ਸਿਆਸੀ ਖਬਰਾਂ » ਸਿੱਖ ਖਬਰਾਂ

ਪਿਛਲੇ 50 ਸਾਲਾਂ ‘ਚ ਪੰਜਾਬ ਨੂੰ ਲੁਟਿਆ, ਕੁਟਿਆ ਗਿਆ ਹੈ, ਸਰਕਾਰੀ ਜਸ਼ਨ ਕਾਹਦੇ? ਦਲ ਖਾਲਸਾ

October 21, 2016 | By

ਜਲੰਧਰ: ਪੰਜਾਬ ਦਿਵਸ ਮੌਕੇ ਦਲ ਖ਼ਾਲਸਾ ਵਲੋਂ ਆਪਣੀ ਸਹਿਯੋਗੀ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਮਿਲਕੇ 1 ਨਵੰਬਰ ਨੂੰ ਫੇਰੂਮਾਨ ਵਿਖੇ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਭਾਰਤ ਵਲੋਂ ਪਿਛਲੇ 50 ਸਾਲਾਂ ਦੌਰਾਨ ਸਰਹੱਦੀ ਸੂਬੇ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਤੇ ਧੋਖਿਆਂ ਦਾ ਖੁਲਾਸਾ ਕਰਨ ਦੇ ਨਾਲ-ਨਾਲ ਪੰਜਾਬ ਦੀ ਪੂਰਨ ਅਜ਼ਾਦੀ ਲਈ ਚੱਲ ਰਹੇ ਸਿੱਖ ਸੰਘਰਸ਼ ਨੂੰ ਨਵੀਂ ਦਿਖ ਤੇ ਦਿਸ਼ਾ ਦੇਣ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬੀ ਸੂਬੇ ਦੀ ਸਥਾਪਤੀ ਦੀ 50ਵੀਂ ਵਰੇਗੰਢ ਹੈ। ਪੰਜਾਬ ਦੀ ਅਕਾਲੀ ਸਰਕਾਰ ਵਲੋਂ ਆਪਣੀ ਸਹਿਯੋਗੀ ਧਿਰ ਭਾਜਪਾ ਨਾਲ ਮਿਲਕੇ ਇਸ ਸਬੰਧੀ ਜਸ਼ਨਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪਰ ਦਲ ਖ਼ਾਲਸਾ ਆਗੂ ਮਹਿਸੂਸ ਕਰਦੇ ਹਨ ਕਿ ਇਨ੍ਹਾਂ 50 ਸਾਲਾਂ ਵਿਚ ਪੰਜਾਬ ਦੇ ਹੱਕ ਵਿੱਚ ਅਜਿਹਾ ਕੁਝ ਵੀ ਹਾਂ-ਪੱਖੀ ਨਹੀਂ ਵਾਪਰਿਆ ਜਿਸ ਦੇ ਜਸ਼ਨ ਮਨਾਏ ਜਾਣ। ਉਹਨਾਂ ਦਾ ਕਹਿਣਾ ਹੈ ਕਿ ਪਿਛਲ਼ੇ 50 ਵਰ੍ਹਿਆਂ ਵਿੱਚ ਪੰਜਾਬ ਨੂੰ ਲੁਟਿਆ, ਕੁਟਿਆ, ਨਚੋੜਿਆ ਅਤੇ ਦਰੜਿਆ ਗਿਆ ਹੈ। ਉਹਨਾਂ ਅਕਾਲੀ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਜਸ਼ਨ ਮਨਾਉਣੇ ਪੰਜਾਬੀ ਸੂਬਾ ਲਈ ਹੋਈਆਂ ਕੁਰਬਾਨੀਆਂ ਦਾ ਨਿਰਾਦਰ ਨਹੀਂ ਹੋਵੇਗਾ ਕਿਉਂਕਿ 50 ਸਾਲ ਬੀਤਣ ਦੇ ਬਾਵਜੂਦ ਵੀ ਨਾ ਹੀ ਹੱਕ ਮਿਲੇ ਹਨ ਅਤੇ ਨਾ ਹੀ ਮਸਲੇ ਹੱਲ ਹੋਏ ਹਨ ਸਗੋਂ ਹੋਰ ਜ਼ਖਮਾਂ ਨਾਲ ਪੰਜਾਬ ਦੀ ਝੋਲੀ ਭਰ ਦਿੱਤੀ ਗਈ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਦਲ ਖ਼ਾਲਸਾ ਦੇ ਆਗੂ

ਮੀਡੀਆ ਨਾਲ ਗੱਲ ਕਰਦੇ ਹੋਏ ਦਲ ਖ਼ਾਲਸਾ ਦੇ ਆਗੂ

ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਤਾ ਕਿ ਸਮਾਂ ਜਸ਼ਨ ਮਨਾਉਣ ਦਾ ਨਹੀਂ ਸਗੋਂ ਹਿੰਦੁਸਤਾਨ ਦੀ ਗੁਲਾਮੀ ਤੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਦਾ ਹੈ।

ਉਹਨਾਂ ਕਿਹਾ ਕਿ 1 ਨਵੰਬਰ ਨੂੰ ਕਰਵਾਈ ਜਾਣ ਵਾਲੀ ਕਾਨਫਰੰਸ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਸਮਰਪਿਤ ਹੋਵੇਗੀ, ਜਿਨ੍ਹਾਂ ਨੇ ਆਜ਼ਾਦ ਪੰਥ ਅਤੇ ਸਿੱਖ ਹੋਮਲੈਂਡ ਲਈ 1969 ਵਿਚ ਆਪਣੀ ਜਾਨ ਕੁਰਬਾਨ ਕੀਤੀ।

ਉਹਨਾਂ ਦਸਿਆ ਕਿ ਕਾਨਫਰੰਸ ਤੋਂ ਬਾਅਦ ਪਿੰਡ ਫੇਰੂਮਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਆਜ਼ਾਦੀ ਮਾਰਚ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਪੰਜਾਬ ਦੀ 50 ਸਾਲਾ ਤ੍ਰਾਸਦੀ ਨੂੰ ਦਰਸਾਉਂਦਾ ਇੱਕ ਪੋਸਟਰ ਜਾਰੀ ਕੀਤਾ।

ਪਾਰਟੀ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਉਸ ਦਿਨ 1966 ਤੋਂ ਲੈ ਕੇ ਹੁਣ ਤਕ ਪੰਜਾਬ ਨਾਲ ਹੋਏ ਵਿਤਕਰੇ ਅਤੇ ਬੇਇਨਸਾਫੀਆਂ ਬਾਰੇ ਪਾਰਟੀ ਵਲੋਂ ਇਕ 50 ਨੁਕਤਿਆਂ ਵਾਲਾ ਕਿਤਾਬਚਾ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦਿੱਲੀ ‘ਤੇ ਦੋਸ਼ ਲਾਇਆ ਕਿ ਪੰਜਾਬ ਨਾਲ ਇਕ ਬਸਤੀ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ ਮੰਗ ਪਿਛੇ ਸਿੱਖਾਂ ਅੰਦਰ ਸਵੈ-ਰਾਜ ਦੀ ਭਾਵਨਾ ਕੰਮ ਕਰ ਰਹੀ ਸੀ ਪਰ ਅਫਸੋਸ ਕਿ ਭਾਰਤੀ ਰਾਜ ਪ੍ਰਣਾਲੀ ਨੇ ਪੰਜਾਬ ਦੀ ਰਾਜਨੀਤਿਕ ਸਮੱਸਿਆ ਦਾ ਹੱਲ ਫੌਜ ਅਤੇ ਪੁਲਿਸ ਰਾਹੀਂ ਲੋਕਾਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਕੁਚੱਲ ਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਨਤੀਜਾ ਖ਼ਾਲਿਸਤਾਨ ਦੀ ਮੰਗ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲਗਾਤਾਰ ਹੋ ਰਹੀ ਲੁੱਟ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਚੱਲ ਰਹੇ ਤਣਾਅ ਅਤੇ ਜੰਗ ਦੇ ਖਤਰੇ ਕਾਰਨ ਪੰਜਾਬ ਦੇ ਲੋਕਾਂ ਦੇ ਉਜਾੜੇ ਬਾਰੇ ਵੀ ਕਾਨਫਰੰਸ ਵਿਚ ਵਿਚਾਰਾਂ ਕੀਤੀਆਂ ਜਾਣਗੀਆਂ।

ਫੈਡਰੇਸ਼ਨ ਆਗੂ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਦਸਿਆ ਕਿ ਨਵੰਬਰ 84 ਕਤਲੇਆਮ ਦੀ 32ਵੀਂ ਵਰੇਗੰਢ ਮੌਕੇ ਜਥੇਬੰਦੀ ਵਲੋਂ ਪ੍ਰੋਟੈਸਟ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜਿਸ ਬਾਰੇ ਵਿਸਥਾਰ ਨਾਲ ਆਉਂਦੇ ਦਿਨਾਂ ਵਿੱਚ ਦਸਿਆ ਜਾਵੇਗਾ।

ਇਸ ਮੌਕੇ ਰਣਬੀਰ ਸਿੰਘ, ਕੁਲਦੀਪ ਸਿੰਘ, ਮਾਸਟਰ ਕੁਲਵੰਤ ਸਿੰਘ, ਨੋਬਲਜੀਤ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,