ ਜਦੋਂ ਗੁਰਪ੍ਰੀਤ ਘੁੱਗੀ ਉਨ੍ਹਾਂ ਨੂੰ ਮਿਲਣ ਆਏ ਤਾਂ ਉਸੇ ਵੇਲੇ ਪੰਜਾਬ ਆਪ ਦੇ ਮੀਤ ਪ੍ਰਧਾਨ ਵਿਧਾਇਕ ਅਮਨ ਅਰੋੜਾ ਵੀ ਉਨ੍ਹਾਂ ਨੂੰ ਮਿਲਣ ਆ ਗਏ। ਉਨ੍ਹਾਂ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਪਾਰਟੀ ਦੇ 11 ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ’ਤੇ ਡਟੇ ਹਨ ਅਤੇ ਚੀਫ ਵ੍ਹਿਪ ਤੇ ਬੁਲਾਰੇ ਦੇ ਅਹੁਦਿਆਂ ਤੋਂ ਉਨ੍ਹਾਂ ਵੱਲੋਂ ਦਿੱਤੇ ਅਸਤੀਫੇ ਬਰਕਰਾਰ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਮਾਨ ਨਾਲ ਕੋਈ ਨਿੱਜੀ ਲੜਾਈ ਨਹੀਂ, ਸਗੋਂ ਉਹ ਪਾਰਟੀ ਵੱਲੋਂ ਆਪਣੀ ਹੀ ਵਿਚਾਰਧਾਰਾ ਤੋਂ ਲਗਾਤਾਰ ‘ਥਿੜਕਣ’ ਤੋਂ ਨਿਰਾਸ਼ ਹਨ।

ਗੁਰਪ੍ਰੀਤ ਵੜੈਚ (ਘੁੱਗੀ), ਸੁਖਪਾਲ ਖਹਿਰਾ (ਫਾਈਲ ਫੋਟੋ)

ਗੁਰਪ੍ਰੀਤ ਵੜੈਚ (ਘੁੱਗੀ), ਸੁਖਪਾਲ ਖਹਿਰਾ (ਫਾਈਲ ਫੋਟੋ)

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਵੜੈਚ (ਘੁੱਗੀ) ਹਾਈਕਮਾਨ ਵਿਰੁੱਧ ਬੜੇ ਭਰੇ ਪੀਤੇ ਹਨ। ਉਹ ਮਹਿਸੂਸ ਕਰਦੇ ਹਨ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵੀ ‘ਵਰਤੋ ਤੇ ਸੁੱਟੋ’ ਵਾਲੀ ਨੀਤੀ ਅਪਣਾਈ ਹੈ। ਉਹ ਕਿਸੇ ਵੇਲੇ ਵੀ ਜਨਤਕ ਤੌਰ ’ਤੇ ਕੇਂਦਰੀ ਲੀਡਰਸ਼ਿਪ ਅਤੇ ਭਗਵੰਤ ਮਾਨ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਕਰ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਦੂਜੇ ਪਾਸੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਕਿ ‘ਆਪ’ ਦੇ 11 ਵਿਧਾਇਕ ਪਾਰਟੀ ਛੱਡਣ ਨੂੰ ਫਿਰਦੇ ਹਨ ਅਤੇ ਉਹ ਭਾਜਪਾ ਵਿਚ ਵੀ ਸ਼ਾਮਲ ਹੋਣ ਦੇ ਚਾਹਵਾਨ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,