ਸਿਆਸੀ ਖਬਰਾਂ » ਸਿੱਖ ਖਬਰਾਂ

ਮੋਦੀ ਦੀ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਸਕੀਮ ਦੁਨੀਆਂ ਦੀ ਸਭ ਤੋਂ ਭੈੜੀ ਸਕੀਮ – ਮੇਨਕਾ ਗਾਂਧੀ

May 15, 2014 | By

ਪੀਲੀਭੀਤ (14 ਮਈ 2014):- ਭਾਜਪਾ ਦੀ ਸੰਸਦ ਮੈਬਰ ਮੇਨਕਾ ਗਾਂਧੀ ਨੇ ਕਿਹਾ ਕਿ ਦਰਿਆਵਾਂ ਨੂੰ ਆਪਸ ਵਿੱਚ ਜੋੜਨਾ ਗੈਰ ਕੁਦਰਤੀ ਅਤੇ ਅਤਿ ਖਤਰਨਾਕ ਹੈ ਅਤੇ ਇਸ ਤਰਾਂ ਕਰਨ ਨਾਲ ਬਹੁਤ ਕੁਝ ਖਤਮ ਹੋ ਜਾਵੇਗਾ।

“ਪੰਜਾਬੀ ਟ੍ਰਿਬਿਊਨ” ਅਨੁਸਾਰ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਦਰਿਆਵਾਂ ਨੂੰ ਜੋੜਨ ਦੀ ਯੋਜਨਾ ਨੂੰ ‘‘ਸਿਰੇ ਦੀ ਖ਼ਤਰਨਾਕ’’ ਕਰਾਰ ਦਿੰਦਿਆਂ ਪਾਰਟੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਅੱਜ ਕਿਹਾ ਹੈ ਕਿ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਉਸ ਨੇ ਹੀ ਅਜਿਹਾ ਕਰਨ ਤੋਂ ਰੋਕਿਆ ਸੀ। ਦਰਿਆਵਾਂ ਨੂੰ ਜੋੜਨ ਦਾ ਵਿਚਾਰ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਕਾਰਜਕਾਲ ਵਿੱਚ ਆਇਆ ਸੀ।

ਬੀਤੀ ਰਾਤ ਇੱਥੇ ਇਕ ਸਮਾਗਮ ਵਿੱਚ ਗੋਮਤੀ ਦਰਿਆ ਨੂੰ ਸ਼ਾਰਦਾ ਨਾਲ ਜੋੜਨ ਦੇ ਸੁਆਲ ਦਾ ਜੁਆਬ ਦਿੰਦਿਆਂ ਆਇਓਲਾ ਦੀ ਸੰਸਦ ਮੈਂਬਰ ਮੇਨਕਾ ਨੇ ਕਿਹਾ ‘‘ ਉਸ ਨੇ ਹੀ ਇਸ ਬਕਵਾਸ ਲਈ ਅਟੱਲ ਜੀ ਨੂੰ ਰੋਕਿਆ ਸੀ। ਅਜਿਹੀਆਂ ਯੋਜਨਾਵਾਂ ਬਕਵਾਸ ਤੋਂ ਵੱਧ ਕੁਝ ਨਹੀਂ। ਅਜਿਹਾ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।’’ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਇਸ ਤੋਂ ਬੁਰੀ ਹੋਰ ਕੋਈ ਸਕੀਮ ਨਹੀਂ ਹੈ। ਹਰੇਕ ਦਰਿਆ ਦਾ ਆਪਣਾ ਆਲਾ-ਦੁਆਲਾ ਹੁੰਦਾ ਹੈ, ਆਪਣੀ ਤਰ੍ਹਾਂ ਦੀਆਂ ਮੱਛੀਆਂ ਹੁੰੰਦੀਆਂ ਹਨ ਤੇ ਹਰੇਕ ਦਰਿਆ ਦੀ ਆਪਣੀ ਪੀਐਚ ਵੈਲਿਊ ਹੁੰਦੀ ਹੈ। ਜੇਕਰ ਦਰਿਆਵਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਬੜਾ ਕੁਝ ਖ਼ਤਮ ਹੋ ਜਾਵੇਗਾ। ਇਸ ਕਰਕੇ ਇਸ ਬਾਰੇ ਕਿਸੇ ਭੁਲੇਖੇ ਵਿੱਚ ਨਹੀਂ ਰਿਹਾ ਜਾਣਾ ਚਾਹੀਦਾ।

ਮੇਨਕਾ ਗਾਂਧੀ ਨੇ ਕਿਹਾ ਕਿ ਨਹਿਰਾਂ ਬਣਾ ਕੇ ਉਨ੍ਹਾਂ ਦੀ ਨਿਯਮਿਤ ਸਫਾਈ ਕੀਤੀ ਜਾ ਸਕਦੀ ਹੈ ਪਰ ਗੰਗਾ ਨੂੰ ਗੋਮਤੀ ਨਾਲ ਜੋੜ ਕੇ ਦੋਵਾਂ ਦਰਿਆਵਾਂ ਦਾ ਨੁਕਸਾਨ ਹੋਏਗਾ ਤੇ ‘ਅਤਿ ਦੀ ਖ਼ਤਰਨਾਕ’ ਗੱਲ ਹੋਵੇਗੀ।

ਉਨ੍ਹਾਂ ਨੇ ਇਹ ਵੀ ਸੁਆਲ ਕੀਤਾ ਕਿ ਅਜਿਹੇ ਪ੍ਰਾਜੈਕਟ ਲਈ ਜ਼ਮੀਨ ਕਿੱਥੋਂ ਆਏਗੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟਾਂ ਲਈ 10-15 ਲੱਖ ਏਕੜ ਜ਼ਮੀਨ ਲੋੜੀਂਦੀ ਹੈ। ਇਹ ਕਿੱਥੋਂ ਆਏਗੀ। ਮੋਦੀ ਆਪਣੀਆਂ ਰੈਲੀਆਂ ਵਿੱਚ ਹਰੇਕ ਥਾਂ ਦਾਅਵਾ ਕਰ ਰਹੇ ਹਨ ਕਿ ਦੇਸ਼ ਵਿੱਚੋਂ ਹੜ੍ਹਾਂ ਤੇ ਸੋਕੇ ਦੀ ਮਾਰ ਖ਼ਤਮ ਕਰਨ ਲਈ ਦਰਿਆਵਾਂ ਨੂੰ ਜੋੜਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,