ਖਾਸ ਲੇਖੇ/ਰਿਪੋਰਟਾਂ

ਪੰਜਾਬ ਦੇ ਪਾਣੀ ਦੀ ਹਾਲਤ ਬਾਰੇ ਸਰਕਾਰੀ ਅੰਕੜੇ ਦੱਸਦੇ ਹਨ ਚਿੰਤਾਜਨਕ ਕਹਾਣੀ

February 2, 2022 | By

ਇਹ ਲਿਖਤ ‘ਦ ਵਾਇਰ ‘ਚ ਸਿਰਲੇਖ New Govt Data Points To Dangerous Groundwater Pollution in Punjab ਹੇਠ ਛਪੀ ਖਬਰ ਦਾ ਪੰਜਾਬੀ ਰੂਪ ਹੈ, ਜਿਸ ਨੂੰ ਕੁਝ ਬਦਲਾਅ ਨਾਲ ਇਥੇ ਛਾਪਿਆ ਜਾ ਰਿਹਾ ਹੈ।

ਇਹ ਗੱਲ ਬਹੁਤ ਧਿਆਨ ਦੀ ਮੰਗ ਕਰਦੀ ਹੈ ਕਿ ਵੱਡੇ ਪੱਧਰ ‘ਤੇ ਜਾਨੀ ਅਤੇ ਵਾਤਾਵਰਨ ਨੁਕਸਾਨ ਦੇ ਹੁੰਦਿਆਂ ਹੋਇਆਂ ਵੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਗੰਧਲੇ ਹੋਣ ਬਾਰੇ ਜਨਤਕ ਤੌਰ ‘ਤੇ ਚਰਚਾ ਨਾ ਮਾਤਰ ਹੁੰਦੀ ਹੈ।

ਭਾਰਤ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਪਾਰਲੀਮੈਂਟ ‘ਚ ਸਾਂਝੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਹਾਲਾਤ ਹੱਥੋਂ ਬਾਹਰ ਹੋ ਚੁੱਕੇ ਹਨ। ਇਸ ਮੁਤਾਬਕ ਪੰਜਾਬ ਦੇ 16 ਜਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ‘ਚ ਯੂਰੇਨੀਅਮ ਦੀ ਮਾਤਰਾ ਨਿਰਧਾਰਤ ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਹੋਰ ਖਤਰਨਾਕ ਧਾਤਾਂ ਵੀ ਵੱਡੀ ਗਿਣਤੀ ‘ਚ ਰਲੀਆਂ ਹੋਈਆਂ ਹਨ – ਜਿਵੇਂ (ਅਰਸੇਨਿਕ ਅਤੇ ਕਰੋਮੀਅਮ (10 ਜਿਲ੍ਹਿਆਂ ‘ਚ), ਕੈਡਮੀਅਮ (ਅੱਠ ਜਿਲ੍ਹਿਆਂ ‘ਚ) ਅਤੇ ਲਿਡ (ਛੇ ਜਿਲ੍ਹਿਆਂ ‘ਚ)।

ਪੰਜਾਬ ‘ਚ ਕੁਲ 23 ਜਿਲ੍ਹੇ ਹਨ ਜਿਹੜੇ ਤਿੰਨ ਖਿੱਤਿਆਂ ‘ਚ ਵੰਡੇ ਹੋਏ ਹਨ – ਮਾਝਾ, ਮਾਲਵਾ, ਦੁਆਬਾ। ਮਾਲਵੇ ‘ਚ ਕੁਲ 14 ਜਿਲ੍ਹੇ ਆਉਂਦੇ ਹਨ, ਏਥੋਂ ਦੇ ਮਾਨਸਾ, ਫਰੀਦਕੋਟ ਅਤੇ ਸੰਗਰੂਰ ਜਿਲ੍ਹਿਆ ਦੇ ਧਰਤੀ ਹੇਠਲੇ ਪਾਣੀ ‘ਚ ਆਰਸੇਨਿਕ ਦੀ ਮਾਤਰਾ ਚਿੰਤਾ ਕਰਨ ਵਾਲੇ ਪੱਧਰ ‘ਤੇ ਪਹੁੰਚ ਚੁੱਕੀ ਹੈ।

ਬਠਿੰਡਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਪਾਣੀ ਲੈਡ ਨਾਲ ਪ੍ਰਭਾਵਤ ਹੈ। ਕੈਡਮੀਅਮ ਸ੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ‘ਚ ਪਾਇਆ ਗਿਆ ਹੈ। ਕਰੋਮੀਅਮ ਬਠਿੰਡਾ, ਮਾਨਸਾ ਅਤੇ ਸੰਗਰੂਰ ‘ਚ ਹੈ ਅਤੇ ਯੂਰੇਨੀਅਮ ਮੋਗਾ, ਫਰੀਦਕੋਟ, ਸ੍ਰੀ ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਅਤੇ ਸੰਗਰੂਰ ‘ਚ ਹੈ।

ਮੰਤਰਾਲੇ ਦੀ ਰਿਪੋਰਟ ‘ਚ ਮਾਂਝੇ ਅਤੇ ਦੁਆਬੇ ਦੀ ਜਿਲ੍ਹੇਵਾਰ ਜਾਣਕਾਰੀ ਨਹੀਂ ਹੈ ਪਰ ਹਾਲਤ ਇਥੋਂ ਦੀ ਵੀ ਤਰਸਯੋਗ ਹੈ।

ਪੰਜਾਬ ਸਰਕਾਰ ਦੇ ਪਾਣੀ ਵਿਭਾਗ ਮੁਤਾਬਕ ਸਾਰੇ ਮਾਝੇ ਦੇ ਪਾਣੀ ‘ਚ ਆਰਸੈਨਿਕ ਹੈ। ਪੰਜਾਬ ਦੇ 800 ਤੋਂ ਵੀ ਵੱਧ ਪਿੰਡਾਂ ‘ਚ ਆਰਸੈਨਿਕ ਚਿੰਤਾਜਨਕ ਪੱਧਰ ‘ਤੇ ਰਲਿਆ ਹੋਇਆ ਹੈ।

ਹਾਲਾਂਕਿ ਪਾਣੀ ਵਿੱਚ ਇਹ ਤੱਤ ਲੰਬੇ ਸਮੇਂ ਤੋਂ ਹੋ ਰਹੀਆਂ ਭੁਗੌਲਿਕ ਹਲਚਲਾਂ ਨਾਲ ਆਉਂਦੇ ਹਨ ਪਰ ਪੰਜਾਬ ਵਿੱਚ ਖੇਤੀਬਾੜੀ ਲਈ ਖਾਦਾਂ ਦੀ ਹੋ ਰਹੀ ਭਾਰੀ ਵਰਤੋਂ ਨੂੰ ਇਸ ਤੋਂ ਬਾਹਰ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਸਾਲ 2018 ‘ਚ ਪੰਜਾਬ ਦੇ ਵਿੱਚ ਇੱਕ ਹੈਕਟੇਅਰ ‘ਚ 232 ਕਿਲੋ ਖਾਦ ਦੀ ਵਰਤੋਂ ਕੀਤੀ ਗਈ ਜੋ ਕਿ ਪੂਰੇ ਭਾਰਤ ਦੀ ਔਸਤ 132 ਕਿੱਲੋਂ ਤੋਂ ਕਿਤੇ ਵੱਧ ਹੈ।

ਪਾਣੀ ‘ਚ ਇਹਨਾਂ ਤੱਤਾਂ ਦੇ ਵਾਧੇ ਨਾਲ ਗੁਰਦਿਆਂ, ਦਿਲ ਅਤੇ ਫੇਫੜਿਆਂ ਨਾਲ ਜੁੜੇ ਕਈਂ ਗੰਭੀਰ ਰੋਗ ਲੱਗਦੇ ਹਨ।

ਪੰਜਾਬ ਦੇ ਮਾਲਵੇ ਇਲਾਕੇ ਦੀ ਪੇਂਡੂ ਆਬਾਦੀ ਕਈਂ ਤਰ੍ਹਾਂ ਦੇ ਕੈਂਸਰ ਨਾਲ ਜੂਝ ਰਹੀ ਹੈ, ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਕਈਂ ਪਿੰਡਾਂ ਵਿੱਚ ਹਰ ਦੂਜਾ ਘਰ ਕੈਂਸਰ ਦੇ ਰੋਗ ਤੋਂ ਪੀੜਤ ਹੈ। ਇਹ ਅਸਾਧਾਰਨ ਤੱਥ ਪੰਜਾਬ ‘ਤੇ ਪਏ ਸੰਕਟ ਦੀ ਨਿਸ਼ਾਨਦੇਹੀ ਕਰਦੇ ਹਨ।

ਹੱਲ  – ਲੋੜ ਹੈ ਕਿ ਗੰਧਲੇ ਪਾਣੀ ਵਾਲੇ ਇਲਾਕਿਆਂ ਦੀ ਜਾਂਚ ਕਰਕੇ ਪਾਣੀ ਨੂੰ ਸਾਫ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ ਜਾਵੇ। ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੇਵਲ ਟਿਊਬਵੈੱਲ ਦੇ ਪਾਣੀ ਦੀ ਥਾਂ ਨਹਿਰੀ ਪਾਣੀ ਜਾਂ ਹੋਰ ਸਰੋਤਾਂ ਤੋਂ ਪਾਣੀ ਨੂੰ ਇਕੱਠਾ ਕਰਨ ਅਤੇ ਵਰਤਣ ਦੇ ਪ੍ਰਬੰਧ ਕੀਤੇ ਜਾਣ।

 

** This writeup was first published on Sikh Siyasat News on Aug 26, 2021

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,