ਪੱਤਰ

ਜੂਨ 1984 ਦੀ ਯਾਦਗਾਰ ਬਚਾਉਣ ਲਈ …

August 28, 2011 | By

Sher Singh Maharaja Bunga Darbar Sahib Memorialਬੀਤੇ ਦਿਨੀਂ ਜੂਨ 1984 ਦੀ ਯਾਦਗਾਰ ਦਾ ਮਸਲਾ ਕਾਫੀ ਚਰਚਾ ਵਿਚ ਰਿਹਾ ਸੀ ਤੇ ਪੰਥਕ ਧਿਰਾਂ ਦੇ ਜ਼ੋਰ ਪਾਉਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਬਿਆਨ ਤਾਂ ਯਾਦਗਾਰ “ਬਣਾਉਣ” ਬਾਰੇ ਦਿੱਤੇ ਹੀ ਗਏ। ਇਸੇ ਦੌਰਾਨ ਕੁਝ ਵਿਦਵਾਨਾਂ ਤੇ ਸੁਹਿਰਦ ਸੱਜਣਾਂ ਨੇ ਇਕ ਕਮੇਟੀ ਬਣਾ ਕੇ ਯਾਦਗਾਰ ਲਈ ਜਗ੍ਹਾਂ ਤੇ ਯਾਦਗਾਰ ਦੀ ਰੂਪ-ਰੇਖਾ ਬਾਰੇ ਸੰਗਤ/ਜਥੇਬੰਦੀਆਂ ਤੋਂ ਸੁਝਾਅ ਲੈ ਕੇ ਪੰਥ ਸਾਹਮਣੇ ਪੇਸ਼ ਕਰਨ ਲਈ ਪਹਿਲ ਕਦਮੀਂ ਕੀਤੀ। ਹੁਣ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਾਰਨ ਯਾਦਗਾਰ ਦਾ ਮਸਲਾ ਚਰਚਾ ਤੋਂ ਬਾਹਰ ਹੋ ਗਿਆ ਹੈ।

ਦੋ-ਤਿੰਨ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਕੁਦਰਤੀ ਹੀ ਜੂਨ 1984 ਦੀ ਆਖਰੀ ਬਚੀ ਨਿਸ਼ਾਨੀ, ਜਿਸ ਨੂੰ ਯਾਦਗਾਰ ਹੀ ਕਿਹਾ ਜਾਣਾ ਚਾਹੀਦਾ ਹੈ, ਵੀ ਮੁੜ ਦੇਖੀ। ਇਹ ਇਮਾਰਤ ਇਕ ਢਿਓੜੀ ਦੇ ਰੂਪ ਵਿਚ ਹੈ ਜਿਸ ਨੂੰ ਮਹਾਂਰਾਜਾ ਸ਼ੇਰ ਸਿੰਘ ਦੇ ਬੁੰਗੇ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਅਕਾਲ ਤਖਤ ਸਾਹਿਬ ਦੇ ਸਨਮੁਖ ਖੜ੍ਹੇ ਹੋ ਜਾਵੋ ਤਾਂ ਇਹ ਬੁੰਗਾ ਤੁਹਾਡੇ ਖੱਬੇ ਹੱਥ ਹੋਵੇਗਾ ਤੇ ਤੁਹਾਡੇ ਸੱਜੇ ਹੱਥ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬ ਹੋਣਗੇ।

ਬੁੰਗੇ ਦੀ ਛੱਤ ਉੱਪਰ ਜਾਣ ਵਾਲੀਆਂ ਪੌੜੀਆਂ ਉੱਤੇ ਪਾਲਕੀ ਨੁਮਾ ਦਰਵਾਜ਼ਾ ਹੈ, ਜੋ ਦਰਬਾਰ ਸਾਹਿਬ ਦੇ ਸਾਕੇ ਮੌਕੇ ਕਾਫੀ ਨੁਕਸਾਨਿਆਂ ਗਿਆ ਸੀ ਤੇ ਅੱਜ ਵੀ ਓਵੇਂ ਹੀ ਹੈ। ਬੁੰਦੇ ਦੇ ਸਾਹਮਣੇ ਪਾਸੇ ਖਿੜਕੀ ਦੇ ਉੱਪਰ, ਬੁੰਗੇ ਦੇ ਮੱਖੇ ‘ਤੇ, ਗੋਲੀਆਂ ਦੀ ਵਾਛੜ ਦੇ ਬਹੁਤ ਜ਼ਿਆਦਾ ਨਿਸ਼ਾਨ ਹਨ। ਇਸੇ ਤਰ੍ਹਾਂ ਢਿਓੜੀ ਵਿਚੋਂ ਲੰਘਦਿਆਂ ਦੋਵੇਂ ਪਾਸੇ ਦੀਆਂ ਕੰਧਾਂ ਉੱਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਬੁੰਗੇ ਦੇ ਉੱਪਰ ਜਾਣ ਲਈ ਪੌੜੀਆਂ ਦੇ ਭੀੜ, ਹਨੇਰੇ ਵਾਲੇ ਰਾਹ ਵਿਚੋਂ ਲੰਘ ਕੇ ਜਇਆ ਜਾ ਸਕਦਾ ਹੈ। ਬੁੰਗੇ ਦੀ ਉੱਤੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਸਨਮੁਖ ਖਲੋ ਜਾਵੋ ਤਾਂ ਤੁਹਾਡੇ ਖੱਬੇ ਹੱਥ ਦਰਸ਼ਨੀ ਡਿਓੜੀ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਤੋਂ ਪਿੱਛੇ ਰਾਮਗੜ੍ਹੀਆ ਬੁੰਗਾ ਨਜ਼ਰ ਆਉਂਦਾ ਹੈ ਅਤੇ ਖੱਬੇ ਹੱਥ ਸ਼੍ਰੀ ਅਕਾਲ ਤਖਤ ਸਾਹਿਬ।

ਸਾਡਾ ਇਹ ਮੰਨਣਾ ਹੈ ਕਿ ਸਾਡੇ ਸਾਹਮਣੇ ਮਸਲਾ ਯਾਦਗਾਰ ਸੰਭਾਲਣ ਦਾ ਹੈ, ਉਸਾਰਨ ਦਾ ਨਹੀਂ। ਸਾਕੇ ਦੀ ਯਾਦਗਾਰ ਦਰਬਾਰ ਸਾਹਿਬ ਵਿਚ ਮਹਾਰਾਜਾ ਸ਼ੇਰ ਸਿੰਘ ਦੇ ਬੁੰਗੇ ਦੇ ਰੂਪ ਵਿਚ ਮੌਜੂਦ ਹੈ, ਲੋੜ ਇਸ ਉੱਤੇ ਲੱਗੇ ਨਿਸ਼ਾਨਾਂ ਨੂੰ ਉਸੇ ਤਰ੍ਹਾਂ ਸਾਂਭਣ ਤੇ ਇਸ ਨੂੰ ਰਸਮੀ ਤੌਰ ਉੱਤੇ ਯਾਦਗਾਰ ਦਾ ਰੂਪ ਦੇਣ ਦੀ ਹੈ।

ਪਰ ਇਕ ਗੱਲ ਜੋ ਇਥੇ ਸਾਂਝੀ ਕਰਨੀ ਜਰੂਰੀ ਹੈ ਕਿ ਜੂਨ 1984 ਦੇ ਘੱਲੂਘਾਰੇ ਦੀ ਇਸ ਆਖਰੀ ਬਚੀ ਨਿਸ਼ਾਨੀ/ਯਾਦਗਾਰ ਦੀ ਇਕ ਪਾਸੇ ਤੋਂ ਮੁਰੰਮਤ ਕੀਤੀ ਜਾ ਚੁੱਕੀ ਹੈ, ਜੋ ਤੁਸੀਂ ਇਸ ਤਸਵੀਰ ਵਿਚ ਵੀ ਵੇਖ ਸਕਦੇ ਹੋ। ਇਸ ਬੁੰਗੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਬਾਹੀ ਵਾਲੀ ਹਿੱਸਾ ਪਲਸਤਰ ਕੀਤਾ ਜਾ ਚੁੱਕਾ ਹੈ। ਇਸ ਲਈ ਸਾਡੇ ਲਈ ਅੱਜ ਮਸਲਾ ਯਾਦਗਾਰ ਸੰਭਾਲਣ ਤੋਂ ਵੀ ਅਗਾਂਹ ਯਾਦਗਾਰ ਬਚਾਉਣ ਤੇ ਫਿਰ ਸੰਭਾਲਣ ਦਾ ਹੈ ਜਿਸ ਲਈ ਫੌਰੀ ਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਆਓ ਇਸ ਯਾਦਗਾਰ ਨੂੰ ਬਚਾਉਣ ਲਈ ਇਸ ਬਾਰੇ ਵੱਧ ਤੋਂ ਵੱਧ ਚਰਚਾ ਕਰੀਏ ਤਾਂ ਕਿ ਸੰਗਤ ਨੂੰ ਇਸ ਬਾਰੇ ਪਤਾ ਲੱਗ ਸਕੇ ਤੇ ਇਸ ਯਾਦਗਾਰ ਨੂੰ ਬਚਾਇਆ ਜਾ ਸਕੇ।


ਪਰਮਜੀਤ ਸਿੰਘ ਗਾਜ਼ੀ
(ਸਿੱਖ ਸਟੂਡੈਂਟਸ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,